ਰਾਗ ਭੈਰਉ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਤੇਰੀ ਇਹ ਕੱਚੀ ਗੱਲ ਹੈ ਕਿ) ਪਰਮਾਤਮਾ ਨੇ ਹੋਰ ਸਾਰੀਆਂ ਥਿੱਤਾਂ ਲਾਂਭੇ ਰਹਿਣ ਦਿੱਤੀਆਂ,
ਅਤੇ (ਭਾਦਰੋਂ ਵਦੀ) ਅਸ਼ਟਮੀ ਥਿੱਤ ਨੂੰ ਉਸ ਨੇ ਜਨਮ ਲਿਆ ॥੧॥
ਭਟਕਣਾ ਦੇ ਕਾਰਨ ਕੁਰਾਹੇ ਪਏ ਹੋਏ ਹੇ ਮਨੁੱਖ! ਤੂੰ ਇਹ ਕੱਚੀਆਂ ਗੱਲਾਂ ਕਰ ਰਿਹਾ ਹੈਂ (ਕਿ ਪਰਮਾਤਮਾ ਨੇ ਭਾਦਰੋਂ ਵਦੀ ਅਸ਼ਟਮੀ ਨੂੰ ਕ੍ਰਿਸ਼ਨ-ਰੂਪ ਵਿਚ ਜਨਮ ਲਿਆ)।
ਪਰਮਾਤਮਾ ਜੰਮਣ ਮਰਨ ਤੋਂ ਪਰੇ ਹੈ ॥੧॥ ਰਹਾਉ ॥
ਪੰਜੀਰ ਬਣਾ ਕੇ ਤੂੰ ਲੁਕਾ ਕੇ (ਆਪਣੇ ਵੱਲੋਂ ਪਰਮਾਤਮਾ ਨੂੰ ਕ੍ਰਿਸ਼ਨ-ਮੂਰਤੀ ਦੇ ਰੂਪ ਵਿਚ) ਖਵਾਂਦਾ ਹੈਂ।
ਹੇ ਰੱਬ ਤੋਂ ਟੁੱਟੇ ਹੋਏ ਮੂਰਖ! ਪਰਮਾਤਮਾ ਨਾਹ ਜੰਮਦਾ ਹੈ ਨਾਹ ਮਰਦਾ ਹੈ ॥੨॥
ਤੂੰ (ਕ੍ਰਿਸ਼ਨ-ਮੂਰਤੀ ਨੂੰ) ਲੋਰੀ ਦੇਂਦਾ ਹੈਂ (ਆਪਣੇ ਵਲੋਂ ਤੂੰ ਪਰਮਾਤਮਾ ਨੂੰ ਲੋਰੀ ਦੇਂਦਾ ਹੈਂ, ਤੇਰਾ ਇਹ ਕੰਮ) ਸਾਰੇ ਅਪਰਾਧਾਂ (ਦਾ ਮੂਲ ਹੈ)।
ਸੜ ਜਾਏ (ਤੇਰਾ) ਉਹ ਮੂੰਹ ਜਿਸ ਦੀ ਰਾਹੀਂ ਤੂੰ ਆਖਦਾ ਹੈਂ ਕਿ ਮਾਲਕ-ਪ੍ਰਭੂ ਜੂਨਾਂ ਵਿਚ ਆਉਂਦਾ ਹੈ ॥੩॥
ਪਰਮਾਤਮਾ ਨਾਹ ਜੰਮਦਾ ਹੈ ਨਾਹ ਮਰਦਾ ਹੈ, ਨਾਹ ਆਉਂਦਾ ਹੈ ਨਾਹ ਜਾਂਦਾ ਹੈ।
ਉਹ ਨਾਨਕ ਦਾ ਪਰਮਾਤਮਾ ਸਭ ਥਾਈਂ ਵਿਆਪਕ ਹੈ ॥੪॥੧॥
