ਨਾਨਕ ਆਖਦਾ ਹੈ- ਜਿਹੜੇ ਮਨੁੱਖ ਸਾਧ ਸੰਗਤ ਵਿਚ ਮਿਲਦੇ ਹਨ, ਉਹ ਮਨੁੱਖ ਪਰਮਾਤਮਾ ਵਿਚ ਸੁਰਤ ਜੋੜ ਕੇ ਮਸਤ ਰਹਿੰਦੇ ਹਨ ॥੨॥੨੫॥੪੮॥
ਮਾਲਕ-ਪ੍ਰਭੂ ਹੀ ਆਪਣਾ ਅਸਲ ਮਿੱਤਰ ਹੈ। ਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ।
(ਪਰਮਾਤਮਾ ਤੋਂ ਬਿਨਾ) ਕਿਸੇ ਭੀ ਹੋਰ ਦੀ ਆਸ ਨਹੀਂ ਕਰਨੀ ਚਾਹੀਦੀ, ਉਹ ਪ੍ਰਭੂ ਹੀ ਸਾਰੇ ਸੁਖ ਦੇਣ ਵਾਲਾ ਹੈ, ਉਸੇ ਦਾ ਸਿਮਰਨ ਕਰਨਾ ਚਾਹੀਦਾ ਹੈ ॥੧॥ ਰਹਾਉ ॥
ਜਿਸ ਪਰਮਾਤਮਾ ਦੇ ਹੀ ਘਰ ਵਿਚ ਸਾਰੇ ਸੁਖ ਹਨ ਖ਼ੁਸ਼ੀਆਂ ਤੇ ਆਨੰਦ ਹਨ, ਉਸ ਦੀ ਹੀ ਸਰਨ ਪਏ ਰਹਿਣਾ ਚਾਹੀਦਾ ਹੈ।
ਜੇ ਤੁਸੀਂ ਉਸ ਪ੍ਰਭੂ ਨੂੰ ਛੱਡ ਕੇ ਮਨੁੱਖ ਦੀ ਖ਼ੁਸ਼ਾਮਦ ਕਰਦੇ ਫਿਰੋਗੇ, ਤਾਂ ਸ਼ਰਮਸਾਰ ਹੋਣਾ ਪੈਂਦਾ ਹੈ ॥੧॥
ਗੁਰੂ ਨੂੰ ਮਿਲ ਕੇ ਜਿਸ ਮਨੁੱਖ ਨੇ ਉੱਚੀ ਬੁੱਧੀ ਪ੍ਰਾਪਤ ਕਰ ਲਈ, ਉਸ ਨੇ ਸਿਰਫ਼ ਮਾਲਕ-ਪ੍ਰਭੂ ਦਾ ਹੀ ਆਸਰਾ ਲਿਆ।
ਹੇ ਨਾਨਕ! ਸਾਰੇ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਜਿਸ ਮਨੁੱਖ ਨੂੰ ਮਿਲ ਪਿਆ, ਉਸ ਦੀ ਸਾਰੀ ਮੁਥਾਜੀ ਮੁੱਕ ਗਈ ॥੨॥੨੬॥੪੯॥
ਹੇ ਪ੍ਰਭੂ ਜੀ! ਮੇਰੇ ਹਿਰਦੇ ਵਿਚ ਤੇਰਾ ਹੀ ਤਕੜਾ ਸਹਾਰਾ ਹੈ।
ਹੇ ਪ੍ਰਭੂ! ਤੇਰੇ ਮਾਣ ਦੇ ਆਸਰੇ ਤੇਰੇ ਵਡੱਪਣ ਦੇ ਆਸਰੇ ਮੈਂ ਹੋਰ ਕਿਸੇ ਨੂੰ ਨਿਗਾਹ ਵਿਚ ਨਹੀਂ ਲਿਆਉਂਦਾ (ਮੈਂ ਕਿਸੇ ਹੋਰ ਨੂੰ ਤੇਰੇ ਬਰਾਬਰ ਦਾ ਨਹੀਂ ਸਮਝਦਾ) ॥੧॥ ਰਹਾਉ ॥
ਪਿਆਰੇ ਪ੍ਰਭੂ ਨੇ ਜਿਸ ਮਨੁੱਖ ਦਾ ਪੱਖ ਕੀਤਾ, ਉਸ ਨੂੰ ਉਸ (ਪ੍ਰਭੂ) ਨੇ ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦੇ ਘੇਰੇ ਵਿਚੋਂ ਕੱਢ ਲਿਆ।
ਉਹ ਮਨੁੱਖ ਗੁਰੂ ਦੇ ਚਰਨਾਂ ਉੱਤੇ ਜਾ ਡਿੱਗਾ, ਤੇ, (ਗੁਰੂ ਨੇ ਉਸ ਦੇ) ਮੂੰਹ ਵਿਚ ਆਤਮਕ ਜੀਵਨ ਦੇਣ ਵਾਲੀ ਨਾਮ-ਦਵਾਈ ਦਿੱਤੀ ॥੧॥
ਗੁਣ-ਹੀਨਾਂ ਨੂੰ ਗੁਣ ਦੇਣ ਵਾਲੇ ਪ੍ਰਭੂ ਦੀਆਂ ਮੈਂ ਆਪਣੇ ਇਕ ਮੂੰਹ ਨਾਲ ਕਿਹੜੀਆਂ-ਕਿਹੜੀਆਂ ਵਡਿਆਈਆਂ ਬਿਆਨ ਕਰਾਂ?
