ਹੇ ਮੇਰੀ ਸੋਹਣੀ ਜਿੰਦੇ! ਨਾਨਕ ਨੇ ਉਸ ਪੂਰੇ ਗੁਰੂ ਦੀ ਸਰਨ ਲਈ ਹੈ ਜਿਸ ਨੇ ਸਾਰੇ (ਕੁਪੱਤੇ ਦੁਸ਼ਟ, ਸਰਨ ਆਏ ਮਨੁੱਖ ਦੇ) ਪੈਰਾਂ ਵਿਚ ਲਿਆ ਕੇ ਰੱਖ ਦਿੱਤੇ ਹਨ ॥੩॥
ਹੇ ਮੇਰੀ ਸੋਹਣੀ ਜਿੰਦੇ! ਸਦਾ ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਨੀ ਚਾਹੀਦੀ ਹੈ ਜੇਹੜਾ ਸਭ ਤੋਂ ਵੱਡਾ ਮਾਲਕ ਹੈ।
ਹੇ ਮੇਰੀ ਸੋਹਣੀ ਜਿੰਦੇ! ਜਿਨ੍ਹਾਂ ਮਨੁੱਖਾਂ ਨੇ ਸੁਰਤਿ ਜੋੜ ਕੇ ਇਕ ਪਰਮਾਤਮਾ ਦਾ ਸਿਮਰਨ ਕੀਤਾ ਉਹਨਾਂ ਨੂੰ ਕਿਸੇ ਦੀ ਕੋਈ ਮੁਥਾਜੀ ਨਹੀਂ ਰਹਿ ਜਾਂਦੀ।
ਹੇ ਮੇਰੀ ਸੋਹਣੀ ਜਿੰਦੇ! ਗੁਰੂ ਦੀ ਸਰਨ ਪਿਆਂ ਪਰਮਾਤਮਾ ਦਾ ਦਰ ਪ੍ਰਾਪਤ ਹੋ ਜਾਂਦਾ ਹੈ, (ਫਿਰ) ਸਾਰੇ ਹੀ ਚਾਲਾਕ ਨਿੰਦਕ ਪਏ ਜ਼ੋਰ ਲਾਣ (ਉਸ ਦਾ ਕੁਝ ਵਿਗਾੜ ਨਹੀਂ ਸਕਦੇ)।
ਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! (ਉਹਨਾਂ ਮਨੁੱਖਾਂ ਨੇ ਹੀ) ਪਰਮਾਤਮਾ ਦਾ ਨਾਮ ਸਿਮਰਿਆ ਹੈ (ਜਿਨ੍ਹਾਂ ਦੇ) ਮੱਥੇ ਉੱਤੇ ਪਰਮਾਤਮਾ ਨੇ ਧੁਰ ਦਰਗਾਹ ਤੋਂ (ਸਿਮਰਨ ਦਾ) ਲੇਖ ਲਿਖ ਰੱਖਿਆ ਹੈ ॥੪॥੫॥
ਹੇ ਮੇਰੇ ਹਰੀ! ਹੇ ਮੇਰੇ ਪ੍ਰਭੂ (ਸ੍ਰਿਸ਼ਟੀ ਦੇ) ਸਾਰੇ ਜੀਵ ਤੇਰੇ (ਹੀ ਪੈਦਾ ਕੀਤੇ ਹੋਏ) ਹਨ, ਤੂੰ (ਸਭ ਜੀਵਾਂ ਵਿਚ) ਮੌਜੂਦ ਹੈਂ, ਜੋ ਕੁਝ (ਜੀਵਾਂ ਦੇ) ਜੀ ਵਿਚ ਚਿਤਾਰਿਆ ਜਾਂਦਾ ਹੈ ਤੂੰ (ਉਹ ਸਭ ਕੁਝ) ਜਾਣਦਾ ਹੈਂ।
ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਸਾਡੇ ਅੰਦਰ ਬਾਹਰ (ਹਰ ਥਾਂ ਸਾਡੇ) ਨਾਲ ਹੈ, ਜੋ ਕੁਝ ਸਾਡੇ ਮਨ ਵਿਚ ਹੁੰਦਾ ਹੈ ਉਹ ਸਭ ਵੇਖਦਾ ਹੈ, (ਪਰ ਫਿਰ ਭੀ) ਮੁਕਰ ਜਾਈਦਾ ਹੈ।
ਹੇ ਮੇਰੀ ਸੋਹਣੀ ਜਿੰਦੇ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੂੰ ਪਰਮਾਤਮਾ ਕਿਤੇ ਦੂਰ ਵੱਸਦਾ ਜਾਪਦਾ ਹੈ, ਉਹਨਾਂ ਦੀ ਕੀਤੀ ਹੋਈ ਮੇਹਨਤ ਵਿਅਰਥ ਚਲੀ ਜਾਂਦੀ ਹੈ।
ਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ ਉਹਨਾਂ ਨੂੰ ਪਰਮਾਤਮਾ ਹਰ ਥਾਂ ਵੱਸਦਾ ਦਿੱਸਦਾ ਹੈ ॥੧॥
ਹੇ ਮੇਰੀ ਸੋਹਣੀ ਜਿੰਦੇ! ਉਹ ਮਨੁੱਖ (ਅਸਲ) ਭਗਤ ਹਨ (ਅਸਲ) ਸੇਵਕ ਹਨ ਜੋ ਪਿਆਰੇ ਪਰਮਾਤਮਾ ਦੇ ਮਨ ਵਿਚ ਚੰਗੇ ਲੱਗਦੇ ਹਨ।
ਹੇ ਮੇਰੀ ਸੋਹਣੀ ਜਿੰਦੇ! ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਸਤਕਾਰੇ ਜਾਂਦੇ ਹਨ, ਉਹ ਦਿਨ ਰਾਤ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦੇ ਹਨ।
