ਤੇਰੇ ਪੈਰਾਂ ਦੀ ਖ਼ਾਕ ਨਾਲ ਮੇਰਾ ਸਰੀਰ ਪਵਿੱਤ੍ਰ ਹੋ ਜਾਏ।
ਹੇ ਪ੍ਰਭੂ! ਹੇ ਗੁਰਦੇਵ! (ਮੇਹਰ ਕਰ) ਮੈਂ ਸਦਾ ਤੇਰੀ ਹਜ਼ੂਰੀ ਵਿਚ ਰਹਾਂ ॥੧੩॥
ਜੋ ਮਨੁੱਖ ਜੀਭ ਨਾਲ ਪਾਰਬ੍ਰਹਮ ਦਾ ਨਾਮ ਉਚਾਰਦੇ ਹਨ, ਜੋ ਕੰਨਾਂ ਨਾਲ ਸਿਫ਼ਤਿ-ਸਾਲਾਹ ਦੀ ਪਵਿਤ੍ਰ ਬਾਣੀ ਸੁਣਦੇ ਹਨ,
ਤੇ ਜੋ ਪਾਰਬ੍ਰਹਮ ਦਾ ਧਿਆਨ (ਧਰਦੇ ਹਨ) ਹੇ ਨਾਨਕ! ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਹਾਂ ॥੧॥
ਇਕ ਖਸਮ-ਪ੍ਰਭੂ ਦੀ ਯਾਦ ਤੋਂ ਬਿਨਾ ਹੋਰ ਸਾਰੇ ਹੀ ਕੰਮ ਵਿਅਰਥ ਹਨ।
ਹੇ ਨਾਨਕ! ਸਿਰਫ਼ ਉਹੀ ਬੰਦੇ ਭਾਗਾਂ ਵਾਲੇ ਹਨ, ਜਿਨ੍ਹਾਂ ਦਾ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨਾਲ ਪਿਆਰ ਹੈ ॥੨॥
ਮੈਂ ਉਹਨਾਂ ਬੰਦਿਆਂ ਤੋਂ ਸਦਾ ਕੁਰਬਾਨ ਜਾਂਦਾ ਹਾਂ ਜੋ ਪ੍ਰਭੂ ਦੀਆਂ ਗੱਲਾਂ ਸੁਣਦੇ ਹਨ।
ਉਹ ਮਨੁੱਖ ਸਭ ਗੁਣਾਂ ਵਾਲੇ ਤੇ ਸਭ ਤੋਂ ਚੰਗੇ ਹਨ ਜੋ ਪ੍ਰਭੂ ਅੱਗੇ ਸਿਰ ਨਿਵਾਉਂਦੇ ਹਨ।
(ਉਹਨਾਂ ਦੇ) ਉਹ ਹੱਥ ਸੋਹਣੇ ਲੱਗਦੇ ਹਨ ਜੋ ਬੇਅੰਤ ਪ੍ਰਭੂ ਦੀ ਸਿਫ਼ਤਿ-ਸਾਲਾਹ ਲਿਖਦੇ ਹਨ।
ਉਹ ਪੈਰ ਪਵਿੱਤ੍ਰ ਹਨ ਜੋ ਪ੍ਰਭੂ ਦੇ ਰਾਹ ਤੇ ਤੁਰਦੇ ਹਨ।
(ਅਜੇਹੇ) ਸੰਤਾਂ ਦੀ ਸੰਗਤਿ ਵਿਚ (ਦੁੱਖ ਵਿਕਾਰਾਂ ਤੋਂ) ਬਚਾਉ ਹੋ ਜਾਂਦਾ ਹੈ, ਸਾਰਾ ਦੁੱਖ ਦੂਰ ਹੋ ਜਾਂਦਾ ਹੈ ॥੧੪॥
ਜਦੋਂ ਪੂਰਨ ਸੰਜੋਗਾਂ ਨਾਲ ਮੱਥੇ ਦੇ ਲਿਖੇ ਲੇਖ ਉੱਘੜਦੇ ਹਨ, ਪ੍ਰਭੂ ਦਾ ਸਿਮਰਨ ਕਰੀਦਾ ਹੈ,
ਹੇ ਨਾਨਕ! ਉਹ ਘੜੀ ਬਰਕਤਿ ਵਾਲੀ ਹੁੰਦੀ ਹੈ ਜਦੋਂ ਗੋਪਾਲ ਹਰੀ ਦਾ ਦੀਦਾਰ ਹੁੰਦਾ ਹੈ ॥੧॥
ਇਤਨੇ ਅਮਿਣਵੇਂ ਸੁਖ ਪ੍ਰਭੂ ਦੇਂਦਾ ਹੈ ਕਿ ਮੈਂ ਉਹਨਾਂ ਦਾ ਮੁੱਲ ਨਹੀਂ ਪਾ ਸਕਦਾ,
