ਉਹ ਮਨੁੱਖ ਹਰ ਵੇਲੇ ਪਰਮਾਤਮਾ ਦਾ ਨਾਮ ਜਪਣ ਲੱਗ ਪਿਆ ਹਰਿ-ਨਾਮ ਸਿਮਰਨ ਲੱਗ ਪਿਆ, ਉਸ ਦੇ ਮੂੰਹ ਉਤੇ ਉਸ ਦੇ ਮੱਥੇ ਉੱਤੇ ਚੰਗਾ ਭਾਗ ਜਾਗ ਪਿਆ।
ਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਉਤੇ ਪ੍ਰਭੂ ਨੇ ਮੇਹਰ ਕੀਤੀ ਉਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ।
ਹੇ ਹਰੀ! ਹੇ ਪ੍ਰਭੂ! ਮੇਹਰ ਕਰ, ਸਾਨੂੰ ਕਠੋਰ-ਦਿਲਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ, ਗੁਰੂ ਦੇ ਸ਼ਬਦ ਵਿਚ ਜੋੜ ਕੇ, ਆਪਣੇ ਪ੍ਰੇਮ ਵਿਚ ਜੋੜ ਕੇ ਸਾਨੂੰ (ਮੋਹ ਦੇ ਚਿੱਕੜ ਵਿਚੋਂ) ਕੱਢ ਲੈ ॥੪॥੫॥੧੨॥
ਭਗਤ ਜਨ ਆਪਣੇ ਮਨ ਵਿਚ ਸਦਾ ਹਰਿ-ਨਾਮਿ ਜਪਦੇ ਹਨ, ਹਰਿ-ਨਾਮ ਉਹਨਾਂ ਨੂੰ ਮਨ ਵਿਚ ਪਿਆਰਾ ਲੱਗਦਾ ਹੈ, ਨਾਮ ਜਪਣ ਦਾ ਉਹਨਾਂ ਦੇ ਮਨ ਵਿਚ ਚਾਉ ਬਣਿਆ ਰਹਿੰਦਾ ਹੈ।
ਜੇਹੜੇ ਮਨੁੱਖ ਆਪਾ-ਭਾਵ ਮਿਟਾ ਕੇ ਆਤਮਕ ਜੀਵਨ ਜੀਊਂਦੇ ਹਨ ਉਹ ਸਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਰਹਿੰਦੇ ਹਨ, ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਉਹਨਾਂ ਦੇ ਮਨ ਵਿਚ ਪ੍ਰਭੂ ਵਾਸਤੇ ਪਿਆਰ ਬਣਿਆ ਰਹਿੰਦਾ ਹੈ।
ਜਿਸ ਮਨੁੱਖ ਉਤੇ ਗੁਰੂ ਕਿਰਪਾ ਕਰਦਾ ਹੈ ਉਸ ਦੇ ਮਨ ਵਿਚ ਪ੍ਰਭੂ-ਚਰਨਾਂ ਲਈ ਪਿਆਰ ਪੈਦਾ ਹੋ ਜਾਂਦਾ ਹੈ ਉਹ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਬੰਧਨਾਂ ਤੋਂ ਛੁਟ ਜਾਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ।