ਜਦੋਂ ਕੋਈ ਮਨੁੱਖ ਇਉਂ ਸਮਝ ਲੈਂਦਾ ਹੈ (ਕਿ ਪਰਮਾਤਮਾ ਹੀ ਸਭ ਦਾ ਰਾਖਾ ਹੈ) ਤਾਂ ਉਹ ਉਠਦਾ ਬੈਠਦਾ ਹਰ ਵੇਲੇ ਆਤਮਕ ਆਨੰਦ ਮਾਣਦਾ ਹੈ।
ਤਦੋਂ ਉਸ ਨੂੰ ਕਿਸੇ ਕਿਸਮ ਦਾ ਕੋਈ (ਮੌਤ ਆਦਿਕ ਦਾ) ਡਰ ਪੋਹ ਨਹੀਂ ਸਕਦਾ ॥੧॥
ਅਸਾਂ ਜੀਵਾਂ ਦਾ ਰਾਖਾ ਇਕ ਮਾਲਕ-ਪ੍ਰਭੂ ਹੀ ਹੈ।
ਸਾਡਾ ਉਹ ਮਾਲਕ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ ॥੧॥ ਰਹਾਉ ॥
(ਜਦੋਂ ਮਨੁੱਖ ਇਹ ਸਮਝ ਲੈਂਦਾ ਹੈ ਕਿ ਇਕ ਪਰਮਾਤਮਾ ਹੀ ਸਭ ਜੀਵਾਂ ਦਾ ਰਾਖਾ ਹੈ) ਤਾਂ ਉਹ ਮਨੁੱਖ ਨਿਸਚਿੰਤ ਹੋ ਕੇ ਸੌਂਦਾ ਹੈ ਨਿਸਚਿੰਤ ਹੋ ਕੇ ਜਾਗਦਾ ਹੈ,
(ਤਦੋਂ ਮਨੁੱਖ ਹਰ ਵੇਲੇ ਇਹ ਆਖਣ ਲੱਗ ਪੈਂਦਾ ਹੈ ਕਿ ਹੇ ਸੁਆਮੀ!) ਤੂੰ ਪ੍ਰਭੂ ਹੀ ਹਰ ਥਾਂ ਮੌਜੂਦ ਹੈਂ ॥੨॥
ਉਹ ਮਨੁੱਖ ਆਪਣੇ ਘਰ ਵਿਚ (ਭੀ) ਸੁਖੀ ਵੱਸਦਾ ਹੈ, ਉਹ ਘਰੋਂ ਬਾਹਰ (ਜਾ ਕੇ) ਭੀ ਆਨੰਦ ਮਾਣਦਾ ਹੈ,
ਨਾਨਕ ਆਖਦਾ ਹੈ- ਗੁਰੂ ਨੇ ਜਿਸ ਮਨੁੱਖ ਦੇ ਹਿਰਦੇ ਵਿਚ (ਇਹ) ਉਪਦੇਸ਼ ਪੱਕਾ ਕਰ ਦਿੱਤਾ (ਕਿ ਪਰਮਾਤਮਾ ਹੀ ਅਸਾਂ ਸਭ ਜੀਵਾਂ ਦਾ ਰਾਖਾ ਹੈ) ॥੩॥੨॥
ਨਾਹ ਮੈਂ (ਹਿੰਦੂ ਦੇ) ਵਰਤਾਂ ਦਾ ਆਸਰਾ ਲੈਂਦਾ ਹਾਂ, ਨਾਹ ਮੈਂ (ਮੁਸਲਮਾਨ ਦੇ) ਰਮਜ਼ਾਨ ਦੇ ਮਹੀਨੇ (ਵਿਚ ਰੱਖੇ ਰੋਜ਼ਿਆਂ ਦਾ)।
ਮੈਂ ਤਾਂ (ਸਿਰਫ਼) ਉਸ ਪਰਮਾਤਮਾ ਨੂੰ ਸਿਮਰਦਾ ਹਾਂ ਜਿਹੜਾ ਆਖ਼ਿਰ (ਹਰੇਕ ਦੀ) ਰੱਖਿਆ ਕਰਦਾ ਹੈ ॥੧॥
