ਹੇ ਭਾਈ ਜਨੋ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰੋ।
(ਨਾਮ ਜਪਣ ਦੀ ਰਾਹੀਂ) ਗੁਰੂ ਦੀ ਕਿਰਪਾ ਨਾਲ (ਮਨੁੱਖ ਦਾ) ਮਨ (ਮਾਇਆ ਦੇ ਹੱਲਿਆਂ ਦੇ ਟਾਕਰੇ ਤੇ) ਅਡੋਲ ਰਹਿੰਦਾ ਹੈ। ਹਰਿ-ਨਾਮ ਦੇ ਸੁਆਦ ਦੀ ਬਰਕਤਿ ਨਾਲ (ਮਨੁੱਖ) ਹਰ ਵੇਲੇ (ਮਾਇਆ ਦੇ ਲਾਲਚ ਵਲੋਂ) ਰੱਜਿਆ ਰਹਿੰਦਾ ਹੈ ॥੧॥ ਰਹਾਉ ॥
ਹੇ ਭਾਈ! ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਰਹੋ। ਇਹੀ ਹੈ ਇਸ ਮਨੁੱਖਾ ਜੀਵਨ ਦਾ ਲਾਭ।
(ਭਗਤੀ ਕਰਨ ਵਾਲੇ) ਮਨੁੱਖ ਸਦਾ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ। ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਚਿੱਤ ਜੋੜਦਾ ਹੈ (ਉਸ ਦੇ ਮਨ ਨੂੰ ਵਿਕਾਰਾਂ ਦੀ) ਮੈਲ ਨਹੀਂ ਲੱਗਦੀ ॥੨॥
ਆਤਮਕ ਆਨੰਦ (ਮਨੁੱਖਾ ਜੀਵਨ ਵਾਸਤੇ ਇਕ) ਗਹਿਣਾ ਹੈ। (ਜਿਸ ਮਨੁੱਖ ਨੂੰ) ਗੁਰੂ ਨੇ (ਇਹ ਗਹਿਣਾ) ਵਿਖਾ ਦਿੱਤਾ, ਉਸ ਨੇ ਹਰਿ-ਨਾਮ ਵਿਚ ਜੁੜ ਕੇ (ਲੋਕ ਪਰਲੋਕ ਦੀ) ਇੱਜ਼ਤ ਖੱਟ ਲਈ।
ਹੇ ਭਾਈ! ਸਦਾ ਪ੍ਰਭੂ ਦੀ ਸੇਵਾ-ਭਗਤੀ ਕਰਦੇ ਰਹੋ (ਸਦਾ ਭਗਤੀ ਕਰਦੇ ਰਿਹਾਂ ਇਹ) ਕਦੇ ਨਾਹ ਮੁੱਕਣ ਵਾਲੇ ਖ਼ਜ਼ਾਨੇ (ਮਨੁੱਖ ਦੇ ਅੰਦਰ) ਭਰੇ ਰਹਿੰਦੇ ਹਨ, (ਇਹਨਾਂ ਖ਼ਜ਼ਾਨਿਆਂ ਵਿਚ) ਕਦੇ ਕਮੀ ਨਹੀਂ ਹੁੰਦੀ ॥੩॥
ਪਰ, ਇਹ ਨਾਮ-ਖ਼ਜ਼ਾਨਾ ਜਿਸ ਮਨੁੱਖ ਨੂੰ ਕਰਤਾਰ ਆਪ ਹੀ ਦੇਂਦਾ ਹੈ, ਉਸ ਦੇ ਮਨ ਵਿਚ ਆ ਵੱਸਦਾ ਹੈ।