ਆਤਮਕ ਜੀਵਨ ਜੀਊਣ ਦੇ ਕਾਰਨ ਤੇ ਆਪਾ-ਭਾਵ ਵਲੋਂ ਮਰਨ ਦੇ ਕਾਰਨ ਪਰਮਾਤਮਾ ਦੇ ਨਾਮ ਵਿਚ ਜੁੜੇ ਰਹਿਣ ਵਾਲੇ ਮਨੁੱਖ ਸਦਾ ਸੌਖੇ ਰਹਿੰਦੇ ਹਨ, ਉਹਨਾਂ ਦੇ ਮਨ ਵਿਚ ਉਹਨਾਂ ਦੇ ਹਿਰਦੇ ਵਿਚ ਸਦਾ ਉਹ ਪਰਮਾਤਮਾ ਹੀ ਵੱਸਿਆ ਰਹਿੰਦਾ ਹੈ।
ਗੁਰੂ ਦੀ ਮਤਿ ਦਾ ਸਦਕਾ ਉਹਨਾਂ ਦੇ ਮਨ ਵਿਚ ਸਦਾ ਪਰਮਾਤਮਾ ਦਾ ਨਾਮ ਵੱਸਿਆ ਰਹਿੰਦਾ ਹੈ, ਹਰਿ-ਨਾਮ ਉਹਨਾਂ ਦੇ ਅੰਦਰ ਰਚ ਜਾਂਦਾ ਹੈ, ਉਹ ਹਰਿ-ਨਾਮ-ਜਲ, ਮਾਨੋ, ਗਟ ਗਟ ਗਟ ਕਰ ਕੇ ਪੀਂਦੇ ਰਹਿੰਦੇ ਹਨ।
ਭਗਤ ਜਨ ਆਪਣੇ ਮਨ ਵਿਚ ਸਦਾ ਹਰਿ-ਨਾਮ ਜਪਦੇ ਹਨ, ਹਰਿ-ਨਾਮ ਉਹਨਾਂ ਨੂੰ ਮਨ ਵਿਚ ਪਿਆਰਾ ਲੱਗਦਾ ਹੈ, ਨਾਮ ਜਪਣ ਦਾ ਉਹਨਾਂ ਦੇ ਮਨ ਵਿਚ ਚਾਉ ਬਣਿਆ ਰਹਿੰਦਾ ਹੈ ॥੧॥
ਜਗਤ ਵਿਚ (ਕਿਸੇ ਨੂੰ ਭੀ) ਮੌਤ ਪਸੰਦ ਨਹੀਂ ਆਉਂਦੀ, (ਹਰ ਕੋਈ) ਸਦਾ ਆਪਣੀ ਜਿੰਦ ਨੂੰ ਲੁਕਾਂਦਾ ਹੈ ਕਿ ਕਿਤੇ ਜਮ ਇਸ ਨੂੰ ਫੜ ਕੇ ਲੈ ਨ ਜਾਏ।
ਪਰ ਪਰਮਾਤਮਾ ਹਰੇਕ ਦੇ ਅੰਦਰ ਤੇ ਬਾਹਰ ਸਾਰੇ ਜਗਤ ਵਿੱਚ ਭੀ ਵੱਸਦਾ ਹੈ, ਉਸ ਪਾਸੋਂ ਲੁਕਾ ਕੇ ਇਹ ਜਿੰਦ (ਮੌਤ ਤੋਂ) ਬਚਾਈ ਨਹੀਂ ਜਾ ਸਕਦੀ।
ਇਹ ਜਿੰਦ ਕਿਸੇ ਤਰ੍ਹਾਂ ਭੀ (ਮੌਤ ਤੋਂ) ਬਚਾ ਕੇ ਰੱਖੀ ਨਹੀਂ ਜਾ ਸਕਦੀ, ਹਰਿ-ਪ੍ਰਭੂ ਇਸ (ਜਿੰਦ-) ਵਸਤ ਨੂੰ ਲੱਭ ਹੀ ਲੈਂਦਾ ਹੈ। ਪਰਮਾਤਮਾ ਦੀ ਇਹ ਚੀਜ਼ ਹੈ ਉਹ ਇਸ ਨੂੰ ਲੈ ਹੀ ਜਾਂਦਾ ਹੈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਤਰਲੇ ਕਰ ਕਰ ਕੇ ਹਰੇਕ ਕਿਸਮ ਦਾ ਦਵਾ-ਦਾਰੂ ਵਰਤ ਕੇ ਭਟਕਦੇ ਫਿਰਦੇ ਹਨ, ਪਰ ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਚੀਜ਼ ਹੈ ਉਹ ਮਾਲਕ-ਪ੍ਰਭੂ ਇਸ ਨੂੰ ਲੈ ਹੀ ਲੈਂਦਾ ਹੈ।
ਪਰਮਾਤਮਾ ਦੇ ਸੇਵਕ ਗੁਰੂ ਦਾ ਸ਼ਬਦ ਕਮਾ ਕੇ (ਸ਼ਬਦ ਅਨੁਸਾਰ ਆਪਣਾ ਆਤਮਕ ਜੀਵਨ ਬਣਾ ਕੇ, ਮੌਤ ਦੇ ਸਹਮ ਤੋਂ) ਬਚ ਜਾਂਦੇ ਹਨ।
ਜਗਤ ਵਿਚ (ਕਿਸੇ ਨੂੰ ਭੀ) ਮੌਤ ਚੰਗੀ ਨਹੀਂ ਲੱਗਦੀ (ਹਰੇਕ ਜੀਵ) ਸਦਾ ਆਪਣੀ ਜਿੰਦ ਨੂੰ ਲੁਕਾਂਦਾ ਹੈ ਕਿ ਕਿਤੇ ਜਮ ਇਸ ਨੂੰ ਫੜ ਕੇ ਲੈ ਨ ਜਾਏ ॥੨॥
ਗੁਰੂ ਦੀ ਸਰਨ ਪਏ ਰਹਿਣ ਵਾਲੇ ਮਨੁੱਖਾਂ ਨੂੰ ਇਹ ਧੁਰ ਦਰਗਾਹ ਤੋਂ ਲਿਖੀ ਹੋਈ ਮੌਤ ਭੀ ਸੋਹਣੀ ਲੱਗਦੀ ਹੈ, ਉਹ ਗੁਰਮੁਖਿ-ਜਨ ਪਰਮਾਤਮਾ ਦੇ ਚਰਨਾਂ ਦੇ ਧਿਆਨ ਵਿਚ ਜੁੜ ਕੇ (ਮੌਤ ਦੇ ਸਹਮ ਵਲੋਂ) ਬਚੇ ਰਹਿੰਦੇ ਹਨ।
ਪਰਮਾਤਮਾ ਦੇ ਨਾਮ ਵਿਚ ਜੁੜ ਕੇ (ਉਹ ਗੁਰਮੁਖ) (ਲੋਕ ਪਰਲੋਕ ਵਿਚ) ਸੋਭਾ ਤੇ ਵਡਿਆਈ ਖੱਟਦੇ ਹਨ, ਜਗਤ ਤੋਂ ਇੱਜ਼ਤ-ਵਡਿਆਈ ਲੈ ਕੇ ਉਹ ਪਰਮਾਤਮਾ ਦੀ ਦਰਗਾਹ ਵਿਚ ਜਾਂਦੇ ਹਨ।
(ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ) ਪਰਮਾਤਮਾ ਦੀ ਹਜ਼ੂਰੀ ਵਿਚ ਇੱਜ਼ਤ ਹਾਸਲ ਕਰਦੇ ਹਨ, ਹਰਿ-ਨਾਮ ਦੀ ਬਰਕਤਿ ਨਾਲ ਉਹ ਆਪਣਾ ਜੀਵਨ ਕਾਮਯਾਬ ਬਣਾ ਲੈਂਦੇ ਹਨ, ਪਰਮਾਤਮਾ ਦੇ ਨਾਮ ਤੋਂ ਉਹ ਆਤਮਕ ਆਨੰਦ ਪ੍ਰਾਪਤ ਕਰਦੇ ਹਨ।
(ਗੁਰੂ ਦੇ ਦਰ ਤੇ ਟਿਕੇ ਰਹਿਣ ਵਾਲੇ ਮਨੁੱਖ) ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੇ ਹਨ, ਤੇ ਇਸ ਤਰ੍ਹਾਂ ਉਹ ਜੂਨਾਂ ਦਾ ਗੇੜ ਅਤੇ ਮੌਤ-ਇਹਨਾਂ ਦੋਹਾਂ ਦੁੱਖਾਂ ਨੂੰ ਮਿਟਾ ਲੈਂਦੇ ਹਨ।
ਪਰਮਾਤਮਾ ਦੇ ਭਗਤ ਅਤੇ ਪਰਮਾਤਮਾ ਮਿਲ ਕੇ ਇੱਕ-ਰੂਪ ਹੋ ਜਾਂਦੇ ਹਨ, ਪਰਮਾਤਮਾ ਦੇ ਭਗਤ ਅਤੇ ਪਰਮਾਤਮਾ ਇਕੋ ਜਿਹੇ ਹੋ ਜਾਂਦੇ ਹਨ।
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਨੂੰ ਇਹ ਧੁਰ ਦਰਗਾਹ ਤੋਂ ਲਿਖੀ ਹੋਈ ਮੌਤ ਭੀ ਸੋਹਣੀ ਲੱਗਦੀ ਹੈ, ਉਹ ਗੁਰਮੁਖਿ ਬੰਦੇ ਪਰਮਾਤਮਾ ਦੇ ਧਿਆਨ ਵਿਚ ਲੀਨ ਹੋ ਕੇ (ਮੌਤ ਦੇ ਸਹਮ ਵਲੋਂ) ਬਚੇ ਰਹਿੰਦੇ ਹਨ ॥੩॥
(ਮਾਇਆ-ਗ੍ਰਸਿਆ) ਜਗਤ (ਮੁੜ ਮੁੜ) ਜੰਮਦਾ ਹੈ ਮਰਦਾ ਹੈ ਆਤਮਕ ਮੌਤੇ ਮਰਦਾ ਰਹਿੰਦਾ ਹੈ, ਗੁਰੂ ਦੀ ਰਾਹੀਂ (ਪ੍ਰਭੂ-ਚਰਨਾਂ ਵਿਚ) ਲੱਗ ਕੇ (ਮਾਇਆ ਦੇ ਮੋਹ ਵਲੋਂ) ਅਡੋਲ-ਚਿੱਤ ਹੋ ਜਾਂਦਾ ਹੈ।
ਗੁਰੂ ਜਿਸ ਮਨੁੱਖ ਦੇ ਹਿਰਦੇ ਵਿਚ ਨਾਮ-ਮੰਤਰ ਪੱਕਾ ਕਰਦਾ ਹੈ ਜਿਸ ਮਨੁੱਖ ਦੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਚੋਂਦਾ ਹੈ ਉਹ ਮਨੁੱਖ ਹਰਿ-ਨਾਮ-ਰਸ ਨੂੰ ਸੁਆਦ ਨਾਲ (ਆਪਣੇ ਅੰਦਰ) ਰਚਾਂਦਾ ਹੈ।
ਜਦੋਂ ਉਹ ਮਨੁੱਖ ਗੁਰੂ ਪਾਸੋਂ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਹਾਸਲ ਕਰਦਾ ਹੈ (ਪਹਿਲਾਂ ਆਤਮਕ ਮੌਤੇ) ਮੋਇਆ ਹੋਇਆ ਉਹ ਮਨੁੱਖ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ, ਮੁੜ ਉਸ ਨੂੰ ਇਹ ਮੌਤ ਨਹੀਂ ਵਿਆਪਦੀ।
ਜੇਹੜਾ ਮਨੁੱਖ ਗੁਰੂ ਪਾਸੋਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ ਉਹ ਮਨੁੱਖ ਉਹ ਦਰਜਾ ਹਾਸਲ ਕਰ ਲੈਂਦਾ ਹੈ ਜਿਥੇ ਆਤਮਕ ਮੌਤ ਪੋਹ ਨਹੀਂ ਸਕਦੀ, ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ।
ਹੇ ਦਾਸ ਨਾਨਕ! ਪਰਮਾਤਮਾ ਦਾ ਨਾਮ (ਉਸ ਮਨੁੱਖ ਦੀ ਜ਼ਿੰਦਗੀ ਦਾ) ਆਸਰਾ ਸਹਾਰਾ ਬਣ ਜਾਂਦਾ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਹੋਰ ਪਦਾਰਥ ਉਸ ਦੇ ਆਤਮਕ ਜੀਵਨ ਦਾ ਸਹਾਰਾ ਨਹੀਂ ਬਣ ਸਕਦਾ।
(ਮਾਇਆ-ਗ੍ਰਸਿਆ) ਜਗਤ (ਮੁੜ ਮੁੜ) ਜੰਮਦਾ ਹੈ ਮਰਦਾ ਹੈ ਆਤਮਕ ਮੌਤੇ ਮਰਦਾ ਰਹਿੰਦਾ ਹੈ, ਗੁਰੂ ਦੀ ਰਾਹੀਂ (ਪ੍ਰਭੂ-ਚਰਨਾਂ ਵਿਚ) ਲੱਗ ਕੇ (ਮਾਇਆ ਦੇ ਮੋਹ ਵਲੋਂ) ਅਡੋਲ-ਚਿੱਤ ਹੋ ਜਾਂਦਾ ਹੈ ॥੪॥੬॥੧੩॥