ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 1158


ਰਾਮੁ ਰਾਜਾ ਨਉ ਨਿਧਿ ਮੇਰੈ ॥

ਮੇਰੇ ਲਈ ਤਾਂ ਜਗਤ ਦੇ ਮਾਲਕ ਪ੍ਰਭੂ ਦਾ ਨਾਮ ਹੀ ਜਗਤ ਦਾ ਸਾਰਾ ਧਨ-ਮਾਲ ਹੈ (ਭਾਵ, ਪ੍ਰਭੂ ਮੇਰੇ ਹਿਰਦੇ ਵਿਚ ਵੱਸਦਾ ਹੈ, ਇਹੀ ਮੇਰੇ ਲਈ ਸਭ ਕੁਝ ਹੈ)।

ਸੰਪੈ ਹੇਤੁ ਕਲਤੁ ਧਨੁ ਤੇਰੈ ॥੧॥ ਰਹਾਉ ॥

ਪਰ ਤੇਰੇ ਭਾਣੇ ਐਸ਼੍ਵਰਜ ਦਾ ਮੋਹ, ਇਸਤ੍ਰੀ ਧਨ-(ਇਹੀ ਜ਼ਿੰਦਗੀ ਦਾ ਸਹਾਰਾ ਹਨ) ॥੧॥ ਰਹਾਉ ॥

ਆਵਤ ਸੰਗ ਨ ਜਾਤ ਸੰਗਾਤੀ ॥

(ਇਹ ਅਪਣਾ ਸਰੀਰ ਭੀ) ਜੋ ਜਨਮ ਵੇਲੇ ਨਾਲ ਆਉਂਦਾ ਹੈ (ਤੁਰਨ ਵੇਲੇ) ਨਾਲ ਨਹੀਂ ਜਾਂਦਾ।

ਕਹਾ ਭਇਓ ਦਰਿ ਬਾਂਧੇ ਹਾਥੀ ॥੨॥

(ਫਿਰ) ਜੇ ਬੂਹੇ ਉੱਤੇ ਹਾਥੀ ਬੱਝੇ ਹੋਏ ਹਨ, ਤਾਂ ਭੀ ਕੀਹ ਹੋਇਆ ॥੨॥

ਲੰਕਾ ਗਢੁ ਸੋਨੇ ਕਾ ਭਇਆ ॥

(ਲੋਕ ਆਖਦੇ ਹਨ ਕਿ) ਲੰਕਾ ਦਾ ਕਿਲ੍ਹਾ ਸੋਨੇ ਦਾ ਬਣਿਆ ਹੋਇਆ ਸੀ,

ਮੂਰਖੁ ਰਾਵਨੁ ਕਿਆ ਲੇ ਗਇਆ ॥੩॥

(ਪਰ ਇਸੇ ਦੇ ਮਾਣ ਉੱਤੇ ਰਹਿਣ ਵਾਲਾ) ਮੂਰਖ ਰਾਵਣ (ਮਰਨ ਵੇਲੇ) ਆਪਣੇ ਨਾਲ ਕੁਝ ਭੀ ਨਾਹ ਲੈ ਤੁਰਿਆ ॥੩॥

ਕਹਿ ਕਬੀਰ ਕਿਛੁ ਗੁਨੁ ਬੀਚਾਰਿ ॥

ਕਬੀਰ ਆਖਦਾ ਹੈ ਕਿ ਕੋਈ ਭਲਿਆਈ ਦੀ ਗੱਲ ਭੀ ਵਿਚਾਰ,

ਚਲੇ ਜੁਆਰੀ ਦੁਇ ਹਥ ਝਾਰਿ ॥੪॥੨॥

(ਧਨ ਉੱਤੇ ਮਾਣ ਕਰਨ ਵਾਲਾ ਬੰਦਾ) ਜੁਆਰੀਏ ਵਾਂਗ (ਜਗਤ ਤੋਂ) ਖ਼ਾਲੀ-ਹੱਥ ਤੁਰ ਪੈਂਦਾ ਹੈ ॥੪॥੨॥

ਮੈਲਾ ਬ੍ਰਹਮਾ ਮੈਲਾ ਇੰਦੁ ॥

ਬ੍ਰਹਮਾ (ਭਾਵੇਂ ਜਗਤ ਦਾ ਪੈਦਾ ਕਰਨ ਵਾਲਾ ਮਿਥਿਆ ਜਾਂਦਾ ਹੈ ਪਰ) ਬ੍ਰਹਮਾ ਭੀ ਮੈਲਾ, ਇੰਦਰ ਭੀ ਮੈਲਾ (ਭਾਵੇਂ ਉਹ ਦੇਵਤਿਆਂ ਦਾ ਰਾਜਾ ਮਿਥਿਆ ਗਿਆ ਹੈ)।

