ਗੁਰੂ ਦੇ ਸ਼ਬਦ ਦੀ ਰਾਹੀਂ ਉਹਨਾਂ ਨੂੰ ਉਹ ਹਰ ਥਾਂ ਵਿਆਪਕ ਦਿੱਸਦਾ ਹੈ ॥੭॥
(ਜਿਸ ਮਨੁੱਖ ਉਤੇ ਪ੍ਰਭੂ) ਆਪ ਹੀ ਬਖ਼ਸ਼ਸ਼ ਕਰਦਾ ਹੈ, (ਉਸ ਨੂੰ ਆਪਣੇ) ਪਿਆਰ (ਦੀ ਦਾਤ) ਦੇਂਦਾ ਹੈ।
(ਉਂਞ ਤਾਂ) ਜਗਤ ਵਿਚ ਹਉਮੈ ਦਾ ਬੜਾ ਭਾਰੀ ਰੋਗ ਹੈ।
ਗੁਰੂ ਦੀ ਕਿਰਪਾ ਨਾਲ (ਜਿਸ ਮਨੁੱਖ ਦੇ ਅੰਦਰੋਂ) ਇਹ ਰੋਗ ਦੂਰ ਹੁੰਦਾ ਹੈ,
ਉਹ ਹਰ ਵੇਲੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ ॥੮॥੧॥੩॥੫॥੮॥
ਰਾਗ ਮਲਾਰ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਪ੍ਰੀਤਮ ਪ੍ਰਭੂ ਜੀ (ਆਪਣੇ ਭਗਤਾਂ ਨੂੰ) ਪਿਆਰ ਦੀ ਦਾਤ ਦੇਣ ਵਾਲੇ ਹਨ, ਭਗਤੀ ਦੀ ਦਾਤ ਦੇਣ ਵਾਲੇ ਹਨ।
ਪ੍ਰਭੂ ਜੀ ਆਪਣੇ ਸੇਵਕਾਂ ਨਾਲ ਰੱਤੇ ਰਹਿੰਦੇ ਹਨ,
ਦਿਨ ਰਾਤ ਆਪਣੇ ਸੇਵਕਾਂ ਨਾਲ ਰੱਤੇ ਰਹਿੰਦੇ ਹਨ। ਪ੍ਰਭੂ (ਆਪਣੇ ਸੇਵਕਾਂ ਦੇ) ਮਨ ਤੋਂ ਅੱਖ ਝਮਕਣ ਜਿਤਨੇ ਸਮੇਂ ਲਈ ਭੀ ਨਹੀਂ ਭੁੱਲਦਾ।
ਜਗਤ ਦਾ ਪਾਲਣਹਾਰ ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਸਦਾ (ਸਭ ਜੀਵਾਂ ਦੇ) ਨਾਲ ਹੈ, ਜਗਤ ਦੇ ਮਾਲਕ ਪ੍ਰਭੂ ਵਿਚ ਸਾਰੇ ਹੀ ਗੁਣ ਹਨ।
ਪ੍ਰਭੂ ਆਪਣੇ ਜਨਾਂ ਦਾ ਮਨ ਆਪਣੇ ਚਰਨਾਂ ਨਾਲ ਮਸਤ ਕਰੀ ਰੱਖਦਾ ਹੈ। (ਉਸ ਦੇ) ਸੇਵਕ (ਉਸ ਦੇ ਨਾਮ ਦੇ ਸੁਆਦ ਵਿਚ ਮਗਨ ਰਹਿੰਦੇ ਹਨ।
ਹੇ ਨਾਨਕ! ਪ੍ਰੀਤਮ ਪ੍ਰਭੂ ਸਦਾ ਹੀ ਦਇਆ ਦਾ ਘਰ ਹੈ। ਕ੍ਰੋੜਾਂ ਵਿਚੋਂ ਕਿਸੇ ਵਿਰਲੇ ਨੇ (ਉਸ ਨਾਲ) ਡੂੰਘੀ ਸਾਂਝ ਬਣਾਈ ਹੈ ॥੧॥
ਹੇ ਪ੍ਰੀਤਮ ਪ੍ਰਭੂ! ਤੇਰੀ ਉੱਚੀ ਆਤਮਕ ਅਵਸਥਾ ਅਪਹੁੰਚ ਹੈ ਬੇਅੰਤ ਹੈ।
ਵੱਡੇ ਵੱਡੇ ਪਾਪੀਆਂ ਨੂੰ ਤੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਆ ਰਿਹਾ ਹੈਂ।
ਹੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ! ਹੇ ਭਗਤੀ ਨਾਲ ਪਿਆਰ ਕਰਨ ਵਾਲੇ ਸੁਆਮੀ! ਤੂੰ ਦਇਆ ਦਾ ਸਮੁੰਦਰ ਹੈਂ।
(ਹੇ ਮਨ!) ਸਾਧ ਸੰਗਤ ਵਿਚ (ਟਿੱਕ ਕੇ) ਝਾਕਾ ਲਾਹ ਕੇ, ਉਸ ਅੰਤਰਜਾਮੀ ਪ੍ਰਭੂ ਦਾ ਸਦਾ ਭਜਨ ਕਰਿਆ ਕਰ, ਸਿਮਰਨ ਕਰਿਆ ਕਰ।
ਜਿਹੜੇ ਜੀਵ ਕ੍ਰੋੜਾਂ ਜਨਮਾਂ ਜੂਨਾਂ ਵਿਚ ਭਟਕਦੇ ਫਿਰਦੇ ਸਨ, ਉਹ ਪ੍ਰਭੂ ਦਾ ਨਾਮ ਸਿਮਰਦਿਆਂ (ਜੂਨਾਂ ਦੇ ਗੇੜ ਵਿਚੋਂ) ਪਾਰ ਲੰਘਾ ਲਏ ਗਏ।
ਹੇ ਨਾਨਕ! ਹੇ ਪ੍ਰਭੂ ਜੀ! (ਮੈਨੂੰ) ਤੇਰੇ ਦਰਸਨ ਦੀ ਤਾਂਘ ਹੈ, ਮੈਨੂੰ ਆਪਣਾ ਬਣਾ ਲਵੋ ॥੨॥
ਹੇ ਹਰੀ! (ਮਿਹਰ ਕਰ, ਮੇਰਾ) ਮਨ ਤੇਰੇ ਸੋਹਣੇ ਚਰਨਾਂ ਵਿਚ ਲੀਨ ਰਹੇ।
ਹੇ ਪ੍ਰਭੂ! ਤੂੰ ਪਾਣੀ ਹੈਂ, ਤੇਰੇ ਸੇਵਕ (ਪਾਣੀ ਦੀਆਂ) ਮੱਛੀਆਂ ਹਨ (ਤੈਥੋਂ ਵਿਛੁੜ ਕੇ ਜੀਉ ਨਹੀਂ ਸਕਦੇ)।
ਹੇ ਪ੍ਰਭੂ ਜੀ! ਪਾਣੀ ਤੇ ਮੱਛੀਆਂ ਤੂੰ ਆਪ ਹੀ ਆਪ ਹੈਂ, (ਤੈਥੋਂ) ਵਖਰਾ ਕੋਈ ਹੋਰ ਨਹੀਂ ਜਾਣਿਆ ਜਾ ਸਕਦਾ।
ਹੇ ਪ੍ਰਭੂ! (ਮੇਰੀ) ਬਾਂਹ ਫੜ ਲੈ (ਮੈਨੂੰ ਆਪਣਾ) ਨਾਮ ਦੇਹ। ਤੇਰੀ ਮਿਹਰ ਨਾਲ ਹੀ (ਤੇਰੇ ਦਰ ਤੇ) ਆਦਰ ਪਾ ਸਕੀਦਾ ਹੈ।
ਸਾਧ ਸੰਗਤ ਵਿਚ (ਟਿਕ ਕੇ) ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਦੇ ਪ੍ਰੇਮ ਵਿਚ ਜੁੜ ਕੇ (ਉਸਦਾ) ਭਜਨ ਕਰਿਆ ਕਰ।
ਹੇ ਨਾਨਕ! ਸਰਨ ਆਏ ਨਿਖਸਮਿਆਂ ਤੇ ਨੀਚਾਂ ਨੂੰ ਭੀ ਮਿਹਰ ਕਰ ਕੇ ਪ੍ਰਭੂ ਆਪਣਾ ਬਣਾ ਲੈਂਦਾ ਹੈ ॥੩॥
ਪ੍ਰਭੂ ਆਪਣੇ ਆਪ ਨੂੰ ਆਪਣਾ ਆਪ (ਹੀ) ਮਿਲਾਂਦਾ ਹੈ। (ਕਿਉਂਕਿ ਜੀਵਾਂ ਵਿਚ ਭੀ ਉਹ ਆਪ ਹੀ ਹੈ ਅਤੇ ਜੀਵਾਂ ਨੂੰ ਆਪਣੇ ਨਾਲ ਮਿਲਾਣ ਵਾਲਾ ਭੀ ਉਹ ਆਪ ਹੀ ਹੈ।)
ਪ੍ਰਭੂ ਪਾਤਿਸ਼ਾਹ (ਜੀਵਾਂ ਦੀ) ਭਟਕਣਾ ਦੂਰ ਕਰਨ ਵਾਲਾ ਹੈ।
