ਪਾਪਾਂ ਤੇ ਮੰਦੇ ਕਰਮਾਂ ਦੇ ਵਿਅਰਥ ਤੇ ਬੋਝਲ ਭਾਰ ਨਾਲ ਲੱਦੇ ਹੋਏ ਜੀਵਾਂ ਲਈ-
ਜ਼ਿੰਦਗੀ ਦਾ ਰਸਤਾ ਬੜਾ ਔਖਾ ਤੇ ਡਰਾਉਣਾ ਹੋ ਜਾਂਦਾ ਹੈ (ਇਸ ਸੰਸਾਰ-ਸਮੁੰਦਰ ਵਿਚੋਂ) ਉਹਨਾਂ ਪਾਸੋਂ ਤਰਿਆ ਨਹੀਂ ਜਾ ਸਕਦਾ।
ਹੇ ਨਾਨਕ! ਜਿਨ੍ਹਾਂ ਦੀ ਸਹੈਤਾ ਗੁਰੂ ਨੇ ਕੀਤੀ ਹੈ ਉਹ ਬਚ ਨਿਕਲਦੇ ਹਨ, ਪ੍ਰਭੂ ਦੇ ਨਾਮ ਨੇ ਉਹਨਾਂ ਨੂੰ ਬਚਾ ਲਿਆ ਹੁੰਦਾ ਹੈ ॥੨੭॥
ਸਤਿਗੁਰੂ ਦੇ ਦੱਸੇ ਰਾਹ ਉਤੇ ਤੁਰਨ ਤੋਂ ਬਿਨਾ ਸੁਖ ਨਹੀਂ ਮਿਲਦਾ (ਗੁਰੂ ਤੋਂ ਖੁੰਝੇ ਹੋਏ ਜੀਵ) ਮੁੜ ਮੁੜ ਜੰਮਦੇ ਮਰਦੇ ਹਨ,
ਮੋਹ ਦੀ ਠਗ-ਬੂਟੀ ਉਸ ਪ੍ਰਭੂ ਨੇ (ਐਸੀ) ਪਾਈ ਹੈ ਕਿ (ਰੱਬ ਵਲੋਂ ਬੇ-ਸੁਰਤ ਹੋ ਕੇ) ਮਾਇਆ ਦੇ ਪਿਆਰ ਵਿਚ (ਫਸ ਕੇ) ਬਥੇਰੇ ਮੰਦੇ ਕਰਮ ਕਰਦੇ ਹਨ,
ਪਰ ਕਈ (ਭਾਗਾਂ ਵਾਲੇ ਬੰਦੇ) ਸਤਿਗੁਰੂ ਦੀ ਕਿਰਪਾ ਨਾਲ (ਇਸ ਠਗ-ਬੂਟੀ ਤੋਂ) ਬਚ ਜਾਂਦੇ ਹਨ, (ਜੋ ਜੋ ਬਚਦਾ ਹੈ) ਉਸ ਨੂੰ ਸਾਰੇ ਲੋਕ ਸਿਰ ਨਿਵਾਂਦੇ ਹਨ।
ਹੇ ਨਾਨਕ! ਤੂੰ ਭੀ ਹਰ ਰੋਜ਼ (ਆਪਣੇ) ਹਿਰਦੇ ਵਿਚ ਪ੍ਰਭੂ ਦਾ ਨਾਮ ਸਿਮਰ, ਜਿਸ (ਸਿਮਰਨ ਦੀ) ਬਰਕਤਿ ਨਾਲ ਤੂੰ (ਇਸ 'ਮੋਹ-ਠਗਉਲੀ' ਤੋਂ) ਬਚਣ ਦਾ ਵਸੀਲਾ ਹਾਸਲ ਕਰ ਲਏਂਗਾ ॥੧॥
ਮੌਤ ਅਟੱਲ ਹੈ, ਪ੍ਰਭੂ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ-ਪਰ, ਇਹ ਗੱਲ ਜਿਸ ਮਨੁੱਖ ਨੇ ਮਾਇਆ ਦੇ ਮੋਹ ਵਿਚ (ਫਸ ਕੇ) ਭੁਲਾ ਦਿੱਤੀ ਹੈ।
ਉਸ ਦਾ ਸਾਰਾ ਜੀਵਨ ਮਾਇਆ ਦੇ ਧੰਧੇ ਕਰਦਿਆਂ ਹੀ ਗੁਜ਼ਰ ਜਾਂਦਾ ਹੈ ਤੇ ਉਹ ਆਪਣੇ ਮਨ ਵਿਚ ਦੁੱਖ ਸਹਿੰਦਾ ਹੈ।
