ਹਰੇਕ ਜੀਵ ਉਸੇ ਪਾਸੇ ਹੀ ਲੱਗਾ ਹੋਇਆ ਹੈ ਜਿਸ ਪਾਸੇ ਪਰਮਾਤਮਾ ਨੇ ਉਸ ਨੂੰ ਲਾਇਆ ਹੋਇਆ ਹੈ।
ਹੇ ਨਾਨਕ! (ਪਰਮਾਤਮਾ ਦੀ ਮਿਹਰ ਨਾਲ) ਜਿਸ ਦੀ ਕਿਸਮਤ ਜਾਗ ਪੈਂਦੀ ਹੈ, ਉਹੀ ਉਸ ਦਾ ਸੇਵਕ ਬਣਦਾ ਹੈ ॥੮॥੬॥
(ਹੇ ਭਾਈ!) ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਇਵੇਂ ਹੀ ਹੈ, ਜਿਵੇਂ ਸੱਪ ਦੀ ਉਮਰ ਹੈ (ਉਮਰ ਤਾਂ ਲੰਮੀ ਹੈ, ਪਰ ਸੱਪ ਸਦਾ ਦੂਜਿਆਂ ਨੂੰ ਡੰਗ ਹੀ ਮਾਰਦਾ ਰਹਿੰਦਾ ਹੈ।)
ਇਸੇ ਤਰ੍ਹਾਂ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਪਰਮਾਤਮਾ ਦਾ ਨਾਮ ਭੁਲਾ ਕੇ ਸਿਮਰਨ ਤੋਂ ਬਿਨਾ (ਵਿਅਰਥ ਜੀਵਨ ਹੀ) ਜੀਊਂਦੇ ਹਨ (ਮੌਕਾ ਬਣਨ ਤੇ ਦੂਜਿਆਂ ਨੂੰ ਡੰਗ ਹੀ ਮਾਰਦੇ ਹਨ) ॥੧॥
(ਹੇ ਭਾਈ!) ਜੇਹੜਾ ਇਕ ਅੱਖ ਝਮਕਣ ਜਿਤਨਾ ਸਮਾ ਭੀ ਪਰਮਾਤਮਾ ਦੇ ਸਿਮਰਨ ਵਿਚ ਗੁਜ਼ਾਰਿਆ ਜਾਏ,
ਉਹ, ਮਾਨੋ, ਲੱਖਾਂ ਕ੍ਰੋੜਾਂ ਦਿਨ (ਜੀਊ ਲਿਆ, ਕਿਉਂਕਿ ਸਿਮਰਨ ਦੀ ਬਰਕਤਿ ਨਾਲ ਮਨੁੱਖ ਦਾ ਆਤਮਕ ਜੀਵਨ) ਸਦਾ ਲਈ ਅਡੋਲ ਹੋ ਜਾਂਦਾ ਹੈ ॥੧॥ ਰਹਾਉ ॥
(ਹੇ ਭਾਈ!) ਪ੍ਰਭੂ-ਸਿਮਰਨ ਤੋਂ ਖੁੰਝ ਕੇ ਹੋਰ ਹੋਰ ਕੰਮ ਕਰਨੇ ਫਿਟਕਾਰ-ਜੋਗ ਹੀ ਹਨ,
ਜਿਵੇਂ ਕਾਂ ਦੀ ਚੁੰਝ ਗੰਦ ਵਿਚ ਹੀ ਰਹਿੰਦੀ ਹੈ, ਤਿਵੇਂ ਸਿਮਰਨ-ਹੀਨ ਮਨੁੱਖਾਂ ਦੇ ਮੂੰਹ (ਨਿੰਦਾ ਆਦਿਕ ਦੇ) ਗੰਦ ਵਿਚ ਹੀ ਰਹਿੰਦੇ ਹਨ ॥੨॥
(ਹੇ ਭਾਈ!) ਪ੍ਰਭੂ ਦੀ ਯਾਦ ਤੋਂ ਖੁੰਝ ਕੇ ਮਨੁੱਖ (ਲੋਭ ਤੇ ਕਾਮਾਦਿਕ ਵਿਚ ਫਸ ਕੇ) ਕੁੱਤਿਆਂ ਵਰਗੇ ਕੰਮਾਂ ਵਿਚ ਪ੍ਰਵਿਰਤ ਰਹਿੰਦੇ ਹਨ।
ਪਰਮਾਤਮਾ ਨਾਲੋਂ ਟੁਟੇ ਹੋਏ ਮਨੁੱਖ ਵੇਸਵਾ ਇਸਤ੍ਰੀਆਂ ਦੇ ਪੁੱਤਰਾਂ ਵਾਂਗ (ਨਿਲੱਜ) ਹੋ ਜਾਂਦੇ ਹਨ ਜਿਨ੍ਹਾਂ ਦੇ ਪਿਉ ਦਾ ਨਾਮ ਨਹੀਂ ਦੱਸਿਆ ਜਾ ਸਕਦਾ ॥੩॥
