ਰਾਗ ਮਾਲੀ-ਗਉੜਾ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਪ੍ਰਭੂ ਪਾਤਿਸ਼ਾਹ! (ਤੇਰੇ ਗੁਣਾਂ ਦਾ ਅੰਤ ਲੱਭਣ ਵਾਸਤੇ ਬੇਅੰਤ ਜੀਵ) ਅਨੇਕਾਂ ਜਤਨ ਕਰ ਕਰ ਕੇ ਥੱਕ ਗਏ ਹਨ, ਕਿਸੇ ਨੇ ਤੇਰਾ ਅੰਤ ਨਹੀਂ ਲੱਭਾ।
ਹੇ ਹਰੀ! ਤੂੰ ਅਪਹੁੰਚ ਹੈਂ, ਤੂੰ ਅਪਹੁੰਚ ਹੈਂ, ਤੂੰ ਅਥਾਹ ਹੈਂ, ਤੈਨੂੰ ਕੋਈ ਨਹੀਂ ਸਮਝ ਸਕਦਾ, ਮੇਰੀ ਤੈਨੂੰ ਹੀ ਨਮਸਕਾਰ ਹੈ ॥੧॥ ਰਹਾਉ ॥
ਹੇ ਪ੍ਰਭੂ! ਕਾਮ ਕ੍ਰੋਧ ਲੋਭ ਮੋਹ (ਆਦਿਕ ਵਿਕਾਰ ਇਤਨੇ ਬਲੀ ਹਨ ਕਿ ਜੀਵ ਇਹਨਾਂ ਦੇ) ਉਕਸਾਏ ਹੋਏ ਸਦਾ ਦੁਨੀਆ ਦੇ ਝਗੜਿਆਂ ਵਿਚ ਹੀ ਪਏ ਰਹਿੰਦੇ ਹਨ।
ਹੇ ਪ੍ਰਭੂ! ਅਸੀਂ ਜੀਵ ਤੇਰੇ ਦਰ ਦੇ ਮੰਗਤੇ ਹਾਂ, ਸਾਨੂੰ ਇਹਨਾਂ ਤੋਂ ਬਚਾ ਲੈ, ਬਚਾ ਲੈ, ਅਸੀਂ ਤੇਰੀ ਸਰਨ ਆਏ ਹਾਂ ॥੧॥
ਹੇ ਪ੍ਰਭੂ! ਤੂੰ ਸਰਨ ਪਿਆਂ ਦੀ ਰੱਖਿਆ ਕਰਨ ਵਾਲਾ ਹੈਂ, ਹੇ ਹਰੀ! 'ਭਗਤੀ ਨਾਲ ਪਿਆਰ ਕਰਨ ਵਾਲਾ'-ਇਹ ਤੇਰਾ (ਪ੍ਰਸਿੱਧ) ਨਾਮ ਹੈ।
ਤੇਰੇ ਸੇਵਕ ਪ੍ਰਹਿਲਾਦ ਨੂੰ ਹਰਨਾਖਸ਼ ਨੇ ਫੜ ਲਿਆ, ਹੇ ਹਰੀ! ਤੂੰ ਉਸ ਦੀ ਰੱਖਿਆ ਕੀਤੀ, ਤੂੰ ਉਸ ਨੂੰ ਸੰਕਟ ਤੋਂ ਬਚਾਇਆ ॥੨॥
ਹੇ ਮਨ! ਉਸ ਪ੍ਰਭੂ ਦੇ ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰਨ ਲਈ ਸਦਾ ਉਸ ਨੂੰ ਯਾਦ ਕਰਿਆ ਕਰ, ਉਹ ਪਾਤਿਸ਼ਾਹ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ।
ਹੇ ਠਾਕੁਰ! ਹੇ ਹਰੀ! (ਅਸਾਂ ਜੀਵਾਂ ਦਾ) ਜਨਮ ਮਰਨ ਦੇ ਗੇੜ ਦਾ ਡਰ ਦੂਰ ਕਰ। ਗੁਰੂ ਦੀ ਮੱਤ ਤੇ ਤੁਰਿਆਂ ਉਹ ਪ੍ਰਭੂ ਮਿਲਦਾ ਹੈ ॥੩॥
ਹੇ ਸੁਆਮੀ! ਤੇਰਾ ਨਾਮ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ, ਤੂੰ (ਆਪਣੇ ਭਗਤਾਂ ਦਾ) ਹਰੇਕ ਡਰ ਦੂਰ ਕਰਨ ਵਾਲਾ ਹੈਂ।
ਹੇ ਦਾਸ ਨਾਨਕ! ਜਿਨ੍ਹਾਂ ਭਗਤਾਂ ਨੇ ਉਸ ਦੀ ਸਿਫ਼ਤ-ਸਾਲਾਹ ਕੀਤੀ ਹੈ, ਜਿਨ੍ਹਾਂ ਨੇ ਉਸ ਦੇ ਨਾਮ ਦਾ ਹਾਰ ਆਪਣੇ ਹਿਰਦੇ ਵਿਚ ਸਾਂਭਿਆ ਹੈ, ਉਹ ਉਸ ਦੇ ਨਾਮ ਵਿਚ ਹੀ ਸਦਾ ਲੀਨ ਰਹਿੰਦੇ ਹਨ ॥੪॥੧॥
