ਉਹਨਾਂ ਦਾ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ ਉਹਨਾਂ ਦਾ ਸਰੀਰ ਭੀ ਸਫਲ ਹੋ ਜਾਂਦਾ ਹੈ ਕਿਉਂਕਿ ਉਹਨਾਂ ਦੇ ਸਰੀਰ ਵਿਚ ਪਰਮਾਤਮਾ ਦਾ ਨਾਮ ਚਮਕ ਪੈਂਦਾ ਹੈ।
ਹੇ ਨਾਨਕ! ਤੂੰ ਭੀ ਸਦਾ ਦਿਨ ਰਾਤ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਰਹੁ! ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ ਨਾਮ ਸਿਮਰਿਆਂ) ਪਰਮਾਤਮਾ ਦੇ ਚਰਨਾਂ ਵਿਚ ਥਾਂ ਮਿਲੀ ਰਹਿੰਦੀ ਹੈ ॥੬॥
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਨ ਵਿਚ ਨਿਸ਼ਚਾ ਪੱਕਾ ਕਰ ਲਿਆ, ਉਹ (ਹਰਿ-ਨਾਮ ਦਾ ਪਿਆਰ ਛੱਡ ਕੇ) ਕਿਸੇ ਹੋਰ ਪਦਾਰਥ ਵਿਚ ਆਪਣਾ ਚਿੱਤ ਨਹੀਂ ਜੋੜਦੇ।
ਜੇ ਸਾਰੀ ਧਰਤੀ ਸੋਨਾ ਬਣਾ ਕੇ ਉਹਨਾਂ ਦੇ ਅੱਗੇ ਰੱਖ ਦੇਈਏ, ਤਾਂ ਭੀ ਪਰਮਾਤਮਾ ਦੇ ਨਾਮ ਤੋਂ ਛੁਟ ਹੋਰ ਕੋਈ ਪਦਾਰਥ ਉਹਨਾਂ ਨੂੰ ਪਿਆਰਾ ਨਹੀਂ ਲੱਗਦਾ।
ਉਹਨਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ (ਨਾਮ ਦੀ ਬਰਕਤਿ ਨਾਲ) ਉਹ ਸਭ ਤੋਂ ਸ੍ਰੇਸ਼ਟ ਆਤਮਕ ਆਨੰਦ ਮਾਣਦੇ ਹਨ, ਅਖ਼ੀਰ ਵੇਲੇ ਦੁਨੀਆ ਤੋਂ ਤੁਰਨ ਲੱਗਿਆਂ ਭੀ ਇਹ ਹਰਿ-ਨਾਮ ਉਹਨਾਂ ਦੇ ਨਾਲ ਸਾਥੀ ਬਣਦਾ ਹੈ।
ਉਹ ਸਦਾ ਪਰਮਾਤਮਾ ਦਾ ਨਾਮ-ਧਨ ਨਾਮ-ਸਰਮਾਇਆ ਇਕੱਠਾ ਕਰਦੇ ਰਹਿੰਦੇ ਹਨ, ਇਹ ਧਨ ਇਹ ਸਰਮਾਇਆ ਨਾਹ ਪਾਣੀ ਵਿਚ ਡੁੱਬਦਾ ਹੈ ਨਾਹ ਗਵਾਚਦਾ ਹੈ।
(ਸੰਸਾਰ-ਨਦੀ ਤੋਂ ਪਾਰ ਲੰਘਣ ਲਈ) ਪਰਮਾਤਮਾ ਦਾ ਨਾਮ ਇਸ ਜਗਤ ਵਿਚ (ਮਾਨੋ) ਤੁਲਹਾ ਹੈ, ਜਿਸ ਰਾਹੀਂ (ਜੇਹੜਾ ਮਨੁੱਖ ਨਾਮ ਸਿਮਰਦਾ ਰਹਿੰਦਾ ਹੈ) ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕਦੀ।
ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ, ਪਰਮਾਤਮਾ ਮੇਹਰ ਕਰ ਕੇ ਆਪ ਉਸ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੭॥
ਪਰਮਾਤਮਾ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ ਪਰਮਾਤਮਾ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਉਸ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ।
(ਪਰ) ਉਹੀ (ਮਨੁੱਖ) ਸੇਵਕ (ਬਣ ਕੇ) ਗੁਰੂ ਦੀ ਦੱਸੀ ਸੇਵਾ ਵਿਚ ਰੁੱਝਦਾ ਹੈ ਜਿਸ ਨੇ ਆਪਣਾ ਮਨ ਆਪਣਾ ਤਨ ਭੇਟਾ ਕਰ ਕੇ ਚੜ੍ਹਾਵੇ ਦੇ ਤੌਰ ਤੇ (ਗੁਰੂ ਅੱਗੇ) ਰੱਖ ਦਿੱਤਾ ਹੈ।
ਜਿਸ ਮਨੁੱਖ ਨੇ ਆਪਣਾ ਮਨ ਆਪਣਾ ਤਨ ਗੁਰੂ ਦੇ ਹਵਾਲੇ ਕਰ ਦਿੱਤਾ, ਉਸ ਦੇ ਮਨ ਵਿਚ ਗੁਰੂ ਵਾਸਤੇ ਬਹੁਤ ਸਰਧਾ ਪੈਦਾ ਹੋ ਜਾਂਦੀ ਹੈ (ਗੁਰੂ ਉਸ ਨੂੰ) ਉਸ ਪ੍ਰੇਮ ਦੀ ਬਰਕਤਿ ਨਾਲ (ਪ੍ਰਭੂ-ਚਰਨਾਂ ਵਿਚ) ਮਿਲਾ ਦੇਂਦਾ ਹੈ (ਜੇਹੜਾ ਪ੍ਰੇਮ) ਗੁਰੂ ਦੇ ਸੇਵਕ ਦੇ ਹਿਰਦੇ ਵਿਚ ਹੋਣਾ ਚਾਹੀਦਾ ਹੈ।
ਪਰਮਾਤਮਾ ਗਰੀਬਾਂ ਦਾ ਖਸਮ ਹੈ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਹ ਪਰਮਾਤਮਾ ਪੂਰੇ ਗੁਰੂ ਪਾਸੋਂ ਹੀ ਮਿਲਦਾ ਹੈ।
(ਪ੍ਰੇਮ ਦੀ ਬਰਕਤਿ ਨਾਲ) ਗੁਰੂ ਸਿੱਖ (ਨਾਲ ਇਕ-ਰੂਪ ਹੋ ਜਾਂਦਾ) ਹੈ ਅਤੇ ਸਿੱਖ ਗੁਰੂ (ਵਿਚ ਲੀਨ ਹੋ ਜਾਂਦਾ) ਹੈ, ਸਿੱਖ ਭੀ ਗੁਰੂ ਵਾਲੇ ਉਪਦੇਸ਼ (ਦੀ ਲੜੀ) ਨੂੰ ਅਗਾਂਹ ਤੋਰਦਾ ਰਹਿੰਦਾ ਹੈ।
ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਪਰਮਾਤਮਾ ਦੇ ਨਾਮ ਦਾ ਮੰਤਰ ਹਿਰਦੇ ਵਿਚ (ਵਸਾਣ ਲਈ) ਦੇਂਦਾ ਹੈ, ਪ੍ਰੇਮ ਦਾ ਸਦਕਾ ਉਸ ਦਾ ਮਿਲਾਪ (ਪਰਮਾਤਮਾ ਨਾਲ) ਹੋ ਜਾਂਦਾ ਹੈ ॥੮॥੨॥੯॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗ ਆਸਾ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ'।
