ਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਤੇ ਦੋ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਪ੍ਰਭੂ ਦਾ ਡਰ ਬਹੁਤ ਭਾਰਾ ਹੈ ਇਸ ਦਾ ਤੋਲ ਵੱਡਾ ਹੈ (ਭਾਵ, ਜਿਸ ਮਨੁੱਖ ਦੇ ਅੰਦਰ ਪ੍ਰਭੂ ਦਾ ਡਰ-ਅਦਬ ਵੱਸਦਾ ਹੈ ਉਸਦਾ ਜੀਵਨ ਗੌਰਾ ਤੇ ਗੰਭੀਰ ਬਣ ਜਾਂਦਾ ਹੈ)।
ਜਿਸ ਦੀ ਮਤਿ ਉਸ ਦੇ ਮਨ ਦੇ ਪਿੱਛੇ ਤੁਰਦੀ ਹੈ ਉਹ ਹੋਛੀ ਰਹਿੰਦੀ ਹੈ, ਉਹ ਹੋਛਾ ਹੀ ਬਚਨ ਬੋਲਦਾ ਹੈ।
ਜੇ ਪ੍ਰਭੂ ਦਾ ਡਰ ਸਿਰ ਉੱਤੇ ਧਰ ਕੇ (ਭਾਵ, ਕਬੂਲ ਕਰ ਕੇ) ਜੀਵਨ ਗੁਜ਼ਾਰੀਏ, ਅਤੇ ਉਸ ਡਰ ਦਾ ਭਾਰ ਸਹਾਰ ਸਕੀਏ (ਭਾਵ, ਪ੍ਰਭੂ ਦਾ ਡਰ-ਅਦਬ ਸੁਖਾਵਾਂ ਲੱਗਣ ਲੱਗ ਪਏ)
ਤਾਂ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਪ੍ਰਭੂ ਦੀ ਬਖ਼ਸ਼ਸ਼ ਨਾਲ (ਮਨੁੱਖਤਾ ਬਾਰੇ) ਗੁਰੂ ਦੀ (ਦੱਸੀ ਹੋਈ) ਵਿਚਾਰ (ਜੀਵਨ ਦਾ ਹਿੱਸਾ ਬਣ ਜਾਂਦੀ ਹੈ) ॥੧॥
(ਸੰਸਾਰ ਵਿਕਾਰ-ਭਰਿਆ ਇੱਕ ਐਸਾ ਸਮੁੰਦਰ ਹੈ ਜਿਸ ਵਿਚੋਂ ਪਰਮਾਤਮਾ ਦਾ) ਡਰ ਹਿਰਦੇ ਵਿਚ ਵਸਾਣ ਤੋਂ ਬਿਨਾ ਕੋਈ ਪਾਰ ਨਹੀਂ ਲੰਘ ਸਕਦਾ।
(ਸਿਰਫ਼ ਉਹੀ ਪਾਰ ਲੰਘਦਾ ਹੈ ਜਿਸ ਨੇ) ਪ੍ਰਭੂ ਦੇ ਡਰ ਵਿਚ ਰਹਿ ਕੇ ਅਤੇ (ਪ੍ਰਭੂ)-ਪਿਆਰ ਦੀ ਰਾਹੀਂ (ਆਪਣਾ ਜੀਵਨ) ਸੰਵਾਰ ਕੇ ਪ੍ਰਭੂ ਦਾ ਡਰ-ਅਦਬ (ਆਪਣੇ ਹਿਰਦੇ ਵਿਚ) ਟਿਕਾ ਰੱਖਿਆ ਹੈ (ਭਾਵ, ਜਿਸ ਨੇ ਇਹ ਸ਼ਰਧਾ ਬਣਾ ਲਈ ਹੈ ਕਿ ਪ੍ਰਭੂ ਮੇਰੇ ਅੰਦਰ ਅਤੇ ਸਭ ਵਿਚ ਵੱਸਦਾ ਹੈ) ॥੧॥ ਰਹਾਉ ॥
