ਉਸ ਦੇ ਚਿੱਤ ਵਿਚ ਪ੍ਰਭੂ ਟਿਕ ਜਾਂਦਾ ਹੈ।
ਸ੍ਰੇਸ਼ਟ ਗਿਆਨ, ਚੰਗੇ ਤੋਂ ਚੰਗਾ (ਭਾਵ, ਤੀਰਥਾਂ ਦਾ) ਇਸ਼ਨਾਨ;
(ਧਰਮ, ਅਰਥ, ਕਾਮ, ਮੋਖ) ਚਾਰੇ ਪਦਾਰਥ, ਹਿਰਦੇ-ਕਮਲ ਦਾ ਖੇੜਾ;
ਸਾਰਿਆਂ ਦੇ ਵਿਚ ਰਹਿੰਦਿਆਂ ਸਭ ਤੋਂ ਉਪਰਾਮ ਰਹਿਣਾ;
ਸੋਹਣਾ, ਸਿਆਣਾ, (ਜਗਤ ਦੇ) ਮੂਲ ਪ੍ਰਭੂ ਦਾ ਮਹਰਮ,
ਸਭ ਨੂੰ ਇਕੋ ਜਿਹਾ ਜਾਣਨਾ ਤੇ ਸਭ ਨੂੰ ਇਕੋ ਨਜ਼ਰ ਨਾਲ ਵੇਖਣਾ;
ਇਹ ਸਾਰੇ ਫਲ; ਹੇ ਨਾਨਕ! ਉਸ ਮਨੁੱਖ ਦੇ ਅੰਦਰ ਆ ਵੱਸਦੇ ਹਨ;
ਜੋ ਗੁਰੂ ਦੇ ਬਚਨ ਤੇ ਪ੍ਰਭੂ ਦਾ ਨਾਮ ਮੂੰਹੋਂ ਉਚਾਰਦਾ ਹੈ ਤੇ ਮਨ ਲਾ ਕੇ ਸੁਣਦਾ ਹੈ ॥੬॥
ਜੇਹੜਾ ਭੀ ਮਨੁੱਖ ਇਸ ਨਾਮ ਨੂੰ (ਜੋ ਗੁਣਾਂ ਦਾ) ਖ਼ਜ਼ਾਨਾ ਹੈ ਜਪਦਾ ਹੈ,
ਸਾਰੀ ਉਮਰ ਉਸ ਦੀ ਉੱਚੀ ਆਤਮਕ ਅਵਸਥਾ ਬਣੀ ਰਹਿੰਦੀ ਹੈ।
ਉਸ ਮਨੁੱਖ ਦੇ (ਸਾਧਾਰਨ) ਬਚਨ ਭੀ ਗੋਬਿੰਦ ਦੇ ਗੁਣ ਤੇ ਨਾਮ ਦੀ ਰੌ ਹੀ ਹੁੰਦੇ ਹਨ,
ਸਿਮ੍ਰਿਤੀਆਂ ਸ਼ਾਸਤ੍ਰਾਂ ਤੇ ਵੇਦਾਂ ਨੇ ਭੀ ਇਹੀ ਗੱਲ ਆਖੀ ਹੈ।
ਸਾਰੇ ਮਤਾਂ ਦਾ ਨਿਚੋੜ ਪ੍ਰਭੂ ਦਾ ਨਾਮ ਹੀ ਹੈ।
ਇਸ ਨਾਮ ਦਾ ਨਿਵਾਸ ਪ੍ਰਭੂ ਦੇ ਭਗਤ ਦੇ ਮਨ ਵਿਚ ਹੁੰਦਾ ਹੈ।
(ਜੋ ਮਨੁੱਖ ਨਾਮ ਜਪਦਾ ਹੈ ਉਸ ਦੇ) ਕ੍ਰੋੜਾਂ ਪਾਪ ਸਤਸੰਗ ਵਿਚ ਰਹਿ ਕੇ ਮਿਟ ਜਾਂਦੇ ਹਨ,
ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਜਮਾਂ ਤੋਂ ਬਚ ਜਾਂਦਾ ਹੈ।
ਜਿਨ੍ਹਾਂ ਦੇ ਮੱਥੇ ਉਤੇ ਪ੍ਰਭੂ ਨੇ (ਨਾਮ ਦੀ) ਬਖ਼ਸ਼ਸ਼ ਦੇ ਲੇਖ ਲਿਖ ਧਰੇ ਹਨ,
(ਪਰ) ਹੇ ਨਾਨਕ! ਉਹ ਮਨੁੱਖ ਗੁਰੂ ਦੀ ਸਰਣ ਆਉਂਦੇ ਹਨ ॥੭॥
ਜਿਸ ਮਨੁੱਖ ਦੇ ਮਨ ਵਿਚ (ਨਾਮ) ਵੱਸਦਾ ਹੈ ਜੋ ਪ੍ਰੀਤ ਲਾ ਕੇ (ਨਾਮ) ਸੁਣਦਾ ਹੈ,
ਉਸ ਨੂੰ ਪ੍ਰਭੂ ਚੇਤੇ ਆਉਦਾ ਹੈ।
ਉਸ ਮਨੁੱਖ ਦਾ ਜੰਮਣ ਮਰਨ ਦਾ ਕਸ਼ਟ ਕੱਟਿਆ ਜਾਂਦਾ ਹੈ,
ਉਹ ਇਸ ਦੁਰਲੱਭ ਮਨੁੱਖਾ-ਸਰੀਰ ਨੂੰ ਉਸ ਵੇਲੇ (ਵਿਕਾਰਾਂ ਵਲੋਂ) ਬਚਾ ਲੈਂਦਾ ਹੈ।
ਉਸ ਦੀ ਬੇ-ਦਾਗ਼ ਸੋਭਾ ਤੇ ਉਸ ਦੀ ਬਾਣੀ (ਨਾਮ-) ਅੰਮ੍ਰਿਤ ਨਾਲ ਭਰਪੂਰ ਹੁੰਦੀ ਹੈ,
(ਕਿਉਂਕਿ) ਉਸ ਦੇ ਮਨ ਵਿਚ ਪ੍ਰਭੂ ਦਾ ਨਾਮ ਹੀ ਵੱਸਿਆ ਰਹਿੰਦਾ ਹੈ।
ਦੁੱਖ, ਰੋਗ, ਡਰ ਤੇ ਵਹਮ ਉਸ ਦੇ ਨਾਸ ਹੋ ਜਾਂਦੇ ਹਨ।
ਉਸ ਦਾ ਨਾਮ 'ਸਾਧ' ਪੈ ਜਾਂਦਾ ਹੈ ਤੇ ਉਸ ਦੇ ਕੰਮ (ਵਿਕਾਰਾਂ ਦੀ) ਮੈਲ ਤੋਂ ਸਾਫ਼ ਹੁੰਦੇ ਹਨ।
ਸਭ ਤੋਂ ਉੱਚੀ ਸੋਭਾ ਉਸ ਨੂੰ ਮਿਲਦੀ ਹੈ।
ਹੇ ਨਾਨਕ! ਇਸ ਗੁਣ ਦੇ ਕਾਰਣ (ਪ੍ਰਭੂ ਦਾ) ਨਾਮ ਸੁਖਾਂ ਦੀ ਮਣੀ ਹੈ (ਭਾਵ, ਸਰਬੋਤਮ ਸੁਖ ਹੈ) ॥੮॥੨੪॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਲੋਕੁ
ਹੇ ਨਾਨਕ! ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਮਾਲਕ-ਪ੍ਰਭੂ ਜਲ ਵਿਚ ਧਰਤੀ ਵਿਚ ਤੇ ਆਕਾਸ਼ ਵਿਚ ਭਰਪੂਰ ਹੈ,
ਉਹ ਇੱਕ ਅਕਾਲ ਪੁਰਖ ਅਨੇਕਾਂ ਹੀ ਤਰੀਕਿਆਂ ਨਾਲ (ਜਗਤ ਵਿਚ ਹਰ ਥਾਂ) ਖਿਲਰਿਆ ਹੋਇਆ ਹੈ ॥੧॥
ਪਉੜੀ
