ਜੋ ਬਖ਼ਸ਼ਸ਼ ਮੇਰੇ ਉਤੇ ਹੋਈ ਹੈ ਧੁਰੋਂ ਹੀ ਹੋਈ ਹੈ-ਇਸ ਤੋਂ ਬਿਨਾ ਜੀਵ ਹੋਰ ਕੀ ਗਿਆਨ ਸਮਝ ਸਕਦਾ ਹੈ?
ਮੇਰੀਆਂ ਅਨੇਕਾਂ ਭੁੱਲਾਂ ਚੁੱਕਾਂ ਵੇਖ ਕੇ ਭੀ ਪਾਰਬ੍ਰਹਮ ਭਗਵਾਨ ਨੇ ਮੈਨੂੰ ਆਪਣੇ ਬਾਲਕ ਨੂੰ ਬਖ਼ਸ਼ ਲਿਆ ਹੈ ॥੧॥
(ਹੇ ਭਾਈ!) ਮੇਰਾ ਸਤਿਗੁਰੂ ਸਦਾ ਹੀ ਦਇਆਵਾਨ ਰਹਿੰਦਾ ਹੈ ਉਸ ਨੇ ਮੈਨੂੰ (ਆਤਮਕ ਜੀਵਨ ਦੇ ਸਰਮਾਏ ਵਲੋਂ) ਕੰਗਾਲ ਨੂੰ (ਆਤਮਕ ਮੌਤ ਲਿਆਉਣ ਵਾਲੇ ਰੋਗ ਤੋਂ) ਬਚਾ ਲਿਆ।
(ਸਤਿਗੁਰੂ ਨੇ) ਮੇਰੇ ਮੂੰਹ ਵਿਚ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪਾਇਆ (ਮੇਰਾ ਵਿਕਾਰਾਂ ਦਾ) ਰੋਗ ਕੱਟਿਆ ਗਿਆ, ਮੈਨੂੰ ਬੜਾ ਆਤਮਕ ਆਨੰਦ ਪ੍ਰਾਪਤ ਹੋਇਆ ॥੧॥ ਰਹਾਉ ॥
(ਹੇ ਭਾਈ!) ਗੁਰੂ ਨੇ ਮੇਰੇ ਅਨੇਕਾਂ ਪਾਪ ਦੂਰ ਕਰ ਦਿੱਤੇ ਹਨ, ਮੇਰੇ (ਮਾਇਆ ਦੇ ਮੋਹ ਦੇ) ਬੰਧਨ ਕੱਟ ਦਿੱਤੇ ਹਨ ਮੈਂ (ਮੋਹ ਦੇ ਬੰਧਨਾਂ ਤੋਂ) ਸੁਤੰਤਰ ਹੋ ਗਿਆ ਹਾਂ।
ਗੁਰੂ ਨੇ ਮੇਰੀ ਬਾਂਹ ਫੜ ਕੇ ਮੈਨੂੰ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਖੂਹ ਵਿਚੋਂ ਕੱਢ ਲਿਆ ਹੈ ॥੨॥
(ਹੇ ਭਾਈ! ਵਿਕਾਰਾਂ ਤੋਂ) ਬਚਾ ਸਕਣ ਦੀ ਤਾਕਤ ਰੱਖਣ ਵਾਲੇ ਪਰਮਾਤਮਾ ਨੇ (ਮੈਨੂੰ ਵਿਕਾਰਾਂ ਤੋਂ) ਬਚਾ ਲਿਆ ਹੈ, ਹੁਣ (ਮਾਇਆ ਦੇ ਹੱਲਿਆਂ ਵਲੋਂ) ਬੇ-ਫ਼ਿਕਰ ਹਾਂ (ਇਸ ਪਾਸੇ ਵਲੋਂ) ਮੇਰਾ ਹਰੇਕ ਕਿਸਮ ਦਾ ਡਰ-ਖ਼ਤਰਾ ਮੁੱਕ ਗਿਆ ਹੈ।
ਹੇ ਮੇਰੇ ਪ੍ਰਭੂ! ਤੇਰੀ ਅਜੇਹੀ ਬਖ਼ਸ਼ਸ਼ ਮੇਰੇ ਉੱਤੇ ਹੋਈ ਹੈ ਕਿ ਮੇਰੇ (ਆਤਮਕ ਜੀਵਨ ਦੇ) ਸਾਰੇ ਹੀ ਕਾਰਜ ਸਿਰੇ ਚੜ੍ਹ ਗਏ ਹਨ ॥੩॥
ਹੇ ਨਾਨਕ! (ਆਖ-ਹੇ ਭਾਈ!) ਗੁਣਾਂ ਦੇ ਖ਼ਜ਼ਾਨੇ ਮਾਲਕ-ਪ੍ਰਭੂ ਦਾ ਮੇਰੇ ਮਨ ਵਿਚ ਮਿਲਾਪ ਹੋ ਗਿਆ ਹੈ।
