ਕਿਸੇ ਤੀਰਥ ਉਤੇ (ਭੀ ਇਸ਼ਨਾਨ ਵਾਸਤੇ) ਜਾਂਦਾ ਹੈ (ਇਸ ਤਰ੍ਹਾਂ) ਉਸ ਦਾ ਕਾਮਾਦਿਕ ਰੋਗ ਦੂਰ ਨਹੀਂ ਹੋ ਸਕਦਾ।
ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਮਨੁੱਖ ਆਤਮਕ ਆਨੰਦ ਨਹੀਂ ਮਾਣ ਸਕਦਾ ॥੪॥
(ਬਨ-ਵਾਸ, ਡੂਗਰ-ਵਾਸ, ਹਠ, ਨਿਗ੍ਰਹ, ਤੀਰਥ-ਇਸ਼ਨਾਨ ਆਦਿਕ) ਜਤਨ ਮਨੁੱਖ ਕਰਦਾ ਹੈ, ਅਜੇਹੇ ਕਿਸੇ ਭੀ ਤਰੀਕੇ ਨਾਲ ਕਾਮ-ਵਾਸਨਾ ਰੋਕੀ ਨਹੀਂ ਜਾ ਸਕਦੀ,
ਮਨ ਡੋਲਦਾ ਹੀ ਰਹਿੰਦਾ ਹੈ ਤੇ ਜੀਵ ਨਰਕ ਵਿਚ ਹੀ ਪਿਆ ਰਹਿੰਦਾ ਹੈ।
ਕਾਮ-ਵਾਸ਼ਨਾ ਆਦਿਕ ਵਿਕਾਰਾਂ ਵਿਚ ਬੱਝਾ ਹੋਇਆ ਜਮਰਾਜ ਦੀ ਪੁਰੀ ਵਿਚ (ਆਤਮਕ ਕਲੇਸ਼ਾਂ ਦੀ) ਸਜ਼ਾ ਭੁਗਤਦਾ ਹੈ।
ਪਰਮਾਤਮਾ ਦੇ ਨਾਮ ਤੋਂ ਬਿਨਾ ਜਿੰਦ ਵਿਕਾਰਾਂ ਵਿਚ ਸੜਦੀ ਭੁੱਜਦੀ ਰਹਿੰਦੀ ਹੈ ॥੫॥
ਅਨੇਕਾਂ ਸਿੱਧ ਸਾਧਿਕ ਰਿਸ਼ੀ ਮੁਨੀ (ਹਠ ਨਿਗ੍ਰਹ ਆਦਿਕ ਕਰਦੇ ਹਨ ਪਰ)
ਹਠ ਨਿਗ੍ਰਹ ਨਾਲ ਅੰਦਰਲੀ ਵਿਖੇਪਤਾ ਨੂੰ ਮਿਟਾ ਨਹੀਂ ਸਕਦੇ।
ਜੇਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਵਿਚਾਰ-ਮੰਡਲ ਵਿਚ ਟਿਕਾ ਕੇ ਗੁਰੂ ਦੀ (ਦੱਸੀ) ਸੇਵਾ (ਦਾ ਉੱਦਮ) ਗ੍ਰਹਿਣ ਕਰਦੇ ਹਨ,
ਉਹਨਾਂ ਦੇ ਮਨ ਵਿਚ ਉਹਨਾਂ ਦੇ ਸਰੀਰ ਵਿਚ (ਭਾਵ, ਇੰਦ੍ਰਿਆਂ ਵਿਚ) ਪਵਿਤ੍ਰਤਾ ਆ ਜਾਂਦੀ ਹੈ, ਉਹਨਾਂ ਦੇ ਅੰਦਰ ਅਹੰਕਾਰ ਦਾ ਅਭਾਵ ਹੋ ਜਾਂਦਾ ਹੈ ॥੬॥
