ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 839


ਜੋ ਦੇਖਿ ਦਿਖਾਵੈ ਤਿਸ ਕਉ ਬਲਿ ਜਾਈ ॥

ਮੈਂ ਉਸ (ਗੁਰੂ) ਤੋਂ ਸਦਕੇ ਜਾਂਦਾ ਹਾਂ ਜਿਹੜਾ (ਹਰੇਕ ਸਰੀਰ ਵਿਚ ਪ੍ਰਭੂ ਨੂੰ) ਵੇਖ ਕੇ (ਹੋਰਨਾਂ ਨੂੰ ਭੀ) ਵਿਖਾ ਦੇਂਦਾ ਹੈ।

ਗੁਰਪਰਸਾਦਿ ਪਰਮ ਪਦੁ ਪਾਈ ॥੧॥

ਗੁਰੂ ਦੀ ਕਿਰਪਾ ਨਾਲ (ਹੀ ਉਸ ਦਾ ਹਰੇਕ ਸਰੀਰ ਵਿਚ ਦਰਸਨ ਕਰਨ ਦੀ) ਉੱਚੀ ਤੋਂ ਉੱਚੀ ਪਦਵੀ ਮੈਂ ਪ੍ਰਾਪਤ ਕਰ ਸਕਦਾ ਹਾਂ ॥੧॥

ਕਿਆ ਜਪੁ ਜਾਪਉ ਬਿਨੁ ਜਗਦੀਸੈ ॥

ਜਗਤ ਦੇ ਮਾਲਕ ਪਰਮਾਤਮਾ ਦੇ ਸਿਮਰਨ ਤੋਂ ਬਿਨਾ ਮੈਂ ਹੋਰ ਕੋਈ ਭੀ ਜਾਪ ਨਹੀਂ ਜਪਦਾ,

ਗੁਰ ਕੈ ਸਬਦਿ ਮਹਲੁ ਘਰੁ ਦੀਸੈ ॥੧॥ ਰਹਾਉ ॥

(ਕਿਉਂਕਿ) ਗੁਰੂ ਦੇ ਸ਼ਬਦ ਵਿਚ ਜੁੜ ਕੇ (ਪਰਮਾਤਮਾ ਦਾ ਸਿਮਰਨ ਕੀਤਿਆਂ ਪਰਮਾਤਮਾ ਦਾ) ਦਰ-ਘਰ ਦਿੱਸ ਸਕਦਾ ਹੈ (ਪਰਮਾਤਮਾ ਦੇ ਚਰਨਾਂ ਵਿਚ ਟਿਕ ਸਕੀਦਾ ਹੈ) ॥੧॥ ਰਹਾਉ ॥

ਦੂਜੈ ਭਾਇ ਲਗੇ ਪਛੁਤਾਣੇ ॥

ਜਿਹੜੇ ਜੀਵ (ਪਰਮਾਤਮਾ ਨੂੰ ਵਿਸਾਰ ਕੇ) ਕਿਸੇ ਹੋਰ ਮੋਹ ਵਿਚ ਫਸੇ ਰਹਿੰਦੇ ਹਨ ਉਹ (ਆਖ਼ਰ) ਪਛੁਤਾਂਦੇ ਹਨ।

ਜਮ ਦਰਿ ਬਾਧੇ ਆਵਣ ਜਾਣੇ ॥

ਉਹ ਜਮਰਾਜ ਦੇ ਦਰ ਤੇ ਬੱਝੇ ਰਹਿੰਦੇ ਹਨ, ਉਹਨਾਂ ਦਾ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ।

ਕਿਆ ਲੈ ਆਵਹਿ ਕਿਆ ਲੇ ਜਾਹਿ ॥

ਜਗਤ ਵਿਚ ਖ਼ਾਲੀ-ਹੱਥ ਆਉਂਦੇ ਹਨ, ਇਥੋਂ ਖ਼ਾਲੀ-ਹੱਥ ਹੀ ਜਾਂਦੇ ਹਨ (ਭਾਵ, ਸਿਮਰਨ ਸੇਵਾ ਆਦਿਕ ਦੀ ਆਤਮਕ ਰਾਸਿ-ਪੂੰਜੀ ਤਾਂ ਇਕੱਠੀ ਨਾਹ ਕੀਤੀ, ਤੇ ਹੋਰ ਜੋੜਿਆ ਕਮਾਇਆ ਧਨ-ਪਦਾਰਥ ਜਗਤ ਵਿਚ ਹੀ ਰਹਿ ਗਿਆ)।