(ਜਦੋਂ ਦਾ ਗੁਰੂ ਦੀ ਕਿਰਪਾ ਨਾਲ) ਮੈਂ (ਉਸ ਦੀ) ਸਰਨ ਪਿਆ ਹਾਂ, ਮੈਂ ਸੌਖਾ ਹੋ ਗਿਆ ਹਾਂ ॥੪॥੯॥੪੮॥
ਹੇ ਪ੍ਰਭੂ! ਜੇ ਤੂੰ ਮੇਰੇ ਮਨ ਵਿਚੋਂ ਭੁੱਲ ਜਾਏਂ ਤਾਂ ਹਰੇਕ ਜੀਵ ਮੈਨੂੰ ਵੈਰੀ ਜਾਪਦਾ ਹੈ, ਪਰ ਜੇ ਤੂੰ ਮੇਰੇ ਚਿੱਤ ਵਿਚ ਆ ਵੱਸੇਂ ਤਾਂ ਹਰ ਕੋਈ ਮੇਰਾ ਆਦਰ ਸਤਕਾਰ ਕਰਦਾ ਹੈ।
ਹੇ ਸਦਾ ਕਾਇਮ ਰਹਿਣ ਵਾਲੇ! ਹੇ ਅਲੱਖ! ਹੇ ਅਭੇਵ ਪ੍ਰਭੂ! ਮੈਨੂੰ (ਜਗਤ ਵਿਚ) ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਦਿੱਸਦਾ ॥੧॥
ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੀ ਯਾਦ ਟਿਕੀ ਰਹਿੰਦੀ ਹੈ ਉਸ ਉਤੇ ਪਰਮਾਤਮਾ ਸਦਾ ਦਇਆਵਾਨ ਰਹਿੰਦਾ ਹੈ, ਦੁਨੀਆ ਦੇ ਵਿਚਾਰੇ ਲੋਕ ਉਸ ਦਾ ਕੁਝ ਵਿਗਾੜ ਨਹੀਂ ਸਕਦੇ।
ਹੇ ਪ੍ਰਭੂ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ। ਫਿਰ ਦੱਸ, ਕਿਸ ਨੂੰ ਚੰਗਾ ਆਖਿਆ ਜਾ ਸਕਦਾ ਹੈ ਤੇ ਕਿਸ ਨੂੰ ਮੰਦਾ ਕਿਹਾ ਜਾ ਸਕਦਾ ਹੈ? (ਭਾਵ, ਪਰਮਾਤਮਾ ਦੀ ਯਾਦ ਮਨ ਵਿਚ ਵਸਾਣ ਵਾਲੇ ਮਨੁੱਖ ਨੂੰ ਸਭ ਜੀ ਪਰਮਾਤਮਾ ਦੇ ਪੈਦਾ ਕੀਤੇ ਦਿੱਸਦੇ ਹਨ, ਉਹ ਕਿਸੇ ਨੂੰ ਮਾੜਾ ਨਹੀਂ ਸਮਝਦਾ) ॥੧॥ ਰਹਾਉ ॥
ਹੇ ਪ੍ਰਭੂ! ਮੈਨੂੰ ਤੇਰੀ ਹੀ ਓਟ ਹੈ, ਤੇਰਾ ਹੀ ਆਸਰਾ ਹੈ, ਤੂੰ ਆਪਣਾ ਹੱਥ ਦੇ ਕੇ ਆਪ (ਸਾਡੀ) ਰੱਖਿਆ ਕਰਦਾ ਹੈਂ।
ਜਿਸ ਮਨੁੱਖ ਉਤੇ ਤੇਰੀ (ਮੇਹਰ ਦੀ) ਨਜ਼ਰ ਹੋਵੇ ਉਸ ਨੂੰ ਕੋਈ ਮਨੁੱਖ ਮੰਦਾ ਬਚਨ ਨਹੀਂ ਆਖਦਾ ॥੨॥
ਹੇ ਪ੍ਰਭੂ ਜੀ! ਜੇਹੜੀ ਗੱਲ ਤੈਨੂੰ ਆਪਣੇ ਮਨ ਵਿਚ ਚੰਗੀ ਲੱਗਦੀ ਹੈ ਉਹੀ ਮੇਰੇ ਵਾਸਤੇ ਸੁਖ ਹੈ, ਉਹੀ ਮੇਰੇ ਵਾਸਤੇ ਆਦਰ ਸਤਕਾਰ ਹੈ।
ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ, ਤੂੰ ਸਦਾ ਸਭ ਜੀਵਾਂ ਤੇ ਦਇਆਵਾਨ ਰਹਿੰਦਾ ਹੈਂ। ਮੈਂ ਤਦੋਂ ਹੀ ਅਨੰਦ ਪ੍ਰਤੀਤ ਕਰ ਸਕਦਾ ਹਾਂ ਜਦੋਂ ਮੈਨੂੰ ਤੇਰਾ ਨਾਮ ਮਿਲਿਆ ਰਹੇ ॥੩॥
ਹੇ ਪ੍ਰਭੂ! ਤੇਰੇ ਅੱਗੇ ਮੇਰੀ ਅਰਦਾਸ ਹੈ-ਮੇਰੀ ਇਹ ਜਿੰਦ ਮੇਰਾ ਇਹ ਸਰੀਰ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ।
ਨਾਨਕ ਆਖਦਾ ਹੈ- (ਜੇ ਕੋਈ ਮੇਰਾ ਆਦਰ ਸਤਕਾਰ ਕਰਦਾ ਹੈ ਤਾਂ) ਇਹ ਤੇਰੀ ਹੀ ਬਖ਼ਸ਼ੀ ਹੋਈ ਵਡਿਆਈ ਹੈ। (ਜੇ ਮੈਂ ਤੈਨੂੰ ਭੁਲਾ ਬੈਠਾਂ ਤਾਂ) ਕੋਈ ਜੀਵ ਮੇਰਾ ਨਾਮ ਪਤਾ ਕਰਨ ਦੀ ਭੀ ਪਰਵਾਹ ਨਾਹ ਕਰੇ ॥੪॥੧੦॥੪੯॥
ਹੇ ਸਭ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ! ਮੇਹਰ ਕਰ (ਤੇ ਮੈਨੂੰ ਗੁਰੂ ਦੀ ਸੰਗਤਿ ਮਿਲਾ)।
(ਹੇ ਭਾਈ!) ਗੁਰੂ ਦੀ ਸੰਗਤਿ ਵਿਚ ਰਿਹਾਂ ਪਰਮਾਤਮਾ ਮਿਲ ਪੈਂਦਾ ਹੈ, ਸਾਡੇ (ਮਾਇਆ ਦੇ ਮੋਹ ਦੇ ਵੱਜੇ ਹੋਏ) ਭਿੱਤ ਖੋਲ੍ਹ ਕੇ ਆਪਣਾ ਦਰਸ਼ਨ ਕਰਾਂਦਾ ਹੈ, ਤੇ ਫਿਰ ਮੁੜ ਜਨਮਾਂ ਦੇ ਗੇੜ ਵਿਚ ਨਹੀਂ ਪਈਦਾ ॥੧॥
ਹੇ ਭਾਈ! (ਜੇ ਮੇਰੇ ਉਤੇ ਪ੍ਰਭੂ ਦੀ ਕਿਰਪਾ ਹੋ ਜਾਏ ਤਾਂ) ਮੈਂ ਆਪਣੇ ਪਿਆਰੇ ਖਸਮ-ਪ੍ਰਭੂ ਨੂੰ ਮਿਲ ਪਵਾਂ ਤੇ ਆਪਣੇ ਸਾਰੇ ਦੁੱਖ ਦੂਰ ਕਰ ਲਵਾਂ।
ਹੇ ਭਾਈ! ਜਿਸ ਮਨੁੱਖ ਨੇ ਪਾਰਬ੍ਰਹਮ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਸਿਮਰਿਆ ਹੈ, ਮੈਂ ਭੀ ਉਸ ਦੀ ਸੰਗਤਿ ਵਿਚ ਰਹਿ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਵਾਂ ॥੧॥ ਰਹਾਉ ॥