ਜਗਤ ਦਾ ਰਚਨ ਵਾਲਾ ਪਰਮਾਤਮਾ (ਜੀਵਾਂ ਦੇ) ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਉਸ ਪਰਮਾਤਮਾ ਦਾ ਨਾਮ ਵਿਕਾਰਾਂ ਵਿਚ ਡਿੱਗੇ ਹੋਏ ਜੀਵਾਂ ਨੂੰ ਪਵਿਤ੍ਰ ਕਰਨ ਵਾਲਾ ਹੈ।
ਜਿਸ ਮਨੁੱਖ ਨੂੰ ਪਰਮਾਤਮਾ ਦੀ ਸੇਵਾ-ਭਗਤੀ ਪਿਆਰੀ ਲੱਗਦੀ ਹੈ ਉਹ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ। ਹਰਿ-ਨਾਮ ਸਿਮਰਨਾ ਸਭ ਤੋਂ ਸ੍ਰੇਸ਼ਟ ਕੰਮ ਹੈ।
ਪਰਮਾਤਮਾ ਦਾ ਨਾਮ ਸਿਮਰਨਾ ਸਭ ਤੋਂ ਸ੍ਰੇਸ਼ਟ ਕੰਮ ਹੈ, ਹਰਿ-ਨਾਮ ਸਿਮਰਨਾ ਚਾਹੀਦਾ ਹੈ, ਹਰਿ-ਨਾਮ ਸਿਮਰਨਾ ਚਾਹੀਦਾ ਹੈ (ਜੇਹੜਾ ਮਨੁੱਖ ਹਰਿ-ਨਾਮ ਸਿਮਰਦਾ ਹੈ ਉਹ ਵਿਕਾਰਾਂ ਦੇ ਹੱਲਿਆਂ ਵਲੋਂ) ਅਡੋਲ-ਚਿੱਤ ਹੋ ਜਾਂਦਾ ਹੈ।
ਉਹ ਮਨੁੱਖ ਜਨਮਾਂ ਦੇ ਗੇੜ ਦਾ ਦੁੱਖ ਆਤਮਕ ਮੌਤ ਦਾ ਦੁੱਖ-ਇਹ ਦੋਵੇਂ ਦੁੱਖ ਮਿਟਾ ਲੈਂਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਆਤਮਕ ਆਨੰਦ ਵਿਚ ਲੀਨ ਰਹਿੰਦਾ ਹੈ।
ਹੇ ਹਰੀ! ਹੇ ਮਾਲਕ! ਕਿਰਪਾ ਕਰ! (ਜੇ ਪਰਮਾਤਮਾ ਕਿਰਪਾ ਕਰੇ ਤਾਂ) ਉਸ ਸਰਬ-ਵਿਆਪਕ ਪਰਮਾਤਮਾ (ਦਾ ਨਾਮ) ਜਪਿਆ ਜਾ ਸਕਦਾ ਹੈ।
ਜਗਤ ਦਾ ਰਚਨ ਵਾਲਾ ਪਰਮਾਤਮਾ (ਜੀਵਾਂ ਦੇ) ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਉਸ ਪਰਮਾਤਮਾ ਦਾ ਨਾਮ ਵਿਕਾਰਾਂ ਵਿਚ ਡਿੱਗੇ ਹੋਏ ਜੀਵਾਂ ਨੂੰ ਪਵਿਤ੍ਰ ਕਰਨ ਜੋਗਾ ਹੈ ॥੧॥
ਇਸ ਮਾਇਆ-ਗ੍ਰਸੇ ਜਗਤ ਵਿਚ (ਹੋਰ ਸਾਰੇ ਪਦਾਰਥਾਂ ਨਾਲੋਂ) ਪਰਮਾਤਮਾ ਦਾ ਨਾਮ ਸ੍ਰੇਸ਼ਟ ਪਦਾਰਥ ਹੈ, ਪਰ ਇਹ ਹਰਿ-ਨਾਮ ਗੁਰੂ ਦੇ ਪ੍ਰੇਮ ਵਿਚ ਟਿਕ ਕੇ ਹੀ ਜਪਿਆ ਜਾ ਸਕਦਾ ਹੈ।