ਰਵਿ ਮੈਲਾ ਮੈਲਾ ਹੈ ਚੰਦੁ ॥੧॥

(ਦੁਨੀਆ ਨੂੰ ਚਾਨਣ ਦੇਣ ਵਾਲੇ) ਸੂਰਜ ਤੇ ਚੰਦ੍ਰਮਾ ਭੀ ਮੈਲੇ ਹਨ ॥੧॥

ਮੈਲਾ ਮਲਤਾ ਇਹੁ ਸੰਸਾਰੁ ॥

ਇਹ (ਸਾਰਾ) ਸੰਸਾਰ ਮੈਲਾ ਹੈ, ਮਲੀਨ ਹੈ,

ਇਕੁ ਹਰਿ ਨਿਰਮਲੁ ਜਾ ਕਾ ਅੰਤੁ ਨ ਪਾਰੁ ॥੧॥ ਰਹਾਉ ॥

ਕੇਵਲ ਪਰਮਾਤਮਾ ਹੀ ਪਵਿੱਤਰ ਹੈ, (ਇਤਨਾ ਪਵਿੱਤਰ ਹੈ ਕਿ ਉਸ ਦੀ ਪਵਿੱਤ੍ਰਤਾ ਦਾ) ਅੰਤ ਨਹੀਂ ਪਾਇਆ ਜਾ ਸਕਦਾ, ਪਾਰਲਾ ਬੰਨਾ ਨਹੀਂ ਲੱਭ ਸਕਦਾ ॥੧॥ ਰਹਾਉ ॥

ਮੈਲੇ ਬ੍ਰਹਮੰਡਾ ਇਕੈ ਈਸ ॥

ਬ੍ਰਹਿਮੰਡਾਂ ਦੇ ਰਾਜੇ (ਭੀ ਹੋ ਜਾਣ ਤਾਂ ਭੀ) ਮੈਲੇ ਹਨ;

ਮੈਲੇ ਨਿਸਿ ਬਾਸੁਰ ਦਿਨ ਤੀਸ ॥੨॥

ਰਾਤ ਦਿਨ, ਮਹੀਨੇ ਦੇ ਤ੍ਰੀਹੇ ਦਿਨ ਸਭ ਮੈਲੇ ਹਨ (ਬੇਅੰਤ ਜੀਅ-ਜੰਤ ਵਿਕਾਰਾਂ ਨਾਲ ਇਹਨਾਂ ਨੂੰ ਮੈਲਾ ਕਰੀ ਜਾ ਰਹੇ ਹਨ) ॥੨॥