ਪ੍ਰਭੂ ਦੇ ਡਰ-ਅਦਬ ਵਿਚ ਰਿਹਾਂ ਮਨੁੱਖ ਦੇ ਅੰਦਰ ਪ੍ਰਭੂ ਨੂੰ ਮਿਲਣ ਦੀ ਤਾਂਘ ਟਿਕੀ ਰਹਿੰਦੀ ਹੈ।
ਗੁਰੂ ਦੇ ਸ਼ਬਦ ਦੀ ਰਾਹੀਂ (ਆਤਮਕ ਜੀਵਨ ਨੂੰ) ਸੋਹਣਾ ਬਣਾ ਕੇ ਜਿਉਂ ਜਿਉਂ ਇਸ ਯਕੀਨ ਵਿਚ ਜੀਵੀਏ ਕਿ ਪ੍ਰਭੂ ਸਾਡੇ ਅੰਦਰ ਹੈ ਤੇ ਸਭ ਦੇ ਅੰਦਰ ਮੌਜੂਦ ਹੈ ਇਹ ਤਾਂਘ ਵਧੀਕ ਤੇਜ਼ ਹੁੰਦੀ ਜਾਂਦੀ ਹੈ।
ਪ੍ਰਭੂ ਦਾ ਡਰ-ਅਦਬ ਰੱਖਣ ਤੋਂ ਬਿਨਾ (ਸਾਡੀ ਜੀਵਨ-ਉਸਾਰੀ) ਸਾਡੇ ਮਨ ਦੀ ਘਾੜਤ ਹੋਛੀ ਹੋ ਜਾਂਦੀ ਹੈ, ਬਿਲਕੁਲ ਹੋਛੀ ਬਣਦੀ ਜਾਂਦੀ ਹੈ,
(ਕਿਉਂਕਿ) ਜਿਸ ਸੱਚੇ ਵਿਚ ਜੀਵਨ ਢਲਦਾ ਹੈ ਉਹ ਹੋਛਾ-ਪਨ ਪੈਦਾ ਕਰਨ ਵਾਲਾ ਹੁੰਦਾ ਹੈ, ਸਾਡੇ ਜਤਨ ਭੀ ਅਗਿਆਨਤਾ ਵਾਲੇ ਹੀ ਹੁੰਦੇ ਹਨ ॥੨॥
ਹੇ ਨਾਨਕ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਬੁੱਧੀ ਜਗਤ-ਖੇਡ ਵਿਚ ਲੱਗੀ ਰਹਿੰਦੀ ਹੈ, (ਜਗਤ-ਤਮਾਸ਼ਿਆਂ ਦਾ ਹੀ) ਚਾਉ ਉਸ ਦੇ ਅੰਦਰ ਪੈਦਾ ਹੁੰਦਾ ਰਹਿੰਦਾ ਹੈ।
ਮਨਮੁਖ ਭਾਵੇਂ ਹਜ਼ਾਰਾਂ ਸਿਆਣਪਾਂ ਭੀ ਕਰੇ, ਉਸ ਦਾ ਜੀਵਨ ਠੀਕ ਸੱਚੇ ਵਿਚ ਨਹੀਂ ਢਲਦਾ।
ਮਨਮੁਖ ਦਾ ਬੇ-ਥਵਾ ਬੋਲ ਹੁੰਦਾ ਹੈ,
ਉਹ ਅੰਨ੍ਹਾ ਊਲ-ਜਲੂਲ ਗੱਲਾਂ ਹੀ ਕਰਦਾ ਹੈ ॥੩॥੧॥
(ਹੇ ਪ੍ਰਭੂ!) ਤੇਰੇ ਡਰ-ਅਦਬ ਵਿਚ ਰਿਹਾਂ ਉਹ ਆਤਮਕ ਅਵਸਥਾ ਮਿਲ ਜਾਂਦੀ ਹੈ ਜਿਥੇ ਮਨ ਤੇਰੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ, ਹਿਰਦੇ ਵਿਚ ਇਹ ਯਕੀਨ ਬਣ ਜਾਂਦਾ ਹੈ ਕਿ ਤੂੰ ਮੇਰੇ ਅੰਦਰ ਵੱਸਦਾ ਹੈਂ ਤੇ ਸਭ ਵਿਚ ਵੱਸਦਾ ਹੈਂ। ਤੇਰੇ ਡਰ ਵਿਚ ਰਿਹਾਂ (ਦੁਨੀਆ ਦਾ ਹਰੇਕ ਕਿਸਮ ਦਾ) ਸਹਮ ਦੂਰ ਹੋ ਜਾਂਦਾ ਹੈ।
