ਹੇ ਭਾਈ! ਗੁਰੂ ਗੁਣਾਂ ਦਾ ਸਮੁੰਦਰ ਹੈ, ਪਰਮਾਤਮਾ ਦੇ ਨਾਮ ਦਾ ਸਮੁੰਦਰ ਹੈ। ਉਸ ਗੁਰੂ ਦਾ ਦਰਸਨ ਕਰਨ ਦੀ ਤੈਨੂੰ ਤਾਂਘ ਲੱਗੀ ਹੋਈ ਹੈ।
ਮੈਂ ਉਸ ਗੁਰੂ ਤੋਂ ਬਿਨਾ ਇਕ ਘੜੀ ਭਰ ਭੀ ਆਤਮਕ ਜੀਵਨ ਕਾਇਮ ਨਹੀਂ ਰੱਖ ਸਕਦਾ। ਗੁਰੂ ਦਾ ਦਰਸਨ ਕਰਨ ਤੋਂ ਬਿਨਾ ਮੇਰੀ ਆਤਮਕ ਮੌਤ ਹੋ ਜਾਂਦੀ ਹੈ ॥੬॥
ਹੇ ਭਾਈ! ਜਿਵੇਂ ਮੱਛੀ ਪਾਣੀ ਤੋਂ ਬਿਨਾ ਹੋਰ ਕਿਸੇ ਭੀ ਜਤਨ ਨਾਲ ਜੀਊਂਦੀ ਨਹੀਂ ਰਹਿ ਸਕਦੀ,
ਤਿਵੇਂ ਪਰਮਾਤਮਾ ਤੋਂ ਬਿਨਾ ਸੰਤ ਭੀ ਜੀਊ ਨਹੀਂ ਸਕਦਾ, ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਆਪਣੀ ਆਤਮਕ ਮੌਤ ਸਮਝਦਾ ਹੈ ॥੭॥
ਹੇ ਮਾਂ! ਮੇਰਾ ਆਪਣੇ ਗੁਰੂ ਨਾਲ ਡੂੰਘਾ ਪਿਆਰ ਹੈ। ਗੁਰੂ ਤੋਂ ਬਿਨਾ ਮੈਂ ਕਿਵੇਂ ਜੀਊ ਸਕਦਾ ਹਾਂ?
ਗੁਰੂ ਦੀ ਬਾਣੀ ਮੇਰਾ ਸਹਾਰਾ ਹੈ। ਗੁਰੂ ਦੀ ਬਾਣੀ ਵਿਚ ਜੁੜ ਕੇ ਹੀ ਮੈਂ ਰਹਿ ਸਕਦਾ ਹਾਂ ॥੮॥
ਹੇ ਮਾਂ! ਪਰਮਾਤਮਾ ਦਾ ਨਾਮ ਰਤਨ (ਵਰਗਾ ਕੀਮਤੀ ਪਦਾਰਥ) ਹੈ। ਗੁਰੂ (ਜਿਸ ਉਤੇ) ਪ੍ਰਸੰਨ (ਹੁੰਦਾ ਹੈ, ਉਸ ਨੂੰ ਇਹ ਰਤਨ) ਦੇਂਦਾ ਹੈ।
ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਮੇਰਾ ਆਸਰਾ ਬਣ ਚੁਕਾ ਹੈ। ਪ੍ਰਭੂ ਦੇ ਨਾਮ ਵਿਚ ਸੁਰਤ ਜੋੜ ਕੇ ਹੀ ਮੈਂ ਰਹਿ ਸਕਦਾ ਹਾਂ ॥੯॥
ਹੇ ਭਾਈ! ਗੁਰੂ ਦੀ ਦਿੱਤੀ ਹੋਈ ਆਤਮਕ ਜੀਵਨ ਦੀ ਸੂਝ ਇਕ ਕੀਮਤੀ ਚੀਜ਼ ਹੈ। ਗੁਰੂ ਦਾ ਦਿੱਤਾ ਹੋਇਆ ਹਰਿ-ਨਾਮ ਕੀਮਤੀ ਪਦਾਰਥ ਹੈ।
ਜਿਸ ਮਨੁੱਖ ਦੇ ਭਾਗਾਂ ਵਿਚ ਇਸ ਦੀ ਪ੍ਰਾਪਤੀ ਲਿਖੀ ਹੈ, ਉਹ ਮਨੁੱਖ ਗੁਰੂ ਦੀ ਚਰਨੀਂ ਆ ਲੱਗਦਾ ਹੈ, ਤੇ ਇਹ ਪਦਾਰਥ ਹਾਸਲ ਕਰ ਲੈਂਦਾ ਹੈ। ਗੁਰੂ ਉਸ ਦੇ ਹਿਰਦੇ ਵਿਚ ਹਰਿ-ਨਾਮ ਪੱਕਾ ਕਰ ਦੇਂਦਾ ਹੈ ॥੧੦॥
ਹੇ ਭਾਈ! ਪ੍ਰਭੂ ਦੇ ਪ੍ਰੇਮ ਦੀ ਕਹਾਣੀ ਹਰ ਕੋਈ ਬਿਆਨ ਨਹੀਂ ਕਰ ਸਕਦਾ। ਜੇ ਕੋਈ ਪਿਆਰਾ ਸੱਜਣ ਮੈਨੂੰ ਆ ਕੇ ਇਹ ਕਹਾਣੀ ਸੁਣਾਏ,
