ਹਵਾ ਪਾਣੀ ਤੇ ਅੱਗ (ਆਦਿਕ ਤੱਤਾਂ ਦਾ ਮੇਲ ਮਿਲਾ ਕੇ ਤੇ ਜੀਵਾਤਮਾ ਪਾ ਕੇ ਪ੍ਰਭੂ ਨੇ) ਜੀਵ ਬਣਾਇਆ, (ਤੱਤ ਸਭ ਜੀਵਾਂ ਦੇ ਇਕੋ ਜਿਹੇ ਹਨ, ਪਰ ਅਚਰਜ ਖੇਡ ਹੈ ਕਿ) ਇਹਨਾਂ ਨੂੰ ਕਈਆਂ ਨੂੰ ਦੁੱਖ ਤੇ ਕਈਆਂ ਨੂੰ ਸੁਖ (ਮਿਲ ਰਹੇ ਹਨ)।
ਕਈ ਧਰਤੀ ਤੇ ਹਨ (ਭਾਵ, ਸਾਧਾਰਨ ਜਿਹੀ ਹਾਲਤ ਵਿਚ ਹਨ) ਕਈ (ਮਾਨੋ) ਪਤਾਲ ਵਿਚ ਪਏ ਹਨ (ਭਾਵ, ਕਈ ਨਿੱਘਰੇ ਹੋਏ ਹਨ) ਕਈ (ਮਾਨੋ) ਅਕਾਸ਼ ਵਿਚ ਹਨ (ਭਾਵ, ਕਈ ਹੁਕਮ ਕਰ ਰਹੇ ਹਨ), ਤੇ ਕਈ (ਰਾਜਿਆਂ ਦੇ) ਦਰਬਾਰ ਵਿਚ ਵਜ਼ੀਰ ਬਣੇ ਹੋਏ ਹਨ।
ਕਈ ਬੰਦਿਆਂ ਦੀ ਵੱਡੀ ਉਮਰ ਹੈ, ਕਈ (ਘਟ ਉਮਰੇ) ਮਰ ਕੇ ਦੁਖੀ ਹੁੰਦੇ ਹਨ।
ਕਈ ਬੰਦੇ (ਹੋਰਨਾਂ ਨੂੰ ਭੀ) ਦੇ ਕੇ ਆਪ ਹੀ ਵਰਤਦੇ ਹਨ (ਪਰ ਉਹਨਾਂ ਦਾ ਧਨ) ਮੁੱਕਦਾ ਨਹੀਂ, ਕਈ ਸਦਾ ਕੰਗਾਲ ਫਿਰਦੇ ਹਨ।
ਪ੍ਰਭੂ ਆਪਣੇ ਹੁਕਮ ਅਨੁਸਾਰ ਇਕ ਪਲਕ ਵਿਚ ਲੱਖਾਂ ਜੀਵ ਪੈਦਾ ਕਰਦਾ ਹੈ ਲੱਖਾਂ ਨਾਸ ਕਰਦਾ ਹੈ,
ਹਰੇਕ ਜੀਵ (ਆਪਣੇ ਕੀਤੇ ਕਰਮਾਂ ਅਨੁਸਾਰ ਰਜ਼ਾ-ਰੂਪ) ਨੱਥ ਵਿਚ ਜਕੜਿਆ ਪਿਆ ਹੈ। ਜਿਸ ਉਤੇ ਬਖ਼ਸ਼ਸ਼ ਕਰਦਾ ਹੈ ਉਸ ਦੇ ਬੰਧਨ ਤੋੜਦਾ ਹੈ।
ਪਰ ਪ੍ਰਭੂ ਆਪ ਕਰਮਾਂ ਦੇ ਲੇਖੇ ਤੋਂ ਉਤਾਂਹ ਹੈ, ਉਸ ਦਾ ਕੋਈ ਰੰਗ ਰੂਪ ਨਹੀਂ ਹੈ ਤੇ ਕੋਈ ਚਿਹਨ ਚੱਕ੍ਰ ਨਹੀਂ ਹੈ।
ਉਸ ਦੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ; ਉਂਞ ਉਹ ਹਰ ਥਾਂ ਹੋਂਦ ਵਾਲਾ ਦਿੱਸਦਾ ਹੈ।