(ਪਰ) ਹੇ ਨਾਨਕ! ਉਹੀ ਸੁਲੱਖਣੀ ਘੜੀ ਕਬੂਲ ਪੈਂਦੀ ਹੈ ਜਦੋਂ ਆਪਣਾ ਪਿਆਰਾ ਪ੍ਰਭੂ ਮਿਲ ਪਏ ॥੨॥
(ਰੱਬ ਕਰਕੇ) ਉਹ ਵੇਲਾ ਛੇਤੀ ਆਵੇ ਜਦੋਂ ਮੈਂ ਪ੍ਰਭੂ ਨੂੰ ਮਿਲਾਂ।
ਉਹ ਮੁਹੂਰਤ, ਉਹ ਮਿਲਣ ਦਾ ਸਮਾਂ ਭਾਗਾਂ ਵਾਲਾ ਹੁੰਦਾ ਹੈ, ਜਦੋਂ ਧਰਤੀ ਦਾ ਸਾਂਈ ਮਿਲਦਾ ਹੈ।
(ਮੇਹਰ ਕਰ) ਅੱਠੇ ਪਹਿਰ ਪ੍ਰਭੂ ਨੂੰ ਸਿਮਰ ਕੇ ਮੈਂ ਆਪਣੇ ਮਨ ਦੀ ਚਾਹ ਪੂਰੀ ਕਰਾਂ।
ਚੰਗੀ ਕਿਸਮਤਿ ਨਾਲ ਸਤਸੰਗ ਮਿਲ ਜਾਏ ਤੇ ਮੈਂ ਨਿਊਂ ਨਿਊਂ ਕੇ (ਸਤ ਸੰਗੀਆਂ ਦੇ) ਪੈਰੀਂ ਲੱਗਾਂ।
ਮੇਰੇ ਮਨ ਵਿਚ (ਪ੍ਰਭੂ ਦੇ) ਦਰਸਨ ਦੀ ਤ੍ਰੇਹ ਹੈ। ਹੇ ਨਾਨਕ! (ਆਖ) ਮੈਂ (ਸਤਸੰਗੀਆਂ ਤੋਂ) ਸਦਕੇ ਜਾਂਦਾ ਹਾਂ ॥੧੫॥
ਗੋਬਿੰਦ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲਾ ਹੈ। (ਪਾਪੀਆਂ ਦੇ) ਸਾਰੇ ਐਬ ਦੂਰ ਕਰਨ ਵਾਲਾ ਹੈ।
ਹੇ ਨਾਨਕ! ਜੋ ਮਨੁੱਖ ਉਸ ਪ੍ਰਭੂ ਨੂੰ ਜਪਦੇ ਹਨ, ਭਗਵਾਨ ਉਹਨਾਂ ਸਰਨ ਆਇਆਂ ਦੀ ਲਾਜ ਰੱਖਣ ਦੇ ਸਮਰੱਥ ਹੈ ॥੧॥
ਜਿਸ ਮਨੁੱਖ ਨੇ ਸਾਰਾ ਆਪਾ-ਭਾਵ ਮਿਟਾ ਦਿੱਤਾ, ਜੋ ਮਨੁੱਖ ਪ੍ਰਭੂ ਦੇ ਚਰਨਾਂ ਨਾਲ ਜੁੜਿਆ ਰਿਹਾ,
ਹੇ ਨਾਨਕ! ਪ੍ਰਭੂ ਦਾ ਦੀਦਾਰ ਕਰਨ ਨਾਲ ਉਸ ਦੇ ਸਾਰੇ ਦੁੱਖ ਕਲੇਸ਼ ਨਾਸ ਹੋ ਜਾਂਦੇ ਹਨ ॥੨॥
ਹੇ ਦਿਆਲ! ਮੈਂ ਤੇਰੇ ਦਰ ਤੇ ਆ ਡਿੱਗਾ ਹਾਂ, ਮੈਨੂੰ (ਆਪਣੇ ਚਰਨਾਂ ਵਿਚ) ਜੋੜ ਲੈ।
ਹੇ ਦੀਨਾਂ ਤੇ ਦਇਆ ਕਰਨ ਵਾਲੇ! ਮੈਨੂੰ ਰੱਖ ਲੈ, ਮੈਂ ਭਟਕਦਾ ਭਟਕਦਾ ਹੁਣ ਬੜਾ ਥੱਕ ਗਿਆ ਹਾਂ।
ਭਗਤੀ ਨੂੰ ਪਿਆਰ ਕਰਨਾ ਤੇ ਡਿੱਗਿਆਂ ਨੂੰ ਬਚਾਉਣਾ-ਇਹ ਤੇਰਾ ਮੁੱਢ ਕਦੀਮਾਂ ਦਾ ਸੁਭਾਉ ਹੈ।
ਹੇ ਪ੍ਰਭੂ! ਤੈਥੋਂ ਬਿਨਾ ਹੋਰ ਕੋਈ ਨਹੀਂ ਜੋ ਮੇਰੀ ਇਸ ਬੇਨਤੀ ਨੂੰ ਸਿਰੇ ਚਾੜ੍ਹ ਸਕੇ।
