ਹੇ ਭਾਈ! ਜਿਸ ਮਨੁੱਖ ਦਾ ਪਰਮੇਸਰ ਦੇ ਚਰਨਾਂ ਵਿਚ ਜੋੜ ਹੋ ਗਿਆ ਹੈ ਉਹੀ ਜੁੜਿਆ ਹੋਇਆ ਹੈ ਉਹੀ ਅਸਲ ਜੋਗੀ ਹੈ ਜਿਸ ਦੀ ਸਮਾਧੀ ਸਦਾ ਲਗੀ ਰਹਿੰਦੀ ਹੈ।
ਜਿਸ ਮਨੁੱਖ ਨੇ ਮਾਇਆ-ਰਹਿਤ ਪਰਮਾਤਮਾ ਦਾ ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮ ਪ੍ਰਾਪਤ ਕਰ ਲਿਆ ਹੈ ਉਹ ਪਰਮਾਤਮਾ ਨਾਲ ਡੂੰਘੀ ਜਾਣ-ਪਛਾਣ ਦੇ ਆਤਮਕ ਆਨੰਦ ਆਪਣੇ ਹਿਰਦੇ ਵਿਚ (ਸਦਾ) ਮਾਣਦਾ ਹੈ ॥੧॥ ਰਹਾਉ ॥
(ਹੇ ਜੋਗੀ!) ਮੈਂ ਭੀ ਆਸਣ ਤੇ ਬੈਠਦਾ ਹਾਂ, ਮੈਂ ਮਨ ਦੀਆਂ ਕਲਪਨਾਂ ਅਤੇ ਦੁਨੀਆ ਵਾਲੇ ਝਗੜੇ-ਝਾਂਝੇ ਛੱਡ ਕੇ ਕਲਿਆਨ-ਸਰੂਪ ਪ੍ਰਭੂ ਦੇ ਦੇਸ ਵਿਚ (ਪ੍ਰਭੂ ਦੇ ਚਰਨਾਂ ਵਿਚ) ਟਿਕ ਕੇ ਬੈਠਦਾ ਹਾਂ (ਇਹ ਹੈ ਮੇਰਾ ਆਸਣ ਉਤੇ ਬੈਠਣਾ)।
ਹੇ ਜੋਗੀ! ਤੂੰ ਸਿੰਙੀ ਵਜਾਂਦਾ ਹੈਂ) ਮੇਰੇ ਅੰਦਰ ਗੁਰੂ ਦਾ ਸ਼ਬਦ (ਗੱਜ ਰਿਹਾ) ਹੈ; ਇਹ ਹੈ ਸਿੰਙੀ ਦੀ ਮਿੱਠੀ ਸੁਹਾਵਣੀ ਸੁਰ, ਜੇ ਮੇਰੇ ਅੰਦਰ ਹੋ ਰਹੀ ਹੈ। ਦਿਨ ਰਾਤ ਮੇਰਾ ਮਨ ਗੁਰ-ਸ਼ਬਦ ਦਾ ਨਾਦ ਵਜਾ ਰਿਹਾ ਹੈ ॥੨॥
(ਹੇ ਜੋਗੀ! ਤੂੰ ਹੱਥ ਵਿਚ ਖੱਪਰ ਲੈ ਕੇ ਘਰ ਘਰ ਤੋਂ ਭਿੱਛਿਆ ਮੰਗਦਾ ਹੈਂ ਮੈਂ ਪ੍ਰਭੂ ਦੇ ਦਰ ਤੋਂ ਉਸ ਦੇ ਗੁਣਾਂ ਦੀ) ਵਿਚਾਰ (ਮੰਗਦਾ ਹਾਂ, ਇਹ) ਹੈ ਮੇਰਾ ਖੱਪਰ। ਪਰਮਾਤਮਾ ਨਾਲ ਡੂੰਘੀ ਸਾਂਝ ਪਾ ਰੱਖਣ ਵਾਲੀ ਮਤਿ (ਮੇਰੇ ਹੱਥ ਵਿਚ) ਡੰਡਾ ਹੈ (ਜੋ ਕਿਸੇ ਵਿਕਾਰ ਨੂੰ ਨੇੜੇ ਨਹੀਂ ਢੁਕਣ ਦੇਂਦਾ)। ਪ੍ਰਭੂ ਨੂੰ ਹਰ ਥਾਂ ਮੌਜੂਦ ਵੇਖਣਾ ਮੇਰੇ ਵਾਸਤੇ ਪਿੰਡੇ ਤੇ ਮਲਣ ਵਾਲੀ ਸੁਆਹ ਹੈ।
ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ (ਮੇਰੇ ਵਾਸਤੇ) ਜੋਗ ਦੀ (ਪ੍ਰਭੂ ਨਾਲ ਮਿਲਾਪ ਦੀ) ਮਰਯਾਦਾ ਹੈ। ਗੁਰੂ ਦੇ ਸਨਮੁਖ ਟਿਕੇ ਰਹਿਣਾ ਹੀ ਸਾਡਾ ਧਰਮ-ਰਸਤਾ ਹੈ ਜੋ ਸਾਨੂੰ ਮਾਇਆ ਤੋਂ ਵਿਰਕਤ ਰੱਖਦਾ ਹੈ ॥੩॥
ਸਭ ਜੀਵਾਂ ਵਿਚ ਅਨੇਕਾਂ ਰੰਗਾਂ-ਰੂਪਾਂ ਵਿਚ ਪ੍ਰਭੂ ਦੀ ਜੋਤਿ ਨੂੰ ਵੇਖਣਾ-ਇਹ ਹੈ ਸਾਡੀ ਬੈਰਾਗਣ-
ਹੇ ਨਾਨਕ! (ਆਖ-) ਹੇ ਭਰਥਰੀ ਜੋਗੀ! ਸੁਣ, ਜੋ ਸਾਨੂੰ ਪ੍ਰਭੂ-ਚਰਨਾਂ ਵਿਚ ਜੁੜਨ ਲਈ ਸਹਾਰਾ ਦੇਂਦੀ ਹੈ ॥੪॥੩॥੩੭॥
(ਹੇ ਜੋਗੀ!) ਪਰਮਾਤਮਾ ਨਾਲ ਡੂੰਘੀ ਸਾਂਝ ਨੂੰ ਗੁੜ ਬਣਾ, ਪ੍ਰਭੂ-ਚਰਨਾਂ ਵਿਚ ਜੁੜੀ ਸੁਰਤਿ ਨੂੰ ਮਹੂਏ ਦੇ ਫੁੱਲ ਬਣਾ, ਉੱਚੇ ਆਚਰਨ ਨੂੰ ਕਿੱਕਰਾਂ ਦੇ ਸੱਕ ਬਣਾ ਕੇ (ਇਹਨਾਂ ਵਿਚ) ਰਲਾ ਦੇ।
ਸਰੀਰਕ ਮੋਹ ਨੂੰ ਸਾੜ-ਇਹ ਸ਼ਰਾਬ ਕੱਢਣ ਦੀ ਭੱਠੀ ਤਿਆਰ ਕਰ, ਪ੍ਰਭੂ-ਚਰਨਾਂ ਵਿਚ ਪਿਆਰ ਜੋੜ-ਇਹ ਹੈ ਉਹ ਠੰਡਾ ਪੋਚਾ ਜੋ ਅਰਕ ਵਾਲੀ ਨਾਲੀ ਉਤੇ ਫੇਰਨਾ ਹੈ। ਇਸ ਸਾਰੇ ਮਿਲਵੇਂ ਰਸ ਵਿਚੋਂ (ਅਟੱਲ ਆਤਮਕ ਜੀਵਨ ਦਾਤਾ) ਅੰਮ੍ਰਿਤ ਨਿਕਲੇਗਾ ॥੧॥