ਤੇਰਾ ਡਰ ਐਸਾ ਨਹੀਂ ਹੁੰਦਾ ਕਿ ਉਸ ਡਰ ਵਿਚ ਰਿਹਾਂ ਕੋਈ ਹੋਰ ਸਹਮ ਟਿਕਿਆ ਰਹੇ।
(ਹੇ ਪ੍ਰਭੂ!) ਤੈਥੋਂ ਬਿਨਾਂ ਜੀਵ ਦਾ ਕੋਈ ਹੋਰ ਥਾਂ-ਆਸਰਾ ਨਹੀਂ ਹੈ।
ਜਗਤ ਵਿਚ ਜੋ ਕੁਝ ਹੋ ਰਿਹਾ ਹੈ ਸਭ ਤੇਰੀ ਮਰਜ਼ੀ ਨਾਲ ਹੋ ਰਿਹਾ ਹੈ ॥੧॥
(ਹੇ ਪ੍ਰਭੂ!) ਤੇਰਾ ਡਰ-ਅਦਬ ਟਿਕਣ ਦੇ ਥਾਂ) ਜੇ ਜੀਵ ਦੇ ਹਿਰਦੇ ਵਿਚ ਕੋਈ ਹੋਰ ਡਰ ਟਿਕਿਆ ਰਹੇ, ਤਾਂ ਜੀਵ ਸਦਾ ਸਹਮਿਆ ਰਹਿੰਦਾ ਹੈ।
ਮਨ ਦੀ ਘਬਰਾਹਟ ਮਨ ਦਾ ਸਹਮ ਹਰ ਵੇਲੇ ਬਣਿਆ ਰਹਿੰਦਾ ਹੈ ॥੧॥ ਰਹਾਉ ॥
(ਪ੍ਰਭੂ ਦੇ ਡਰ-ਅਦਬ ਵਿਚ ਰਿਹਾਂ ਹੀ ਇਹ ਯਕੀਨ ਬਣ ਸਕਦਾ ਹੈ ਕਿ) ਜੀਵ ਨਾਹ ਮਰਦਾ ਹੈ ਨਾਹ ਕਿਤੇ ਡੁੱਬ ਸਕਦਾ ਹੈ ਨਾਹ ਕਿਤੋਂ ਤਰਦਾ ਹੈ (ਭਾਵ, ਜੇਹੜਾ ਕਿਤੇ ਡੁਬਦਾ ਹੀ ਨਹੀਂ ਉਸ ਦੇ ਤਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ)।
(ਇਹ ਯਕੀਨ ਬਣਿਆ ਰਹਿੰਦਾ ਹੈ ਕਿ) ਜਿਸ ਪਰਮਾਤਮਾ ਨੇ ਇਹ ਜਗਤ ਬਣਾਇਆ ਹੈ ਉਹੀ ਸਭ ਕੁਝ ਕਰ ਰਿਹਾ ਹੈ।
ਉਸ ਦੇ ਹੁਕਮ ਵਿਚ ਹੀ ਜੀਵ ਜੰਮਦਾ ਹੈ ਤੇ ਹੁਕਮ ਵਿਚ ਹੀ ਮਰਦਾ ਹੈ।
ਲੋਕ ਪਰਲੋਕ ਵਿਚ ਜੀਵ ਨੂੰ ਉਸ ਦੇ ਹੁਕਮ ਵਿਚ ਟਿਕੇ ਰਹਿਣਾ ਪੈਂਦਾ ਹੈ ॥੨॥
(ਜਿਸ ਹਿਰਦੇ ਵਿਚ ਪ੍ਰਭੂ ਦਾ ਡਰ-ਅਦਬ ਨਹੀਂ ਹੈ, ਮੋਹ ਹੈ, ਅਹੰਕਾਰ ਹੈ,
ਉਸ ਹਿਰਦੇ ਵਿਚ ਤ੍ਰਿਸ਼ਨਾ ਦੀ ਕਾਂਗ ਨਦੀ ਵਾਂਗ (ਠਾਠਾਂ ਮਾਰ ਰਹੀ) ਹੈ।
ਪ੍ਰਭੂ ਦਾ ਡਰ-ਅਦਬ ਹੀ ਆਤਮਕ ਜੀਵਨ ਦੀ ਖ਼ੁਰਾਕ ਹੈ, ਆਤਮਾ ਦਾ ਆਸਰਾ ਹੈ;