ਹੇ ਨਾਨਕ! ਮੁੱਢ ਤੋਂ ਜਿਨ੍ਹਾਂ ਦੇ ਮੱਥੇ ਉਤੇ (ਗੁਰ-ਸੇਵਾ ਦਾ ਲੇਖ) ਲਿਖਿਆ ਹੋਇਆ ਹੈ ਉਹਨਾਂ ਨੇ ਗੁਰੂ ਦੇ ਹੁਕਮ ਵਿਚ ਤੁਰ ਕੇ ਆਤਮਕ ਆਨੰਦ ਮਾਣਿਆ ਹੈ ॥੨॥
ਜੇ ਹਰਿ-ਨਾਮ (ਸਿਮਰਨ-ਰੂਪ) ਲੇਖਾ ਪੜ੍ਹੀਏ ਤਾਂ ਫਿਰ ਵਿਕਾਰ ਆਦਿਕਾਂ ਦੇ ਸੰਸਕਾਰਾਂ ਦਾ ਚਿੱਤ੍ਰ ਮਨ ਵਿਚ ਨਹੀਂ ਬਣਦਾ;
ਪ੍ਰਭੂ ਦੀ ਹਜ਼ੂਰੀ ਵਿਚ ਸਦਾ ਪਹੁੰਚ ਬਣੀ ਰਹਿੰਦੀ ਹੈ, ਕਿਸੇ ਵਿਕਾਰ ਬਾਰੇ ਕੋਈ ਪੁੱਛ ਨਹੀਂ ਕਰ ਸਕਦਾ (ਭਾਵ ਕੋਈ ਭੀ ਐਸਾ ਮੰਦਾ ਕਰਮ ਨਹੀਂ ਕੀਤਾ ਹੁੰਦਾ ਜਿਸ ਬਾਰੇ ਕੋਈ ਉਂਗਲ ਕਰ ਸਕੇ);
ਜਮ ਕਾਲ (ਚੋਟ ਕਰਨ ਦੇ ਥਾਂ) ਆਦਰ-ਸਤਕਾਰ ਕਰਦਾ ਹੈ ਤੇ ਸਦਾ ਲਈ ਸੇਵਕ ਬਣ ਜਾਂਦਾ ਹੈ।
ਪਰ ਇਹ ਮੇਲ ਵਾਲੀ ਅਵਸਥਾ ਪੂਰੇ ਗੁਰੂ ਤੋਂ ਹਾਸਲ ਹੁੰਦੀ ਹੈ ਤੇ ਜਗਤ ਵਿਚ ਇੱਜ਼ਤ ਉੱਘੀ ਹੋ ਜਾਂਦੀ ਹੈ।
ਹੇ ਨਾਨਕ! ਜਦੋਂ ਉਹ ਪ੍ਰਭੂ ਮਿਲ ਪੈਂਦਾ ਹੈ, ਉਸ ਦੀ ਹਜ਼ੂਰੀ ਵਿਚ (ਟਿਕੇ ਰਿਹਾਂ, ਅੰਦਰ, ਮਾਨੋ) ਇਕ-ਰਸ ਸੁਰ ਵਾਲੇ ਵਾਜੇ ਵੱਜਣ ਲੱਗ ਪੈਂਦੇ ਹਨ ॥੨੮॥
ਜੇ ਮਨੁੱਖ ਸਤਿਗੁਰੂ ਦੇ ਦੱਸੇ ਹੁਕਮ ਦੀ ਪਾਲਣਾ ਕਰੇ ਤਾਂ ਸੁਖਾਂ ਵਿਚੋਂ ਚੋਣਵਾਂ ਸ੍ਰੇਸ਼ਟ ਸੁਖ ਮਿਲਦਾ ਹੈ।
ਸਤਿਗੁਰੂ ਦੀ ਦੱਸੀ ਹੋਈ ਕਾਰ ਕੀਤਿਆਂ ਡਰ ਦੂਰ ਹੋ ਜਾਂਦਾ ਹੈ, ਹੇ ਨਾਨਕ! (ਜੇ ਤੂੰ ਗੁਰੂ ਵਾਲੀ 'ਕਰਣੀ' ਕਰੇਂਗਾ ਤਾਂ) ਤੂੰ ('ਭਉ' ਦਾ) ਪਾਰਲਾ ਕੰਢਾ ਲੱਭ ਲਏਂਗਾ (ਭਾਵ, 'ਭਉ'-ਸਾਗਰ ਤੋਂ ਪਾਰ ਲੰਘ ਜਾਹਿਂਗਾ) ॥੧॥