ਜੇ ਜੋਗੀ! (ਤੁਸੀਂ ਸੁਰਤਿ ਨੂੰ ਟਿਕਾਣ ਲਈ ਸ਼ਰਾਬ ਪੀਂਦੇ ਹੋ, ਇਹ ਨਸ਼ਾ ਉਤਰ ਜਾਂਦਾ ਹੈ; ਤੇ ਸੁਰਤਿ ਮੁੜ ਉੱਖੜ ਜਾਂਦੀ ਹੈ) ਅਸਲ ਮਸਤਾਨਾ ਉਹ ਮਨ ਹੈ ਜੋ ਪਰਮਾਤਮਾ ਦੇ ਸਿਮਰਨ ਦਾ ਰਸ ਪੀਂਦਾ ਹੈ (ਸਿਮਰਨ ਦਾ ਆਨੰਦ ਮਾਣਦਾ ਹੈ) ਜੋ (ਸਿਮਰਨ ਦੀ ਬਰਕਤਿ ਨਾਲ) ਅਡੋਲਤਾ ਦੇ ਹੁਲਾਰਿਆਂ ਵਿਚ ਟਿਕਿਆ ਰਹਿੰਦਾ ਹੈ,
ਜਿਸ ਨੂੰ ਪ੍ਰਭੂ-ਚਰਨਾਂ ਦੇ ਪ੍ਰੇਮ ਦੀ ਇਤਨੀ ਲਿਵ ਲਗਦੀ ਹੈ ਕਿ ਦਿਨ ਰਾਤ ਬਣੀ ਰਹਿੰਦੀ ਹੈ, ਜੋ ਆਪਣੇ ਗੁਰੂ ਦੇ ਸ਼ਬਦ ਨੂੰ ਸਦਾ ਇਕ-ਰਸ ਆਪਣੇ ਅੰਦਰ ਟਿਕਾਈ ਰੱਖਦਾ ਹੈ ॥੧॥ ਰਹਾਉ ॥
(ਹੇ ਜੋਗੀ!) ਇਹ ਹੈ ਉਹ ਪਿਆਲਾ ਜਿਸ ਦੀ ਮਸਤੀ ਸਦਾ ਟਿਕੀ ਰਹਿੰਦੀ ਹੈ, ਸਭ ਗੁਣਾਂ ਦਾ ਮਾਲਕ ਪ੍ਰਭੂ ਅਡੋਲਤਾ ਵਿਚ ਰੱਖ ਕੇ ਉਸ ਮਨੁੱਖ ਨੂੰ (ਇਹ ਪਿਆਲਾ) ਪਿਲਾਂਦਾ ਹੈ ਜਿਸ ਉਤੇ ਆਪ ਮੇਹਰ ਦੀ ਨਜ਼ਰ ਕਰਦਾ ਹੈ।
ਜੇਹੜਾ ਮਨੁੱਖ ਅਟੱਲ ਆਤਮਕ ਜੀਵਨ ਦੇਣ ਵਾਲੇ ਇਸ ਰਸ ਦਾ ਵਪਾਰੀ ਬਣ ਜਾਏ ਉਹ (ਤੁਹਾਡੇ ਵਾਲੇ ਇਸ) ਹੋਛੇ ਸ਼ਰਾਬ ਨਾਲ ਪਿਆਰ ਨਹੀਂ ਕਰਦਾ ॥੨॥
ਜਿਸ ਮਨੁੱਖ ਨੇ ਅਟੱਲ ਆਤਮਕ ਜੀਵਨ ਦੇਣ ਵਾਲੀ ਗੁਰੂ ਦੀ ਸਿੱਖਿਆ-ਭਰੀ ਬਾਣੀ ਦਾ ਰਸ ਪੀਤਾ ਹੈ, ਉਹ ਪੀਂਦਿਆਂ ਹੀ ਪ੍ਰਭੂ ਦੀਆਂ ਨਜ਼ਰਾਂ ਵਿਚ ਕਬੂਲ ਹੋ ਜਾਂਦਾ ਹੈ,