(ਹੇ ਭਾਈ!) ਪਰਮਾਤਮਾ ਦੀ ਯਾਦ ਤੋਂ ਖੁੰਝ ਕੇ ਉਹ (ਧਰਤੀ ਉਤੇ ਭਾਰ ਹੀ ਹਨ, ਜਿਵੇਂ) ਛੱਤਰਿਆਂ ਦੇ ਸਿਰ ਤੇ ਸਿੰਗ;
ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ (ਸਦਾ) ਝੂਠ ਬੋਲਦੇ ਹਨ, ਹਰ ਥਾਂ ਮੁਕਾਲਖ ਹੀ ਖੱਟਦੇ ਹਨ ॥੪॥
(ਹੇ ਭਾਈ!) ਸਿਮਰਨ ਤੋਂ ਖੁੰਝ ਕੇ ਉਹ ਖੋਤੇ ਵਾਂਗ ਹੀ (ਮਲੀਨ ਜੀਵਨ ਗੁਜ਼ਾਰਦੇ ਹਨ, ਜਿਵੇਂ ਖੋਤਾ ਸਦਾ ਸੁਆਹ ਮਿੱਟੀ ਵਿਚ ਲੇਟ ਕੇ ਖ਼ੁਸ਼ ਹੁੰਦਾ ਹੈ)
ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ (ਕੁਕਰਮਾਂ ਵਾਲੇ) ਗੰਦੇ ਥਾਈਂ ਹੀ ਫਿਰਦੇ ਰਹਿੰਦੇ ਹਨ ॥੫॥
(ਹੇ ਭਾਈ!) ਸਿਮਰਨ ਤੋਂ ਖੁੰਝ ਕੇ ਉਹ, ਮਾਨੋ, ਹਲਕੇ ਕੁੱਤੇ ਬਣ ਜਾਂਦੇ ਹਨ (ਜਿਸ ਨਾਲ ਭੀ ਸੰਗ ਕਰਦੇ ਹਨ, ਉਸ ਨੂੰ ਲੋਭ ਦਾ ਹਲਕ ਚੰਬੋੜ ਦੇਂਦੇ ਹਨ)
ਰੱਬ ਨਾਲੋਂ ਟੁੱਟੇ ਹੋਏ ਮਨੁੱਖ ਲੋਭ ਵਿਚ ਗ੍ਰਸੇ ਰਹਿੰਦੇ ਹਨ (ਉਹਨਾਂ ਦੇ ਰਾਹ ਵਿਚ, ਲੱਖਾਂ ਰੁਪਏ ਕਮਾ ਕੇ ਭੀ) ਰੋਕ ਨਹੀਂ ਪੈ ਸਕਦੀ ॥੬॥
(ਹੇ ਭਾਈ!) ਰੱਬ ਨਾਲੋਂ ਟੁੱਟਾ ਹੋਇਆ ਮਨੁੱਖ ਸਿਮਰਨ ਤੋਂ ਖੁੰਝਾ ਰਹਿ ਕੇ ਆਤਮਕ ਮੌਤ ਸਹੇੜ ਲੈਂਦਾ ਹੈ,
ਉਹ ਸਦਾ ਨੀਵੇਂ ਕੰਮਾਂ ਵਲ ਰੁਚੀ ਰੱਖਦਾ ਹੈ, ਉਸ ਦੀ ਨਾਹ ਉੱਚੀ ਕੁਲ ਰਹਿ ਜਾਂਦੀ ਹੈ ਨਾਹ ਉੱਚੀ ਜਾਤਿ ॥੭॥
ਜਿਸ ਮਨੁੱਖ ਉਤੇ ਪਰਮਾਤਮਾ ਦਇਆਵਾਨ ਹੋ ਜਾਂਦਾ ਹੈ, ਉਸ ਨੂੰ ਸਾਧ ਸੰਗਤਿ ਵਿਚ ਲਿਆ ਰਲਾਂਦਾ ਹੈ।
ਨਾਨਕ ਆਖਦਾ ਹੈ- ਇਸ ਤਰ੍ਹਾਂ ਜਗਤ ਨੂੰ ਗੁਰੂ ਦੀ ਰਾਹੀਂ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਪਾਰ ਲੰਘਾਂਦਾ ਹੈ ॥੮॥੭॥
ਗੁਰੂ ਦੇ ਉਪਦੇਸ਼ ਉਤੇ ਤੁਰ ਕੇ ਮੈਂ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਹੈ,
(ਦੁਨੀਆ ਦੇ ਵਿਕਾਰਾਂ ਦੇ ਮੁਕਾਬਲੇ ਤੇ) ਪੂਰੇ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ ਹੈ ॥੧॥