(ਹੇ ਭਾਈ!) ਮੈਂ ਇੱਕ ਅਕਾਲ ਪੁਰਖ ਪ੍ਰਭੂ ਨੂੰ ਸਿਮਰ ਕੇ (ਉਸ ਅੱਗੇ ਹੀ) ਨਮਸਕਾਰ ਕਰਦਾ ਹਾਂ,
ਮੈਂ ਗੋਬਿੰਦ ਗੋਪਾਲ ਪ੍ਰਭੂ ਦੇ ਗੁਣ (ਗਾਂਦਾ ਹਾਂ, ਤੇ ਉਸ) ਪ੍ਰਭੂ-ਪਾਤਿਸ਼ਾਹ ਦੀ ਸ਼ਰਨ ਪੈਂਦਾ ਹਾਂ।
(ਹੇ ਭਾਈ!) ਜਿਸ ਮਾਲਕ-ਪ੍ਰਭੂ (ਦੇ ਹੁਕਮ) ਤੋਂ ਹੀ (ਜਗਤ ਵਿਚ) ਸਭ ਕੁਝ ਹੋ ਰਿਹਾ ਹੈ, ਉਸ ਦੀ ਆਸ ਰੱਖਿਆਂ ਸਾਰੇ ਸੁਖ ਆਨੰਦ ਮਿਲਦੇ ਹਨ।
ਮੈਂ ਚੌਹਾਂ ਕੁਟਾਂ ਤੇ ਦਸੀਂ ਪਾਸੀਂ ਫਿਰ ਕੇ ਵੇਖ ਲਿਆ ਹੈ ਉਸ (ਮਾਲਕ-ਪ੍ਰਭੂ) ਤੋਂ ਬਿਨਾ ਹੋਰ ਕੋਈ (ਰਾਖਾ) ਨਹੀਂ ਹੈ।
(ਹੇ ਭਾਈ!) ਵੇਦ ਪੁਰਾਣ ਸਿਮ੍ਰਿਤੀਆਂ (ਆਦਿਕ ਧਰਮ-ਪੁਸਤਕ) ਸੁਣ ਕੇ ਮੈਂ (ਹੋਰ ਭੀ) ਅਨੇਕਾਂ ਤਰੀਕਿਆਂ ਨਾਲ ਵਿਚਾਰ ਕਰਦਾ ਹਾਂ,
(ਤੇ ਇਸੇ ਨਤੀਜੇ ਤੇ ਪਹੁੰਚਦਾ ਹਾਂ ਕਿ) ਅਕਾਰ-ਰਹਿਤ ਪਰਮਾਤਮਾ ਹੀ (ਵਿਕਾਰਾਂ ਵਿਚ) ਡਿੱਗੇ ਹੋਏ ਜੀਵਾਂ ਨੂੰ (ਵਿਕਾਰਾਂ ਤੋਂ) ਬਚਾਣ ਵਾਲਾ ਹੈ (ਜੀਵਾਂ ਦੇ) ਸਾਰੇ ਡਰ ਦੂਰ ਕਰਨ ਵਾਲਾ ਹੈ ਤੇ ਸੁਖਾਂ ਦਾ ਸਮੁੰਦਰ ਹੈ।
ਉਹ ਪਰਮਾਤਮਾ ਹੀ ਸਭ ਦਾਤਾਂ ਦੇਣ ਵਾਲਾ ਹੈ, (ਸਭ ਜੀਵਾਂ ਵਿਚ ਵਿਆਪਕ ਹੋ ਕੇ ਸਾਰੇ ਪਦਾਰਥ) ਭੋਗਣ ਵਾਲਾ ਹੈ, ਸਭ ਕੁਝ ਦੇਣ ਦੀ ਸਮਰੱਥਾ ਵਾਲਾ ਹੈ, ਉਸ ਤੋਂ ਬਿਨਾ (ਜੀਵਾਂ ਵਾਸਤੇ) ਹੋਰ ਕੋਈ ਥਾਂ-ਆਸਰਾ ਨਹੀਂ ਹੈ।
ਹੇ ਨਾਨਕ! (ਸਦਾ) ਪਰਮਾਤਮਾ ਦੇ ਗੁਣ ਗਾਂਦਾ ਰਹੁ, (ਉਸ ਪਾਸੋਂ) ਜੋ ਕੁਝ ਤੂੰ ਚਾਹੇਂਗਾ ਉਹੀ ਮਿਲ ਜਾਂਦਾ ਹੈ ॥੧॥