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਿਆ ਕਰ, ਪਰਮਾਤਮਾ ਸਾਰੇ ਸੁਖ ਦੇਣ ਵਾਲਾ ਹੈ।
ਸਾਧ ਸੰਗਤ ਵਿਚ ਮਿਲ ਕੇ ਜਿਸ ਮਨੁੱਖ ਨੇ ਪ੍ਰਭੂ ਦੇ ਨਾਮ ਦਾ ਆਨੰਦ ਹਾਸਲ ਕੀਤਾ, ਉਸ ਨੇ ਗੁਰੂ ਦੀ ਰਾਹੀਂ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ॥੧॥ ਰਹਾਉ ॥
ਹੇ ਮਨ! ਕਿਸੇ ਵਡਭਾਗੀ ਨੇ ਹੀ ਗੁਰੂ ਦਰਸਨ ਪ੍ਰਾਪਤ ਕੀਤਾ ਹੈ, (ਕਿਉਂਕਿ) ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਨਾਲ ਸਾਂਝ ਬਣ ਜਾਂਦੀ ਹੈ।
ਜਿਹੜਾ ਮਨੁੱਖ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸਰੋਵਰ ਵਿਚ (ਸਾਧ ਸੰਗਤ ਵਿਚ ਆਤਮਕ) ਇਸ਼ਨਾਨ ਕਰਦਾ ਹੈ, ਉਸ ਦੇ ਅੰਦਰੋਂ ਭੈੜੀ ਮੱਤ ਦੀ ਸਾਰੀ ਮੈਲ ਨਿਕਲ ਜਾਂਦੀ ਹੈ ॥੧॥
ਹੇ ਮੇਰੇ ਮਨ! ਭਾਗਾਂ ਵਾਲੇ ਹਨ ਉਹ ਸੰਤ ਜਨ, ਜਿਨ੍ਹਾਂ ਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਹੈ। ਮੈਂ ਭੀ (ਜੇ ਪ੍ਰਭੂ ਦੀ ਮਿਹਰ ਹੋਵੇ ਤਾਂ) ਉਹਨਾਂ ਪਾਸੋਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਪੁੱਛਾਂ।
ਮੈਂ ਉਹਨਾਂ ਦੀ ਚਰਨੀਂ ਲੱਗਾਂ, ਮੈਂ ਨਿੱਤ ਉਹਨਾਂ ਅੱਗੇ ਅਰਜ਼ੋਈ ਕਰਾਂ ਕਿ ਮਿਹਰ ਕਰ ਕੇ ਮੈਨੂੰ ਸਿਰਜਣਹਾਰ ਪ੍ਰਭੂ ਦਾ ਮਿਲਾਪ ਕਰਾ ਦਿਉ ॥੨॥
ਹੇ ਮੇਰੇ ਮਨ! ਜਿਸ ਮਨੁੱਖ ਨੇ ਮੱਥੇ ਦੇ ਲਿਖੇ ਲੇਖਾਂ ਅਨੁਸਾਰ ਗੁਰੂ ਮਹਾਂ ਪੁਰਖ ਲੱਭ ਲਿਆ ਉਸ ਦਾ ਮਨ ਉਸ ਦਾ ਤਨ ਗੁਰੂ ਦੇ ਬਚਨਾਂ ਵਿਚ ਰੰਗਿਆ ਜਾਂਦਾ ਹੈ।
(ਗੁਰੂ ਦੀ ਰਾਹੀਂ ਜਿਸ ਨੂੰ) ਪਰਮਾਤਮਾ ਮਿਲ ਪੈਂਦਾ ਹੈ, ਉਸ ਨੂੰ ਆਤਮਕ ਆਨੰਦ ਮਿਲ ਜਾਂਦਾ ਹੈ, ਉਸ ਦੇ ਸਾਰੇ ਪਾਪ ਵਿਕਾਰ ਦੂਰ ਹੋ ਜਾਂਦੇ ਹਨ ॥੩॥
ਹੇ ਮਨ! ਗੁਰੂ ਦੀ ਮੱਤ ਲੈ ਕੇ ਜਿਨ੍ਹਾਂ ਮਨੁੱਖਾਂ ਨੇ ਸਭ ਤੋਂ ਸ੍ਰੇਸ਼ਟ ਨਾਮ-ਰਸ ਪ੍ਰਾਪਤ ਕਰ ਲਿਆ, ਉਹਨਾਂ ਦੀ (ਲੋਕ ਪਰਲੋਕ ਵਿਚ) ਬਹੁਤ ਸੋਭਾ ਹੁੰਦੀ ਹੈ;
ਉਹਨਾਂ ਦੇ ਚਰਨਾਂ ਦੀ ਧੂੜ ਵੱਡੇ ਭਾਗਾਂ ਨਾਲ ਮਿਲਦੀ ਹੈ। ਦਾਸ ਨਾਨਕ (ਭੀ ਉਹਨਾਂ ਦੀ) ਚਰਨੀਂ ਪੈਂਦਾ ਹੈ ॥੪॥੨॥