ਮੈਲਾ ਮੋਤੀ ਮੈਲਾ ਹੀਰੁ ॥

(ਇਤਨੇ ਕੀਮਤੀ ਹੁੰਦੇ ਹੋਏ ਭੀ) ਮੋਤੀ ਤੇ ਹੀਰੇ ਭੀ ਮੈਲੇ ਹਨ,

ਮੈਲਾ ਪਉਨੁ ਪਾਵਕੁ ਅਰੁ ਨੀਰੁ ॥੩॥

ਹਵਾ, ਅੱਗ ਤੇ ਪਾਣੀ ਭੀ ਮੈਲੇ ਹਨ ॥੩॥

ਮੈਲੇ ਸਿਵ ਸੰਕਰਾ ਮਹੇਸ ॥

ਸ਼ਿਵ-ਸ਼ੰਕਰ-ਮਹੇਸ਼ ਭੀ ਮੈਲੇ ਹਨ (ਭਾਵੇਂ ਇਹ ਵੱਡੇ ਦੇਵਤੇ ਮਿਥੇ ਗਏ ਹਨ)।

ਮੈਲੇ ਸਿਧ ਸਾਧਿਕ ਅਰੁ ਭੇਖ ॥੪॥

ਸਿੱਧ, ਸਾਧਕ ਤੇ ਭੇਖਧਾਰੀ ਸਾਧੂ ਸਭ ਮੈਲੇ ਹਨ ॥੪॥

ਮੈਲੇ ਜੋਗੀ ਜੰਗਮ ਜਟਾ ਸਹੇਤਿ ॥

ਜੋਗੀ, ਜੰਗਮ, ਜਟਾਧਾਰੀ ਸਭ ਅਪਵਿੱਤਰ ਹਨ;

ਮੈਲੀ ਕਾਇਆ ਹੰਸ ਸਮੇਤਿ ॥੫॥

ਇਹ ਸਰੀਰ ਭੀ ਮੈਲਾ ਤੇ ਜੀਵਾਤਮਾ ਭੀ ਮੈਲਾ ਹੋਇਆ ਪਿਆ ਹੈ ॥੫॥

ਕਹਿ ਕਬੀਰ ਤੇ ਜਨ ਪਰਵਾਨ ॥

ਕਬੀਰ ਆਖਦਾ ਹੈ ਕਿ ਸਿਰਫ਼ ਉਹ ਮਨੁੱਖ (ਪ੍ਰਭੂ ਦੇ ਦਰ ਤੇ) ਕਬੂਲ ਹਨ,

ਨਿਰਮਲ ਤੇ ਜੋ ਰਾਮਹਿ ਜਾਨ ॥੬॥੩॥

ਸਿਰਫ਼ ਉਹ ਮਨੁੱਖ ਪਵਿੱਤਰ ਹਨ ਜਿਨ੍ਹਾਂ ਨੇ ਪਰਮਾਤਮਾ ਨਾਲ ਸਾਂਝ ਪਾਈ ਹੈ ॥੬॥੩॥

ਮਨੁ ਕਰਿ ਮਕਾ ਕਿਬਲਾ ਕਰਿ ਦੇਹੀ ॥

ਹੇ ਮੁੱਲਾਂ! ਮਨ ਨੂੰ ਮੱਕਾ ਅਤੇ ਪਰਮਾਤਮਾ ਨੂੰ ਕਿਬਲਾ ਬਣਾ। (ਅੰਤਹਕਰਨ ਮੱਕਾ ਹੈ ਅਤੇ ਸਭ ਸਰੀਰਾਂ ਦਾ ਸੁਆਮੀ ਕਰਤਾਰ ਉਸ ਵਿਚ ਪੂਜ੍ਯ ਹੈ)।

ਬੋਲਨਹਾਰੁ ਪਰਮ ਗੁਰੁ ਏਹੀ ॥੧॥

ਬੋਲਣਹਾਰ ਜੀਵਾਤਮਾ ਬਾਂਗ ਦੇਣ ਵਾਲਾ ਅਤੇ ਆਗੂ ਹੋ ਕੇ ਨਿਮਾਜ਼ ਪੜ੍ਹਣ ਵਾਲਾ ਪਰਮ ਗੁਰ (ਇਮਾਮ) ਹੈ ॥੧॥

ਕਹੁ ਰੇ ਮੁਲਾਂ ਬਾਂਗ ਨਿਵਾਜ ॥

ਹੇ ਮੁੱਲਾਂ! ਇਹ ਦਸ ਦਰਵਾਜ਼ਿਆਂ (ਇੰਦ੍ਰਿਆਂ) ਵਾਲਾ ਸਰੀਰ ਹੀ ਅਸਲ ਮਸੀਤ ਹੈ,

ਏਕ ਮਸੀਤਿ ਦਸੈ ਦਰਵਾਜ ॥੧॥ ਰਹਾਉ ॥

ਇਸ ਵਿਚ ਟਿਕ ਕੇ ਬਾਂਗ ਦੇਹ ਤੇ ਨਿਮਾਜ਼ ਪੜ੍ਹ ॥੧॥ ਰਹਾਉ ॥

ਮਿਸਿਮਿਲਿ ਤਾਮਸੁ ਭਰਮੁ ਕਦੂਰੀ ॥

(ਹੇ ਮੁੱਲਾਂ! ਪਸ਼ੂ ਦੀ ਕੁਰਬਾਨੀ ਦੇਣ ਦੇ ਥਾਂ ਆਪਣੇ ਅੰਦਰੋਂ) ਕ੍ਰੋਧੀ ਸੁਭਾਉ, ਭਟਕਣਾ ਤੇ ਕਦੂਰਤ ਦੂਰ ਕਰ,

ਭਾਖਿ ਲੇ ਪੰਚੈ ਹੋਇ ਸਬੂਰੀ ॥੨॥

ਕਾਮਾਦਿਕ ਪੰਜਾਂ ਨੂੰ ਮੁਕਾ ਦੇਹ, ਤੇਰੇ ਅੰਦਰ ਸ਼ਾਂਤੀ ਪੈਦਾ ਹੋਵੇਗੀ ॥੨॥

ਹਿੰਦੂ ਤੁਰਕ ਕਾ ਸਾਹਿਬੁ ਏਕ ॥

ਹਿੰਦੂ ਤੇ ਮੁਸਲਮਾਨ ਦੋਹਾਂ ਦਾ ਮਾਲਕ ਪ੍ਰਭੂ ਆਪ ਹੀ ਹੈ।

ਕਹ ਕਰੈ ਮੁਲਾਂ ਕਹ ਕਰੈ ਸੇਖ ॥੩॥

ਮੁੱਲਾਂ ਜਾਂ ਸ਼ੇਖ਼ (ਬਣਿਆਂ ਪ੍ਰਭੂ ਦੀ ਹਜ਼ੂਰੀ ਵਿਚ) ਕੋਈ ਖ਼ਾਸ ਵੱਡਾ ਮਰਾਤਬਾ ਨਹੀਂ ਮਿਲ ਜਾਂਦਾ ॥੩॥

ਕਹਿ ਕਬੀਰ ਹਉ ਭਇਆ ਦਿਵਾਨਾ ॥

ਕਬੀਰ ਆਖਦਾ ਹੈ ਕਿ (ਮੇਰੀਆਂ ਇਹ ਗੱਲਾਂ ਤੰਗ-ਦਿਲ ਲੋਕਾਂ ਨੂੰ ਪਾਗਲਾਂ ਵਾਲੀਆਂ ਜਾਪਦੀਆਂ ਹਨ; ਲੋਕਾਂ ਦੇ ਭਾਣੇ) ਮੈਂ ਪਾਗਲ ਹੋ ਗਿਆ ਹਾਂ,

ਮੁਸਿ ਮੁਸਿ ਮਨੂਆ ਸਹਜਿ ਸਮਾਨਾ ॥੪॥੪॥

ਪਰ ਮੇਰਾ ਮਨ ਹੌਲੇ ਹੌਲੇ (ਅੰਦਰਲਾ ਹੱਜ ਕਰ ਕੇ ਹੀ) ਅਡੋਲ ਅਵਸਥਾ ਵਿਚ ਟਿਕ ਗਿਆ ਹੈ ॥੪॥੪॥

ਗੰਗਾ ਕੈ ਸੰਗਿ ਸਲਿਤਾ ਬਿਗਰੀ ॥

(ਹੇ ਜਿੰਦ ਦੇ ਮਾਲਕ ਪ੍ਰਭੂ ਦੀ ਚਰਨੀਂ ਲੱਗਣਾ ਵਿਗੜਨਾ ਹੀ ਹੈ ਤਾਂ) ਨਦੀ ਭੀ ਗੰਗਾ ਨਾਲ ਰਲ ਕੇ ਵਿਗੜ ਜਾਂਦੀ ਹੈ,