ਉਹ ਪਰਮਾਤਮਾ ਦੇ ਦਰ ਦੇ ਦੀਦਾਰ ਦਾ ਪ੍ਰੇਮੀ ਬਣ ਜਾਂਦਾ ਹੈ, ਉਸ ਨੂੰ ਨਾਹ ਮੁਕਤੀ ਦੀ ਲੋੜ ਰਹਿੰਦੀ ਹੈ ਨਾਹ ਬੈਕੁੰਠ ਦੀ ॥੩॥
ਜੋ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਰੰਗਿਆ ਗਿਆ ਹੈ ਉਹ ਸਦਾ (ਮਾਇਆ ਦੇ ਮੋਹ ਤੋਂ) ਵਿਰਕਤ ਰਹਿੰਦਾ ਹੈ, ਉਹ ਆਤਮਕ ਮਨੁੱਖਾ ਜੀਵਨ ਜੂਏ ਵਿਚ (ਭਾਵ, ਅਜਾਈਂ) ਨਹੀਂ ਗਵਾਂਦਾ,
ਹੇ ਨਾਨਕ! (ਆਖ-) ਹੇ ਭਰਥਰੀ ਜੋਗੀ! ਉਹ ਤਾਂ ਅਟੱਲ ਆਤਮਕ ਜੀਵਨ ਦਾਤੇ ਆਨੰਦ ਵਿਚ ਮਸਤ ਰਹਿੰਦਾ ਹੈ ॥੪॥੪॥੩੮॥
ਖੁਰਾਸਾਨ ਦੀ ਸਪੁਰਦਗੀ (ਕਿਸੇ ਹੋਰ ਨੂੰ) ਕਰ ਕੇ (ਬਾਬਰ ਮੁਗ਼ਲ ਨੇ ਹਮਲਾ ਕਰ ਕੇ) ਹਿੰਦੁਸਤਾਨ ਨੂੰ ਆ ਸਹਮ ਪਾਇਆ।
(ਜੇਹੜੇ ਲੋਕ ਆਪਣੇ ਫ਼ਰਜ਼ ਭੁਲਾ ਕੇ ਰੰਗ ਰਲੀਆਂ ਵਿਚ ਪੈ ਜਾਂਦੇ ਹਨ ਉਹਨਾਂ ਨੂੰ ਸਜ਼ਾ ਭੁਗਤਣੀ ਹੀ ਪੈਂਦੀ ਹੈ, ਇਸ ਬਾਰੇ) ਕਰਤਾਰ ਆਪਣੇ ਉਤੇ ਇਤਰਾਜ਼ ਨਹੀਂ ਆਉਣ ਦੇਂਦਾ। (ਸੋ, ਫ਼ਰਜ਼ ਭੁਲਾ ਕੇ ਵਿਕਾਰਾਂ ਵਿਚ ਮਸਤ ਪਏ ਪਠਾਣ ਹਾਕਮਾਂ ਨੂੰ ਦੰਡ ਦੇਣ ਲਈ ਕਰਤਾਰ ਨੇ) ਮੁਗ਼ਲ-ਬਾਬਰ ਨੂੰ ਜਮਰਾਜ ਬਣਾ ਕੇ (ਹਿੰਦੁਸਤਾਨ ਤੇ) ਚਾੜ੍ਹ ਦਿੱਤਾ।
(ਪਰ, ਹੇ ਕਰਤਾਰ! ਬਦ-ਮਸਤ ਪਠਾਣ ਹਾਕਮਾਂ ਦੇ ਨਾਲ ਗਰੀਬ ਨਿਹੱਥੇ ਲੋਕ ਭੀ ਪੀਸੇ ਗਏ) ਇਤਨੀ ਮਾਰ ਪਈ ਕਿ ਉਹ (ਹਾਇ ਹਾਇ) ਪੁਕਾਰ ਉਠੇ। ਕੀ (ਇਹ ਸਭ ਕੁਝ ਵੇਖ ਕੇ) ਤੈਨੂੰ ਉਹਨਾਂ ਉਤੇ ਤਰਸ ਨਹੀਂ ਆਇਆ? ॥੧॥