(ਜੇ ਮਨੁੱਖ ਸਦਾ-ਥਿਰ ਪਰਮਾਤਮਾ ਨਾਲ ਪਿਆਰ ਪਾ ਲਏ ਤਾਂ) ਪਰਮਾਤਮਾ ਨਾਲ ਬਣਿਆ ਉਹ ਪਿਆਰ ਕਦੇ ਕਮਜ਼ੋਰ ਨਹੀਂ ਹੁੰਦਾ। (ਜਿਸ ਹਿਰਦੇ ਵਿਚ) ਪਰਮਾਤਮਾ ਦਾ ਨਾਮ (ਵੱਸਦਾ ਹੈ, ਉਹ ਹਿਰਦਾ ਕਦੇ) ਵਿਕਾਰਾਂ ਨਾਲ ਗੰਦਾ ਨਹੀਂ ਹੁੰਦਾ।
ਜੇ ਮਨੁੱਖ ਗੁਰੂ ਦੀ ਰਜ਼ਾ ਵਿਚ ਤੁਰੇ ਤਾਂ ਮੁੜ ਉਸ ਨੂੰ ਜਨਮ (ਮਰਨ ਦਾ ਗੇੜ) ਨਹੀਂ ਹੁੰਦਾ।
ਹੇ ਨਾਨਕ! ਜੇ ਨਾਮ ਵਿਸਾਰ ਦੇਈਏ ਤਾਂ ਜਨਮ ਮਰਨ ਦੋਵੇਂ ਬਣੇ ਰਹਿੰਦੇ ਹਨ (ਭਾਵ, ਜਨਮ ਮਰਨ ਦੇ ਗੇੜ ਵਿਚ ਪਏ ਰਹੀਦਾ ਹੈ) ॥੨॥
ਹੇ ਪ੍ਰਭੂ! ਮੈਂ ਮੰਗਤਾ ਇਕ ਖ਼ੈਰ ਮੰਗਦਾ ਹਾਂ, ਆਪਣੇ ਹੱਥ ਨਾਲ (ਉਹ ਖ਼ੈਰ) ਮੈਨੂੰ ਪਾ;
ਮੈਨੂੰ, ਹੇ ਹਰੀ! ਤੇਰੇ ਦੀਦਾਰ ਦੀ ਪਿਆਸ ਹੈ, ਦੀਦਾਰ ਨਾਲ ਹੀ (ਮੇਰੇ ਅੰਦਰ) ਠੰਢ ਪੈ ਸਕਦੀ ਹੈ।
ਹੇ ਮਾਂ! ਮੈਂ ਹਰੀ ਦੇ ਦਰਸਨ ਤੋਂ ਬਿਨਾ ਮਰਦਾ ਹਾਂ ਇਕ ਪਲ ਭਰ, ਘੜੀ ਭਰ ਭੀ ਜੀਊ ਨਹੀਂ ਸਕਦਾ।
ਜਦੋਂ ਮੈਨੂੰ ਗੁਰੂ ਨੇ ਮੇਰਾ ਪ੍ਰਭੂ ਮੇਰੇ ਅੰਦਰ ਹੀ ਵਿਖਾ ਦਿੱਤਾ ਤਾਂ ਉਹ ਸਭ ਥਾਈਂ ਵਿਆਪਕ ਦਿੱਸਣ ਲੱਗ ਪਿਆ।
ਹੇ ਨਾਨਕ! (ਆਪਣੇ ਨਾਮ ਦੀ) ਲਗਨ ਲਾ ਕੇ ਉਹ ਆਪ ਹੀ (ਮਾਇਆ ਵਿਚ) ਸੁੱਤਿਆਂ ਨੂੰ ਜਗਾ ਕੇ (ਨਾਮ ਦੀ ਦਾਤਿ) ਦੇਂਦਾ ਹੈ ॥੨੯॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਢੁੱਕਵੀਂ ਗੱਲ ਕਰਨੀ ਭੀ ਨਹੀਂ ਜਾਣਦੇ ਕਿਉਂਕਿ ਉਹਨਾਂ ਦੇ ਮਨ ਵਿਚ ਕਾਮ ਕ੍ਰੋਧ ਤੇ ਅਹੰਕਾਰ (ਪ੍ਰਬਲ) ਹੁੰਦਾ ਹੈ;