(ਹੇ ਭਾਈ!) ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮੈਂ ਪਰਮਾਤਮਾ ਦਾ ਨਾਮ ਸਿਮਰਿਆ ਹੈ,
ਤੇ ਗੁਰੂ ਦੀ ਕਿਰਪਾ ਨਾਲ ਮੈਨੂੰ (ਪਰਮਾਤਮਾ ਦੇ ਚਰਨਾਂ ਵਿਚ) ਥਾਂ ਮਿਲ ਗਿਆ ਹੈ (ਮੇਰਾ ਮਨ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ) ॥੧॥ ਰਹਾਉ ॥
(ਹੇ ਭਾਈ!) ਗੁਰੂ ਦੇ ਉਪਦੇਸ਼ ਦੀ ਰਾਹੀਂ (ਪਰਮਾਤਮਾ ਦੀ ਸਿਫ਼ਤ-ਸਾਲਾਹ) ਸੁਣ ਕੇ ਮੈਂ ਆਪਣੀ ਜੀਭ ਨਾਲ ਭੀ ਸਿਫ਼ਤ-ਸਾਲਾਹ ਉਚਾਰਦਾ ਰਹਿੰਦਾ ਹਾਂ,
ਗੁਰੂ ਦੀ ਕਿਰਪਾ ਨਾਲ ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਦੀ ਬਾਣੀ ਮੇਰੀ (ਰਾਸ-ਪੂੰਜੀ ਬਣ ਗਈ ਹੈ) ॥੨॥
ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ (ਮੇਰੇ ਅੰਦਰੋਂ) ਮੇਰਾ ਆਪਾ-ਭਾਵ ਮਿਟ ਗਿਆ ਹੈ,
ਗੁਰੂ ਦੀ ਦਇਆ ਨਾਲ ਮੇਰਾ ਬੜਾ ਤੇਜ-ਪਰਤਾਪ ਬਣ ਗਿਆ ਹੈ (ਕਿ ਕੋਈ ਵਿਕਾਰ ਹੁਣ ਮੇਰੇ ਨੇੜੇ ਨਹੀਂ ਢੁੱਕਦਾ) ॥੩॥
ਗੁਰੂ ਦੇ ਉਪਦੇਸ਼ ਤੇ ਤੁਰ ਕੇ ਮੇਰੇ ਮਨ ਦੀ ਭਟਕਣਾ ਦੂਰ ਹੋ ਗਈ ਹੈ,
ਤੇ ਹੁਣ ਮੈਂ ਹਰ-ਥਾਂ-ਵੱਸਦਾ ਪਰਮਾਤਮਾ ਵੇਖ ਲਿਆ ਹੈ ॥੪॥
ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਗ੍ਰਿਹਸਤ ਵਿਚ ਰਹਿ ਕੇ ਹੀ ਮੈਂ ਪ੍ਰਭੂ-ਚਰਨਾਂ ਦਾ ਮਿਲਾਪ ਮਾਣ ਰਿਹਾ ਹਾਂ।
(ਹੇ ਭਾਈ!) ਗੁਰੂ ਦੀ ਸੰਗਤਿ ਵਿਚ (ਰਹਿ ਕੇ) ਸਾਰਾ ਜਗਤ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੫॥
(ਹੇ ਭਾਈ!) ਗੁਰੂ ਦੇ ਉਪਦੇਸ਼ ਤੇ ਤੁਰ ਕੇ ਮੇਰੇ ਸਾਰੇ ਕੰਮਾਂ ਵਿਚ ਸਫਲਤਾ ਹੋ ਰਹੀ ਹੈ,
ਗੁਰੂ ਦੇ ਉਪਦੇਸ਼ ਦੀ ਰਾਹੀਂ ਮੈਂ ਪਰਮਾਤਮਾ ਦਾ ਨਾਮ ਹਾਸਲ ਕਰ ਲਿਆ ਹੈ (ਜੋ ਮੇਰੇ ਵਾਸਤੇ ਸਭ ਕਾਮਯਾਬੀਆਂ ਦਾ) ਖ਼ਜ਼ਾਨਾ ਹੈ ॥੬॥
