ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 235


ਆਪਿ ਛਡਾਏ ਛੁਟੀਐ ਸਤਿਗੁਰ ਚਰਣ ਸਮਾਲਿ ॥੪॥

ਜੇ ਪਰਮਾਤਮਾ ਆਪ ਹੀ (ਮਾਇਆ-ਜਾਲ ਵਿਚੋਂ) ਖ਼ਲਾਸੀ ਕਰਾਏ ਤਾਂ ਹੀ ਗੁਰੂ ਦੇ ਚਰਨਾਂ ਨੂੰ (ਹਿਰਦੇ ਵਿਚ ਸੰਭਾਲ ਕੇ (ਇਸ ਜਾਲ ਵਿਚੋਂ) ਨਿਕਲ ਸਕੀਦਾ ਹੈ ॥੪॥

ਮਨ ਕਰਹਲਾ ਮੇਰੇ ਪਿਆਰਿਆ ਵਿਚਿ ਦੇਹੀ ਜੋਤਿ ਸਮਾਲਿ ॥

ਹੇ ਮੇਰੇ ਪਿਆਰੇ ਮਨ! ਹੇ ਬੇ-ਮੁਹਾਰ ਮਨ! (ਤੇਰੇ) ਸਰੀਰ ਵਿਚ (ਰੱਬੀ) ਜੋਤਿ (ਵੱਸ ਰਹੀ ਹੈ, ਇਸ ਨੂੰ) ਸਾਂਭ ਕੇ ਰੱਖ।

ਗੁਰਿ ਨਉ ਨਿਧਿ ਨਾਮੁ ਵਿਖਾਲਿਆ ਹਰਿ ਦਾਤਿ ਕਰੀ ਦਇਆਲਿ ॥੫॥

ਪਰਮਾਤਮਾ ਦਾ ਨਾਮ (ਮਾਨੋ, ਜਗਤ ਦੇ ਸਾਰੇ) ਨੌ ਖ਼ਜ਼ਾਨੇ (ਹੈ) ਜਿਸ ਨੂੰ ਗੁਰੂ ਨੇ ਇਹ ਨਾਮ ਵਿਖਾਲ ਦਿੱਤਾ ਹੈ, ਦਇਆਲ ਪਰਮਾਤਮਾ ਨੇ ਉਸ ਮਨੁੱਖ ਉਤੇ (ਨਾਮ ਦੀ ਇਹ) ਬਖ਼ਸ਼ਸ਼ ਕਰ ਦਿੱਤੀ ਹੈ ॥੫॥

ਮਨ ਕਰਹਲਾ ਤੂੰ ਚੰਚਲਾ ਚਤੁਰਾਈ ਛਡਿ ਵਿਕਰਾਲਿ ॥

ਹੇ ਬੇ-ਮੁਹਾਰ ਮਨ! ਤੂੰ ਕਦੇ ਕਿਤੇ ਟਿਕ ਕੇ ਨਹੀਂ ਬੈਠਦਾ, ਇਹ ਚੰਚਲਤਾ ਇਹ ਚਲਾਕੀ ਛੱਡ ਦੇਹ, (ਇਹ ਚਤੁਰਾਈ) ਭਿਆਨਕ (ਖੂਹ) ਵਿਚ (ਸੁੱਟ ਦੇਵੇਗੀ)।

ਹਰਿ ਹਰਿ ਨਾਮੁ ਸਮਾਲਿ ਤੂੰ ਹਰਿ ਮੁਕਤਿ ਕਰੇ ਅੰਤ ਕਾਲਿ ॥੬॥

(ਹੇ ਬੇ-ਮੁਹਾਰ ਮਨ!) ਪਰਮਾਤਮਾ ਦਾ ਨਾਮ ਸਦਾ ਚੇਤੇ ਰੱਖ, ਪਰਮਾਤਮਾ (ਦਾ ਨਾਮ) ਹੀ ਅੰਤ ਵੇਲੇ (ਮਾਇਆ ਦੇ ਮੋਹ ਦੇ ਜਾਲ ਤੋਂ) ਖ਼ਲਾਸੀ ਦਿਵਾਂਦਾ ਹੈ ॥੬॥