ਜਿਸ ਮਨੁੱਖ ਨੂੰ ਆਪਣੀ ਮੇਹਰ ਨਾਲ ਪਰਮਾਤਮਾ ਮਿਲਦਾ ਹੈ ਉਹ ਸਦਾ-ਥਿਰ ਪ੍ਰਭੂ-ਨਾਮ (ਦੀ ਦਾਤਿ) ਪ੍ਰਾਪਤ ਕਰਦਾ ਹੈ।
(ਹੇ ਪ੍ਰਭੂ!) ਮੈਂ ਭੀ ਤੇਰੀ ਸਰਨ ਆ ਟਿਕਿਆ ਹਾਂ (ਤਾ ਕਿ ਤੇਰੇ ਚਰਨਾਂ ਦਾ) ਸ੍ਰੇਸ਼ਟ ਪ੍ਰੇਮ (ਮੈਂ ਹਾਸਲ ਕਰ ਸਕਾਂ)।
(ਜੀਵ ਦੇ ਅੰਦਰ) ਤੇਰੀ ਭਗਤੀ ਤੇਰਾ ਪ੍ਰੇਮ ਤੇਰੀ ਮੇਹਰ ਨਾਲ ਹੀ ਪੈਦਾ ਹੁੰਦੇ ਹਨ।
ਹੇ ਹਰੀ! (ਜੇ ਤੇਰੀ ਮੇਹਰ ਹੋਵੇ ਤਾਂ) ਮੈਂ ਗੁਰੂ ਦੀ ਸਰਨ ਪੈ ਕੇ ਤੇਰੇ ਨਾਮ ਦਾ ਜਾਪ ਜਪਦਾ ਰਹਾਂ ॥੭॥
ਜੇ ਜੀਵ ਦਾ ਮਨ ਪਰਮਾਤਮਾ ਦੇ ਨਾਮ-ਰਸ ਵਿਚ ਭਿੱਜ ਜਾਏ ਤਾਂ ਅੰਦਰੋਂ ਹਉਮੈ ਅਹੰਕਾਰ ਦੂਰ ਹੋ ਜਾਂਦਾ ਹੈ,
ਪਰ (ਨਾਮ-ਰਸ ਵਿਚ ਭਿੱਜਣ ਦੀ ਇਹ ਦਾਤਿ) ਝੂਠ ਦੀ ਰਾਹੀਂ ਜਾਂ ਪਖੰਡ ਕੀਤਿਆਂ ਕੋਈ ਭੀ ਨਹੀਂ ਪ੍ਰਾਪਤ ਕਰ ਸਕਦਾ।
ਗੁਰੂ ਦੇ ਸ਼ਬਦ ਤੋਂ ਬਿਨਾ ਪਰਮਾਤਮਾ ਦਾ ਦਰਬਾਰ ਨਹੀਂ ਲੱਭ ਸਕਦਾ।
ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਜਗਤ ਦੇ ਮੂਲ ਪ੍ਰਭੂ ਨੂੰ ਮਿਲ ਪੈਂਦਾ ਹੈ, ਉਹ ਪ੍ਰਭੂ ਦੇ ਗੁਣਾਂ ਦੀ ਵਿਚਾਰ (ਦਾ ਸੁਭਾਉ) ਪ੍ਰਾਪਤ ਕਰ ਲੈਂਦਾ ਹੈ ॥੮॥੬॥
ਹੇ ਝੱਲੇ ਜੀਵ! ਜਿਵੇਂ ਤੂੰ (ਜਗਤ ਵਿਚ) ਆਇਆ ਹੈਂ ਤਿਵੇਂ (ਇਥੋਂ) ਚਲਾ ਭੀ ਜਾਵੇਂਗਾ, ਜਿਵੇਂ ਤੈਨੂੰ ਜਨਮ ਮਿਲਿਆ ਹੈ ਤਿਵੇਂ ਮੌਤ ਭੀ ਹੋ ਜਾਇਗੀ (ਇਥੇ ਕਿਸੇ ਹਾਲਤ ਵਿਚ ਸਦਾ ਬੈਠ ਨਹੀਂ ਰਹਿਣਾ)।