ਹੇ ਨਾਨਕ! ਤੂੰ ਸਦਾ ਹਰਿ-ਨਾਮ ਸਿਮਰਦਾ ਰਹੁ। (ਭਗਤੀ-ਸਿਮਰਨ ਦਾ ਇਹ ਰਸਤਾ) ਗੁਰੂ ਨੇ (ਹੀ) ਵਿਖਾਇਆ ਹੈ (ਇਹ ਰਸਤਾ ਗੁਰੂ ਦੀ ਰਾਹੀਂ ਹੀ ਲੱਭਦਾ ਹੈ) ॥੪॥੧॥
ਹੇ ਮੇਰੇ ਸੁਆਮੀ! (ਮੈਂ) ਗੁਣ-ਹੀਨ ਨੂੰ ਬਖ਼ਸ਼ ਲੈ, ਤੂੰ ਆਪ ਹੀ (ਮੈਨੂੰ ਆਪਣੇ) ਚਰਨਾਂ ਵਿਚ ਜੋੜੀ ਰੱਖ।
ਤੂੰ ਬੇਅੰਤ ਹੈਂ, ਤੇਰੇ ਗੁਣਾਂ ਦਾ ਕਿਸੇ ਨੇ ਅੰਤ ਨਹੀਂ ਪਾਇਆ। (ਹੇ ਸੁਆਮੀ! ਗੁਰੂ ਦੇ) ਸ਼ਬਦ ਵਿਚ (ਜੋੜ ਕੇ) ਮੈਨੂੰ (ਆਤਮਕ ਜੀਵਨ ਦੀ) ਸੂਝ ਬਖ਼ਸ਼ ॥੧॥
ਹੇ ਪ੍ਰਭੂ ਜੀ! ਮੈਂ ਤੈਥੋਂ ਸਦਕੇ ਜਾਂਦਾ ਹਾਂ।
ਮੈਂ (ਆਪਣਾ) ਤਨ (ਆਪਣਾ) ਮਨ ਭੇਟ ਕਰਦਾ ਹਾਂ, ਤੇਰੇ ਅੱਗੇ ਰੱਖਦਾ ਹਾਂ (ਮਿਹਰ ਕਰ,) ਮੈਂ ਸਦਾ ਤੇਰੀ ਸਰਨ ਪਿਆ ਰਹਾਂ ॥੧॥ ਰਹਾਉ ॥
ਹੇ ਮੇਰੇ ਸੁਆਮੀ! ਮੈਨੂੰ ਸਦਾ ਆਪਣੀ ਰਜ਼ਾ ਵਿਚ ਰੱਖ, ਮੈਨੂੰ ਆਪਣਾ ਨਾਮ ਹੀ ਦੇਹ (ਇਹ ਹੀ ਮੇਰੇ ਵਾਸਤੇ) ਇੱਜ਼ਤ (ਹੈ)।
ਪੂਰੇ ਗੁਰੂ ਪਾਸੋਂ (ਪਰਮਾਤਮਾ ਦੀ) ਰਜ਼ਾ ਦੀ ਸਮਝ ਆਉਂਦੀ ਹੈ, ਅਤੇ ਹਰ ਵੇਲੇ ਆਤਮਕ ਅਡੋਲਤਾ ਵਿਚ ਲੀਨਤਾ ਹੋ ਸਕਦੀ ਹੈ ॥੨॥
ਹੇ ਮੇਰੇ ਸੁਆਮੀ! ਜੇ ਤੈਨੂੰ ਚੰਗਾ ਲੱਗੇ ਤਾਂ ਤੇਰੀ ਰਜ਼ਾ ਵਿਚ ਹੀ ਤੇਰੀ ਭਗਤੀ ਹੋ ਸਕਦੀ ਹੈ, ਤੂੰ ਆਪ ਹੀ ਮਿਹਰ ਕਰ ਕੇ ਆਪਣੇ ਚਰਨਾਂ ਵਿਚ ਜੋੜਦਾ ਹੈਂ।
(ਜਿਸ ਮਨੁੱਖ ਦੇ ਅੰਦਰੋਂ) ਗੁਰੂ ਨੇ ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ, ਉਸ ਨੇ (ਹੇ ਪ੍ਰਭੂ!) ਤੇਰੀ ਰਜ਼ਾ ਵਿਚ ਰਹਿ ਕੇ ਸਦਾ ਆਤਮਕ ਆਨੰਦ ਮਾਣਿਆ ॥੩॥