ਮਨ ਕਰਹਲਾ ਵਡਭਾਗੀਆ ਤੂੰ ਗਿਆਨੁ ਰਤਨੁ ਸਮਾਲਿ ॥

ਹੇ ਬੇ-ਮੁਹਾਰ ਮਨ! ਪਰਮਾਤਮਾ ਨਾਲ ਡੂੰਘੀ ਸਾਂਝ (ਇਕ) ਰਤਨ (ਹੈ ਇਸਨੂੰ) ਤੂੰ ਸਾਂਭ ਕੇ ਰੱਖ, ਤੇ ਵੱਡੇ ਭਾਗਾਂ ਵਾਲਾ ਬਣ।

ਗੁਰ ਗਿਆਨੁ ਖੜਗੁ ਹਥਿ ਧਾਰਿਆ ਜਮੁ ਮਾਰਿਅੜਾ ਜਮਕਾਲਿ ॥੭॥

ਗੁਰੂ ਦਾ ਦਿੱਤਾ ਹੋਇਆ ਗਿਆਨ (ਗੁਰੂ ਦੀ ਰਾਹੀਂ ਪਰਮਾਤਮਾ ਨਾਲ ਪਈ ਹੋਈ ਡੂੰਘੀ ਸਾਂਝ, ਇਕ) ਖੰਡਾ ਹੈ, (ਜਿਸ ਮਨੁੱਖ ਨੇ ਇਹ ਖੰਡਾ ਆਪਣੇ) ਹੱਥ ਵਿਚ ਫ਼ੜ ਲਿਆ, ਉਸ ਨੇ (ਆਤਮਕ) ਮੌਤ ਨੂੰ ਮਾਰਨ ਵਾਲੇ (ਇਸ ਗਿਆਨ-ਖੰਡੇ) ਦੀ ਰਾਹੀਂ ਜਮ ਨੂੰ (ਮੌਤ ਦੇ ਸਹਮ ਨੂੰ, ਆਤਮਕ ਮੌਤ ਨੂੰ) ਮਾਰ ਮੁਕਾਇਆ ॥੭॥

ਅੰਤਰਿ ਨਿਧਾਨੁ ਮਨ ਕਰਹਲੇ ਭ੍ਰਮਿ ਭਵਹਿ ਬਾਹਰਿ ਭਾਲਿ ॥

ਹੇ ਬੇ-ਮੁਹਾਰੇ ਮਨ! (ਪਰਮਾਤਮਾ ਦਾ ਨਾਮ-) ਖ਼ਜ਼ਾਨਾ (ਤੇਰੇ) ਅੰਦਰ ਹੈ, ਪਰ ਤੂੰ ਭਟਕਣਾ ਵਿਚ ਪੈ ਕੇ ਬਾਹਰ ਭਾਲਦਾ ਫਿਰਦਾ ਹੈਂ।

ਗੁਰੁ ਪੁਰਖੁ ਪੂਰਾ ਭੇਟਿਆ ਹਰਿ ਸਜਣੁ ਲਧੜਾ ਨਾਲਿ ॥੮॥

(ਹੇ ਮਨ!) ਪਰਮਾਤਮਾ-ਦਾ-ਰੂਪ ਗੁਰੂ ਜਿਸ ਮਨੁੱਖ ਨੂੰ ਮਿਲ ਪੈਂਦਾ ਹੈ, ਉਹ ਮਨੁੱਖ ਸੱਜਣ-ਪਰਮਾਤਮਾ ਨੂੰ ਆਪਣੇ ਨਾਲ-ਵੱਸਦਾ (ਅੰਦਰ ਹੀ) ਲੱਭ ਲੈਂਦਾ ਹੈ ॥੮॥

ਰੰਗਿ ਰਤੜੇ ਮਨ ਕਰਹਲੇ ਹਰਿ ਰੰਗੁ ਸਦਾ ਸਮਾਲਿ ॥

(ਮਾਇਆ ਦੇ ਮੋਹ ਦੇ) ਰੰਗ ਵਿਚ ਰੰਗੇ ਹੋਏ ਬੇ-ਮੁਹਾਰੇ ਮਨ! ਪਰਮਾਤਮਾ ਦਾ ਪ੍ਰੇਮ-ਰੰਗ ਸਦਾ (ਆਪਣੇ ਅੰਦਰ) ਸਾਂਭ ਕੇ ਰੱਖ।