ਮੇਰਾ ਤਾਂ ਸਿਰਫ਼ ਉਹ ਹੈ (ਜਿਸ ਨੂੰ ਹਿੰਦੂ) ਗੁਸਾਈਂ (ਆਖਦਾ ਹੈ ਅਤੇ ਜਿਸ ਨੂੰ ਮੁਸਲਮਾਨ) ਅੱਲਾ (ਆਖਦਾ ਹੈ)।
(ਆਤਮਕ ਜੀਵਨ ਦੀ ਅਗਵਾਈ ਦੇ ਸੰਬੰਧ ਵਿਚ) ਮੈਂ ਹਿੰਦੂ ਅਤੇ ਤੁਰਕ ਦੋਹਾਂ ਨਾਲੋਂ ਹੀ ਸਾਂਝ ਮੁਕਾ ਲਈ ਹੈ ॥੧॥ ਰਹਾਉ ॥
ਮੈਂ ਨਾਹ ਕਾਬੇ ਦਾ ਹੱਜ ਕਰਨ ਜਾਂਦਾ ਹਾਂ (ਜਿਵੇਂ ਮੁਸਲਮਾਨ ਜਾਂਦੇ ਹਨ), ਨਾਹ ਮੈਂ (ਹਿੰਦੂਆਂ ਵਾਂਗ) ਤੀਰਥਾਂ ਤੇ ਪੂਜਾ ਕਰਨ ਜਾਂਦਾ ਹਾਂ।
ਮੈਂ ਤਾਂ ਸਿਰਫ਼ ਇੱਕ ਪਰਮਾਤਮਾ ਨੂੰ ਸਿਮਰਦਾ ਹਾਂ, ਕਿਸੇ ਹੋਰ ਦੂਜੇ ਨੂੰ ਨਹੀਂ (ਸਿਮਰਦਾ) ॥੨॥
ਮੈਂ ਨਾਹ (ਹਿੰਦੂਆਂ ਵਾਂਗ ਵੇਦ-) ਪੂਜਾ ਕਰਦਾ ਹਾਂ, ਨਾਹ (ਮੁਸਲਮਾਨ ਵਾਂਗ) ਨਿਮਾਜ਼ ਪੜ੍ਹਦਾ ਹਾਂ।
ਮੈਂ ਤਾਂ ਸਿਰਫ਼ ਨਿਰੰਕਾਰ ਨੂੰ ਹਿਰਦੇ ਵਿਚ ਵਸਾ ਕੇ (ਉਸ ਅੱਗੇ) ਸਿਰ ਨਿਵਾਂਦਾ ਹਾਂ ॥੩॥
(ਆਤਮਕ ਜੀਵਨ ਦੀ ਅਗਵਾਈ ਵਾਸਤੇ) ਨਾਹ ਅਸੀਂ ਹਿੰਦੂ (ਦੇ ਮੁਥਾਜ) ਹਾਂ, ਨਾਹ ਅਸੀਂ ਮੁਸਲਮਾਨ (ਦੇ ਮੁਥਾਜ) ਹਾਂ।
ਸਾਡੇ ਇਹ ਸਰੀਰ ਸਾਡੀ ਇਹ ਜਿੰਦ (ਉਸ ਪਰਮਾਤਮਾ) ਦੇ ਦਿੱਤੇ ਹੋਏ ਹਨ (ਜਿਸ ਨੂੰ ਮੁਸਲਮਾਨ) ਅੱਲਾ (ਆਖਦਾ ਹੈ, ਜਿਸ ਨੂੰ ਹਿੰਦੂ) ਰਾਮ (ਆਖਦਾ ਹੈ) ॥੪॥
ਕਬੀਰ ਆਖਦਾ ਹੈ- (ਹੇ ਭਾਈ!) ਮੈਂ ਤਾਂ ਇਹ ਗੱਲ ਖੋਲ੍ਹ ਕੇ ਦੱਸਦਾ ਹਾਂ,