ਹੇ ਮੇਰੇ ਮਿੱਤਰ! ਸਦਾ ਹੀ ਗੋਬਿੰਦ-ਪ੍ਰਭੂ ਦੀ ਸਿਫਤਿ-ਸਾਲਾਹ ਗਾਂਦੇ ਰਹਿਣਾ ਚਾਹੀਦਾ ਹੈ,
ਸਾਧ ਸੰਗਤਿ ਵਿਚ ਮਿਲ ਕੇ (ਉਸ ਦਾ) ਭਜਨ-ਸਿਮਰਨ ਕਰਨਾ ਚਾਹੀਦਾ ਹੈ ॥੧॥ ਰਹਾਉ ॥
ਸਲੋਕੁ
(ਹੇ ਭਾਈ!) ਮੈਂ ਪ੍ਰਭੂ-ਪਾਤਿਸ਼ਾਹ ਦੀ ਸਰਨ ਪੈਂਦਾ ਹਾਂ ਤੇ (ਉਸ ਦੇ ਦਰ ਤੇ) ਅਨੇਕਾਂ ਵਾਰੀ ਨਮਸਕਾਰ ਕਰਦਾ ਹਾਂ।
ਹੇ ਨਾਨਕ! ਸਾਧ ਸੰਗਤਿ ਵਿਚ ਰਹਿ ਕੇ (ਪ੍ਰਭੂ ਤੋਂ ਬਿਨਾ) ਹੋਰ ਹੋਰ ਮੋਹ-ਪਿਆਰ ਦੂਰ ਕੀਤਿਆਂ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ ॥੨॥
ਪਉੜੀ
(ਹੇ ਭਾਈ!) ਸਦਾ ਗੁਰੂ ਦੀ ਦੱਸੀ ਸੇਵਾ ਕਰਦਾ ਰਹੁ, (ਤੇ ਇਸ ਤਰ੍ਹਾਂ ਆਪਣੇ ਅੰਦਰੋਂ) ਖੋਟੀ ਮਤਿ ਕੱਢ।
ਹੇ ਮਿੱਤਰ! (ਆਪਣੇ ਅੰਦਰੋਂ) ਕਾਮ ਕ੍ਰੋਧ ਲੋਭ ਦੂਰ ਕਰ। (ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ ਉਸ ਦੇ) ਮਨ ਵਿਚ ਹਿਰਦੇ ਵਿਚ ਰਤਨ (ਵਰਗਾ ਕੀਮਤੀ) ਪ੍ਰਭੂ-ਨਾਮ ਆ ਵੱਸਦਾ ਹੈ।
(ਜੇਹੜਾ ਮਨੁੱਖ ਇਉਂ ਜਤਨ ਕਰਦਾ ਹੈ ਉਸ ਨੂੰ) ਆਤਮਕ ਜੀਵਨ ਮਿਲ ਜਾਂਦਾ ਹੈ, ਉਸ ਨੂੰ (ਸੁਚੱਜਾ ਪਵਿਤ੍ਰ) ਜੀਵਨ ਮਿਲ ਪੈਂਦਾ ਹੈ, ਉਸ ਦੇ ਸਾਰੇ ਦੁੱਖ ਕਲੇਸ਼ ਮਿਟ ਜਾਂਦੇ ਹਨ,
(ਹੇ ਮਿੱਤਰ! ਆਪਣੇ ਮਨ ਵਿਚੋਂ) ਹਉਮੈ ਦੂਰ ਕਰੋ ਤੇ ਪਰਮਾਤਮਾ ਦਾ ਭਜਨ ਕਰੋ। (ਜੇਹੜਾ ਮਨੁੱਖ ਇਉਂ ਜਤਨ ਕਰਦਾ ਹੈ) ਉਸ ਦੇ ਅੰਦਰ ਪ੍ਰਭੂ-ਪ੍ਰੇਮ ਆ ਵੱਸਦਾ ਹੈ ਪ੍ਰਭੂ ਦੀ ਭਗਤੀ ਆ ਵੱਸਦੀ ਹੈ।