ਹਰਿ ਰੰਗੁ ਕਦੇ ਨ ਉਤਰੈ ਗੁਰ ਸੇਵਾ ਸਬਦੁ ਸਮਾਲਿ ॥੯॥

ਪਰਮਾਤਮਾ (ਦੇ ਪਿਆਰ) ਦਾ (ਇਹ) ਰੰਗ ਫਿਰ ਕਦੇ ਫਿੱਕਾ ਨਹੀਂ ਪੈਂਦਾ, (ਇਸ ਵਾਸਤੇ ਇਹ ਰੰਗ ਪ੍ਰਾਪਤ ਕਰਨ ਲਈ) ਤੂੰ ਗੁਰੂ ਦੀ ਸਰਨ ਪਉ, ਤੂੰ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿਚ ਸੰਭਾਲ ॥੯॥

ਹਮ ਪੰਖੀ ਮਨ ਕਰਹਲੇ ਹਰਿ ਤਰਵਰੁ ਪੁਰਖੁ ਅਕਾਲਿ ॥

ਹੇ ਬੇ-ਮੁਹਾਰੇ ਮਨ! ਅਸੀਂ ਜੀਵ ਪੰਛੀ ਹਾਂ, ਅਕਾਲ-ਪੁਰਖ ਨੇ (ਸਾਨੂੰ ਜਗਤ ਵਿਚ ਭੇਜਿਆ ਹੈ ਜਿਵੇਂ ਕੋਈ ਰੁੱਖ ਪੰਛੀਆਂ ਦੇ ਰਾਤ-ਬਿਸ੍ਰਾਮ ਲਈ ਆਸਰਾ ਹੁੰਦਾ ਹੈ, ਤਿਵੇਂ) ਉਹ ਸਰਬ-ਵਿਆਪਕ ਹਰੀ (ਸਾਡਾ ਜੀਵ-ਪੰਛੀਆਂ ਦਾ ਆਸਰਾ-) ਰੁੱਖ ਹੈ।

ਵਡਭਾਗੀ ਗੁਰਮੁਖਿ ਪਾਇਆ ਜਨ ਨਾਨਕ ਨਾਮੁ ਸਮਾਲਿ ॥੧੦॥੨॥

ਹੇ ਦਾਸ ਨਾਨਕ! (ਆਖ-ਹੇ ਮਨ!) ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਹਿਰਦੇ ਵਿਚ ਸੰਭਾਲ ਕੇ ਵੱਡੇ ਭਾਗਾਂ ਵਾਲੇ (ਜੀਵ-ਪੰਛੀਆਂ) ਨੇ ਉਹ ਆਸਰਾ ਹਾਸਲ ਕੀਤਾ ਹੈ ॥੧੦॥੨॥

ਰਾਗੁ ਗਉੜੀ ਗੁਆਰੇਰੀ ਮਹਲਾ ੫ ਅਸਟਪਦੀਆ ॥

ਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।

ੴ ਸਤਿ ਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜਬ ਇਹੁ ਮਨ ਮਹਿ ਕਰਤ ਗੁਮਾਨਾ ॥

(ਹੇ ਭਾਈ!) ਜਦੋਂ ਮਨੁੱਖ (ਆਪਣੇ) ਮਨ ਵਿਚ (ਵੱਡੇ ਹੋਣ ਦਾ) ਮਾਣ ਕਰਦਾ ਹੈ,

ਤਬ ਇਹੁ ਬਾਵਰੁ ਫਿਰਤ ਬਿਗਾਨਾ ॥

ਤਦੋਂ (ਉਸ ਅਹੰਕਾਰ ਵਿਚ) ਝੱਲਾ (ਹੋਇਆ) ਮਨੁੱਖ (ਸਭ ਲੋਕਾਂ ਤੋਂ) ਵੱਖਰਾ ਵੱਖਰਾ ਤੁਰਿਆ ਫਿਰਦਾ ਹੈ।