ਹੇ ਨਾਨਕ! ਜੀਵ ਜੋ ਕੁਝ ਕਰ ਰਹੇ ਹਨ ਤੇ ਬੋਲ ਰਹੇ ਹਨ ਉਹ ਸਭ ਪ੍ਰਭੂ ਦੀ ਪਾਈ ਹੋਈ ਕਾਰ ਹੀ ਹੈ, ਤੇ ਉਹ ਆਪ ਐਸਾ ਹੈ ਜਿਸ ਦਾ ਬਿਆਨ ਨਹੀਂ ਹੋ ਸਕਦਾ।
ਜਿਹੜਾ ਮਨੁੱਖ ਉਸ ਅਕੱਥ ਪ੍ਰਭੂ ਦੀਆਂ ਗੱਲਾਂ ਸੁਣਦਾ ਹੈ (ਭਾਵ, ਗੁਣ ਗਾਂਦਾ ਹੈ)
ਉਸ ਨੂੰ ਉੱਚੀ ਸਮਝ ਪ੍ਰਾਪਤ ਹੁੰਦੀ ਹੈ ਉਸ ਨੂੰ ਸੁਖ ਮਿਲਦਾ ਹੈ (ਮਾਨੋ) ਉਸ ਨੂੰ ਰਿੱਧੀਆਂ ਸਿੱਧੀਆਂ ਮਿਲ ਗਈਆਂ ਹਨ ॥੧॥
ਜਦੋਂ ਮਨੁੱਖ ਮਨ ਦੀ ਉਸ ਅਵਸਥਾ ਤੇ ਕਾਬੂ ਪਾ ਲੈਂਦਾ ਹੈ ਜਿਸ ਤੇ ਕਾਬੂ ਪਾਣਾ ਔਖਾ ਹੁੰਦਾ ਹੈ (ਭਾਵ, ਜਦੋਂ ਮਨੁੱਖ ਮਨ ਨੂੰ ਵਿਕਾਰਾਂ ਵਿਚ ਡਿੱਗਣ ਤੋਂ ਰੋਕ ਲੈਂਦਾ ਹੈ), ਤਾਂ ਇਸ ਦੇ ਨੌ ਹੀ (ਕਰਮ ਤੇ ਗਿਆਨ) ਇੰਦ੍ਰੇ ਜਾਇਜ਼ ਹੱਦ ਵਿਚ ਰਹਿੰਦੇ ਹਨ,
ਜਦੋਂ ਮਨੁੱਖ ਸੁਆਸ ਸੁਆਸ ਪ੍ਰਭੂ ਨੂੰ ਸਿਮਰਦਾ ਹੈ, ਇਸ ਦਾ ਸਰੀਰ ਵਿਕਾਰਾਂ ਵਲੋਂ ਅਡੋਲ ਹੋ ਜਾਂਦਾ ਹੈ।
ਕਿੱਥੋਂ ਆਇਆ ਹੈ ਤੇ ਕਿੱਥੇ ਇਸ ਨੇ ਜਾਣਾ ਹੈ? (ਭਾਵ, ਇਸ ਦਾ 'ਜਨਮ ਮਰਨ ਦਾ ਚੱਕਰ' ਮਿਟ ਜਾਂਦਾ ਹੈ),
ਜੀਵਤ-ਭਾਵ (ਭਾਵ, ਨਫ਼ਸਾਨੀ ਖ਼ਾਹਸ਼ਾਂ) ਤੋਂ ਮਰ ਕੇ (ਪ੍ਰਭੂ ਦਰ ਤੇ) ਪ੍ਰਵਾਨ ਹੋ ਜਾਂਦਾ ਹੈ।
ਤਦੋਂ ਜੀਵ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਅਸਲੀਅਤ ਨੂੰ ਪਛਾਣ ਲੈਂਦਾ ਹੈ-
ਇਹ ਮਿਹਰ ਇਸ ਨੂੰ ਗੁਰੂ ਤੋਂ ਮਿਲਦੀ ਹੈ।
ਹੇ ਨਾਨਕ! ਇਹ ਸਮਝ ਲੈ ਕਿ ਉਹੀ ਫਸਦਾ ਹੈ ਜੋ ਕਹਿੰਦਾ ਹੈ 'ਮੈਂ ਹਾਂ' 'ਮੈਂ ਹਾਂ',
ਜਿਥੇ 'ਹਉ' ਨਹੀਂ ਜਿਥੇ 'ਮੈਂ' ਨਹੀਂ, ਓਥੇ ਜੂਨੀਆਂ ਵਿਚ ਪੈਣ (ਦਾ ਦੁੱਖ ਭੀ) ਨਹੀਂ ਹੈ ॥੨॥
ਪ੍ਰਭੂ ਦਾ 'ਨਾਮ' ਪੜ੍ਹਨਾ ਚਾਹੀਦਾ ਹੈ, ਸਿਫ਼ਤ-ਸਾਲਾਹ ਪੜ੍ਹਨੀ ਚਾਹੀਦੀ ਹੈ, 'ਨਾਮ' ਤੋਂ ਬਿਨਾ ਹੋਰ ਅਕਲਾਂ ਵਿਅਰਥ ਹਨ;
('ਨਾਮ' ਹੀ ਸੱਚਾ ਵਪਾਰ ਹੈ, ਇਸ) ਸੱਚੇ ਵਪਾਰ ਤੋਂ ਬਿਨਾ ਜੀਵਨ ਅਜਾਈਂ ਜਾਂਦਾ ਹੈ।
(ਇਹਨਾਂ ਹੋਰ ਹੋਰ ਕਿਸਮਾਂ ਦੀਆਂ ਅਕਲਾਂ ਤੇ ਚਤੁਰਾਈਆਂ ਨਾਲ) ਕਦੇ ਕਿਸੇ ਨੇ ਪ੍ਰਭੂ ਦਾ ਅੰਤ ਨਹੀਂ ਪਾਇਆ, ਉਸਦਾ ਪਾਰਲਾ ਉਰਲਾ ਬੰਨਾ ਨਹੀਂ ਲੱਭਾ,
(ਹਾਂ, ਇਹਨਾਂ ਅਕਲਾਂ ਦੇ ਕਾਰਨ) ਸਾਰਾ ਜਗਤ ਅਹੰਕਾਰ ਵਿਚ ਅੰਨ੍ਹਾ ਹੋ ਜਾਂਦਾ ਹੈ, ਇਹਨਾਂ (ਨਾਮ-ਹੀਣ ਵਿਦਵਾਨਾਂ) ਨੂੰ 'ਸਚੁ' (ਭਾਵ, 'ਨਾਮ' ਸਿਮਰਨਾ) ਚੰਗਾ ਨਹੀਂ ਲੱਗਦਾ।
(ਜਿਉਂ ਜਿਉਂ) ਇਹ ਨਾਮ ਵਿਸਾਰ ਕੇ ਤੁਰਦੇ ਹਨ ('ਹਉਮੈ' ਦੇ ਕਾਰਨ, ਮਾਨੋ,) ਕੜਾਹੇ ਵਿਚ ਤਲੀਦੇ ਹਨ।
(ਇਹਨਾਂ ਦੇ ਹਿਰਦੇ ਵਿਚ ਪੈਦਾ ਹੋਈ ਹੋਈ) ਦੁਬਿਧਾ, ਮਾਨੋ, ਬਲਦੀ ਵਿਚ ਤੇਲ ਪਾਇਆ ਜਾਂਦਾ ਹੈ (ਭਾਵ, 'ਦੁਬਿਧਾ' ਦੇ ਕਾਰਨ ਵਿੱਦਿਆ ਤੋਂ ਪੈਦਾ ਹੋਇਆ ਅਹੰਕਾਰ ਹੋਰ ਵਧੀਕ ਦੁਖੀ ਕਰਦਾ ਹੈ)।
(ਅਜੇਹਾ ਬੰਦਾ ਜਗਤ ਵਿਚ) ਆਉਂਦਾ ਹੈ ਤੇ ਮਰ ਜਾਂਦਾ ਹੈ (ਭਾਵ, ਵਿਅਰਥ ਜੀਵਨ ਗੁਜ਼ਾਰ ਜਾਂਦਾ ਹੈ, ਤੇ ਸਾਰੀ ਉਮਰ) ਅਵੈੜਾ ਹੀ ਭੌਂਦਾ ਫਿਰਦਾ ਹੈ।
ਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਉਸ ਬੰਦੇ ਦਾ ਮੇਲ ਹੁੰਦਾ ਹੈ ਜੋ ਉਸ ਸੱਚੇ (ਦੇ ਪਿਆਰ) ਵਿਚ ਰੰਗਿਆ ਹੁੰਦਾ ਹੈ ॥੨੪॥
ਸਭ ਤੋਂ ਪਹਿਲਾਂ ਮਾਸ (ਭਾਵ, ਪਿਤਾ ਦੇ ਵੀਰਜ) ਤੋਂ ਹੀ (ਜੀਵ ਦੀ ਹਸਤੀ ਦਾ) ਮੁੱਢ ਬੱਝਦਾ ਹੈ, (ਫਿਰ) ਮਾਸ (ਭਾਵ, ਮਾਂ ਦੇ ਪੇਟ) ਵਿਚ ਹੀ ਇਸ ਦਾ ਵਸੇਬਾ ਹੁੰਦਾ ਹੈ;
ਜਦੋਂ (ਪੁਤਲੇ ਵਿਚ) ਜਾਨ ਪੈਂਦੀ ਹੈ ਤਾਂ ਵੀ (ਜੀਭ-ਰੂਪ) ਮਾਸ ਮੂੰਹ ਵਿਚ ਮਿਲਦਾ ਹੈ (ਇਸ ਦੇ ਸਰੀਰ ਦੀ ਸਾਰੀ ਹੀ ਘਾੜਤ) ਹੱਡ ਚੰਮ ਸਰੀਰ ਸਭ ਕੁਝ ਮਾਸ (ਹੀ ਬਣਦਾ ਹੈ)।
ਜਦੋਂ (ਮਾਂ ਦੇ ਪੇਟ-ਰੂਪ) ਮਾਸ ਵਿਚੋਂ ਬਾਹਰ ਭੇਜਿਆ ਜਾਂਦਾ ਹੈ ਤਾਂ ਭੀ ਮੰਮਾ (-ਰੂਪ) ਮਾਸ ਖ਼ੁਰਾਕ ਮਿਲਦੀ ਹੈ;
ਇਸ ਦਾ ਮੂੰਹ ਭੀ ਮਾਸ ਦਾ ਹੈ ਜੀਭ ਭੀ ਮਾਸ ਦੀ ਹੈ, ਮਾਸ ਵਿਚ ਸਾਹ ਲੈਂਦਾ ਹੈ।
ਜਦੋਂ ਜੁਆਨ ਹੁੰਦਾ ਹੈ ਤੇ ਵਿਆਹਿਆ ਜਾਂਦਾ ਹੈ ਤਾਂ ਭੀ (ਇਸਤ੍ਰੀ-ਰੂਪ) ਮਾਸ ਹੀ ਘਰ ਲੈ ਆਉਂਦਾ ਹੈ;
(ਫਿਰ) ਮਾਸ ਤੋਂ ਹੀ (ਬੱਚਾ-ਰੂਪ) ਮਾਸ ਜੰਮਦਾ ਹੈ; (ਸੋ, ਜਗਤ ਦਾ ਸਾਰਾ) ਸਾਕ-ਸੰਬੰਧ ਮਾਸ ਤੋਂ ਹੀ ਹੈ।
(ਮਾਸ ਖਾਣ ਜਾਂ ਨਾਹ ਖਾਣ ਦਾ ਨਿਰਨਾ ਸਮਝਣ ਦੇ ਥਾਂ) ਜੇ ਸਤਿਗੁਰੂ ਮਿਲ ਪਏ ਤੇ ਪ੍ਰਭੂ ਦੀ ਰਜ਼ਾ ਸਮਝੀਏ ਤਾਂ ਜੀਵ (ਦਾ ਜਗਤ ਵਿਚ ਆਉਣਾ) ਨੇਪਰੇ ਚੜ੍ਹਦਾ ਹੈ,
(ਨਹੀਂ ਤਾਂ ਜੀਵ ਨੂੰ ਮਾਸ ਨਾਲ ਜੰਮਣ ਤੋਂ ਲੈ ਕੇ ਮਰਨ ਤਕ ਇਤਨਾ ਡੂੰਘਾ ਵਾਸਤਾ ਪੈਂਦਾ ਹੈ ਕਿ) ਆਪਣੇ ਜ਼ੋਰ ਨਾਲ ਇਸ ਤੋਂ ਬਚਿਆਂ ਖ਼ਲਾਸੀ ਨਹੀਂ ਹੁੰਦੀ; ਤੇ, ਹੇ ਨਾਨਕ! (ਇਸ ਕਿਸਮ ਦੀ) ਚਰਚਾ ਨਾਲ (ਨਿਰੀ) ਹਾਨੀ ਹੀ ਹੁੰਦੀ ਹੈ ॥੧॥
(ਆਪਣੇ ਵਲੋਂ ਮਾਸ ਦਾ ਤਿਆਗੀ) ਮੂਰਖ (ਪੰਡਿਤ) ਮਾਸ ਮਾਸ ਆਖ ਕੇ ਚਰਚਾ ਕਰਦਾ ਹੈ, ਪਰ ਨਾਹ ਇਸ ਨੂੰ ਆਤਮਕ ਜੀਵਨ ਦੀ ਸਮਝ ਨਾਹ ਇਸ ਨੂੰ ਸੁਰਤ ਹੈ,