ਹੇ ਦਿਆਲ! ਮੇਰਾ ਹੱਥ ਫੜ ਲੈ (ਤੇ ਮੈਨੂੰ) ਸੰਸਾਰ-ਸਮੁੰਦਰ ਵਿਚੋਂ (ਬਚਾ ਲੈ) ॥੧੬॥
ਜੋ ਸੰਤ ਜਨ ਗੋਪਾਲ-ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ (ਮਾਇਆ ਦੀ ਤਪਸ਼ ਤੋਂ) ਬਚਾ ਲੈਂਦਾ ਹੈ,
ਉਹਨਾਂ ਸੰਤਾਂ ਦੀ ਸੰਗਤਿ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ। ਹੇ ਨਾਨਕ! (ਤੂੰ ਭੀ ਅਜੇਹੇ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮੇਸਰ ਦਾ ਪੱਲਾ ਫੜ ॥੧॥
ਭਾਵੇਂ ਚੰਦਨ (ਦਾ ਲੇਪ ਕੀਤਾ) ਹੋਵੇ ਚਾਹੇ ਚੰਦ੍ਰਮਾ (ਦੀ ਚਾਨਣੀ) ਹੋਵੇ, ਤੇ ਭਾਵੇਂ ਠੰਢੀ ਰੁੱਤ ਹੋਵੇ-ਇਹਨਾਂ ਦੀ ਰਾਹੀਂ ਮਨ ਦੀ ਤਪਸ਼ ਉੱਕਾ ਹੀ ਮਿਟ ਨਹੀਂ ਸਕਦੀ।
ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆਂ ਹੀ ਮਨੁੱਖ (ਦਾ ਮਨ) ਸ਼ਾਂਤ ਹੁੰਦਾ ਹੈ ॥੨॥
ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ (ਦੁਨੀਆ ਦੀ ਤਪਸ਼ ਤੋਂ) ਬਚ ਜਾਂਦੇ ਹਨ।
ਗੋਬਿੰਦ ਦੀ ਵਡਿਆਈ ਸੁਣ ਕੇ (ਬੰਦਗੀ ਵਾਲਿਆਂ ਦੇ) ਮਨ ਨਿਡਰ ਹੋ ਜਾਂਦੇ ਹਨ।
ਉਹ ਪ੍ਰਭੂ ਦਾ ਨਾਮ-ਧਨ ਇਕੱਠਾ ਕਰਦੇ ਹਨ ਤੇ ਉਸ ਧਨ ਵਿਚ ਕਦੇ ਘਾਟਾ ਨਹੀਂ ਪੈਂਦਾ।
ਅਜੇਹੇ ਗੁਰਮੁਖਾਂ ਦੀ ਸੰਗਤਿ ਬੜੇ ਭਾਗਾਂ ਨਾਲ ਮਿਲਦੀ ਹੈ,
ਇਹ ਸੰਤ ਜਨ ਅੱਠੇ ਪਹਿਰ ਪ੍ਰਭੂ ਨੂੰ ਸਿਮਰਦੇ ਹਨ ਤੇ ਸਦਾ ਪ੍ਰਭੂ ਦਾ ਜਸ ਸੁਣਦੇ ਹਨ ॥੧੭॥
ਹੇ ਨਾਨਕ! ਜੇ ਮਨੁੱਖ ਦਿਆਲ ਸਰਬ-ਵਿਆਪੀ ਭਗਵਾਨ ਦੇ ਨਾਮ ਦੀ ਵਡਿਆਈ ਕਰੇ,
ਤਾਂ ਪ੍ਰਭੂ ਮੇਹਰ ਕਰਦਾ ਹੈ, ਉਸ ਦੇ ਦੁੱਖਾਂ ਦਾ ਨਾਸ ਕਰਦਾ ਹੈ ਤੇ ਉਹ ਮਨੁੱਖ ਮਾਇਆ ਦੇ ਮੋਹ ਵਿਚ ਨਹੀਂ ਫਸਦਾ ॥੧॥