ਹੇ ਮੇਰੀ ਸੋਹਣੀ ਜਿੰਦੇ! ਉਹਨਾਂ ਦੀ ਸੰਗਤ ਵਿਚ ਰਿਹਾਂ (ਮਨ ਤੋਂ ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ ਉਹ ਸਦਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ। ਉਹਨਾਂ ਦੇ ਮੱਥੇ ਉੱਤੇ ਪ੍ਰਭੂ ਦੀ ਮੇਹਰ ਦੀ ਨਿਗਾਹ ਦਾ ਨਿਸ਼ਾਨ ਹੁੰਦਾ ਹੈ।
ਹੇ ਮੇਰੀ ਸੋਹਣੀ ਜਿੰਦੇ! ਹੇ ਪ੍ਰਭੂ! ਨਾਨਕ ਦੀ ਇਹ ਅਰਜ਼ੋਈ ਹੈ (ਕਿ ਨਾਨਕ) ਗੁਰੂ ਦੀ ਸੰਗਤ ਵਿਚ ਰਹੇ, ਇੰਜ (ਮਾਇਆ ਦੀ ਤ੍ਰਿਸਨਾ ਵਲੋਂ) ਰੱਜੇ ਰਹੀਦਾ ਹੈ ॥੨॥
ਹੇ ਮੇਰੀ ਸੋਹਣੀ ਜਿੰਦੇ! ਹੇ ਮੇਰੀ ਜੀਭ! ਪਰਮਾਤਮਾ ਦਾ ਨਾਮ ਜਪਿਆ ਕਰ, ਹਰਿ-ਨਾਮ ਜਪ ਜਪ ਕੇ ਮਾਇਆ ਦਾ ਲਾਲਚ ਦੂਰ ਹੋ ਜਾਂਦਾ ਹੈ।
ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾ ਕਰਦਾ ਹੈ, ਉਸ ਦੇ ਮਨ ਵਿਚ ਆਪਣਾ ਨਾਮ ਵਸਾ ਦੇਂਦਾ ਹੈ,
ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹ ਪ੍ਰਭੂ ਦਾ ਨਾਮ-ਧਨ ਨਾਮ-ਖ਼ਜ਼ਾਨਾ ਲੱਭ ਲੈਂਦਾ ਹੈ।
ਹੇ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਨੂੰ ਵੱਡੇ ਭਾਗਾਂ ਨਾਲ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ ਉਹ (ਸਦਾ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ ॥੩॥
ਹੇ ਮੇਰੀ ਸੋਹਣੀ ਜਿੰਦੇ! ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਪ੍ਰਭੂ ਪਰਮਾਤਮਾ ਹਰੇਕ ਥਾਂ ਤੇ ਹਰ ਸਰੀਰ ਵਿਚ ਵੱਸ ਰਿਹਾ ਹੈ।
ਹੇ ਮੇਰੀ ਸੋਹਣੀ ਜਿੰਦੇ! ਉਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਤੇ ਉਹ ਪੂਰੇ ਗੁਣਾ ਦਾ ਮਾਲਕ ਸਭ ਨੂੰ ਪੈਦਾ ਕਰਨ ਵਾਲਾ ਹੈ।
ਹੇ ਮੇਰੀ ਸੋਹਣੀ ਜਿੰਦੇ! ਉਹ ਸਾਰੇ ਜੀਆਂ ਦੀ ਦੇਖ-ਭਾਲ ਕਰਦਾ ਹੈ ਜਿਵੇਂ ਮਾਪੇ ਆਪਣੇ ਬੱਚਿਆਂ ਨੂੰ ਪਾਲਦੇ ਹਨ।
ਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਹਜ਼ਾਰਾਂ ਚਤੁਰਾਈਆਂ ਨਾਲ ਉਹ ਪਰਮਾਤਮਾ ਨਹੀਂ ਮਿਲ ਸਕਦਾ, ਗੁਰੂ ਦੀ ਸਰਨ ਪਿਆਂ ਉਸ ਨਾਲ ਡੂੰਘੀ ਸਾਂਝ ਪੈ ਜਾਂਦੀ ਹੈ ॥੪॥੬॥ ਛੇ ਪਦਾਂ ਦਾ 1 ਜੋੜ।
ਰਾਗ ਬੇਹਾਗੜਾ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਮੇਰੇ ਪਿਆਰੇ! ਮੈਂ ਪਰਮਾਤਮਾ ਦਾ ਇਕ ਅਚਰਜ ਤਮਾਸ਼ਾ ਵੇਖਿਆ ਹੈ ਕਿ ਉਹ ਜੋ ਕੁਝ ਕਰਦਾ ਹੈ ਧਰਮ ਅਨੁਸਾਰ ਕਰਦਾ ਹੈ, ਨਿਆਂ ਅਨੁਸਾਰ ਕਰਦਾ ਹੈ।
ਹੇ ਮੇਰੇ ਪਿਆਰੇ! (ਇਹ ਜਗਤ) ਉਸ ਪਰਮਾਤਮਾ ਨੇ ਇਕ ਪਿੜ ਬਣਾ ਦਿੱਤਾ ਹੈ, ਇਕ ਰੰਗ-ਭੂਮੀ ਰਚ ਦਿੱਤੀ ਹੈ ਜਿਸ ਵਿਚ ਜੀਵਾਂ ਲਈ ਜੰਮਣਾ ਮਰਨਾ ਭੀ ਨਿਯਤ ਕਰ ਦਿੱਤਾ ਹੈ।