ਕਿ ਮੈਂ ਆਪਣੇ ਗੁਰੂ-ਪੀਰ ਨੂੰ ਮਿਲ ਕੇ ਆਪਣੇ ਖਸਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਰੱਖੀ ਹੈ ॥੫॥੩॥
(ਸੰਤ ਜਨਾਂ ਦੀ ਸਹਾਇਤਾ ਨਾਲ, ਸਾਧ ਸੰਗਤ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਦਸੇ ਹਿਰਨੀਆਂ (ਇੰਦ੍ਰੀਆਂ) ਬੰਨ੍ਹ ਕੇ ਲੈ ਆਂਦੀਆਂ (ਵੱਸ ਵਿਚ ਕਰ ਲਈਆਂ)।
ਕਦੇ ਖ਼ਤਾ ਨਾਹ ਖਾਣ ਵਾਲੇ ਗੁਰ-ਸ਼ਬਦ-ਤੀਰਾਂ ਨਾਲ ਮੈਂ ਪੰਜ (ਕਾਮਾਦਿਕ) ਹਿਰਨ (ਭੀ) ਵਿੰਨ੍ਹ ਲਏ ॥੧॥
ਸੰਤ ਜਨਾਂ ਨੂੰ ਨਾਲ ਲੈ ਕੇ ਮੈਂ ਸ਼ਿਕਾਰ ਖੇਡਣ ਚੜ੍ਹ ਪਿਆ (ਸਾਧ ਸੰਗਤ ਵਿਚ ਟਿਕ ਕੇ ਮੈਂ ਕਾਮਾਦਿਕ ਹਿਰਨਾਂ ਨੂੰ ਫੜਨ ਲਈ ਤਿਆਰੀ ਕਰ ਲਈ)।
ਬਿਨਾ ਘੋੜਿਆਂ ਤੋਂ ਬਿਨਾ ਹਥਿਆਰਾਂ ਤੋਂ (ਉਹ ਕਾਮਾਦਿਕ) ਹਿਰਨ ਮੈਂ ਫੜ ਲਏ (ਵੱਸ ਵਿਚ ਕਰ ਲਏ) ॥੧॥ ਰਹਾਉ ॥
(ਸਾਧ ਸੰਗਤ ਦੀ ਬਰਕਤਿ ਨਾਲ, ਸੰਤ ਜਨਾਂ ਦੀ ਸਹਾਇਤਾ ਨਾਲ) ਵਿਸ਼ੇ-ਵਿਕਾਰਾਂ ਦਾ ਸ਼ਿਕਾਰ ਖੇਡਣ ਵਾਲਾ ਸੁਭਾਉ (ਮੇਰੇ ਅੰਦਰੋਂ) ਦੌੜ ਕੇ ਬਾਹਰ ਨਿਕਲ ਗਿਆ।
(ਜਿਸ ਮਨ ਨੂੰ ਪਕੜਨਾ ਸੀ ਉਹ ਮਨ-) ਸ਼ਿਕਾਰ ਮੈਨੂੰ ਆਪਣੇ ਸਰੀਰ ਦੇ ਅੰਦਰ ਹੀ ਲੱਭ ਪਿਆ (ਤੇ, ਮੈਂ ਉਸ ਨੂੰ ਕਾਬੂ ਕਰ ਲਿਆ) ॥੨॥
(ਪੰਜਾਂ) ਹਿਰਨਾਂ ਨੂੰ ਫੜ ਕੇ ਮੈਂ ਆਪਣੇ ਘਰ ਵਿਚ ਲੈ ਆਂਦਾ, ਆਪਣੀ ਹੱਟੀ ਵਿਚ ਲੈ ਆਂਦਾ।