ਸਿਰਿ ਜਮਕਾਲੁ ਸਿ ਚੋਟਾ ਖਾਹਿ ॥

ਉਹਨਾਂ ਦੇ ਸਿਰ ਉਤੇ ਆਤਮਕ ਮੌਤ (ਹਰ ਵੇਲੇ ਖੜੀ ਰਹਿੰਦੀ ਹੈ) ਤੇ ਉਹ (ਨਿੱਤ ਇਸ ਆਤਮਕ ਮੌਤ ਦੀਆਂ) ਸੱਟਾਂ ਸਹਾਰਦੇ ਰਹਿੰਦੇ ਹਨ।

ਬਿਨੁ ਗੁਰਸਬਦ ਨ ਛੂਟਸਿ ਕੋਇ ॥

ਗੁਰੂ ਦੇ ਸ਼ਬਦ ਤੋਂ ਬਿਨਾ ਕੋਈ ਮਨੁੱਖ ਆਤਮਕ ਮੌਤ ਤੋਂ ਬਚ ਨਹੀਂ ਸਕਦਾ।

ਪਾਖੰਡਿ ਕੀਨੑੈ ਮੁਕਤਿ ਨ ਹੋਇ ॥੨॥

ਪਖੰਡ ਕੀਤਿਆਂ (ਬਾਹਰੋਂ ਧਾਰਮਿਕ ਭੇਖ ਬਣਾਇਆਂ) ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲ ਸਕਦੀ ॥੨॥

ਆਪੇ ਸਚੁ ਕੀਆ ਕਰ ਜੋੜਿ ॥

ਹੇ ਭਾਈ! (ਪਰਮਾਤਮਾ) ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ, (ਇਹ ਬ੍ਰਹਮਾਂਡ ਉਸ ਸਦਾ-ਥਿਰ ਪ੍ਰਭੂ ਨੇ) ਹੁਕਮ ਕਰ ਕੇ (ਆਪ ਹੀ) ਪੈਦਾ ਕੀਤਾ ਹੈ।

ਅੰਡਜ ਫੋੜਿ ਜੋੜਿ ਵਿਛੋੜਿ ॥

ਇਸ ਬ੍ਰਹਮਾਂਡ ਨੂੰ ਨਾਸ ਕਰ ਕੇ, (ਫਿਰ) ਪੈਦਾ ਕਰ ਕੇ, (ਫਿਰ) ਨਾਸ ਕਰ ਕੇ (ਫਿਰ ਆਪ ਹੀ ਪੈਦਾ ਕਰ ਦੇਂਦਾ ਹੈ)।

ਧਰਤਿ ਅਕਾਸੁ ਕੀਏ ਬੈਸਣ ਕਉ ਥਾਉ ॥

ਹੇ ਭਾਈ! (ਇਹ) ਧਰਤੀ (ਅਤੇ) ਆਕਾਸ਼ (ਪਰਮਾਤਮਾ ਨੇ ਜੀਵਾਂ ਦੇ) ਵੱਸਣ ਵਾਸਤੇ ਥਾਂ ਬਣਾਈ ਹੈ।

ਰਾਤਿ ਦਿਨੰਤੁ ਕੀਏ ਭਉ ਭਾਉ ॥

(ਪਰਮਾਤਮਾ ਨੇ ਆਪ ਹੀ) ਦਿਨ ਅਤੇ ਰਾਤ ਬਣਾਏ ਹਨ, (ਜੀਵਾਂ ਦੇ ਅੰਦਰ) ਡਰ ਅਤੇ ਪਿਆਰ (ਭੀ ਪਰਮਾਤਮਾ ਨੇ ਆਪ ਹੀ ਪੈਦਾ ਕੀਤੇ ਹਨ)।