ਹੇ ਨਾਨਕ! ਜਦੋਂ ਉਸ ਨੇ ਕਿਸੇ ਭਾਗਾਂ ਵਾਲੇ ਨੂੰ ਉਸ ਦੀ ਮਾਇਆ ਦੀ ਫਾਹੀ ਕੱਟ ਕੇ ਆਪਣਾ ਬਣਾ ਲਿਆ, ਉਸ ਨੂੰ ਬੇਅੰਤ ਸੁਖ ਪ੍ਰਾਪਤ ਹੋ ਗਏ ॥੨॥੨੭॥੫੦॥
ਸਾਰੇ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਦਾ ਨਾਮ ਸਿਮਰਦਿਆਂ-
ਜਿੰਦ ਦੇਣ ਵਾਲਾ ਅਤੇ ਸੁਖ ਦੇਣ ਵਾਲਾ ਪ੍ਰਭੂ ਜਿਸ ਮਨੁੱਖ ਉੱਤੇ ਦਇਆਵਾਨ ਹੁੰਦਾ ਹੈ, ਸਾਰੇ ਹੀ ਵਿਕਾਰਾਂ ਤੋਂ ਉਸ ਦੀ ਖ਼ਲਾਸੀ ਹੋ ਜਾਂਦੀ ਹੈ ॥੧॥ ਰਹਾਉ ॥
(ਹਰਿ-ਨਾਮ ਸਿਮਰਨ ਵਾਲੇ ਮਨੁੱਖ ਨੂੰ) ਪਰਮਾਤਮਾ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਸੁੱਝਦਾ (ਉਹ ਸਦਾ ਇਹੀ ਆਖਦਾ ਹੈ ਕਿ) ਦੱਸ, (ਪ੍ਰਭੂ ਨੂੰ ਛੱਡ ਕੇ) ਕੌਣ ਕਿਸ ਕੋਲ ਜਾ ਸਕਦਾ ਹੈ?
(ਉਹ ਸਦਾ ਅਰਦਾਸ ਕਰਦਾ ਹੈ-) ਹੇ ਠਾਕੁਰ! ਜਿਵੇਂ ਹੋ ਸਕੇ ਤਿਵੇਂ ਮੇਰੀ ਰੱਖਿਆ ਕਰ, ਹਰੇਕ ਚੀਜ਼ ਤੇਰੇ ਹੀ ਕੋਲ ਹੈ ॥੧॥
ਪਿਆਰੇ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਨੂੰ ਹੱਥ ਦੇ ਕੇ ਰੱਖ ਲਿਆ, ਉਹ ਅਟੱਲ ਆਤਮਕ ਜੀਵਨ ਵਾਲੇ ਬਣ ਗਏ, ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁਕਦੀ,
ਨਾਨਕ ਆਖਦਾ ਹੈ- ਉਹਨਾਂ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ, ਉਹਨਾਂ ਦੀ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ ॥੨॥੨੮॥੫੧॥
ਹੇ ਪ੍ਰਭੂ! ਮੇਰਾ ਮਨ ਹਰ ਥਾਂ ਤੈਨੂੰ ਯਾਦ ਕਰਦਾ ਹੈ।
ਹੇ ਮੇਰੇ ਪ੍ਰਭੂ-ਪਿਤਾ! ਅਸੀਂ (ਤੇਰੇ) ਗਰੀਬ ਬੱਚੇ ਹਾਂ, ਜਿਵੇਂ ਹੋ ਸਕੇ ਤਿਵੇਂ (ਸਾਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ ॥੧॥ ਰਹਾਉ ॥