ਜਬ ਇਹੁ ਹੂਆ ਸਗਲ ਕੀ ਰੀਨਾ ॥

ਪਰ ਜਦੋਂ ਇਹ ਸਭ ਲੋਕਾਂ ਦੀ ਚਰਨ-ਧੂੜ ਹੋ ਗਿਆ,

ਤਾ ਤੇ ਰਮਈਆ ਘਟਿ ਘਟਿ ਚੀਨਾ ॥੧॥

ਤਦੋਂ ਇਸ ਨੇ ਸੋਹਣੇ ਰਾਮ ਨੂੰ ਹਰੇਕ ਸਰੀਰ ਵਿਚ ਵੇਖ ਲਿਆ ॥੧॥

ਸਹਜ ਸੁਹੇਲਾ ਫਲੁ ਮਸਕੀਨੀ ॥

(ਹੇ ਭਾਈ!) ਮੇਰੇ ਗੁਰੂ ਨੇ ਮੈਨੂੰ (ਗਰੀਬੀ ਸੁਭਾਵ ਦੀ) ਦਾਤ ਬਖ਼ਸ਼ੀ,

ਸਤਿਗੁਰ ਅਪੁਨੈ ਮੋਹਿ ਦਾਨੁ ਦੀਨੀ ॥੧॥ ਰਹਾਉ ॥

ਉਸ ਗਰੀਬੀ ਸੁਭਾਵ ਦਾ ਫਲ ਇਹ ਹੋਇਆ ਹੈ ਕਿ ਮੈਨੂੰ ਆਤਮਕ ਅਡੋਲਤਾ ਮਿਲ ਗਈ, ਮੈਂ ਸੁਖੀ ਹਾਂ ॥੧॥ ਰਹਾਉ ॥