(ਸੰਤ ਜਨ ਉਹਨਾਂ ਨੂੰ) ਰਤਾ ਰਤਾ ਕਰ ਕੇ (ਮੇਰੇ ਅੰਦਰੋਂ) ਦੂਰ-ਦੁਰਾਡੇ ਥਾਂ ਲੈ ਗਏ (ਮੇਰੇ ਅੰਦਰੋਂ ਸੰਤ ਜਨਾਂ ਨੇ ਪੰਜਾਂ ਕਾਮਾਦਿਕ ਹਿਰਨਾਂ ਨੂੰ ਉੱਕਾ ਹੀ ਕੱਢ ਦਿੱਤਾ) ॥੩॥
ਸੰਤ ਜਨਾਂ ਨੇ ਇਹ ਫੜਿਆ ਹੋਇਆ ਸ਼ਿਕਾਰ (ਇਹ ਵੱਸ ਵਿਚ ਕੀਤਾ ਹੋਇਆ ਮੇਰਾ ਮਨ) ਮੈਨੂੰ ਬਖ਼ਸ਼ੀਸ਼ ਦੇ ਤੌਰ ਤੇ ਦੇ ਦਿੱਤਾ।
ਹੁਣ ਮੈਂ ਨਾਨਕ ਦੇ ਹਿਰਦੇ ਵਿਚ ਸਿਰਫ਼ ਪਰਮਾਤਮਾ ਦਾ ਨਾਮ ਹੀ ਨਾਮ ਹੈ (ਮਨ ਵੱਸ ਵਿਚ ਆ ਗਿਆ ਹੈ, ਤੇ ਕਾਮਾਦਿਕ ਭੀ ਆਪਣਾ ਜ਼ੋਰ ਨਹੀਂ ਪਾ ਸਕਦੇ) ॥੪॥੪॥
ਪਰਮਾਤਮਾ ਤੋਂ ਟੁੱਟੇ ਹੋਏ ਮਨੁੱਖ ਨੂੰ ਜੇ ਸੌ ਵਾਰੀ ਭੀ ਬੜੀ ਤਾਂਘ ਨਾਲ (ਉਸ ਦਾ ਆਤਮਕ ਜੀਵਨ ਕਾਇਮ ਰੱਖਣ ਲਈ ਨਾਮ-) ਭੋਜਨ ਖਵਾਲਣ ਦਾ ਜਤਨ ਕੀਤਾ ਜਾਏ,
ਤਾਂ ਭੀ ਉਸ ਦੇ ਚਿੱਤ ਵਿਚ ਪਰਮਾਤਮਾ ਦਾ ਨਾਮ (-ਭੋਜਨ) ਟਿਕ ਨਹੀਂ ਸਕਦਾ ॥੧॥
(ਪਰਮਾਤਮਾ ਦੇ ਚਰਨਾਂ ਨਾਲੋਂ ਟੁੱਟੇ ਹੋਏ ਬੰਦਿਆਂ ਦੀ ਸੰਗਤ ਕਰਨ ਦੇ ਥਾਂ) ਸੰਤ ਜਨਾਂ ਪਾਸੋਂ (ਸਹੀ ਜੀਵਨ-ਜੁਗਤਿ ਦੀ) ਸਿੱਖਿਆ ਲਿਆ ਕਰੋ।
ਸੰਤ ਜਨਾਂ ਦੀ ਸੰਗਤ ਵਿਚ (ਰਹਿ ਕੇ) ਤੁਸੀਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਵੋਗੇ ॥੧॥ ਰਹਾਉ ॥
ਜੇ ਕਿਸੇ ਪੱਥਰ ਉੱਤੇ ਬਹੁਤ ਸਾਰਾ ਪਾਣੀ ਸੁਟਾਇਆ ਜਾਏ, (ਤਾਂ ਭੀ ਉਹ ਪੱਥਰ ਅੰਦਰੋਂ) ਭਿੱਜਦਾ ਨਹੀਂ,
(ਅੰਦਰੋਂ ਉਹ) ਬਿਲਕੁਲ ਸੁੱਕਾ ਹੀ ਰਹਿੰਦਾ ਹੈ (ਇਹੀ ਹਾਲ ਹੈ ਸਾਕਤ ਦਾ) ॥੨॥