ਜਿਨਿ ਕੀਏ ਕਰਿ ਵੇਖਣਹਾਰਾ ॥

ਹੇ ਭਾਈ! ਜਿਸ (ਪਰਮਾਤਮਾ) ਨੇ (ਸਾਰੇ ਜੀਵ) ਪੈਦਾ ਕੀਤੇ ਹਨ, (ਇਹਨਾਂ ਨੂੰ) ਪੈਦਾ ਕਰ ਕੇ (ਆਪ ਹੀ ਇਹਨਾਂ ਦੀ) ਸੰਭਾਲ ਕਰਨ ਵਾਲਾ ਹੈ।

ਅਵਰੁ ਨ ਦੂਜਾ ਸਿਰਜਣਹਾਰਾ ॥੩॥

ਹੇ ਭਾਈ! (ਪਰਮਾਤਮਾ ਤੋਂ ਬਿਨਾ) ਕੋਈ ਹੋਰ ਦੂਜਾ (ਇਸ ਬ੍ਰਹਮਾਂਡ ਨੂੰ) ਪੈਦਾ ਕਰਨ ਵਾਲਾ ਨਹੀਂ ਹੈ ॥੩॥

ਤ੍ਰਿਤੀਆ ਬ੍ਰਹਮਾ ਬਿਸਨੁ ਮਹੇਸਾ ॥

ਪਰਮਾਤਮਾ ਨੇ ਹੀ ਬ੍ਰਹਮਾ ਵਿਸ਼ਨੂ ਤੇ ਸ਼ਿਵ ਪੈਦਾ ਕੀਤੇ,

ਦੇਵੀ ਦੇਵ ਉਪਾਏ ਵੇਸਾ ॥

ਪਰਮਾਤਮਾ ਨੇ ਹੀ ਦੇਵੀਆਂ ਦੇਵਤੇ ਆਦਿਕ ਅਨੇਕਾਂ ਹਸਤੀਆਂ ਪੈਦਾ ਕੀਤੀਆਂ।

ਜੋਤੀ ਜਾਤੀ ਗਣਤ ਨ ਆਵੈ ॥

ਦੁਨੀਆ ਨੂੰ ਚਾਨਣ ਦੇਣ ਵਾਲੀਆਂ ਇਤਨੀਆਂ ਹਸਤੀਆਂ ਉਸ ਨੇ ਪੈਦਾ ਕੀਤੀਆਂ ਹਨ ਕਿ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ।

ਜਿਨਿ ਸਾਜੀ ਸੋ ਕੀਮਤਿ ਪਾਵੈ ॥

ਜਿਸ ਪਰਮਾਤਮਾ ਨੇ (ਇਹ ਸਾਰੀ ਸ੍ਰਿਸ਼ਟੀ) ਪੈਦਾ ਕੀਤੀ ਹੈ ਉਹ (ਹੀ) ਇਸ ਦੀ ਕਦਰ ਜਾਣਦਾ ਹੈ।

ਕੀਮਤਿ ਪਾਇ ਰਹਿਆ ਭਰਪੂਰਿ ॥

(ਭਾਵ, ਇਸ ਨਾਲ ਪਿਆਰ ਕਰਦਾ ਹੈ, ਤੇ) ਇਸ ਵਿਚ ਹਰ ਥਾਂ ਮੌਜੂਦ (ਇਸ ਦੀ ਸੰਭਾਲ ਕਰਦਾ) ਹੈ।

ਕਿਸੁ ਨੇੜੈ ਕਿਸੁ ਆਖਾ ਦੂਰਿ ॥੪॥

ਮੈਂ ਕੀਹ ਦੱਸਾਂ ਕਿ ਕਿਸ ਤੋਂ ਉਹ ਪਰਮਾਤਮਾ ਨੇੜੇ ਹੈ ਤੇ ਕਿਸ ਤੋਂ ਦੂਰ ਹੈ? (ਭਾਵ, ਪਰਮਾਤਮਾ ਨਾਹ ਕਿਸੇ ਤੋਂ ਨੇੜੇ ਤੇ ਨਾਹ ਕਿਸੇ ਤੋਂ ਦੂਰ ਹੈ, ਹਰੇਕ ਵਿਚ ਇਕ-ਸਮਾਨ ਵਿਆਪਕ ਹੈ) ॥੪॥