ਸੋ ਸਲਿਤਾ ਗੰਗਾ ਹੋਇ ਨਿਬਰੀ ॥੧॥

ਪਰ ਉਹ ਨਦੀ ਤਾਂ ਗੰਗਾ ਦਾ ਰੂਪ ਹੋ ਕੇ ਆਪਣਾ ਆਪ ਮੁਕਾ ਦੇਂਦੀ ਹੈ ॥੧॥

ਬਿਗਰਿਓ ਕਬੀਰਾ ਰਾਮ ਦੁਹਾਈ ॥

ਕਬੀਰ ਆਪਣੇ ਪ੍ਰਭੂ ਦਾ ਸਿਮਰਨ ਹਰ ਵੇਲੇ ਕਰ ਰਿਹਾ ਹੈ (ਪਰ ਲੋਕਾਂ ਦੇ ਭਾਣੇ) ਕਬੀਰ ਵਿਗੜ ਗਿਆ ਹੈ।

ਸਾਚੁ ਭਇਓ ਅਨ ਕਤਹਿ ਨ ਜਾਈ ॥੧॥ ਰਹਾਉ ॥

(ਲੋਕ ਨਹੀਂ ਜਾਣਦੇ ਕਿ ਰਾਮ ਦੀ ਦੁਹਾਈ ਦੇ ਦੇ ਕੇ) ਕਬੀਰ ਰਾਮ ਦਾ ਰੂਪ ਹੋ ਗਿਆ ਹੈ, ਹੁਣ (ਰਾਮ ਨੂੰ ਛੱਡ ਕੇ) ਕਿਸੇ ਹੋਰ ਪਾਸੇ ਨਹੀਂ ਭਟਕਦਾ ॥੧॥ ਰਹਾਉ ॥

ਚੰਦਨ ਕੈ ਸੰਗਿ ਤਰਵਰੁ ਬਿਗਰਿਓ ॥

(ਸਧਾਰਨ) ਰੁੱਖ ਭੀ ਚੰਦਨ ਦੇ ਨਾਲ (ਲੱਗ ਕੇ) ਵਿਗੜ ਜਾਂਦਾ ਹੈ,

ਸੋ ਤਰਵਰੁ ਚੰਦਨੁ ਹੋਇ ਨਿਬਰਿਓ ॥੨॥

ਪਰ ਉਹ ਰੁੱਖ ਚੰਦਨ ਦਾ ਰੂਪ ਹੋ ਕੇ ਆਪਣਾ ਆਪ ਮੁਕਾ ਲੈਂਦਾ ਹੈ ॥੨॥

ਪਾਰਸ ਕੈ ਸੰਗਿ ਤਾਂਬਾ ਬਿਗਰਿਓ ॥

ਤਾਂਬਾ ਭੀ ਪਾਰਸ ਨਾਲ ਛੋਹ ਕੇ ਰੂਪ ਵਟਾ ਲੈਂਦਾ ਹੈ,

ਸੋ ਤਾਂਬਾ ਕੰਚਨੁ ਹੋਇ ਨਿਬਰਿਓ ॥੩॥

ਪਰ ਉਹ ਤਾਂਬਾ ਸੋਨਾ ਹੀ ਬਣ ਜਾਂਦਾ ਹੈ ਤੇ ਆਪਣਾ ਆਪ ਮੁਕਾ ਦੇਂਦਾ ਹੈ ॥੩॥

ਸੰਤਨ ਸੰਗਿ ਕਬੀਰਾ ਬਿਗਰਿਓ ॥

(ਇਸੇ ਤਰ੍ਹਾਂ) ਕਬੀਰ ਭੀ ਸੰਤਾਂ ਦੀ ਸੰਗਤ ਵਿਚ ਰਹਿ ਕੇ ਵਿਗੜ ਗਿਆ ਹੈ।

ਸੋ ਕਬੀਰੁ ਰਾਮੈ ਹੋਇ ਨਿਬਰਿਓ ॥੪॥੫॥

ਪਰ ਇਹ ਕਬੀਰ ਹੁਣ ਪ੍ਰਭੂ ਨਾਲ ਇੱਕ-ਮਿੱਕ ਹੋ ਗਿਆ ਹੈ, ਤੇ ਆਪਾ-ਭਾਵ ਮੁਕਾ ਚੁਕਿਆ ਹੈ ॥੪॥੫॥

ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥

(ਲੋਕ) ਮੱਥੇ ਉੱਤੇ ਤਿਲਕ ਲਾ ਲੈਂਦੇ ਹਨ, ਹੱਥ ਵਿਚ ਮਾਲਾ ਫੜ ਲੈਂਦੇ ਹਨ, ਧਾਰਮਿਕ ਪਹਿਰਾਵਾ ਬਣਾ ਲੈਂਦੇ ਹਨ, (ਤੇ ਸਮਝਦੇ ਹਨ ਕਿ ਪਰਮਾਤਮਾ ਦੇ ਭਗਤ ਬਣ ਗਏ ਹਾਂ),