ਤਾਂ ਮੈਂ ਆਪਣਾ ਮਨ ਉਸ ਦੇ ਹਵਾਲੇ ਕਰ ਦਿਆਂ, ਲਿਫ਼ ਲਿਫ਼ ਕੇ ਉਸ ਦੇ ਪੈਰਾਂ ਤੇ ਢਹਿ ਪਵਾਂ ॥੧੧॥
ਹੇ ਪ੍ਰਭੂ! ਸਿਰਫ਼ ਤੂੰ ਹੀ ਮੇਰਾ (ਅਸਲ) ਸੱਜਣ ਹੈਂ। ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ, ਸਭ ਵਿਚ ਵਿਆਪਕ ਹੈਂ, ਸਭ ਦੀ ਜਾਣਨ ਵਾਲਾ ਹੈਂ।
ਮਿੱਤਰ ਗੁਰੂ ਨੇ ਮੈਨੂੰ ਤੇਰੇ ਨਾਲ ਮਿਲਾ ਦਿੱਤਾ ਹੈ। ਮੈਨੂੰ ਸਦਾ ਹੀ ਤੇਰਾ ਸਹਾਰਾ ਹੈ ॥੧੨॥
ਹੇ ਭਾਈ! ਪਿਆਰਾ ਗੁਰੂ (ਦੱਸਦਾ ਹੈ ਕਿ) ਪਰਮਾਤਮਾ ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ।
ਉਹ ਪੁਰਖ-ਪ੍ਰਭੂ ਕਦੇ ਨਾਸ ਹੋਣ ਵਾਲਾ ਨਹੀਂ, ਉਹ ਸਭਨਾਂ ਵਿਚ ਮੌਜੂਦ ਹੈ ॥੧੩॥
(ਹੇ ਭਾਈ!) ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਥਾਪਣਾ ਦੇ ਦਿੱਤੀ ਉਸ ਨੇ ਪਰਮਾਤਮਾ ਦਾ ਨਾਮ-ਧਨ ਇਕੱਠਾ ਕਰ ਲਿਆ, ਉਸ ਦੀ ਇਹ ਰਾਸਿ-ਪੂੰਜੀ ਸਦਾ ਅਖੁੱਟ ਰਹਿੰਦੀ ਹੈ,
ਤੇ ਹੇ ਨਾਨਕ! (ਆਖ-) ਉਸ ਨੂੰ ਪ੍ਰਭੂ ਦੀ ਦਰਗਾਹ ਵਿਚ ਸਤਕਾਰ ਪ੍ਰਾਪਤ ਹੁੰਦਾ ਹੈ ॥੧੪॥੧॥੨॥੧੧॥
ਰਾਗ ਸੂਹੀ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮਨੁੱਖ ਮਾਇਆ ਦੀ ਸੰਗਤਿ ਵਿਚ ਫਸਿਆ ਰਹਿੰਦਾ ਹੈ,
ਮਨੁੱਖ ਦੇ ਮਨ ਨੂੰ (ਲੋਭ ਦੀਆਂ) ਅਨੇਕਾਂ ਲਹਿਰਾਂ ਦਬਾਈ ਰੱਖਦੀਆਂ ਹਨ ॥੧॥
ਹੇ ਮੇਰੇ ਮਨ! ਮਨੁੱਖ ਦੀ ਅਕਲ ਦੀ ਪਹੁੰਚ ਤੋਂ ਉਹ ਪਰੇ ਹੈ, ਗਿਆਨ-ਇੰਦ੍ਰਿਆਂ ਦੀ ਸਹਾਇਤਾ ਨਾਲ ਭੀ ਉਸ ਤਕ ਨਹੀਂ ਅੱਪੜ ਸਕੀਦਾ।
ਉਹ ਪੂਰਨ ਪਰਾਮਤਮਾ ਕਿਵੇਂ ਲੱਭੇ? ॥੧॥ ਰਹਾਉ ॥
ਮੋਹ ਦੀ ਮਗਨਤਾ ਵਿਚ ਦਬਾਇਆ ਰਹਿੰਦਾ ਹੈ,
(ਹਰ ਵੇਲੇ ਇਸ ਨੂੰ ਮਾਇਆ ਦੀ) ਬਹੁਤ ਤ੍ਰਿਸ਼ਨਾ ਲੱਗੀ ਰਹਿੰਦੀ ਹੈ, ਕਿਸੇ ਵੇਲੇ ਭੀ (ਇਸ ਦਾ ਮਨ) ਰੱਜਦਾ ਨਹੀਂ ॥੨॥