ਚਉਥਿ ਉਪਾਏ ਚਾਰੇ ਬੇਦਾ ॥

ਪਰਮਾਤਮਾ ਨੇ ਆਪ ਹੀ ਚਾਰ ਵੇਦ ਪੈਦਾ ਕੀਤੇ ਹਨ,

ਖਾਣੀ ਚਾਰੇ ਬਾਣੀ ਭੇਦਾ ॥

ਆਪ ਹੀ (ਜਗਤ-ਉਤਪੱਤੀ ਦੀਆਂ) ਚਾਰ ਖਾਣਾਂ ਪੈਦਾ ਕੀਤੀਆਂ ਹਨ ਤੇ ਆਪ ਹੀ ਜੀਵਾਂ ਦੀਆਂ ਵਖ ਵਖ ਬੋਲੀਆਂ ਬਣਾ ਦਿੱਤੀਆਂ ਹਨ।

ਅਸਟ ਦਸਾ ਖਟੁ ਤੀਨਿ ਉਪਾਏ ॥

ਅਕਾਲ ਪੁਰਖ ਨੇ ਆਪ ਹੀ ਅਠਾਰਾਂ ਪੁਰਾਣ ਛੇ ਸ਼ਾਸਤ੍ਰ ਤੇ (ਮਾਇਆ ਦੇ) ਤਿੰਨ (ਗੁਣ) ਪੈਦਾ ਕੀਤੇ ਹਨ।

ਸੋ ਬੂਝੈ ਜਿਸੁ ਆਪਿ ਬੁਝਾਏ ॥

ਇਸ ਭੇਤ ਨੂੰ ਉਹ ਮਨੁੱਖ ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਸੂਝ ਬਖ਼ਸ਼ੇ।

ਤੀਨਿ ਸਮਾਵੈ ਚਉਥੈ ਵਾਸਾ ॥

ਜੋ ਮਾਇਆ ਦੇ ਤਿੰਨ ਗੁਣਾਂ ਦਾ ਪ੍ਰਭਾਵ ਮੁਕਾ ਕੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ,

ਪ੍ਰਣਵਤਿ ਨਾਨਕ ਹਮ ਤਾ ਕੇ ਦਾਸਾ ॥੫॥

ਨਾਨਕ ਬੇਨਤੀ ਕਰਦਾ ਹੈ-ਮੈਂ ਉਸ ਮਨੁੱਖ ਦਾ ਦਾਸ ਹਾਂ ॥੫॥

ਪੰਚਮੀ ਪੰਚ ਭੂਤ ਬੇਤਾਲਾ ॥

ਉਸ ਦੇ ਪੈਦਾ ਕੀਤੇ ਹੋਏ ਜਿਹੜੇ ਜੀਵ ਪੰਜ ਤੱਤਾਂ ਵਿਚ ਹੀ ਪਰਵਿਰਤ ਹਨ ਉਹ ਜੀਵਨ-ਜਾਚ ਤੋਂ ਖੁੰਝੇ ਹੋਏ ਹਨ।

ਆਪਿ ਅਗੋਚਰੁ ਪੁਰਖੁ ਨਿਰਾਲਾ ॥

ਸਰਬ-ਵਿਆਪਕ (-ਪੁਰਖ) ਪਰਮਾਤਮਾ ਆਪ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ ਤੇ ਨਿਰਲੇਪ ਹੈ।

ਇਕਿ ਭ੍ਰਮਿ ਭੂਖੇ ਮੋਹ ਪਿਆਸੇ ॥

(ਅਜਿਹੇ) ਅਨੇਕਾਂ ਜੀਵ ਭਟਕਣਾ ਦੇ ਕਾਰਨ ਤ੍ਰਿਸ਼ਨਾ-ਅਧੀਨ ਹਨ, ਮਾਇਆ ਦੇ ਮੋਹ ਵਿਚ ਫਸੇ ਹੋਏ ਹਨ।

ਇਕਿ ਰਸੁ ਚਾਖਿ ਸਬਦਿ ਤ੍ਰਿਪਤਾਸੇ ॥

ਪਰ ਕਈ ਐਸੇ (ਭਾਗਾਂ ਵਾਲੇ) ਹਨ ਜੋ (ਪਰਮਾਤਮਾ ਦੇ ਨਾਮ ਦਾ) ਸੁਆਦ ਚੱਖ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਮਾਇਆ ਵਲੋਂ ਰੱਜੇ ਹੋਏ ਹਨ, ਤੇ ਪਰਮਾਤਮਾ ਦੇ ਨਾਮ ਦੇ ਰੰਗ ਵਿਚ ਰੰਗੇ ਹੋਏ ਹਨ।