ਜਿਉਂ ਜਿਉਂ ਤੂੰ ਦੁਨੀਆ ਦੇ ਰਸਾਂ ਦੇ ਭੋਗ ਮਾਣਦਾ ਹੈਂ, ਤਿਉਂ ਤਿਉਂ ਉਤਨਾ ਹੀ (ਤੇਰੇ ਸਰੀਰ ਨੂੰ ਤੇ ਆਤਮਾ ਨੂੰ) ਦੁੱਖ-ਰੋਗ ਚੰਬੜ ਰਿਹਾ ਹੈ। (ਇਹਨਾਂ ਭੋਗਾਂ ਵਿਚ ਮਸਤ ਹੋ ਕੇ) ਪਰਮਾਤਮਾ ਦਾ ਨਾਮ ਵਿਸਾਰ ਕੇ ਤੂੰ ਜਨਮ ਮਰਨ ਦੇ ਚੱਕਰ ਵਿਚ ਪਿਆ ਸਮਝ ॥੧॥
(ਹੇ ਜੀਵ!) ਆਪਣਾ ਸਰੀਰ ਤੇ ਧਨ ਵੇਖ ਵੇਖ ਕੇ ਤੂੰ ਅਹੰਕਾਰ ਵਿਚ ਆਇਆ ਰਹਿੰਦਾ ਹੈਂ।
ਸੋਨੇ ਤੇ ਇਸਤ੍ਰੀ ਨਾਲ ਤੂੰ ਮੋਹ ਵਧਾਈ ਜਾ ਰਿਹਾ ਹੈਂ। ਤੂੰ ਕਿਉਂ ਪਰਮਾਤਮਾ ਦਾ ਨਾਮ ਵਿਸਾਰ ਰਿਹਾ ਹੈਂ, ਤੇ, ਕਿਉਂ ਭਟਕਣਾ ਵਿਚ ਪੈ ਗਿਆ ਹੈਂ? ॥੧॥ ਰਹਾਉ ॥
(ਹੇ ਜੀਵ! ਤੂੰ ਆਪਣੇ ਆਪ ਨੂੰ) ਕਾਮ-ਵਾਸਨਾ ਵਲੋਂ ਨਹੀਂ ਬਚਾਇਆ, ਤੂੰ ਉੱਚਾ ਆਚਰਨ ਨਹੀਂ ਬਣਾਇਆ, ਤੂੰ ਇੰਦ੍ਰਿਆਂ ਨੂੰ ਮੰਦੇ ਪਾਸੇ ਵਲੋਂ ਰੋਕਣ ਦਾ ਉੱਦਮ ਨਹੀਂ ਕੀਤਾ, ਤੂੰ ਮਿੱਠਾ ਸੁਭਾਉ ਨਹੀਂ ਬਣਾਇਆ। (ਵਿਕਾਰਾਂ ਦੇ ਕਾਰਨ) ਅਪਵਿਤ੍ਰ ਹੋਏ ਸਰੀਰ-ਪਿੰਜਰ ਵਿਚ ਤੂੰ ਲੱਕੜ (ਵਰਗਾ ਕੁਰਖ਼ਤ-ਦਿਲ) ਹੋ ਚੁਕਾ ਹੈਂ।
ਤੇਰੇ ਅੰਦਰ ਨਾਹ ਦੂਜਿਆਂ ਦੀ ਭਲਾਈ ਦਾ ਖ਼ਿਆਲ ਹੈ, ਨਾਹ ਦੂਜਿਆਂ ਦੀ ਸੇਵਾ ਦੀ ਤਾਂਘ ਹੈ, ਨਾਹ ਆਚਰਨਿਕ ਪਵਿਤ੍ਰਤਾ ਹੈ, ਨਾਹ ਕੋਈ ਬੰਧੇਜ ਹੈ। ਸਾਧ ਸੰਗਤ ਤੋਂ ਵਾਂਜਿਆਂ ਰਹਿ ਕੇ ਤੇਰਾ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ ॥੨॥
(ਹੇ ਜੀਵ!) ਤੂੰ ਮਾਇਆ ਦੇ ਲਾਲਚ ਵਿਚ ਲੱਗਾ ਪਿਆ ਹੈਂ, ਪਰਮਾਤਮਾ ਦਾ ਨਾਮ ਤੂੰ ਭੁਲਾ ਦਿੱਤਾ ਹੈ। ਮਾਇਆ ਦੀ ਖ਼ਾਤਰ ਦੌੜਦਿਆਂ ਭੱਜਦਿਆਂ ਤੇਰਾ ਜੀਵਨ (ਅਜਾਈਂ) ਜਾਂਦਾ ਹੈ।