(ਹੇ ਭਾਈ!) ਜਿਸ ਜਿਸ ਮਨੁੱਖ ਨੇ ਮੇਰੇ ਗੁਰੂ ਦੀ ਆਸ (ਆਪਣੇ ਮਨ ਵਿਚ) ਧਾਰ ਲਈ ਹੈ,
ਉਸ ਦੀ ਜਮ ਦੀ ਫਾਹੀ ਕੱਟੀ ਗਈ ਹੈ ॥੭॥
ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮੇਰੀ ਕਿਸਮਤਿ ਜਾਗ ਪਈ ਹੈ,
ਮੈਨੂੰ ਗੁਰੂ ਮਿਲਿਆ ਹੈ (ਤੇ ਗੁਰੂ ਦੀ ਮਿਹਰ ਨਾਲ) ਹੇ ਨਾਨਕ! (ਆਖ-) ਮੈਨੂੰ ਪਰਮਾਤਮਾ ਮਿਲ ਪਿਆ ਹੈ ॥੮॥੮॥
(ਹੇ ਭਾਈ!) ਉਸ ਗੁਰੂ ਨੂੰ ਮੈਂ (ਆਪਣੇ) ਹਰੇਕ ਸਾਹ ਦੇ ਨਾਲ ਨਾਲ ਚੇਤੇ ਕਰਦਾ ਰਹਿੰਦਾ ਹਾਂ,
ਜੇਹੜਾ ਗੁਰੂ ਮੇਰੀ ਜਿੰਦ ਦਾ ਆਸਰਾ ਹੈ ਮੇਰੀ (ਆਤਮਕ ਜੀਵਨ ਦੀ) ਰਾਸਿ-ਪੂੰਜੀ (ਦਾ ਰਾਖਾ) ਹੈ ॥੧॥ ਰਹਾਉ ॥
(ਹੇ ਭਾਈ!) ਜਿਉਂ ਜਿਉਂ ਮੈਂ ਗੁਰੂ ਦਾ ਦਰਸਨ ਕਰਦਾ ਹਾਂ, ਮੈਨੂੰ ਆਤਮਕ ਜੀਵਨ ਮਿਲਦਾ ਹੈ।
ਜਿਉਂ ਜਿਉਂ ਮੈਂ ਗੁਰੂ ਦੇ ਚਰਨ ਧੋਂਦਾ ਹਾਂ, ਮੈਨੂੰ (ਆਤਮਕ ਜੀਵਨ ਦੇਣ ਵਾਲਾ) ਨਾਮ-ਜਲ (ਪੀਣ ਨੂੰ, ਜਪਣ ਨੂੰ) ਮਿਲਦਾ ਹੈ ॥੧॥
ਗੁਰੂ ਦੇ ਚਰਨਾਂ ਦੀ ਧੂੜ (ਮੇਰੇ ਵਾਸਤੇ ਤੀਰਥ ਦਾ ਜਲ ਹੈ ਉਸ) ਵਿਚ ਮੈਂ ਸਦਾ ਇਸ਼ਨਾਨ ਕਰਦਾ ਹਾਂ,
ਤੇ ਅਨੇਕਾਂ ਜਨਮਾਂ ਦੀ (ਇਕੱਠੀ ਹੋਈ ਹੋਈ) ਹਉਮੈ ਦੀ ਮੈਲ (ਆਪਣੇ ਮਨ ਵਿਚੋਂ) ਦੂਰ ਕਰਦਾ ਹਾਂ ॥੨॥
(ਹੇ ਭਾਈ!) ਉਸ ਗੁਰੂ ਨੂੰ ਮੈਂ ਪੱਖਾ ਝੱਲਦਾ ਹਾਂ,
ਜਿਸ ਗੁਰੂ ਨੇ ਮੈਨੂੰ (ਵਿਕਾਰਾਂ ਦੀ) ਵੱਡੀ ਅੱਗ ਤੋਂ (ਆਪਣਾ) ਹੱਥ ਦੇ ਕੇ ਬਚਾਇਆ ਹੋਇਆ ਹੈ ॥੩॥
(ਹੇ ਭਾਈ!) ਮੈਂ ਉਸ ਗੁਰੂ ਦੇ ਘਰ ਵਿਚ (ਸਦਾ) ਪਾਣੀ ਢੋਂਦਾ ਹਾਂ,
ਜਿਸ ਗੁਰੂ ਪਾਸੋਂ ਮੈਂ ਉਸ ਪਰਮਾਤਮਾ ਦੀ ਸੂਝ-ਬੂਝ ਹਾਸਲ ਕੀਤੀ ਹੈ ਜੇਹੜਾ ਕਦੇ ਘਟਦਾ ਵਧਦਾ ਨਹੀਂ ॥੪॥
(ਹੇ ਭਾਈ!) ਉਸ ਗੁਰੂ ਦੇ ਘਰ ਵਿਚ ਮੈਂ ਸਦਾ ਚੱਕੀ ਪੀਂਹਦਾ ਹਾਂ,
ਜਿਸ ਗੁਰੂ ਦੀ ਕਿਰਪਾ ਨਾਲ (ਪਹਿਲਾਂ) ਵੈਰੀ (ਦਿੱਸ ਰਹੇ ਬੰਦੇ ਹੁਣ) ਸਾਰੇ ਮਿੱਤਰ ਜਾਪ ਰਹੇ ਹਨ ॥੫॥