ਇਕਿ ਰੰਗਿ ਰਾਤੇ ਇਕਿ ਮਰਿ ਧੂਰਿ ॥

ਪਰ ਇਕ ਐਸੇ ਹਨ ਜੋ ਆਤਮਕ ਮੌਤ ਸਹੇੜ ਕੇ ਮਿੱਟੀ ਹੋਏ ਪਏ ਹਨ (ਜੀਵਨ ਉੱਕਾ ਹੀ ਗਵਾ ਚੁਕੇ ਹਨ)।

ਇਕਿ ਦਰਿ ਘਰਿ ਸਾਚੈ ਦੇਖਿ ਹਦੂਰਿ ॥੬॥

ਇਕ ਐਸੇ ਹਨ ਜੋ ਪ੍ਰਭੂ ਨੂੰ ਆਪਣੇ ਅੰਗ-ਸੰਗ ਵੇਖ ਕੇ ਉਸ ਸਦਾ-ਥਿਰ ਪ੍ਰਭੂ ਦੇ ਦਰ ਤੇ ਟਿਕੇ ਰਹਿੰਦੇ ਹਨ ਉਸ ਦੇ ਚਰਨਾਂ ਵਿਚ ਜੁੜੇ ਰਹਿੰਦੇ ਹਨ ॥੬॥

ਝੂਠੇ ਕਉ ਨਾਹੀ ਪਤਿ ਨਾਉ ॥

ਜਿਹੜਾ ਮਨੁੱਖ ਦੁਨੀਆ ਦੇ ਪਦਾਰਥਾਂ ਦਾ ਹੀ ਪ੍ਰੇਮੀ ਬਣਿਆ ਰਹਿੰਦਾ ਹੈ, ਉਸ ਨੂੰ (ਲੋਕ ਪਰਲੋਕ ਵਿਚ ਕਿਤੇ ਭੀ) ਇੱਜ਼ਤ-ਆਦਰ ਨਸੀਬ ਨਹੀਂ ਹੁੰਦਾ।

ਕਬਹੁ ਨ ਸੂਚਾ ਕਾਲਾ ਕਾਉ ॥

ਜਿਸ ਮਨੁੱਖ ਦਾ ਮਨ ਵਿਕਾਰਾਂ ਨਾਲ ਕਾਂ ਵਾਂਗ ਕਾਲਾ ਹੋ ਜਾਏ ਉਹ (ਮਾਇਆ ਵਿਚ ਫਸਿਆ ਰਹਿ ਕੇ) ਕਦੇ ਭੀ ਪਵਿੱਤ੍ਰ ਨਹੀਂ ਹੋ ਸਕਦਾ।

ਪਿੰਜਰਿ ਪੰਖੀ ਬੰਧਿਆ ਕੋਇ ॥

ਕੋਈ ਪੰਛੀ ਪਿੰਜਰੇ ਵਿਚ ਕੈਦ ਹੋ ਜਾਏ,

ਛੇਰੀਂ ਭਰਮੈ ਮੁਕਤਿ ਨ ਹੋਇ ॥

ਉਹ ਪਿੰਜਰੇ ਦੀਆਂ ਵਿਰਲਾਂ ਵਿਚ (ਬੇਸ਼ੱਕ) ਪਿਆ ਭਟਕੇ, (ਇਸ ਤਰ੍ਹਾਂ ਪਿੰਜਰੇ ਦੀ) ਕੈਦ ਵਿਚੋਂ ਨਿਕਲ ਨਹੀਂ ਸਕਦਾ।

ਤਉ ਛੂਟੈ ਜਾ ਖਸਮੁ ਛਡਾਏ ॥

ਤਦੋਂ ਹੀ ਪਿੰਜਰੇ ਵਿਚੋਂ ਆਜ਼ਾਦ ਹੋਵੇਗਾ ਜੇ ਉਸ ਦਾ ਮਾਲਕ ਉਸ ਨੂੰ ਆਜ਼ਾਦੀ ਦੇਵੇ (ਤਿਵੇਂ ਹੀ ਮਾਇਆ ਦੇ ਮੋਹ ਵਿਚ ਕੈਦ ਹੋਏ ਜੀਵ ਨੂੰ ਮਾਲਕ-ਪ੍ਰਭੂ ਆਪ ਹੀ ਖ਼ਲਾਸੀ ਦੇਂਦਾ ਹੈ)।

ਗੁਰਮਤਿ ਮੇਲੇ ਭਗਤਿ ਦ੍ਰਿੜਾਏ ॥੭॥

ਪ੍ਰਭੂ ਉਸ ਨੂੰ ਗੁਰੂ ਦੀ ਮਤਿ ਵਿਚ ਜੋੜਦਾ ਹੈ, ਆਪਣੀ ਭਗਤੀ ਉਸ ਦੇ ਹਿਰਦੇ ਵਿਚ ਪੱਕੀ ਕਰ ਦੇਂਦਾ ਹੈ ॥੭॥

ਖਸਟੀ ਖਟੁ ਦਰਸਨ ਪ੍ਰਭ ਸਾਜੇ ॥

ਪ੍ਰਭੂ ਨੂੰ ਮਿਲਣ ਵਾਸਤੇ (ਜੋਗੀ ਸੰਨਿਆਸੀ ਆਦਿਕ) ਛੇ ਭੇਖ ਬਣਾਏ ਗਏ,

ਅਨਹਦ ਸਬਦੁ ਨਿਰਾਲਾ ਵਾਜੇ ॥

ਪਰ ਇਕ-ਰਸ ਸਿਫ਼ਤਿ-ਸਾਲਾਹ ਦਾ ਸ਼ਬਦ (-ਵਾਜਾ ਇਹਨਾਂ ਭੇਖਾਂ ਤੋਂ) ਵੱਖਰਾ ਹੀ ਵੱਜਦਾ ਹੈ (ਪ੍ਰਭਾਵ ਪਾਂਦਾ ਹੈ)।

ਜੇ ਪ੍ਰਭ ਭਾਵੈ ਤਾ ਮਹਲਿ ਬੁਲਾਵੈ ॥

ਜੇ ਪ੍ਰਭੂ ਨੂੰ (ਕੋਈ ਵਡ-ਭਾਗੀ) ਚੰਗਾ ਲੱਗ ਪਏ, ਤਾਂ ਉਸ ਨੂੰ ਪ੍ਰਭੂ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ।

ਸਬਦੇ ਭੇਦੇ ਤਉ ਪਤਿ ਪਾਵੈ ॥

ਜਦੋਂ ਕੋਈ ਮਨੁੱਖ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ (ਆਪਣੇ ਮਨ ਨੂੰ ਪ੍ਰਭੂ ਦੀ ਯਾਦ ਵਿਚ) ਪ੍ਰੋ ਲਏ, ਤਦੋਂ ਉਹ (ਪ੍ਰਭੂ ਦੀ ਹਜ਼ੂਰੀ ਵਿਚ) ਇੱਜ਼ਤ ਪਾਂਦਾ ਹੈ।

ਕਰਿ ਕਰਿ ਵੇਸ ਖਪਹਿ ਜਲਿ ਜਾਵਹਿ ॥

(ਭੇਖੀ ਸਾਧ) ਧਾਰਮਿਕ ਭੇਖ ਕਰ ਕਰ ਕੇ ਹੀ ਖਪਦੇ ਹਨ ਤੇ (ਤ੍ਰਿਸ਼ਨਾ-ਅੱਗ ਵਿਚ) ਸੜਦੇ ਰਹਿੰਦੇ ਹਨ।

ਸਾਚੈ ਸਾਚੇ ਸਾਚਿ ਸਮਾਵਹਿ ॥੮॥

ਜਿਹੜੇ ਮਨੁੱਖ ਸਦਾ-ਥਿਰ ਪ੍ਰਭੂ-ਨਾਮ ਦੇ ਸਿਮਰਨ ਦੀ ਰਾਹੀਂ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦੇ ਹਨ ॥੮॥