ਲੋਗਨ ਰਾਮੁ ਖਿਲਉਨਾ ਜਾਨਾਂ ॥੧॥

ਲੋਕਾਂ ਨੇ ਪਰਮਾਤਮਾ ਨੂੰ ਖਿਡੌਣਾ (ਭਾਵ, ਅੰਞਾਣਾ ਬਾਲ) ਸਮਝ ਲਿਆ ਹੈ (ਕਿ ਇਹਨੀਂ ਗਲੀਂ ਉਸ ਨੂੰ ਪਰਚਾਇਆ ਜਾ ਸਕਦਾ ਹੈ) ॥੧॥

ਜਉ ਹਉ ਬਉਰਾ ਤਉ ਰਾਮ ਤੋਰਾ ॥

(ਮੈਂ ਕੋਈ ਧਾਰਮਿਕ ਭੇਖ ਨਹੀਂ ਬਣਾਂਦਾ, ਮੈਂ ਮੰਦਰ ਆਦਿਕ ਵਿਚ ਜਾ ਕੇ ਕਿਸੇ ਦੇਵਤੇ ਦੀ ਪੂਜਾ ਨਹੀਂ ਕਰਦਾ, ਲੋਕ ਮੈਨੂੰ ਪਾਗਲ ਆਖਦੇ ਹਨ; ਪਰ ਹੇ ਮੇਰੇ ਰਾਮ! ਜੇ ਮੈਂ (ਲੋਕਾਂ ਦੇ ਭਾਣੇ) ਪਾਗਲ ਹਾਂ, ਤਾਂ ਭੀ (ਮੈਨੂੰ ਇਹ ਠੰਢ ਹੈ ਕਿ) ਮੈਂ ਤੇਰਾ (ਸੇਵਕ) ਹਾਂ।

ਲੋਗੁ ਮਰਮੁ ਕਹ ਜਾਨੈ ਮੋਰਾ ॥੧॥ ਰਹਾਉ ॥

ਦੁਨੀਆ ਭਲਾ ਮੇਰੇ ਦਿਲ ਦਾ ਭੇਤ ਕੀਹ ਜਾਣ ਸਕਦੀ ਹੈ? ॥੧॥ ਰਹਾਉ ॥

ਤੋਰਉ ਨ ਪਾਤੀ ਪੂਜਉ ਨ ਦੇਵਾ ॥

(ਦੇਵਤਿਆਂ ਅੱਗੇ ਭੇਟ ਧਰਨ ਲਈ) ਨਾਹ ਹੀ ਮੈਂ (ਫੁੱਲ) ਪੱਤਰ ਤੋੜਦਾ ਹਾਂ, ਨਾਹ ਮੈਂ ਕਿਸੇ ਦੇਵੀ ਦੇਵਤੇ ਦੀ ਪੂਜਾ ਕਰਦਾ ਹਾਂ,