(ਹੇ ਭਾਈ! ਪ੍ਰਭੂ ਤੋਂ ਵਿਛੁੜਿਆਂ ਇਹ ਜਗਤ ਮਨੁੱਖ ਵਾਸਤੇ) ਇਕ ਵੱਡਾ ਜੰਗਲ ਬਣ ਜਾਂਦਾ ਹੈ (ਜਿਸ ਵਿਚ ਮਨੁੱਖ ਭਟਕਦਾ ਫਿਰਦਾ ਹੈ) ਅੱਗ ਦਾ ਸਮੁੰਦਰ ਬਣ ਜਾਂਦਾ ਹੈ (ਜਿਸ ਵਿਚ ਮਨੁੱਖ ਸੜਦਾ ਰਹਿੰਦਾ ਹੈ) ਕਦੇ ਖ਼ੁਸ਼ੀ ਵਿਚ ਵੱਸਦਾ ਹੈ, ਕਦੇ ਗ਼ਮੀ ਵਿਚ ਵੱਸਦਾ ਹੈ।
ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜੀਭ ਨਾਲ ਜਪ ਕੇ ਉਸ ਮਨੁੱਖ ਦਾ ਮਨ ਪਵਿਤ੍ਰ ਹੋ ਜਾਂਦਾ ਹੈ ॥੨॥
(ਹੇ ਭਾਈ!) ਇਸ ਸਰੀਰ ਨੂੰ ਆਪਣਾ ਮਿਥ ਕੇ, ਇਸ ਧਨ ਨੂੰ ਆਪਣਾ ਮੰਨ ਕੇ ਜੀਵ (ਮਾਇਆ ਦੇ ਮੋਹ ਦੇ) ਮਿੱਠੇ ਮਿੱਠੇ ਬੰਧਨਾਂ ਨਾਲ ਬੱਝੇ ਰਹਿੰਦੇ ਹਨ,
ਪਰ ਜੇਹੜੇ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਦਾ ਆਰਾਧਨ ਕੀਤਾ ਉਹ ਗੁਰੂ ਦੀ ਕਿਰਪਾ ਨਾਲ (ਇਹਨਾਂ ਕੋਮਲ ਬੰਧਨਾਂ ਤੋਂ) ਆਜ਼ਾਦ ਹੋ ਜਾਂਦੇ ਹਨ ॥੩॥
(ਹੇ ਭਾਈ!) ਜੇਹੜੇ ਮਨੁੱਖ, ਪਿਆਰੇ ਪ੍ਰਭੂ ਨੂੰ ਚੰਗੇ ਲੱਗਣ ਲੱਗ ਪੈਂਦੇ ਹਨ, ਉਹਨਾਂ ਨੂੰ (ਮਾਇਆ ਦੇ ਕੋਮਲ ਬੰਧਨਾਂ ਤੋਂ) ਬਚਾਣ ਦੀ ਤਾਕਤ ਵਾਲੇ ਪ੍ਰਭੂ ਨੇ ਬਚਾ ਲਿਆ।
ਹੇ ਨਾਨਕ! (ਆਖ-) ਹੇ ਦਾਤਾਰ! ਇਹ ਜਿੰਦ ਤੇ ਇਹ ਸਰੀਰ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ (ਮੇਹਰ ਕਰ, ਮੈਂ ਇਹਨਾਂ ਨੂੰ ਆਪਣਾ ਹੀ ਨਾਹ ਮਿਥਦਾ ਰਹਾਂ)। ਹੇ ਦਾਤਾਰ! ਮੈਂ ਤੈਥੋਂ ਕੁਰਬਾਨ ਜਾਂਦਾ ਹਾਂ ॥੪॥੧੧॥੫੦॥
ਹੇ ਸਹੇਲੀ! ਤੂੰ ਮਨ ਨੂੰ ਮੈਲਾ ਕਰਨ ਵਾਲੀ ਮੋਹ ਦੀ ਨੀਂਦ ਤੋਂ ਬਚ ਗਈ ਹੈਂ, ਤੇਰੇ ਉਤੇ ਕੇਹੜੀ ਕਿਰਪਾ ਹੋਈ ਹੈ?
(ਜੀਵਾਂ ਦੇ ਮਨ ਨੂੰ) ਮੋਹ ਲੈਣ ਵਾਲੀ ਬਲੀ ਮਾਇਆ ਭੀ ਤੇਰੇ ਉਤੇ ਜ਼ੋਰ ਨਹੀਂ ਪਾ ਸਕਦੀ, ਤੇਰਾ ਆਲਸ ਭੀ ਸਦਾ ਲਈ ਮੁੱਕ ਗਿਆ ਹੈ ॥੧॥ ਰਹਾਉ ॥