ਜਦੋਂ ਜਮ ਅਚਨਚੇਤ ਆ ਕੇ ਤੈਨੂੰ ਕੇਸਾਂ ਤੋਂ ਫੜ ਕੇ ਪਟਕਾ ਕੇ ਮਾਰੇਗਾ, ਕਾਲ ਦੇ ਮੂੰਹ ਵਿਚ ਪਹੁੰਚੇ ਹੋਏ ਨੂੰ ਤੈਨੂੰ (ਸਿਮਰਨ ਦੀ) ਸੁਰਤ ਨਹੀਂ ਆ ਸਕੇਗੀ ॥੩॥
ਦਿਨ ਰਾਤ ਤੂੰ ਪਰਾਈ ਨਿੰਦਾ ਕਰਦਾ ਹੈਂ ਦੂਜਿਆਂ ਨਾਲ ਈਰਖਾ ਕਰਦਾ ਹੈਂ। ਤੇਰੇ ਹਿਰਦੇ ਵਿਚ ਨਾਹ ਪਰਮਾਤਮਾ ਦਾ ਨਾਮ ਹੈ ਤੇ ਨਾਹ ਸਭ ਜੀਵਾਂ ਵਾਸਤੇ ਦਇਆ-ਪਿਆਰ।
ਗੁਰੂ ਦੇ ਸ਼ਬਦ ਤੋਂ ਬਿਨਾ ਨਾਹ ਤੂੰ ਉੱਚੀ ਆਤਮਕ ਅਵਸਥਾ ਹਾਸਲ ਕਰ ਸਕੇਂਗਾ ਨਾਹ ਹੀ (ਲੋਕ ਪਰਲੋਕ ਦੀ) ਇੱਜ਼ਤ। ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਤੂੰ ਨਰਕ ਵਿਚ ਪਿਆ ਹੋਇਆ ਹੈਂ ॥੪॥
(ਹੇ ਜੀਵ! ਮਾਇਆ ਦੀ ਖ਼ਾਤਰ) ਤੂੰ ਖਿਨ-ਪਲ ਵਿਚ ਸ੍ਵਾਂਗੀ ਵਾਂਗ ਕਈ ਰੂਪ ਧਾਰਦਾ ਹੈਂ। ਤੂੰ ਮੋਹ ਵਿਚ ਪਾਪਾਂ ਵਿਚ ਗ਼ਲਤਾਨ ਹੋਇਆ ਪਿਆ ਹੈਂ।
ਹਰ ਪਾਸੇ ਮਾਇਆ ਦਾ ਖਿਲਾਰਾ ਵੇਖ ਕੇ ਤੂੰ ਮਾਇਆ ਦੇ ਮੋਹ ਵਿਚ ਮਸਤ ਹੋ ਰਿਹਾ ਹੈਂ ॥੫॥
(ਹੇ ਝੱਲੇ ਜੀਵ!) ਤੂੰ ਵਿਕਾਰਾਂ ਦੀ ਖ਼ਾਤਰ ਅਨੇਕਾਂ ਖਿਲਾਰੇ ਖਿਲਾਰਦਾ ਹੈਂ ਗੁਰੂ ਦੇ ਸ਼ਬਦ ਦੀ ਲਗਨ ਤੋਂ ਬਿਨਾ ਤੂੰ (ਵਿਕਾਰਾਂ ਦੀ) ਭਟਕਣਾ ਵਿਚ ਭਟਕਦਾ ਹੈਂ।
ਤੈਨੂੰ ਹਉਮੈ ਦਾ ਵੱਡਾ ਰੋਗ ਵੱਡਾ ਦੁੱਖ ਚੰਬੜਿਆ ਹੋਇਆ ਹੈ। ਜੇ ਤੂੰ ਚਾਹੁੰਦਾ ਹੈਂ ਇਹ ਰੋਗ ਦੂਰ ਹੋ ਜਾਏ ਤਾਂ ਗੁਰੂ ਦੀ ਸਿੱਖਿਆ ਲੈ ॥੬॥