ਹੇ ਪ੍ਰਭੂ! ਜਦੋਂ (ਬੱਚਾ) ਭੁੱਖਾ ਹੁੰਦਾ ਹੈ ਤਦੋਂ (ਖਾਣ ਨੂੰ) ਭੋਜਨ ਮੰਗਦਾ ਹੈ, ਜਦੋਂ ਰੱਜ ਜਾਂਦਾ ਹੈ, ਤਦੋਂ ਉਸ ਨੂੰ ਸਾਰੇ ਸੁਖ (ਪ੍ਰਤੀਤ ਹੁੰਦੇ ਹਨ)।
(ਇਸੇ ਤਰ੍ਹਾਂ ਇਹ ਜੀਵ) ਜਦੋਂ ਤੇਰੇ ਨਾਲ (ਤੇਰੇ ਚਰਨਾਂ ਵਿਚ) ਵੱਸਦਾ ਹੈ, ਤਦੋਂ ਇਸ ਨੂੰ ਕੋਈ ਰੋਗ ਨਹੀਂ ਸਤਾਂਦਾ, (ਤੈਥੋਂ) ਵਿਛੁੜਿਆ ਹੋਇਆ (ਇਹ) ਮਿੱਟੀ ਹੋ ਜਾਂਦਾ ਹੈ ॥੧॥
ਹੇ ਪ੍ਰਭੂ! ਤੇਰੇ ਦਾਸਾਂ ਦੇ ਦਾਸ ਦਾ ਕੀਹ ਜ਼ੋਰ ਚੱਲ ਸਕਦਾ ਹੈ? ਤੂੰ ਆਪ ਹੀ ਪੈਦਾ ਕਰਨ ਵਾਲਾ ਹੈਂ।
(ਤੇਰਾ ਦਾਸ) ਨਾਨਕ ਇਹ (ਹੀ) ਬੇਨਤੀ ਕਰਦਾ ਹੈ- ਜਦੋਂ ਤੇਰਾ ਨਾਮ ਨਹੀਂ ਭੁੱਲਦਾ, ਤਦੋਂ (ਆਤਮਕ) ਜੀਵਨ ਹਾਸਲ ਕਰੀਦਾ ਹੈ ॥੨॥੨੯॥੫੨॥
ਮੇਰੇ ਮਨ ਤੋਂ ਦੁਨੀਆ ਦੇ ਖ਼ਤਰਿਆਂ ਦਾ ਸਹਿਮ ਦੂਰ ਹੋ ਗਿਆ,
(ਜਦੋਂ) ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕ ਕੇ ਸੋਹਣੇ ਦਿਆਲ ਪ੍ਰੇਮ-ਰਸ ਵਿਚ ਭਿੱਜੇ ਹੋਏ ਪਿਆਰੇ ਪ੍ਰਭੂ ਦੇ ਗੁਣ ਮੈਂ ਗਾਣੇ ਸ਼ੁਰੂ ਕੀਤੇ ॥੧॥ ਰਹਾਉ ॥
ਗੁਰੂ ਦੇ ਬਚਨਾਂ ਨੂੰ (ਪ੍ਰਭੂ ਦੀ) ਕਿਰਪਾ ਨਾਲ ਕਮਾਂਦਿਆਂ (ਗੁਰੂ ਦੇ ਦੱਸੇ ਰਸਤੇ ਉੱਤੇ ਤੁਰਦਿਆਂ ਹੁਣ ਮੇਰਾ ਮਨ) ਹੋਰ ਕਿਸੇ ਭੀ ਪਾਸੇ ਨਹੀਂ ਭਟਕਦਾ।
(ਮੇਰਾ ਮਨ) ਵਿਕਾਰਾਂ ਤੋਂ ਬਚ ਗਿਆ ਹੈ, ਪ੍ਰਭੂ-ਚਰਨਾਂ ਵਿਚ ਲੀਨਤਾ ਦੇ ਸੁਖਾਂ ਵਿਚ ਟਿਕ ਗਿਆ ਹੈ, ਮੈਂ ਭਗਤੀ ਨਾਲ ਪਿਆਰ ਕਰਨ ਵਾਲੇ ਪ੍ਰਭੂ ਨੂੰ ਹਿਰਦੇ-ਘਰ ਵਿਚ ਲੱਭ ਲਿਆ ਹੈ ॥੧॥
(ਹੁਣ ਮੇਰਾ ਮਨ) ਸਦਾ ਹੀ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ,-(ਮਾਨੋ) ਸਾਰੇ ਰਾਗਾਂ ਅਤੇ ਤਮਾਸ਼ਿਆਂ ਦੇ ਕ੍ਰੋੜਾਂ ਹੀ ਆਨੰਦ ਪ੍ਰਾਪਤ ਹੋ ਗਏ ਹਨ,
ਨਾਨਕ ਆਖਦਾ ਹੈ- (ਹੁਣ ਇਉਂ ਨਿਸ਼ਚਾ ਹੋ ਗਿਆ ਹੈ ਕਿ) ਪਰਮਾਤਮਾ ਆਪ ਹੀ ਸਭ ਕੁਝ ਕਰਨ ਵਾਲਾ ਹੈ ਆਪ ਹੀ (ਜੀਵਾਂ ਪਾਸੋਂ) ਕਰਾਣ ਵਾਲਾ ਹੈ, ਸਭ ਥਾਂ ਆਪ ਹੀ ਆਪ ਹੈ ॥੨॥੩੦॥੫੩॥