ਮਾਲਕ-ਪ੍ਰਭੂ ਅਸਚਰਜ-ਰੂਪ ਹੈ ਸਭ ਦੇ ਦਿਲ ਦੀ ਜਾਣਨ ਵਾਲਾ ਹੈ। ਉਹ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਜਿਨ੍ਹਾਂ ਆਪਣੇ ਪਿਆਰਿਆਂ ਨੂੰ ਮਿਲ ਪੈਂਦਾ ਹੈ,
ਉਹ ਸਦਾ ਉਸ ਗੋਬਿੰਦ ਦੇ ਗੁਣ ਆਪਣੇ ਹਿਰਦੇ ਵਿਚ ਵਸਾਂਦੇ ਹਨ, ਉਹਨਾਂ ਦੇ ਅੰਦਰ ਮਹਾਨ ਖ਼ੁਸ਼ੀਆਂ ਮਹਾਨ ਸੁਖ ਪੈਦਾ ਹੋ ਜਾਂਦੇ ਹਨ।
ਪਰ, ਪੂਰਬਲੇ ਜਨਮ ਵਿਚ (ਪ੍ਰਾਪਤੀ ਦਾ ਲੇਖ) ਲਿਖਿਆ (ਜਿਨ੍ਹਾਂ ਦੇ ਮੱਥੇ ਉੱਤੇ) ਉੱਘੜ ਪਿਆ, ਉਹ ਪ੍ਰਭੂ ਨਾਲ ਮਿਲ ਕੇ ਸੋਹਣੇ ਜੀਵਨ ਵਾਲੇ ਬਣ ਗਏ, ਉਹ ਉਸ ਦਾ ਦਰਸਨ ਕਰ ਕੇ ਉਸ ਵਿਚ ਮਗਨ ਹੋ ਗਏ।
ਨਾਨਕ ਬੇਨਤੀ ਕਰਦਾ ਹੈ ਜਿਨ੍ਹਾਂ ਨੇ ਸਦਾ ਪਰਮਾਤਮਾ ਦਾ ਧਿਆਨ ਧਰਿਆ ਹੈ, ਮੈਂ ਉਹਨਾਂ ਦੀ ਸਰਨ ਪੈਂਦਾ ਹਾਂ ॥੪॥੧॥
ਰਾਗ ਮਲਾਰ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਰਾਣੇ ਕੈਲਾਸ ਤੇ ਮਾਲਦੇ ਦੀ ਧੁਨ ਅਨੁਸਾਰ ਗਾਈ ਜਾਵੇ। ਰਾਣੇ ਕੈਲਾਸ ਤੇ ਮਾਲਦੇ ਦੀ ਧੁਨ ਅਨੁਸਾਰ ਗਾਈ ਜਾਵੇ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਗੁਰੂ ਅਮਰਦਾਸ ਜੀ ਦੇ ਸਲੋਕ।
ਜੇ ਗੁਰੂ ਮਿਲ ਪਏ ਤਾਂ ਮਨ ਖਿੜ ਪੈਂਦਾ ਹੈ ਜਿਵੇਂ ਮੀਂਹ ਪਿਆਂ ਧਰਤੀ ਦੀ ਸਜਾਵਟ ਬਣ ਜਾਂਦੀ ਹੈ,
ਸਾਰੀ (ਧਰਤੀ) ਹਰੀ ਹੀ ਹਰੀ ਦਿੱਸਦੀ ਹੈ ਸਰੋਵਰ ਤੇ ਤਲਾਬ ਨਕਾ ਨਕ ਪਾਣੀ ਨਾਲ ਭਰ ਜਾਂਦੇ ਹਨ।
(ਇਸੇ ਤਰ੍ਹਾਂ ਜਿਸ ਨੂੰ ਗੁਰੂ ਮਿਲਦਾ ਹੈ ਉਸ ਦਾ) ਮਨ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਪਿਆਰ ਵਿਚ ਰਚ ਜਾਂਦਾ ਹੈ ਤੇ ਮਜੀਠ ਵਾਂਗ ਰੱਤਾ (ਪੱਕੇ ਪਿਆਰ-ਰੰਗ ਵਾਲਾ ਹੋ) ਜਾਂਦਾ ਹੈ,
ਉਸ ਦਾ ਹਿਰਦਾ-ਕਉਲ ਖਿੜ ਪੈਂਦਾ ਹੈ, ਸੱਚਾ ਪ੍ਰਭੂ (ਉਸ ਦੇ) ਮਨ ਵਿਚ (ਆ ਵੱਸਦਾ ਹੈ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਸਦਾ ਪ੍ਰਸੰਨ ਰਹਿੰਦਾ ਹੈ।