ਮਨੁੱਖ ਦੇ ਸਰੀਰ ਵਿਚ ਚੰਡਾਲ ਕ੍ਰੋਧ ਵੱਸਦਾ ਰਹਿੰਦਾ ਹੈ।
ਆਤਮਕ ਜੀਵਨ ਵਲੋਂ ਬੇ-ਸਮਝੀ ਦੇ ਕਾਰਨ (ਇਸ ਦੇ ਜੀਵਨ-ਸਫ਼ਰ ਵਿਚ) ਬੜਾ ਹਨੇਰਾ ਰਹਿੰਦਾ ਹੈ (ਜਿਸ ਕਰਕੇ ਇਸ ਨੂੰ ਸਹੀ ਜੀਵਨ-ਰਸਤਾ) ਨਹੀਂ ਸੁੱਝਦਾ (ਦਿੱਸਦਾ) ॥੩॥
ਭਟਕਣਾ ਅਤੇ ਮਾਇਆ ਦਾ ਦਬਾਉ-(ਹਰ ਵੇਲੇ) ਇਹ ਦੋ ਕਿਵਾੜ ਵੱਜੇ ਰਹਿੰਦੇ ਹਨ,
ਇਸ ਵਾਸਤੇ ਮਨੁੱਖ ਪਰਮਾਤਮਾ ਦੇ ਦਰਬਾਰ ਵਿਚ ਪਹੁੰਚ ਨਹੀਂ ਸਕਦਾ ॥੪॥
ਮਨੁੱਖ ਹਰ ਵੇਲੇ ਮਾਇਆ ਦੀ ਆਸਾ ਅਤੇ ਚਿੰਤਾ-ਫ਼ਿਕਰ ਦੇ ਬੰਧਨ ਵਿਚ ਪਿਆ ਰਹਿੰਦਾ ਹੈ,
ਪ੍ਰਭੂ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦਾ, ਪਰਦੇਸੀਆਂ ਵਾਂਗ (ਰਾਹੋਂ ਖੁੰਝਾ ਹੋਇਆ) ਭਟਕਦਾ ਫਿਰਦਾ ਹੈ ॥੫॥
ਹੇ ਭਾਈ! ਮਨੁੱਖ ਸਾਰੀਆਂ ਮਾਨਸਕ ਬੀਮਾਰੀਆਂ ਦੇ ਵਸ ਵਿਚ ਆਇਆ ਰਹਿੰਦਾ ਹੈ,
ਜਿਵੇਂ ਪਾਣੀ ਤੋਂ ਬਿਨਾ ਮੱਛੀ ਤੜਫਦੀ ਹੈ, ਤਿਵੇਂ ਇਹ ਤ੍ਰਿਸ਼ਨਾ ਦਾ ਮਾਰਿਆ ਭਟਕਦਾ ਹੈ ॥੬॥
ਹੇ ਪ੍ਰਭੂ! (ਇਹਨਾਂ ਸਾਰੇ ਵਿਕਾਰਾਂ ਦੇ ਟਾਕਰੇ) ਮੇਰੀ ਕੋਈ ਚਤੁਰਾਈ ਕੋਈ ਵਿਚਾਰ ਨਹੀਂ ਚੱਲ ਸਕਦੀ।
ਹੇ ਮੇਰੇ ਮਾਲਕ! ਸਿਰਫ਼ ਤੇਰੀ (ਸਹਾਇਤਾ ਦੀ ਹੀ) ਆਸ ਹੈ (ਕਿ ਉਹ ਬਚਾ ਲਏ) ॥੭॥
ਹੇ ਪ੍ਰਭੂ! ਮੈਂ ਤੇਰੇ ਸੰਤ ਜਨਾਂ ਅੱਗੇ ਬੇਨਤੀ ਕਰਦਾ ਹਾਂ, ਅਰਜ਼ੋਈ ਕਰਦਾ ਹਾਂ,
ਕਿ ਮੈਨੂੰ ਨਾਨਕ ਨੂੰ (ਆਪਣੇ ਚਰਨਾਂ ਵਿਚ) ਮਿਲਾਈ ਰੱਖਣ ॥੮॥
ਜਿਨ੍ਹਾਂ ਮਨੁੱਖਾਂ ਉੱਤੇ ਪਰਮਾਤਮਾ ਦਇਆਵਾਨ ਹੁੰਦਾ ਹੈ, ਉਹਨਾਂ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੁੰਦੀ ਹੈ,
ਹੇ ਨਾਨਕ! (ਆਖ-) ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ, ਤੇ, ਉਹਨਾਂ ਨੂੰ ਪੂਰਨ ਪ੍ਰਭੂ ਮਿਲ ਪੈਂਦਾ ਹੈ।੧।ਰਹਾਉ ਦੂਜਾ ॥੧॥ਰਹਾਉ ਦੂਜਾ॥੧॥
ਰਾਗ ਸੂਹੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।