ਸਪਤਮੀ ਸਤੁ ਸੰਤੋਖੁ ਸਰੀਰਿ ॥

ਜਿਸ ਮਨੁੱਖ ਦੇ ਅੰਦਰ ਦੂਜਿਆਂ ਦੀ ਸੇਵਾ ਤੇ ਸੰਤੋਖ (ਪਲ੍ਹਰਦੇ) ਹਨ, ਜਿਸ ਮਨੁੱਖ ਦੇ ਪੰਜੇ ਗਿਆਨ-ਇੰਦ੍ਰੇ,

ਸਾਤ ਸਮੁੰਦ ਭਰੇ ਨਿਰਮਲ ਨੀਰਿ ॥

ਮਨ ਅਤੇ ਬੁੱਧੀ ਪਰਮਾਤਮਾ ਦੇ ਪਵਿੱਤ੍ਰ ਨਾਮ-ਜਲ ਨਾਲ ਭਰਪੂਰ ਹੋ ਜਾਂਦੇ ਹਨ।

ਮਜਨੁ ਸੀਲੁ ਸਚੁ ਰਿਦੈ ਵੀਚਾਰਿ ॥

ਜੋ ਮਨੁੱਖ ਸਦਾ-ਥਿਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਟਿਕਾ ਕੇ (ਅੰਤਰ ਆਤਮੇ) ਪਵਿਤ੍ਰ-ਆਚਰਨ-ਰੂਪ ਇਸ਼ਨਾਨ ਕਰਦਾ ਰਹਿੰਦਾ ਹੈ,

ਗੁਰ ਕੈ ਸਬਦਿ ਪਾਵੈ ਸਭਿ ਪਾਰਿ ॥

ਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਸਾਰਿਆਂ ਨੂੰ (ਭਾਵ, ਪੰਜੇ ਗਿਆਨ-ਇੰਦ੍ਰਿਆਂ, ਮਨ ਤੇ ਬੁੱਧੀ ਨੂੰ ਵਿਕਾਰਾਂ ਦੇ ਪ੍ਰਭਾਵ ਤੋਂ) ਪਾਰ ਲੰਘਾ ਲੈਂਦਾ ਹੈ।

ਮਨਿ ਸਾਚਾ ਮੁਖਿ ਸਾਚਉ ਭਾਇ ॥

ਜਿਸ ਮਨੁੱਖ ਦੇ ਮਨ ਵਿਚ ਸਦਾ-ਥਿਰ ਪ੍ਰਭੂ ਵੱਸਦਾ ਹੈ, ਜਿਸ ਮਨੁੱਖ ਦੀ ਜੀਭ ਉਤੇ ਸਦਾ-ਥਿਰ ਪ੍ਰਭੂ ਹੀ ਵੱਸਦਾ ਹੈ, ਜੋ ਸਦਾ ਪ੍ਰਭੂ ਦੇ ਪ੍ਰੇਮ ਵਿਚ ਲੀਨ ਰਹਿੰਦਾ ਹੈ,

ਸਚੁ ਨੀਸਾਣੈ ਠਾਕ ਨ ਪਾਇ ॥੯॥

ਸਦਾ-ਥਿਰ ਨਾਮ ਉਸ ਦੇ ਪਾਸ (ਜੀਵਨ-ਸਫ਼ਰ ਵਿਚ) ਰਾਹਦਾਰੀ ਹੈ, ਇਸ ਰਾਹਦਾਰੀ ਦੇ ਕਾਰਨ (ਉਸ ਦੇ ਰਾਹ ਵਿਚ ਵਿਕਾਰ ਆਦਿਕਾਂ ਦੀ ਕੋਈ) ਰੋਕ ਨਹੀਂ ਪੈਂਦੀ ॥੯॥