ਜਬ ਕਿਸ ਕਉ ਇਹੁ ਜਾਨਸਿ ਮੰਦਾ ॥

ਜਦ ਤਕ ਮਨੁੱਖ ਹਰ ਕਿਸੇ ਨੂੰ ਭੈੜਾ ਸਮਝਦਾ ਹੈ,

ਤਬ ਸਗਲੇ ਇਸੁ ਮੇਲਹਿ ਫੰਦਾ ॥

ਤਦ ਤਕ (ਇਸ ਨੂੰ ਇਉਂ ਜਾਪਦਾ ਹੈ ਕਿ) ਸਾਰੇ ਲੋਕ ਇਸ ਦੇ ਵਾਸਤੇ (ਠੱਗੀ ਦੇ) ਜਾਲ ਵਿਛਾ ਰਹੇ ਹਨ।

ਮੇਰ ਤੇਰ ਜਬ ਇਨਹਿ ਚੁਕਾਈ ॥

ਪਰ ਜਦੋਂ ਇਸ ਨੇ (ਆਪਣੇ ਅੰਦਰੋਂ) ਵਿਤਕਰਾ ਦੂਰ ਕਰ ਦਿੱਤਾ,

ਤਾ ਤੇ ਇਸੁ ਸੰਗਿ ਨਹੀ ਬੈਰਾਈ ॥੨॥

ਤਦੋਂ (ਇਸ ਨੂੰ ਯਕੀਨ ਬਣ ਜਾਂਦਾ ਹੈ ਕਿ (ਕੋਈ ਇਸ ਨਾਲ ਵੈਰ ਨਹੀਂ ਕਰ ਰਿਹਾ ॥੨॥

ਜਬ ਇਨਿ ਅਪੁਨੀ ਅਪਨੀ ਧਾਰੀ ॥

ਜਦ ਤਕ ਇਸ ਮਨੁੱਖ ਨੇ (ਮਨ ਵਿਚ) ਆਪਣੀ ਹੀ ਗ਼ਰਜ਼ ਟਿਕਾਈ ਰੱਖੀ,

ਤਬ ਇਸ ਕਉ ਹੈ ਮੁਸਕਲੁ ਭਾਰੀ ॥

ਤਦ ਤਕ ਇਸ ਨੂੰ ਬੜੀ ਔਖਿਆਈ ਬਣੀ ਰਹਿੰਦੀ ਹੈ।

ਜਬ ਇਨਿ ਕਰਣੈਹਾਰੁ ਪਛਾਤਾ ॥

ਪਰ ਜਦੋਂ ਇਸ ਨੇ (ਹਰ ਥਾਂ) ਸਿਰਜਣਹਾਰ ਨੂੰ ਹੀ (ਵੱਸਦਾ) ਪਛਾਣ ਲਿਆ,

ਤਬ ਇਸ ਨੋ ਨਾਹੀ ਕਿਛੁ ਤਾਤਾ ॥੩॥

ਤਦੋਂ ਇਸ ਨੂੰ (ਕਿਸੇ ਨਾਲ) ਕੋਈ ਸਾੜਾ ਨਹੀਂ ਰਹਿ ਜਾਂਦਾ ॥੩॥

ਜਬ ਇਨਿ ਅਪੁਨੋ ਬਾਧਿਓ ਮੋਹਾ ॥

ਜਦ ਤਕ ਇਸ ਮਨੁੱਖ ਨੇ (ਦੁਨੀਆ ਨਾਲ) ਆਪਣਾ ਮੋਹ ਪੱਕਾ ਕੀਤਾ ਹੋਇਆ ਹੈ,

ਆਵੈ ਜਾਇ ਸਦਾ ਜਮਿ ਜੋਹਾ ॥

ਤਦ ਤਕ ਇਹ ਭਟਕਦਾ ਰਹਿੰਦਾ ਹੈ, ਆਤਮਕ ਮੌਤ ਨੇ (ਤਦ ਤਕ) ਸਦਾ ਇਸ ਨੂੰ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ।