(ਨਹੀਂ ਤਾਂ ਇਹ ਗਹੁ ਨਾਲ ਵਿਚਾਰੇ ਕਿ) ਮਾਸ ਤੇ ਸਾਗ ਵਿਚ ਕੀਹ ਫ਼ਰਕ ਹੈ, ਤੇ ਕਿਸ (ਦੇ ਖਾਣ) ਵਿਚ ਪਾਪ ਹੈ।
(ਪੁਰਾਣੇ ਸਮੇ ਵਿਚ ਭੀ, ਲੋਕ) ਦੇਵਤਿਆਂ ਦੇ ਸੁਭਾਉ ਅਨੁਸਾਰ (ਭਾਵ, ਦੇਵਤਿਆਂ ਨੂੰ ਖ਼ੁਸ਼ ਕਰਨ ਲਈ) ਗੈਂਡਾ ਮਾਰ ਕੇ ਹੋਮ ਤੇ ਜੱਗ ਕਰਦੇ ਸਨ।
ਜੋ ਮਨੁੱਖ (ਆਪਣੇ ਵਲੋਂ) ਮਾਸ ਤਿਆਗ ਕੇ (ਜਦ ਕਦੇ ਕਿਤੇ ਮਾਸ ਵੇਖਣ ਤਾਂ) ਬੈਠ ਕੇ ਆਪਣਾ ਨੱਕ ਬੰਦ ਕਰ ਲੈਂਦੇ ਹਨ (ਕਿ ਮਾਸ ਦੀ ਬੋ ਆ ਗਈ ਹੈ) ਉਹ ਰਾਤ ਨੂੰ ਮਨੁੱਖ ਨੂੰ ਖਾਂ ਜਾਂਦੇ ਹਨ (ਭਾਵ, ਲੁਕ ਕੇ ਮਨੁੱਖਾਂ ਦਾ ਲਹੂ ਪੀਣ ਦੇ ਮਨਸੂਬੇ ਬੰਨ੍ਹਦੇ ਹਨ);
(ਮਾਸ ਨਾਹ ਖਾਣ ਦਾ ਇਹ) ਪਖੰਡ ਕਰਕੇ ਲੋਕਾਂ ਨੂੰ ਵਿਖਾਂਦੇ ਹਨ, ਉਂਞ ਇਹਨਾਂ ਨੂੰ ਆਪ ਨਾਹ ਸਮਝ ਹੈ ਨਾਹ ਸੁਰਤ ਹੈ।
ਪਰ, ਹੇ ਨਾਨਕ! ਕਿਸੇ ਅੰਨ੍ਹੇ ਮਨੁੱਖ ਨੂੰ ਸਮਝਾਣ ਦਾ ਕੋਈ ਲਾਭ ਨਹੀਂ, (ਜੇ ਕੋਈ ਇਸ ਨੂੰ) ਸਮਝਾਵੇ (ਭੀ), ਤਾਂ ਭੀ ਇਹ ਸਮਝਾਇਆ ਸਮਝਦਾ ਨਹੀਂ ਹੈ।
(ਜੇ ਕਹੋ ਅੰਨ੍ਹਾ ਕੌਣ ਹੈ ਤਾਂ) ਅੰਨ੍ਹਾ ਉਹ ਹੈ ਜੋ ਅੰਨ੍ਹਿਆਂ ਵਾਲਾ ਕੰਮ ਕਰਦਾ ਹੈ, ਜਿਸ ਦੇ ਦਿਲ ਵਿਚ ਉਹ ਅੱਖਾਂ ਨਹੀਂ ਹਨ (ਭਾਵ, ਜੋ ਸਮਝ ਤੋਂ ਸੱਖਣਾ ਹੈ),
(ਨਹੀਂ ਤਾਂ ਸੋਚਣ ਵਾਲੀ ਗੱਲ ਹੈ ਕਿ ਆਪ ਭੀ ਤਾਂ) ਮਾਂ ਤੇ ਪਿਉ ਦੀ ਰੱਤ ਤੋਂ ਹੀ ਹੋਏ ਹਨ ਤੇ ਮੱਛੀ (ਆਦਿਕ) ਦੇ ਮਾਸ ਤੋਂ ਪਰਹੇਜ਼ ਕਰਦੇ ਹਨ (ਭਾਵ, ਮਾਸ ਤੋਂ ਹੀ ਪੈਦਾ ਹੋ ਕੇ ਮਾਸ ਤੋਂ ਪਰਹੇਜ਼ ਕਰਨ ਦਾ ਕੀਹ ਭਾਵ? ਪਹਿਲਾਂ ਭੀ ਤਾਂ ਮਾਂ ਪਿਉ ਦੇ ਮਾਸ ਤੋਂ ਹੀ ਸਰੀਰ ਪਲਿਆ ਹੈ)।