ਹੇ ਕਰਤਾਰ! ਤੂੰ ਸਭਨਾਂ ਹੀ ਜੀਵਾਂ ਦੀ ਸਾਰ ਰੱਖਣ ਵਾਲਾ ਹੈਂ।
ਜੇ ਕੋਈ ਜ਼ੋਰਾਵਰ ਜ਼ੋਰਾਵਰ ਨੂੰ ਮਾਰ ਕੁਟਾਈ ਕਰੇ ਤਾਂ (ਵੇਖਣ ਵਾਲਿਆਂ ਦੇ) ਮਨ ਵਿਚ ਗੁੱਸਾ-ਗਿਲਾ ਨਹੀਂ ਹੁੰਦਾ (ਕਿਉਂਕਿ ਦੋਵੇਂ ਧਿਰਾਂ ਇਕ ਦੂਜੇ ਨੂੰ ਕਰਾਰੇ ਹੱਥ ਵਿਖਾ ਲੈਂਦੇ ਹਨ) ॥੧॥ ਰਹਾਉ ॥
ਪਰ ਜੇ ਕੋਈ ਸ਼ੇਰ (ਵਰਗਾ) ਜ਼ੋਰਾਵਰ ਗਾਈਆਂ ਦੇ ਵੱਗ (ਵਰਗੇ ਕਮਜ਼ੋਰ ਨਿਹੱਥਿਆਂ) ਉਤੇ ਹੱਲਾ ਕਰ ਕੇ ਮਾਰਨ ਨੂੰ ਆ ਪਏ, ਤਾਂ ਇਸ ਦੀ ਪੁੱਛ (ਵੱਗ ਦੇ) ਖਸਮ ਨੂੰ ਹੀ ਹੁੰਦੀ ਹੈ (ਤਾਹੀਏਂ, ਹੇ ਕਰਤਾਰ! ਮੈਂ ਤੇਰੇ ਅੱਗੇ ਪੁਕਾਰ ਕਰਦਾ ਹਾਂ)।
(ਕੁੱਤੇ ਓਪਰੇ ਕੁੱਤਿਆਂ ਨੂੰ ਵੇਖ ਕੇ ਜਰ ਨਹੀਂ ਸਕਦੇ, ਪਾੜ ਖਾਂਦੇ ਹਨ। ਇਸੇ ਤਰ੍ਹਾਂ ਮਨੁੱਖ ਨੂੰ ਪਾੜ ਖਾਣ ਵਾਲੇ ਇਹਨਾਂ ਮਨੁੱਖ-ਰੂਪ ਮੁਗ਼ਲ) ਕੁੱਤਿਆਂ ਨੇ (ਤੇਰੇ ਬਣਾਏ) ਸੋਹਣੇ ਬੰਦਿਆਂ ਨੂੰ ਮਾਰ ਮਾਰ ਕੇ ਮਿੱਟੀ ਵਿਚ ਰੋਲ ਦਿੱਤਾ ਹੈ, ਮਰੇ ਪਿਆਂ ਦੀ ਕੋਈ ਸਾਰ ਹੀ ਨਹੀਂ ਲੈਂਦਾ।
(ਹੇ ਕਰਤਾਰ! ਤੇਰੀ ਰਜ਼ਾ ਤੂੰ ਹੀ ਜਾਣੇਂ) ਤੂੰ ਆਪ ਹੀ (ਸੰਬੰਧ) ਜੋੜ ਕੇ ਆਪ ਹੀ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਆਪੋ ਵਿਚੋਂ) ਵਿਛੋੜ ਦਿੱਤਾ ਹੈ। ਵੇਖ! ਹੇ ਕਰਤਾਰ! ਇਹ ਤੇਰੀ ਤਾਕਤ ਦਾ ਕਰਿਸ਼ਮਾ ਹੈ ॥੨॥