ਹੇ ਕਰਤਾਰ! (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਤੂੰ (ਆਪ) ਕਰਦਾ ਹੈਂ (ਤੇਰੀ ਮਰਜ਼ੀ ਦੇ ਉਲਟ) ਹੋਰ ਕੁਝ ਨਹੀਂ ਕੀਤਾ ਜਾ ਸਕਦਾ।
ਹੇ ਨਾਨਕ! ਪਰਮਾਤਮਾ ਦੇ ਨਾਮ ਦੇ ਬਰਾਬਰ ਦਾ ਹੋਰ ਕੋਈ ਦਾਤਾਂ ਦੇਣ ਵਾਲਾ ਨਹੀਂ ਹੈ। ਇਹ ਨਾਮ ਗੁਰੂ ਪਾਸੋਂ (ਹੀ) ਮਿਲਦਾ ਹੈ ॥੪॥੨॥
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ, ਉਹਨਾਂ ਨੇ ਹੀ ਸਿਫ਼ਤ-ਸਾਲਾਹ ਕਰਨੀ ਸਿੱਖੀ।
ਉਹਨਾਂ ਦੇ ਅੰਦਰੋਂ ਮਾਇਆ ਵਾਲੀ ਭਟਕਣਾ ਦੂਰ ਹੋ ਜਾਂਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪਰਮਾਤਮਾ ਨਾਲ ਸਾਂਝ ਪਾ ਲੈਂਦੇ ਹਨ ॥੧॥
ਹੇ ਪ੍ਰਭੂ ਜੀ! ਮੇਰੀ ਸਾਰ ਲੈਣ ਵਾਲਾ ਸਿਰਫ਼ ਇਕ ਤੂੰ ਹੀ ਹੈਂ।
ਮੈਂ (ਸਦਾ) ਤੈਨੂੰ (ਹੀ) ਜਪਦਾ ਹਾਂ, ਮੈਂ (ਸਦਾ) ਤੈਨੂੰ ਹੀ ਸਲਾਹੁੰਦਾ ਹਾਂ। ਉੱਚੀ ਆਤਮਕ ਅਵਸਥਾ ਤੇ ਉੱਚੀ ਅਕਲ ਤੈਥੋਂ ਹੀ ਮਿਲਦੀ ਹੈ ॥੧॥ ਰਹਾਉ ॥
ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਹਨ, ਉਹ (ਉਸ ਦਾ) ਆਨੰਦ ਮਾਣਦੇ ਹਨ। ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਉਹਨਾਂ ਨੂੰ ਮਿੱਠਾ ਲੱਗਦਾ ਹੈ (ਹੋਰ ਸਭ ਪਦਾਰਥਾਂ ਨਾਲੋਂ) ਸ੍ਰੇਸ਼ਟ ਲੱਗਦਾ ਹੈ।
(ਉਹ ਮਨੁੱਖ) ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਨਾਮ ਦਾ) ਵਿਚਾਰ (ਕਰਦੇ ਹਨ, ਉਸ ਦਾ ਸੁਆਦ ਉਹਨਾਂ ਨੂੰ) ਸਦਾ ਮਿੱਠਾ ਲੱਗਦਾ ਹੈ, ਕਦੇ ਬੇ-ਸੁਆਦਾ ਨਹੀਂ ਜਾਪਦਾ ॥੨॥