ਉਹ ਸਦਾ ਭੈੜੀਆਂ ਗੱਲਾਂ ਹੀ ਸੋਚਦੇ ਹਨ, ਥਾਂ ਕੁਥਾਂ ਭੀ ਨਹੀਂ ਸਮਝਦੇ (ਭਾਵ, ਇਹ ਸਮਝ ਭੀ ਉਹਨਾਂ ਨੂੰ ਨਹੀਂ ਹੁੰਦੀ ਕਿ ਇਹ ਕੰਮ ਇਥੇ ਕਰਨਾ ਫਬਦਾ ਭੀ ਹੈ ਜਾਂ ਨਹੀਂ);
ਜਦੋਂ ਪ੍ਰਭੂ ਦੀ ਹਜ਼ੂਰੀ ਵਿਚ ਕੀਤੇ ਕਰਮਾਂ ਦਾ ਹਿਸਾਬ ਪੁੱਛੀਦਾ ਹੈ ਤਾਂ ਓਥੇ ਉਹ ਝੂਠੇ ਪੈਂਦੇ ਹਨ।
ਪਰ, ਉਸ ਪ੍ਰਭੂ ਨੇ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, (ਸਭ ਵਿਚ ਵਿਆਪਕ ਹੋ ਕੇ) ਉਹ ਆਪ (ਹੀ) ਹਰੇਕ ਵਿਚਾਰ ਕਰ ਰਿਹਾ ਹੈ।
ਹੇ ਨਾਨਕ! ਸਭ ਥਾਈਂ ਉਹ ਸੱਚ ਦਾ ਸੋਮਾ ਪ੍ਰਭੂ ਆਪ (ਹੀ) ਮੌਜੂਦ ਹੈ, ਸੋ ਕਿਸੇ (ਮਨਮੁਖ) ਨੂੰ (ਭੀ ਮੰਦਾ) ਨਹੀਂ ਆਖਿਆ ਜਾ ਸਕਦਾ ॥੧॥
ਗੁਰੂ ਦੇ ਸਨਮੁਖ ਰਹਿ ਕੇ ਉਹਨਾਂ ਮਨੁੱਖਾਂ ਨੇ ਪ੍ਰਭੂ ਨੂੰ ਸਿਮਰਿਆ ਹੈ ਜਿਨ੍ਹਾਂ ਦੇ ਭਾਗਾਂ ਵਿਚ ਪ੍ਰਭੂ ਦੀ ਮਿਹਰ ਨਾਲ 'ਸਿਮਰਨ' ਲਿਖਿਆ ਹੋਇਆ ਹੈ।
ਹੇ ਨਾਨਕ! ਮੈਂ ਉਹਨਾਂ ਬੰਦਿਆਂ ਤੋਂ ਸਦਕੇ ਹਾਂ, ਜਿਨ੍ਹਾਂ ਦੇ ਮਨ ਵਿਚ ਉਹ ਪ੍ਰਭੂ ਵੱਸਦਾ ਹੈ ॥੨॥
ਲੰਮੀ ਜ਼ਿੰਦਗੀ ਸਮਝ ਕੇ ਸਾਰਾ ਜਗ (ਭਾਵ, ਹਰੇਕ ਦੁਨੀਆਦਾਰ ਮਨੁੱਖ) ਆਸਾਂ ਬਣਾਂਦਾ ਹੈ,
ਸਦਾ ਜੀਊਣ ਦੀ ਤਾਂਘ (ਰੱਖਦਾ ਹੈ ਤੇ) ਕਿਲ੍ਹੇ ਮਾੜੀਆਂ ਆਦਿਕ ਸਜਾਂਦਾ (ਰਹਿੰਦਾ) ਹੈ,
ਠੱਗੀਆਂ ਤੇ ਹੋਰ ਕਈ ਹੀਲੇ ਕਰ ਕੇ (ਦੂਜਿਆਂ ਦਾ) ਮਾਲ ਠੱਗ ਕੇ ਲੈ ਆਉਂਦਾ ਹੈ,
(ਉੱਤੇ) ਜਮਰਾਜ (ਇਸ ਦੇ) ਸਾਹ ਗਿਣਦਾ ਜਾ ਰਿਹਾ ਹੈ, ਜੀਵਨ-ਤਾਲ ਤੋਂ ਖੁੰਝੇ ਹੋਏ ਇਸ ਮਨੁੱਖ ਦੀ ਉਮਰ ਘਟਦੀ ਚਲੀ ਜਾ ਰਹੀ ਹੈ।