(ਧਨ ਪਦਾਰਥ ਹਕੂਮਤ ਆਦਿਕ ਦੇ ਨਸ਼ੇ ਵਿਚ ਮਨੁੱਖ ਆਪਣੀ ਹਸਤੀ ਨੂੰ ਭੁੱਲ ਜਾਂਦਾ ਹੈ ਤੇ ਬੜੀ ਆਕੜ ਵਿਖਾ ਵਿਖਾ ਕੇ ਹੋਰਨਾਂ ਨੂੰ ਦੁੱਖ ਦੇਂਦਾ ਹੈ, ਪਰ ਇਹ ਨਹੀਂ ਸਮਝਦਾ ਕਿ) ਜੇ ਕੋਈ ਮਨੁੱਖ ਆਪਣੇ ਆਪ ਨੂੰ ਵੱਡਾ ਅਖਵਾ ਲਏ, ਤੇ ਮਨ-ਮੰਨੀਆਂ ਰੰਗ-ਰਲੀਆਂ ਮਾਣ ਲਏ,
ਤਾਂ ਭੀ ਉਹ ਖਸਮ-ਪ੍ਰਭੂ ਦੀਆਂ ਨਜ਼ਰਾਂ ਵਿਚ ਇਕ ਕੀੜਾ ਹੀ ਦਿੱਸਦਾ ਹੈ ਜੋ (ਧਰਤੀ ਤੋਂ) ਦਾਣੇ ਚੁਗ ਚੁਗ ਕੇ ਨਿਰਬਾਹ ਕਰਦਾ ਹੈ (ਹਉਮੈ ਦੀ ਬਦ-ਮਸਤੀ ਵਿਚ ਉਹ ਮਨੁੱਖ ਜ਼ਿੰਦਗੀ ਅਜਾਈਂ ਹੀ ਗਵਾ ਜਾਂਦਾ ਹੈ)।
ਹੇ ਨਾਨਕ! ਜੇਹੜਾ ਮਨੁੱਖ ਵਿਕਾਰਾਂ ਵਲੋਂ ਆਪਾ ਮਾਰ ਕੇ (ਆਤਮਕ ਜੀਵਨ) ਜੀਊਂਦਾ ਹੈ, ਤੇ ਪ੍ਰਭੂ ਦਾ ਨਾਮ ਸਿਮਰਦਾ ਹੈ ਉਹੀ ਇਥੋਂ ਕੁਝ ਖੱਟਦਾ ਹੈ ॥੩॥੫॥੩੯॥
ਰਾਗ ਆਸਾ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮਨੁੱਖ ਵੱਡੀ ਕਿਸਮਤਿ ਨਾਲ ਪਰਮਾਤਮਾ ਦਾ (ਮਿਲਾਪ ਕਰਾਣ ਵਾਲਾ ਗੁਰ-) ਸ਼ਾਸਤ੍ਰ ਪ੍ਰਾਪਤ ਕਰਦਾ ਹੈ।
ਗੁਰੂ ਦੇ ਸ਼ਬਦ ਵਿਚ (ਜੁੜ ਕੇ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲਗਨ ਜੋੜ ਕੇ (ਇਸ ਦੀ ਪ੍ਰਾਪਤੀ ਹੁੰਦੀ ਹੈ।)
(ਜਗਤ ਵਿਚ ਵੇਦਾਂਤ ਆਦਿਕ) ਛੇ ਸ਼ਾਸਤ੍ਰਾਂ (ਦੀ ਵਿਕਾਰ) ਦਾ ਰਿਵਾਜ ਚੱਲ ਰਿਹਾ ਹੈ,