ਮਾਇਆ-ਵੇੜ੍ਹਿਆ ਜੀਵ ਜਦੋਂ ਸੁਖਾਂ ਨੂੰ ਤੇ ਧਨ ਨੂੰ ਆਉਂਦਾ ਵੇਖਦਾ ਹੈ ਤਾਂ ਇਸ ਦੇ ਮਨ ਵਿਚ ਅਹੰਕਾਰ ਪੈਦਾ ਹੁੰਦਾ ਹੈ।
ਪਰ ਜਿਸ ਪਰਮਾਤਮਾ ਦਾ ਦਿੱਤਾ ਹੋਇਆ ਇਹ ਸਰੀਰ ਤੇ ਧਨ ਹੈ ਉਹ ਮੁੜ ਮੋੜ ਲੈਂਦਾ ਹੈ। ਮਾਇਆ-ਵੇੜ੍ਹੇ ਜੀਵ ਨੂੰ ਸਦਾ ਇਹੀ ਸਹਿਮ ਦਾ ਰੋਗ ਖਾਈ ਜਾਂਦਾ ਹੈ ॥੭॥
(ਹੇ ਜੀਵ! ਇਹ ਸਰੀਰ, ਇਹ ਧਨ, ਇਹ ਸੋਨਾ, ਇਹ ਇਸਤ੍ਰੀ) ਜੋ ਕੁਝ ਦਿੱਸ ਰਿਹਾ ਹੈ, ਇਹ ਸਭ ਕੁਝ ਉਸ ਪਰਮਾਤਮਾ ਦੀ ਮੇਹਰ ਸਦਕਾ ਮਿਲਿਆ ਹੋਇਆ ਹੈ, ਪਰ ਅੰਤ ਵੇਲੇ ਇਹਨਾਂ ਵਿਚੋਂ ਭੀ (ਕਿਸੇ ਦੇ) ਨਾਲ ਨਹੀਂ ਜਾ ਸਕਦਾ।
(ਦੁਨੀਆ ਦੇ ਇਹ ਪਦਾਰਥ ਦੇਣ ਵਾਲਾ) ਉਹ ਪਰਮਾਤਮਾ ਸਾਰੇ ਜਗਤ ਦਾ ਮੂਲ ਹੈ, ਸਭ ਵਿਚ ਵਿਆਪਕ ਹੈ, ਬੇਅੰਤ ਹੈ। ਜੇਹੜਾ ਮਨੁੱਖ ਉਸ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਂਦਾ ਹੈ, ਉਹ (ਸੰਸਾਰ-ਸਮੁੰਦਰ ਦੀਆਂ ਮੋਹ ਦੀਆਂ ਲਹਿਰਾਂ ਵਿਚੋਂ) ਪਾਰ ਲੰਘ ਜਾਂਦਾ ਹੈ ॥੮॥
(ਹੇ ਸਾਕਤ ਜੀਵ! ਮਰਨਾ ਤਾਂ ਸਭਨਾਂ ਨੇ ਹੈ, ਫਿਰ ਤੂੰ ਆਪਣੇ ਕਿਸੇ) ਮਰੇ ਸੰਬੰਧੀ ਨੂੰ ਰੋਂਦਾ ਹੈਂ ਤੇ (ਰੋ ਰੋ ਕੇ) ਕਿਸ ਨੂੰ ਸੁਣਾਂਦਾ ਹੈ? (ਪਰਮਾਤਮਾ ਦੀ ਯਾਦ ਤੋਂ ਖੁੰਝ ਕੇ) ਤੂੰ ਬੜੇ ਡਰਾਉਣੇ ਸੰਸਾਰ-ਸਮੁੰਦਰ ਵਿਚ ਗੋਤੇ ਖਾ ਰਿਹਾ ਹੈਂ।
ਮਾਇਆ-ਵੇੜ੍ਹਿਆ ਜੀਵ ਆਪਣੇ ਪਰਵਾਰ ਨੂੰ, ਧਨ ਨੂੰ, ਸੋਹਣੇ ਘਰਾਂ ਨੂੰ ਵੇਖ ਵੇਖ ਕੇ ਨਿਕੰਮੇ ਜੰਜਾਲ ਵਿਚ ਫਸਿਆ ਪਿਆ ਹੈ ॥੯॥