ਗੁਰੁ ਦੀ ਸਰਨ ਪੈ ਕੇ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ ਬਾਣੀ ਪੜ੍ਹੀ ਜਾ ਸਕਦੀ ਹੈ। ਗੁਰੂ ਦੀ ਸਰਨ ਪੈ ਕੇ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣੀ ਜਾ ਸਕਦੀ ਹੈ। ਪਰਮਾਤਮਾ ਦਾ ਨਾਮ ਜਪਦਿਆਂ ਸੁਣਦਿਆਂ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ।
ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਉਸ ਦਾ ਦੁੱਖ ਨਾਸ ਹੋ ਗਿਆ, ਜਿਸ ਨੇ ਹਰਿ-ਨਾਮ (ਧਨ ਪ੍ਰਾਪਤ ਕੀਤਾ) ਉਸ ਨੇ ਸਭ ਤੋਂ ਉੱਚਾ ਆਨੰਦ ਮਾਣਿਆ।
ਗੁਰੂ ਦੀ ਦਿੱਤੀ ਆਤਮਕ ਜੀਵਨ ਦੀ ਸੂਝ ਜਿਸ ਮਨੁੱਖ ਦੇ ਅੰਦਰ ਚਮਕ ਪਈ ਉਸ ਦੇ ਹਿਰਦੇ ਵਿਚ (ਸਹੀ ਜੀਵਨ ਦਾ) ਚਾਨਣ ਹੋ ਪਿਆ, ਉਸ ਨੇ ਆਪਣੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਕਰ ਲਿਆ।
ਉਹਨਾਂ ਮਨੁੱਖਾਂ ਨੇ ਹੀ ਪਰਮਾਤਮਾ ਦਾ ਨਾਮ ਸਿਮਰਿਆ ਹੈ ਜਿਨ੍ਹਾਂ ਦੇ ਮੱਥੇ ਉਤੇ ਪਰਮਾਤਮਾ ਨੇ ਧੁਰੋਂ ਸਿਮਰਨ ਦਾ ਲੇਖ ਲਿਖ ਕੇ ਰੱਖ ਦਿੱਤਾ ਹੈ।
ਇਸ ਮਾਇਆ-ਗ੍ਰਸੇ ਸੰਸਾਰ ਵਿਚ (ਹੋਰ ਸਾਰੇ ਪਦਾਰਥਾਂ ਨਾਲੋਂ) ਪਰਮਾਤਮਾ ਦਾ ਨਾਮ ਸ੍ਰੇਸ਼ਟ ਪਦਾਰਥ ਹੈ, ਪਰ ਇਹ ਹਰਿ-ਨਾਮ ਗੁਰੂ ਦੇ ਪਿਆਰ ਵਿਚ ਜੁੜ ਕੇ ਹੀ ਜਪਿਆ ਜਾ ਸਕਦਾ ਹੈ ॥੨॥
ਜਿਸ ਮਨੁੱਖ ਨੂੰ ਪਰਮਾਤਮਾ (ਦਾ ਨਾਮ) ਮਨ ਵਿਚ ਪਿਆਰਾ ਲੱਗਾ ਉਸ ਨੇ ਸਭ ਤੋਂ ਉੱਚਾ ਆਤਮਕ ਆਨੰਦ ਪ੍ਰਾਪਤ ਕਰ ਲਿਆ, ਉਸ ਨੇ ਉਹ ਆਤਮਕ ਅਵਸਥਾ ਖੱਟ ਲਈ ਜਿਥੇ ਕੋਈ ਵਾਸਨਾ ਪੋਹ ਨਹੀਂ ਸਕਦੀ।
ਜਿਸ ਮਨੁੱਖ ਨੇ ਪ੍ਰਭੂ-ਚਰਨਾਂ ਵਿਚ ਪ੍ਰੀਤ ਜੋੜੀ, ਹਰਿ-ਨਾਮ ਉਸ ਦਾ ਸਦਾ ਲਈ ਸਾਥੀ ਬਣ ਗਿਆ, ਉਸ ਦੀ (ਮਾਇਆ ਵਾਲੀ) ਭਟਕਣਾ ਮੁੱਕ ਗਈ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਗਿਆ।