ਉਹ ਸੁਜਾਨ ਪ੍ਰਭੂ ਸਭ ਸਰੀਰਾਂ ਵਿਚ ਵਿਆਪਕ ਹੁੰਦਾ ਹੋਇਆ ਭੀ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ,
ਤੇ (ਹਰੇਕ ਗੱਲ ਵਿਚ) ਨਿਆਂ ਕਰਦਾ ਹੈ। ਜੇਹੜਾ ਮਨੁੱਖ ਗੁਰੂ ਦੇ ਬਖ਼ਸ਼ੇ ਇਸ ਗਿਆਨ ਵਿਚ ਆਪਣੇ ਆਪ ਨੂੰ ਲੀਨ ਕਰਦਾ ਹੈ,
ਉਹ ਆਪਣੇ ਅੰਦਰੋਂ ਕਾਮ ਤੇ ਕ੍ਰੋਧ ਨੂੰ ਉੱਕਾ ਹੀ ਮਾਰ ਲੈਂਦਾ ਹੈ, ਉਸ ਨੇ ਹਉਮੈ ਤੇ ਲੋਭ ਨੂੰ ਮੁਕਾ ਲਿਆ ਹੈ ॥੬॥
ਉਹ ਪਰਮਾਤਮਾ ਜਿਸ ਦਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ ਇਕ ਐਸੇ ਥਾਂ ਤੇ ਰਹਿੰਦਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ।
ਉਹ ਆਪ ਹੀ ਆਪਣੇ ਹੁਕਮ ਨੂੰ ਵਿਚਾਰਦਾ ਹੈ ਤੇ ਆਪ ਹੀ ਸਮਝਦਾ ਹੈ।
ਜਿਸ ਜੀਵ ਨੇ ਉਸ ਸਦਾ-ਥਿਰ ਪ੍ਰਭੂ ਦੇ ਚਰਨਾਂ (ਮਹਿਲ) ਵਿਚ ਆਪਣਾ ਟਿਕਾਣਾ ਸਦਾ ਲਈ ਬਣਾ ਲਿਆ (ਭਾਵ, ਜੋ ਮਨੁੱਖ ਸਦਾ ਉਸ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ) ਪਰਮਾਤਮਾ ਉਸ ਦਾ ਜੰਮਣ ਮਰਨ ਦਾ ਗੇੜ ਮੁਕਾ ਦੇਂਦਾ ਹੈ ॥੭॥
ਉਸ ਮਨੁੱਖ ਦਾ ਮਨ (ਮਾਇਆ ਦੀ ਖ਼ਾਤਰ) ਨਹੀਂ ਭਟਕਦਾ, ਮਾਇਆ ਦੀ ਤ੍ਰਿਸ਼ਨਾ ਉਸ ਨੂੰ ਥਾਂ ਥਾਂ ਨਹੀਂ ਦੌੜਾਈ ਫਿਰਦੀ।
ਪ੍ਰਭੂ-ਚਰਨਾਂ ਵਿਚ ਜੁੜਿਆ ਉਹ ਮਨੁੱਖ (ਆਪਣੇ ਅੰਦਰ) ਇਕ-ਰਸ ਸਿਫ਼ਤ-ਸਾਲਾਹ (ਦਾ ਵਾਜਾ) ਵਜਾਂਦਾ ਰਹਿੰਦਾ ਹੈ,
ਜਿਸ ਦੀ ਬਰਕਤਿ ਨਾਲ ਉਸ ਦੇ ਅੰਦਰ, ਮਾਨੋ, ਇਕ ਮਿੱਠਾ ਮਿੱਠਾ ਇਕ-ਰਸ ਰਾਗ ਹੁੰਦਾ ਹੈ ਜਿਵੇਂ ਪੰਜ ਕਿਸਮਾਂ ਦੇ ਸਾਜ਼ਾਂ ਦੇ ਇਕੱਠੇ ਵਜਾਣ ਨਾਲ ਪੈਦਾ ਹੁੰਦਾ ਹੈ, ਉਸ ਰਾਗ ਨੂੰ ਬਾਹਰੋਂ ਕਿਸੇ ਸਾਜ਼ ਦੇ ਆਸਰੇ ਦੀ ਲੋੜ ਨਹੀਂ ਪੈਂਦੀ। ਇਹ ਰਾਗ (ਅੰਦਰ-ਵੱਸਦੇ) ਪ੍ਰਭੂ ਨੇ ਆਪ ਹੀ ਵਜਾ ਕੇ ਉਸ ਨੂੰ ਸੁਣਾਇਆ ਹੈ ॥੮॥
ਉਸ ਮਨੁੱਖ ਦੇ ਅੰਦਰ ਪਰਮਾਤਮਾ ਦਾ ਡਰ-ਅਦਬ ਪੈਦਾ ਹੁੰਦਾ ਹੈ, ਪਰਮਾਤਮਾ ਦਾ ਪਿਆਰ ਉਪਜਦਾ ਹੈ, (ਜਿਸ ਕਰਕੇ) ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।
ਉਹ ਮਨੁੱਖ ਹਉਮੈ ਦੂਰ ਕਰ ਕੇ ਅਬਿਨਾਸੀ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗਿਆ ਰਹਿੰਦਾ ਹੈ।
(ਪ੍ਰਭੂ ਦੇ ਨਾਮ ਦਾ) ਸੁਰਮਾ ਪਾ ਕੇ ਉਹ ਪਛਾਣ ਲੈਂਦਾ ਹੈ ਕਿ ਉਹ ਰਾਜਨ-ਪ੍ਰਭੂ ਆਪ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਤੇ (ਸਰਨ ਪਏ) ਸਭ ਜੀਵਾਂ ਨੂੰ ਭੀ ਮਾਇਆ ਦੇ ਪ੍ਰਭਾਵ ਤੋਂ ਬਚਾ ਲੈਂਦਾ ਹੈ ॥੯॥
ਪ੍ਰਭੂ ਜੀਵਾਂ ਦੇ ਦੁੱਖ ਤੇ ਡਰ ਨਾਸ ਕਰਨ ਵਾਲਾ ਹੈ ਤੇ ਆਪ ਕਦੇ ਨਾਸ ਹੋਣ ਵਾਲਾ ਨਹੀਂ।
ਉਹ ਜੀਵਾਂ ਦੇ ਰੋਗ ਕੱਟਦਾ ਹੈ, ਜਮ ਦੀ ਫਾਹੀ ਤੋੜਦਾ ਹੈ।
ਹੇ ਨਾਨਕ! ਉਹ ਹਰੀ, ਉਹ ਭਉ-ਭੰਜਨ ਪ੍ਰਭੂ ਤਦੋਂ ਹੀ ਮਿਲਦਾ ਹੈ ਜੇ ਗੁਰੂ ਮਿਲ ਪਵੇ ॥੧੦॥
ਜੇਹੜਾ ਮਨੁੱਖ ਮਾਇਆ-ਰਹਿਤ ਪਰਮਾਤਮਾ ਨਾਲ ਸਾਂਝ ਪਾ ਲੈਂਦਾ ਹੈ ਉਹ ਮੌਤ ਦੀ ਗਿਰਾਹੀ ਕਰ ਲੈਂਦਾ ਹੈ (ਉਹ ਮੌਤ ਦਾ ਡਰ ਮੁਕਾ ਲੈਂਦਾ ਹੈ),
ਉਹ ਪਰਮਾਤਮਾ ਦੀ ਬਖ਼ਸ਼ਸ਼ ਨੂੰ ਸਮਝ ਲੈਂਦਾ ਹੈ, ਉਹ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਨਾਲ ਜਾਣ-ਪਛਾਣ ਪਾਂਦਾ ਹੈ।
(ਉਸ ਨੂੰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਪਰਮਾਤਮਾ ਆਪ ਹੀ ਜੀਵਾਂ ਦੇ ਦਿਲ ਦੀ ਜਾਣਦਾ ਹੈ ਤੇ ਪਛਾਣਦਾ ਹੈ, ਇਹ ਸਾਰਾ ਜਗਤ-ਤਮਾਸ਼ਾ ਉਸੇ ਦਾ ਰਚਿਆ ਹੋਇਆ ਹੈ ॥੧੧॥
(ਇਹ ਜਗਤ, ਮਾਨੋ, ਇਕ ਸ਼ਹਿਰ ਹੈ ਜਿਥੇ ਜੀਵ ਪ੍ਰਭੂ-ਨਾਮ ਦਾ ਵਣਜ ਕਰਨ ਆਉਂਦੇ ਹਨ) ਪਰਮਾਤਮਾ ਆਪ ਹੀ (ਰਾਸ-ਪੂੰਜੀ ਦੇਣ ਵਾਲਾ) ਸ਼ਾਹੂਕਾਰ ਹੈ, ਆਪ ਹੀ (ਜੀਵਾਂ ਵਿਚ ਵਿਆਪਕ ਹੋ ਕੇ) ਵਪਾਰੀ ਹੈ,
ਉਹ ਆਪ ਹੀ ਇਸ ਵਣਜ ਨੂੰ ਪਰਖਦਾ ਹੈ ਕਿਉਂਕਿ ਉਹ ਆਪ ਹੀ ਇਸ ਨੂੰ ਪਰਖਣ ਦੀ ਯੋਗਤਾ ਰੱਖਦਾ ਹੈ।
(ਹਰੇਕ ਜੀਵ-ਵਣਜਾਰੇ ਦੇ ਕੀਤੇ ਵਣਜ ਨੂੰ) ਪ੍ਰਭੂ ਆਪ ਹੀ ਪਰਖਦਾ ਹੈ ਜਿਵੇਂ ਸੁਨਿਆਰਾ ਸੋਨੇ ਨੂੰ ਕਸਵੱਟੀ ਤੇ ਘਸਾ ਕੇ ਪਰਖਦਾ ਹੈ, ਤੇ ਫਿਰ ਪ੍ਰਭੂ ਆਪ ਹੀ (ਉਸ ਵਣਜ ਦਾ) ਮੁੱਲ ਪਾਂਦਾ ਹੈ ॥੧੨॥
ਜਿਸ ਮਨੁੱਖ ਉਤੇ ਦਇਆ-ਦੇ-ਘਰ ਪ੍ਰਭੂ ਨੇ ਮੇਹਰ ਕੀਤੀ,
ਉਸ ਨੂੰ ਨਿਸ਼ਚਾ ਹੋ ਗਿਆ ਕਿ ਜਗਤ ਦਾ ਮਾਲਕ ਪ੍ਰਭੂ ਹਰੇਕ ਸਰੀਰ ਵਿਚ ਵਿਆਪਕ ਹੈ।
ਹਰੇਕ ਸਰੀਰ ਵਿਚ ਵੱਸਦਾ ਹੋਇਆ ਭੀ ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਤੇ ਪਵਿਤ੍ਰ-ਸਰੂਪ ਹੈ। (ਜਿਸ ਉਤੇ ਪ੍ਰਭੂ ਦੀ ਮੇਹਰ ਹੋਈ) ਉਸ ਨੂੰ ਸਤਿਗੁਰ ਪੁਰਖ ਨੇ ਉਹ ਸਰਬ-ਵਿਆਪਕ ਪ੍ਰਭੂ ਮਿਲਾ ਦਿੱਤਾ ॥੧੩॥
ਪ੍ਰਭੂ ਸਭ ਜੀਵਾਂ ਦੇ ਦਿਲ ਦੀ ਜਾਣਦਾ ਹੈ ਸਭ ਦੇ ਕੀਤੇ ਕੰਮ ਵੇਖਦਾ ਹੈ (ਜਿਸ ਉਤੇ ਮਿਹਰ ਕਰੇ ਉਸ ਦਾ) ਅਹੰਕਾਰ ਮਿਟਾਂਦਾ ਹੈ,
ਉਸ ਦੇ ਅੰਦਰੋਂ ਕਿਸੇ ਹੋਰ ਆਸਰੇ ਦੀ ਝਾਕ ਦੂਰ ਕਰਦਾ ਹੈ, ਤੇ ਉਸ ਨੂੰ ਇਕ ਆਪਣਾ ਆਪ ਵਿਖਾ ਦੇਂਦਾ ਹੈ।
ਉਹ ਮਨੁੱਖ ਦੁਨੀਆ ਦੀਆਂ ਆਸਾਂ ਵਿਚ (ਵਿਚਰਦਾ ਹੋਇਆ ਭੀ) ਆਸਾਂ ਦੇ ਆਸਰੇ ਤੋਂ ਬੇ-ਮੁਥਾਜ ਹੋ ਜਾਂਦਾ ਹੈ ਕਿਉਂਕਿ ਉਹ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਤੇ ਜਿਸ ਦੀ ਕੋਈ ਖ਼ਾਸ ਕੁਲ ਨਹੀਂ ॥੧੪॥
ਉਹ ਮਨੁੱਖ ਹਉਮੈ ਦੂਰ ਕਰ ਕੇ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਤੇ ਉਸ ਮਨੁੱਖ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ,
ਜੇਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ। ਉਹੀ ਅਸਲ ਗਿਆਨ-ਵਾਨ ਹੈ।
ਹੇ ਨਾਨਕ! ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਪਰਮਾਤਮਾ ਦੇ ਗੁਣ ਗਾਣੇ-(ਜਗਤ ਵਿਚ ਇਹੀ ਅਸਲ) ਖੱਟੀ ਹੈ। ਜੇਹੜਾ ਮਨੁੱਖ ਸਾਧ ਸੰਗਤ ਵਿਚ ਆਉਂਦਾ ਹੈ ਉਹ ਇਹ ਸਦਾ ਕਾਇਮ ਰਹਿਣ ਵਾਲਾ ਫਲ ਪਾ ਲੈਂਦਾ ਹੈ ॥੧੫॥੨॥੧੯॥
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰੋ, (ਸਿਮਰਨ ਦੀ ਬਰਕਤਿ ਨਾਲ ਉਸ) ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲੀ ਰਹੇਗੀ,
ਜੀਵਨ-ਸਫ਼ਰ ਵਿਚ ਵਿਕਾਰਾਂ ਦੇ ਹੱਲੇ ਤੋਂ ਬਚੇ ਰਹੋਗੇ, ਤੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਵੋਗੇ।
ਹੇ ਮਨ! (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਗੁਰੂ ਜਹਾਜ਼ ਹੈ, ਗੁਰੂ ਬੇੜੀ ਹੈ, ਗੁਰੂ ਤੁਲਹਾ ਹੈ, (ਗੁਰੂ ਦੀ ਸਰਨ ਪੈ ਕੇ) ਹਰਿ-ਨਾਮ ਜਪ, (ਜਿਸ ਜਿਸ ਨੇ ਜਪਿਆ ਹੈ ਗੁਰੂ ਨੇ ਉਸ ਨੂੰ) ਪਾਰ ਲੰਘਾ ਦਿੱਤਾ ਹੈ ॥੧॥
ਪਰਮਾਤਮਾ ਦਾ ਨਾਮ ਹਉਮੈ ਮਮਤਾ ਤੇ ਲੋਭ ਦਾ ਨਾਸ ਕਰਨ ਵਾਲਾ ਹੈ,
(ਨਾਮ ਸਿਮਰਨ ਦੀ ਬਰਕਤਿ ਨਾਲ) ਸਰੀਰ ਦੀਆਂ ਨੌ ਗੋਲਕਾਂ ਦੇ ਵਿਸ਼ਿਆਂ ਤੋਂ ਖ਼ਲਾਸੀ ਮਿਲੀ ਰਹਿੰਦੀ ਹੈ, ਸੁਰਤ ਦਸਵੇਂ ਦੁਆਰ ਵਿਚ ਟਿਕੀ ਰਹਿੰਦੀ ਹੈ (ਭਾਵ, ਦਸਵੇਂ ਦੁਆਰ ਦੀ ਰਾਹੀਂ ਪਰਮਾਤਮਾ ਨਾਲ ਸੰਬੰਧ ਬਣਿਆ ਰਹਿੰਦਾ ਹੈ)।
ਜਿਸ ਪਰਮਾਤਮਾ ਨੇ ਆਪਣੇ ਆਪ ਨੂੰ (ਸ੍ਰਿਸ਼ਟੀ ਦੇ ਰੂਪ ਵਿਚ) ਪਰਗਟ ਕੀਤਾ ਹੈ ਜੋ ਪਰੇ ਤੋਂ ਪਰੇ ਹੈ ਤੇ ਬੇਅੰਤ ਹੈ ਉਹ ਉਸ ਦਸਮ ਦੁਆਰ ਵਿਚ ਪ੍ਰਤੱਖ ਹੋ ਜਾਂਦਾ ਹੈ ॥੨॥
ਗੁਰੂ ਦੀ ਮੱਤ ਗ੍ਰਹਿਣ ਕਰੋ (ਗੁਰੂ ਦੀ ਮੱਤ ਦੀ ਰਾਹੀਂ) ਪਰਮਾਤਮਾ ਵਿਚ ਸੁਰਤ ਜੋੜਿਆਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।
(ਇਕ-ਰਸ ਵਿਆਪਕ) ਅਖੰਡ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਜਮ ਤੋਂ ਡਰਨ ਦੀ ਲੋੜ ਨਹੀਂ ਰਹਿ ਜਾਂਦੀ।
(ਹੇ ਪ੍ਰਭੂ! ਇਹ ਤੇਰੇ ਸਿਮਰਨ ਦਾ ਹੀ ਸਦਕਾ ਹੈ ਕਿ) ਮੈਂ ਜਿਧਰ ਜਿਧਰ ਵੇਖਦਾ ਹਾਂ ਉਧਰ ਉਧਰ ਤੂੰ ਹੀ ਤੂੰ ਦਿੱਸਦਾ ਹੈਂ। ਮੈਨੂੰ ਤੇਰੇ ਵਰਗਾ ਕੋਈ ਹੋਰ ਨਹੀਂ ਦਿੱਸਦਾ, ਮੈਂ ਤੇਰੀ ਹੀ ਸਿਫ਼ਤ-ਸਾਲਾਹ ਕਰਦਾ ਹਾਂ ॥੩॥
ਪਰਮਾਤਮਾ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਉਸ ਦਾ ਆਸਰਾ-ਪਰਨਾ ਭੀ ਸਦਾ-ਥਿਰ ਰਹਿਣ ਵਾਲਾ ਹੈ।
ਗੁਰੂ ਦਾ ਸ਼ਬਦ (ਭੀ) ਸਦਾ-ਥਿਰ ਰਹਿਣ ਵਾਲਾ (ਵਸੀਲਾ ਹੈ), ਸ਼ਬਦ ਵਿਚ ਜੁੜ ਕੇ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘੀਦਾ ਹੈ।
ਪਰਮਾਤਮਾ ਦਾ ਸਰੂਪ ਬਿਆਨ ਤੋਂ ਪਰੇ ਹੈ, ਜੋ ਮਨੁੱਖ ਉਸ ਪਰੇ ਤੋਂ ਪਰੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ ਉਹ ਉਸ ਦਾ ਦਰਸ਼ਨ ਕਰ ਲੈਂਦਾ ਹੈ, ਉਹ ਮਨੁੱਖ ਫਿਰ ਗਰਭ-ਜੋਨਿ ਵਿਚ ਨਹੀਂ ਆਉਂਦਾ ॥੪॥
ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਕੋਈ ਮਨੁੱਖ ਦੂਜਿਆਂ ਦੀ) ਸੇਵਾ ਤੇ ਸੰਤੋਖ (ਦਾ ਆਤਮਕ ਗੁਣ) ਪ੍ਰਾਪਤ ਨਹੀਂ ਕਰ ਸਕਦਾ।
ਗੁਰੂ ਦੀ ਸਰਨ ਤੋਂ ਬਿਨਾ ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲਦੀ, ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।
ਹੇ ਨਾਨਕ! ਹਰੀ ਦਾ ਨਾਮ ਸਿਮਰ ਜੋ ਸਭ ਮੰਤ੍ਰਾਂ ਦਾ ਮੂਲ ਹੈ ਤੇ ਜੋ ਸਭ ਰਸਾਂ ਦਾ ਸੋਮਾ ਹੈ। (ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਨਾਮ ਸਿਮਰਦਾ ਹੈ) ਉਸ ਨੂੰ ਪੂਰਨ ਪ੍ਰਭੂ ਮਿਲ ਪੈਂਦਾ ਹੈ ॥੫॥