ਪਰ, ਜਿਸ (ਪਰਮਾਤਮਾ) ਨੇ (ਆਪਣਾ ਨਾਮ) ਮਿੱਠਾ ਮਹਿਸੂਸ ਕਰਾਇਆ ਹੈ, ਉਹ ਆਪ ਹੀ (ਇਸ ਭੇਤ ਨੂੰ) ਜਾਣਦਾ ਹੈ। ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ।
ਮੈਂ (ਗੁਰੂ ਦੇ) ਸ਼ਬਦ ਦੀ ਰਾਹੀਂ (ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਕੇ ਉਸ ਸੁਖ-ਦਾਤੇ ਪਰਮਾਤਮਾ ਦੀ ਸਦਾ ਸਿਫ਼ਤ-ਸਾਲਾਹ ਕਰਦਾ ਹਾਂ ॥੩॥
ਪਿਆਰਾ ਗੁਰੂ ਸਦਾ (ਹਰੇਕ) ਦਾਤ ਦੇਣ ਵਾਲਾ ਹੈ ਜਿਹੜਾ ਮਨੁੱਖ (ਗੁਰੂ ਪਾਸੋਂ) ਮੰਗਦਾ ਹੈ, ਉਹ ਫਲ ਹਾਸਲ ਕਰ ਲੈਂਦਾ ਹੈ।
ਹੇ ਨਾਨਕ! (ਗੁਰੂ ਪਾਸੋਂ ਪਰਮਾਤਮਾ ਦਾ) ਨਾਮ ਮਿਲਦਾ ਹੈ (ਇਹੀ ਹੈ ਅਸਲ) ਇੱਜ਼ਤ। ਗੁਰੂ ਦੇ ਸ਼ਬਦ ਦੀ ਰਾਹੀਂ (ਮਨੁੱਖ) ਸਦਾ-ਥਿਰ ਪ੍ਰਭੂ ਨੂੰ ਮਿਲ ਪੈਂਦਾ ਹੈ ॥੪॥੩॥
ਹੇ ਪ੍ਰਭੂ ਜੀ! ਜਿਹੜੇ ਮਨੁੱਖ ਤੇਰੀ ਸਰਨ ਆ ਪੈਂਦੇ ਹਨ, ਤੂੰ ਉਹਨਾਂ ਦੀ ਰੱਖਿਆ ਕਰਨ ਦੇ ਸਮਰੱਥ ਹੈਂ।
ਹੇ ਪ੍ਰਭੂ ਜੀ! ਤੇਰੇ ਬਰਾਬਰ ਦਾ ਮੈਨੂੰ ਹੋਰ ਕੋਈ ਨਹੀਂ ਸੁੱਝਦਾ। (ਅਜੇ ਤਕ ਤੇਰੇ ਬਰਾਬਰ ਦਾ) ਨਾਹ ਕੋਈ ਹੋਇਆ ਹੈ, (ਅਤੇ ਅਗਾਂਹ ਨੂੰ) ਨਾਹ ਕੋਈ ਹੋਵੇਗਾ ॥੧॥
ਹੇ ਪ੍ਰਭੂ ਜੀ! (ਮਿਹਰ ਕਰ, ਮੈਂ) ਸਦਾ ਤੇਰੀ ਸਰਨ ਪਿਆ ਰਹਾਂ।
ਹੇ ਮੇਰੇ ਸੁਆਮੀ! ਜਿਵੇਂ ਤੈਨੂੰ ਭਾਵੇ (ਮੇਰੀ) ਰੱਖਿਆ ਕਰ (ਅਸਾਂ ਜੀਵਾਂ ਦੀ ਰੱਖਿਆ ਕਰ ਸਕਣਾ) ਇਹ ਤੇਰੀ ਹੀ ਸਮਰਥਾ ਹੈ ॥੧॥ ਰਹਾਉ ॥
ਹੇ ਪ੍ਰਭੂ ਜੀ! ਜਿਹੜੇ ਮਨੁੱਖ ਤੇਰੀ ਸਰਨ ਆ ਪੈਂਦੇ ਹਨ, ਤੂੰ (ਆਪ) ਉਹਨਾਂ ਦੀ ਪਾਲਣਾ ਕਰਦਾ ਹੈਂ।