ਰਾਮ ਭਗਤਿ ਬਿਨੁ ਨਿਹਫਲ ਸੇਵਾ ॥੨॥

(ਮੈਂ ਜਾਣਦਾ ਹਾਂ ਕਿ) ਪ੍ਰਭੂ ਦੀ ਬੰਦਗੀ ਤੋਂ ਬਿਨਾ ਹੋਰ ਕਿਸੇ ਦੀ ਪੂਜਾ ਵਿਅਰਥ ਹੈ ॥੨॥

ਸਤਿਗੁਰੁ ਪੂਜਉ ਸਦਾ ਸਦਾ ਮਨਾਵਉ ॥

ਮੈਂ ਆਪਣੇ ਸਤਿਗੁਰੂ ਅੱਗੇ ਸਿਰ ਨਿਵਾਉਂਦਾ ਹਾਂ, ਉਸੇ ਨੂੰ ਸਦਾ ਪ੍ਰਸੰਨ ਕਰਦਾ ਹਾਂ,

ਐਸੀ ਸੇਵ ਦਰਗਹ ਸੁਖੁ ਪਾਵਉ ॥੩॥

ਤੇ ਇਸ ਸੇਵਾ ਦੀ ਬਰਕਤਿ ਨਾਲ ਪ੍ਰਭੂ ਦੀ ਹਜ਼ੂਰੀ ਵਿਚ ਜੁੜ ਕੇ ਸੁਖ ਮਾਣਦਾ ਹਾਂ ॥੩॥

ਲੋਗੁ ਕਹੈ ਕਬੀਰੁ ਬਉਰਾਨਾ ॥

(ਹਿੰਦੂ-) ਜਗਤ ਆਖਦਾ ਹੈ, ਕਬੀਰ ਪਾਗਲ ਹੋ ਗਿਆ ਹੈ (ਕਿਉਂਕਿ ਨਾਹ ਇਹ ਤਿਲਕ ਆਦਿਕ ਚਿਹਨ ਵਰਤਦਾ ਹੈ ਤੇ ਨਾਹ ਹੀ ਫੁੱਲ ਪੱਤਰ ਲੈ ਕੇ ਕਿਸੇ ਮੰਦਰ ਵਿਚ ਭੇਟ ਕਰਨ ਜਾਂਦਾ ਹੈ),

ਕਬੀਰ ਕਾ ਮਰਮੁ ਰਾਮ ਪਹਿਚਾਨਾਂ ॥੪॥੬॥

ਪਰ ਕਬੀਰ ਦੇ ਦਿਲ ਦਾ ਭੇਤ ਕਬੀਰ ਦਾ ਪਰਮਾਤਮਾ ਜਾਣਦਾ ਹੈ ॥੪॥੬॥

ਉਲਟਿ ਜਾਤਿ ਕੁਲ ਦੋਊ ਬਿਸਾਰੀ ॥

(ਨਾਮ ਦੀ ਬਰਕਤਿ ਨਾਲ ਮਨ ਨੂੰ ਮਾਇਆ ਵਲੋਂ) ਉਲਟਾ ਕੇ ਮੈਂ ਜਾਤ ਤੇ ਕੁਲ ਦੋਵੇਂ ਵਿਸਾਰ ਦਿੱਤੀਆਂ ਹਨ (ਮੈਨੂੰ ਇਹ ਸਮਝ ਆ ਗਈ ਹੈ ਕਿ ਪ੍ਰਭੂ-ਮਿਲਾਪ ਦਾ ਕਿਸੇ ਖ਼ਾਸ ਜਾਤ ਜਾਂ ਕੁਲ ਨਾਲ ਸੰਬੰਧ ਨਹੀਂ ਹੈ)।

ਸੁੰਨ ਸਹਜ ਮਹਿ ਬੁਨਤ ਹਮਾਰੀ ॥੧॥

ਮੇਰੀ ਲਿਵ ਹੁਣ ਉਸ ਅਵਸਥਾ ਵਿਚ ਟਿਕੀ ਹੋਈ ਹੈ, ਜਿੱਥੇ ਮਾਇਆ ਦੇ ਫੁਰਨੇ ਨਹੀਂ ਹਨ, ਜਿੱਥੇ ਅਡੋਲਤਾ ਹੀ ਅਡੋਲਤਾ ਹੈ ॥੧॥

ਹਮਰਾ ਝਗਰਾ ਰਹਾ ਨ ਕੋਊ ॥

ਦੋਹਾਂ (ਦੇ ਦੱਸੇ ਕਰਮ-ਕਾਂਡ ਤੇ ਸ਼ਰਹ ਦੇ ਰਸਤੇ) ਨਾਲ ਮੇਰਾ ਕੋਈ ਵਾਸਤਾ ਨਹੀਂ ਰਿਹਾ (ਭਾਵ, ਕਰਮ-ਕਾਂਡ ਅਤੇ ਸ਼ਰਹ ਇਹ ਦੋਵੇਂ ਹੀ ਨਾਮ-ਸਿਮਰਨ ਦੇ ਟਾਕਰੇ ਤੇ ਤੁੱਛ ਹਨ)।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430