ਅਸਟਮੀ ਅਸਟ ਸਿਧਿ ਬੁਧਿ ਸਾਧੈ ॥

ਜਿਹੜਾ ਮਨੁੱਖ (ਜੋਗੀਆਂ ਵਾਲੀਆਂ) ਅੱਠ ਸਿੱਧੀਆਂ ਹਾਸਲ ਕਰਨ ਦੀ ਤਾਂਘ ਰੱਖਣ ਵਾਲੀ ਬੁੱਧੀ ਨੂੰ ਆਪਣੇ ਕਾਬੂ ਵਿਚ ਰੱਖਦਾ ਹੈ (ਭਾਵ, ਜੋ ਮਨੁੱਖ ਸਿੱਧੀਆਂ ਪ੍ਰਾਪਤ ਕਰਨ ਦੀ ਲਾਲਸਾ ਤੋਂ ਉਤਾਂਹ ਰਹਿੰਦਾ ਹੈ),

ਸਚੁ ਨਿਹਕੇਵਲੁ ਕਰਮਿ ਅਰਾਧੈ ॥

ਜੋ ਪਵਿਤ੍ਰ-ਸਰੂਪ ਸਦਾ-ਥਿਰ ਪ੍ਰਭੂ ਨੂੰ ਉਸ ਦੀ ਮਿਹਰ ਨਾਲ (ਸਦਾ) ਸਿਮਰਦਾ ਹੈ,

ਪਉਣ ਪਾਣੀ ਅਗਨੀ ਬਿਸਰਾਉ ॥

ਜਿਸ ਦੇ ਹਿਰਦੇ ਵਿਚ ਰਜੋ ਸਤੋ ਅਤੇ ਤਮੋ ਗੁਣ ਦਾ ਅਭਾਵ ਰਹਿੰਦਾ ਹੈ,

ਤਹੀ ਨਿਰੰਜਨੁ ਸਾਚੋ ਨਾਉ ॥

ਉਸੇ ਹਿਰਦੇ ਵਿਚ ਨਿਰਲੇਪ ਪਰਮਾਤਮਾ ਵੱਸਦਾ ਹੈ, ਸਦਾ-ਥਿਰ ਪ੍ਰਭੂ-ਨਾਮ ਵੱਸਦਾ ਹੈ।

ਤਿਸੁ ਮਹਿ ਮਨੂਆ ਰਹਿਆ ਲਿਵ ਲਾਇ ॥

ਜਿਸ ਮਨੁੱਖ ਦਾ ਮਨ ਉਸ ਅਕਾਲ ਪੁਰਖ ਵਿਚ ਸਦਾ ਲੀਨ ਰਹਿੰਦਾ ਹੈ,

ਪ੍ਰਣਵਤਿ ਨਾਨਕੁ ਕਾਲੁ ਨ ਖਾਇ ॥੧੦॥

ਨਾਨਕ ਆਖਦਾ ਹੈ, ਉਸ ਨੂੰ ਆਤਮਕ ਮੌਤ ਨਹੀਂ ਖਾਂਦੀ (ਆਤਮਕ ਮੌਤ ਉਸ ਦੇ ਆਤਮਕ ਜੀਵਨ ਨੂੰ ਤਬਾਹ ਨਹੀਂ ਕਰਦੀ) ॥੧੦॥

ਨਾਉ ਨਉਮੀ ਨਵੇ ਨਾਥ ਨਵ ਖੰਡਾ ॥

ਜੋਗੀਆਂ ਦੇ ਨੌ ਹੀ ਨਾਥ ਤੇ ਧਰਤੀ ਦੇ ਸਾਰੇ ਜੀਵ ਜਿਸ ਦਾ ਨਾਮ ਜਪਦੇ ਹਨ,

ਘਟਿ ਘਟਿ ਨਾਥੁ ਮਹਾ ਬਲਵੰਡਾ ॥

(ਅਸਲ) ਨਾਥ (ਉਹ ਪ੍ਰਭੂ ਹੈ ਜੋ) ਹਰੇਕ ਸਰੀਰ ਵਿਚ ਵਿਆਪਕ ਹੈ, ਜੋ ਮਹਾ ਬਲੀ ਹੈ।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430