ਜਬ ਇਸ ਤੇ ਸਭ ਬਿਨਸੇ ਭਰਮਾ ॥

ਪਰ ਜਦੋਂ ਇਸ ਦੇ ਅੰਦਰੋਂ ਸਾਰੀਆਂ ਭਟਕਣਾ ਮੁੱਕ ਜਾਂਦੀਆਂ ਹਨ,

ਭੇਦੁ ਨਾਹੀ ਹੈ ਪਾਰਬ੍ਰਹਮਾ ॥੪॥

ਤਦੋਂ ਇਸ ਵਿਚ ਤੇ ਪਰਮਾਤਮਾ ਵਿਚ ਕੋਈ ਵਿੱਥ ਨਹੀਂ ਰਹਿ ਜਾਂਦੀ ॥੪॥

ਜਬ ਇਨਿ ਕਿਛੁ ਕਰਿ ਮਾਨੇ ਭੇਦਾ ॥

ਜਦ ਤਕ ਇਸ ਮਨੁੱਖ ਨੇ (ਦੂਜਿਆਂ ਨਾਲੋਂ) ਕੋਈ ਵਿਤਕਰੇ ਮਿਥ ਰੱਖੇ ਹਨ,

ਤਬ ਤੇ ਦੂਖ ਡੰਡ ਅਰੁ ਖੇਦਾ ॥

ਤਦ ਤਕ ਇਸ ਦੀ ਆਤਮਾ ਨੂੰ ਦੁੱਖਾਂ-ਕਲੇਸ਼ਾਂ ਦੀਆਂ ਸਜ਼ਾਵਾਂ ਮਿਲਦੀਆਂ ਰਹਿੰਦੀਆਂ ਹਨ।

ਜਬ ਇਨਿ ਏਕੋ ਏਕੀ ਬੂਝਿਆ ॥

ਪਰ ਜਦੋਂ ਇਸ ਨੇ (ਹਰ ਥਾਂ) ਇਕ ਪਰਮਾਤਮਾ ਨੂੰ ਹੀ ਵੱਸਦਾ ਸਮਝ ਲਿਆ,

ਤਬ ਤੇ ਇਸ ਨੋ ਸਭੁ ਕਿਛੁ ਸੂਝਿਆ ॥੫॥

ਤਦੋਂ ਇਸ ਨੂੰ (ਸਹੀ ਜੀਵਨ-ਜੁਗਤਿ ਦਾ) ਹਰੇਕ ਅੰਗ ਸੁੱਝ ਪੈਂਦਾ ਹੈ ॥੫॥

ਜਬ ਇਹੁ ਧਾਵੈ ਮਾਇਆ ਅਰਥੀ ॥

ਜਿਤਨਾ ਚਿਰ ਇਹ ਮਨੁੱਖ ਮਾਇਆ ਦਾ ਮੁਥਾਜ ਹੋ ਕੇ (ਹਰ ਪਾਸੇ) ਭਟਕਦਾ ਫਿਰਦਾ ਹੈ,

ਨਹ ਤ੍ਰਿਪਤਾਵੈ ਨਹ ਤਿਸ ਲਾਥੀ ॥

ਤਦੋਂ ਤਕ ਇਹ ਤ੍ਰਿਪਤ ਨਹੀਂ ਹੁੰਦਾ। ਇਸ ਦੀ ਮਾਇਆ ਵਾਲੀ ਤ੍ਰਿਸ਼ਨਾ ਮੁੱਕਦੀ ਨਹੀਂ।

ਜਬ ਇਸ ਤੇ ਇਹੁ ਹੋਇਓ ਜਉਲਾ ॥

ਜਦੋਂ ਇਹ ਮਨੁੱਖ ਇਸ ਮਾਇਆ-ਮੋਹ ਤੋਂ ਵੱਖ ਹੋ ਜਾਂਦਾ ਹੈ,

ਪੀਛੈ ਲਾਗਿ ਚਲੀ ਉਠਿ ਕਉਲਾ ॥੬॥

ਤਦੋਂ ਮਾਇਆ ਇਸ ਦੇ ਪਿਛੇ ਪਿਛੇ ਲੱਗ ਤੁਰਦੀ ਹੈ। (ਮਾਇਆ ਇਸ ਦੀ ਦਾਸੀ ਬਣ ਜਾਂਦੀ ਹੈ) ॥੬॥

ਕਰਿ ਕਿਰਪਾ ਜਉ ਸਤਿਗੁਰੁ ਮਿਲਿਓ ॥

ਜਦੋਂ (ਕਿਸੇ ਮਨੁੱਖ ਨੂੰ) ਗੁਰੂ ਮਿਹਰ ਕਰ ਕੇ ਮਿਲ ਪੈਂਦਾ ਹੈ,

ਮਨ ਮੰਦਰ ਮਹਿ ਦੀਪਕੁ ਜਲਿਓ ॥

ਉਸ ਦੇ ਮਨ ਵਿਚ ਗਿਆਨ ਹੋ ਜਾਂਦਾ ਹੈ, ਜਿਵੇਂ ਘਰ ਵਿਚ ਦੀਵਾ ਜਗ ਪੈਂਦਾ ਹੈ (ਤੇ ਘਰ ਦੀ ਹਰੇਕ ਚੀਜ਼ ਦਿੱਸ ਪੈਂਦੀ ਹੈ।)

ਜੀਤ ਹਾਰ ਕੀ ਸੋਝੀ ਕਰੀ ॥

ਤਦੋਂ ਮਨੁੱਖ ਨੂੰ ਸਮਝ ਪੈ ਜਾਂਦੀ ਹੈ ਕਿ ਮਨੁੱਖਾ ਜੀਵਨ ਵਿਚ ਅਸਲ ਜਿੱਤ ਕੀਹ ਹੈ ਤੇ ਹਾਰ ਕੀਹ ਹੈ,

ਤਉ ਇਸੁ ਘਰ ਕੀ ਕੀਮਤਿ ਪਰੀ ॥੭॥

ਤਦੋਂ ਇਸ ਨੂੰ ਆਪਣੇ ਸਰੀਰ ਦੀ ਕਦਰ ਮਲੂਮ ਹੋ ਜਾਂਦੀ ਹੈ (ਤੇ ਇਸ ਨੂੰ ਵਿਕਾਰਾਂ ਵਿਚ ਨਹੀਂ ਰੋਲਦਾ) ॥੭॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430