ਜੋ ਇਹ ਖ਼ੁਰਾਕ ਨਹੀਂ ਖਾਂਦੇ ਉਹ (ਦੁਨੀਆ ਦੇ) ਸਹਮ ਵਿਚ ਰਹਿ ਕੇ ਕਮਲੇ ਹੋਏ ਰਹਿੰਦੇ ਹਨ ॥੩॥
(ਹੇ ਪ੍ਰਭੂ! ਤੇਰੇ ਡਰ-ਅਦਬ ਵਿਚ ਰਿਹਾਂ ਹੀ ਇਹ ਯਕੀਨ ਬਣਦਾ ਹੈ ਕਿ) ਜਿਸ ਕਿਸੇ ਦਾ ਕੋਈ ਸਹਾਈ ਬਣਦਾ ਹੈ ਕੋਈ ਵਿਰਲਾ ਹੀ ਬਣਦਾ ਹੈ (ਭਾਵ, ਕਿਸੇ ਦਾ ਕੋਈ ਸਦਾ ਲਈ ਸਾਥੀ ਸਹਾਇਕ ਨਹੀਂ ਬਣ ਸਕਦਾ),
ਪਰ ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ) ਹੈ, ਤੂੰ ਸਭ ਦੀ ਸਾਰ ਰੱਖਣ ਵਾਲਾ ਹੈਂ।
ਜਿਸ ਪਰਮਾਤਮਾ ਦੇ ਇਹ ਸਾਰੇ ਜੀਵ ਜੰਤ ਪੈਦਾ ਕੀਤੇ ਹੋਏ ਹਨ, (ਜੀਵਾਂ ਵਾਸਤੇ) ਉਸੇ ਦਾ ਹੀ ਇਹ ਧਨ-ਮਾਲ (ਬਣਾਇਆ ਹੋਇਆ) ਹੈ।
ਹੇ ਨਾਨਕ! (ਇਸ ਤੋਂ ਵਧ ਇਹ) ਵਿਚਾਰਨਾ ਤੇ ਆਖਣਾ (ਕਿ ਉਹ ਪ੍ਰਭੂ ਆਪਣੇ ਪੈਦਾ ਕੀਤੇ ਜੀਵਾਂ ਦੀ ਕਿਵੇਂ ਸੰਭਾਲ ਕਰਦਾ ਹੈ) ਔਖਾ ਕੰਮ ਹੈ ॥੪॥੨॥
ਜੇ ਕੋਈ ਜੀਵ-ਇਸਤ੍ਰੀ ਉੱਚੀ ਮਤਿ ਨੂੰ ਆਪਣੀ ਮਾਂ ਬਣਾ ਲਏ (ਉੱਚੀ ਮਤਿ ਦੀ ਗੋਦੀ ਵਿਚ ਪਲੇ) ਸੰਤੋਖ ਨੂੰ ਆਪਣਾ ਪਿਉ ਬਣਾਏ (ਸੰਤੋਖ-ਪਿਤਾ ਦੀ ਨਿਗਰਾਨੀ ਵਿਚ ਰਹੇ),
ਖ਼ਲਕਤ ਦੀ ਸੇਵਾ ਨੂੰ ਉਚੇਚਾ ਭਰਾ ਬਣਾਏ (ਖ਼ਲਕਤ ਦੀ ਸੇਵਾ-ਰੂਪ ਭਰਾ ਦਾ ਜੀਵਨ ਉੱਤੇ ਵਿਸ਼ੇਸ਼ ਅਸਰ ਪਏ) ॥੧॥
ਹੇ ਪ੍ਰਭੂ! ਤੇਰੇ ਨਾਲ ਮਿਲਾਪ-ਅਵਸਥਾ ਬਿਆਨ ਨਹੀਂ ਹੋ ਸਕਦੀ, ਰਤਾ-ਮਾਤ੍ਰ ਦੱਸੀ ਹੈ,
(ਕਿਉਂਕਿ) ਹੇ ਪ੍ਰਭੂ! ਤੇਰੀ ਕੁਦਰਤਿ ਦਾ ਪੂਰਾ ਮੁੱਲ ਨਹੀਂ ਪੈ ਸਕਦਾ (ਭਾਵ, ਕੁਦਰਤਿ ਕਿਹੋ ਜਿਹੀ ਹੈ-ਇਹ ਦੱਸਿਆ ਨਹੀਂ ਜਾ ਸਕਦਾ) ॥੧॥ ਰਹਾਉ ॥