ਹੇ ਭਾਈ! (ਉਹ ਪ੍ਰਭੂ ਆਪਣੇ ਸੇਵਕ ਨੂੰ) ਕੋਈ ਦੁੱਖ ਦੇਣ ਵਾਲਾ ਸਮਾ ਨਹੀਂ ਵੇਖਣ ਦੇਂਦਾ, ਉਹ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਸਦਾ ਚੇਤੇ ਰੱਖਦਾ ਹੈ।
ਪ੍ਰਭੂ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਰਾਖੀ ਕਰਦਾ ਹੈ, (ਸੇਵਕ ਨੂੰ ਉਸ ਦੇ) ਹਰੇਕ ਸਾਹ ਦੇ ਨਾਲ ਪਾਲਦਾ ਰਹਿੰਦਾ ਹੈ ॥੧॥
ਹੇ ਭਾਈ! ਮੇਰਾ ਮਨ (ਭੀ) ਉਸ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ,
ਜੋ ਸ਼ੁਰੂ ਤੋਂ ਅਖ਼ੀਰ ਤਕ ਸਦਾ ਹੀ ਮਦਦਗਾਰ ਬਣਿਆ ਰਹਿੰਦਾ ਹੈ। ਸਾਡਾ ਉਹ ਮਿੱਤਰ ਪ੍ਰਭੂ ਧੰਨ ਹੈ (ਉਸ ਦੀ ਸਦਾ ਸਿਫ਼ਤਿ ਕਰਨੀ ਚਾਹੀਦੀ ਹੈ) ਰਹਾਉ॥
ਹੇ ਭਾਈ! ਮਾਲਕ-ਪ੍ਰਭੂ ਦੇ ਹੈਰਾਨ ਕਰਨ ਵਾਲੇ ਕੌਤਕ ਵੇਖ ਕੇ, ਉਸ ਦੀ ਵਡਿਆਈ ਵੇਖ ਕੇ, (ਸੇਵਕ ਦੇ) ਮਨ ਵਿਚ (ਭੀ) ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ।
ਹੇ ਨਾਨਕ! ਤੂੰ ਭੀ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣ। (ਜਿਸ ਭੀ ਮਨੁੱਖ ਨੇ ਸਿਮਰਨ ਕੀਤਾ) ਪ੍ਰਭੂ ਨੇ ਪੂਰੇ ਤੌਰ ਤੇ ਉਸ ਦੀ ਇੱਜ਼ਤ ਰੱਖ ਲਈ ॥੨॥੧੫॥੪੬॥
ਹੇ ਭਾਈ! ਉਸ ਮਨੁੱਖ ਨੂੰ ਬਦ-ਕਿਸਮਤ ਸਮਝੋ, ਜਿਸ ਨੂੰ ਜਿੰਦ ਦਾ ਮਾਲਕ-ਪ੍ਰਭੂ ਵਿਸਰ ਜਾਂਦਾ ਹੈ।
ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਕੋਮਲ ਚਰਨਾਂ ਦਾ ਪ੍ਰੇਮੀ ਹੋ ਜਾਂਦਾ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਸਰੋਵਰ ਲੱਭ ਲੈਂਦਾ ਹੈ ॥੧॥
ਹੇ ਪ੍ਰਭੂ! ਤੇਰਾ ਸੇਵਕ ਤੇਰੇ ਨਾਮ-ਰੰਗ ਵਿਚ ਟਿਕ ਕੇ (ਮਾਇਆ ਦੇ ਮੋਹ ਵਲੋਂ ਸਦਾ) ਸੁਚੇਤ ਰਹਿੰਦਾ ਹੈ।
ਉਸ ਦੇ ਸਰੀਰ ਵਿਚੋਂ ਸਾਰਾ ਆਲਸ ਮੁੱਕ ਜਾਂਦਾ ਹੈ, ਉਸ ਦਾ ਮਨ, (ਹੇ ਭਾਈ!) ਪ੍ਰੀਤਮ-ਪ੍ਰਭੂ ਨਾਲ ਜੁੜਿਆ ਰਹਿੰਦਾ ਹੈ ਰਹਾਉ॥
ਹੇ ਭਾਈ! (ਉਸ ਦੇ ਸਿਮਰਨ ਦੀ ਬਰਕਤਿ ਨਾਲ) ਮੈਂ (ਭੀ) ਜਿਧਰ ਜਿਧਰ ਵੇਖਦਾ ਹਾਂ, ਉਥੇ ਉਥੇ ਪਰਮਾਤਮਾ ਹੀ ਸਾਰੇ ਸਰੀਰਾਂ ਵਿਚ ਮੌਜੂਦ ਦਿੱਸਦਾ ਹੈ ਜਿਵੇਂ ਧਾਗਾ (ਸਾਰੇ ਮਣਕਿਆਂ ਵਿਚ ਪ੍ਰੋਇਆ ਹੁੰਦਾ ਹੈ)।
ਹੇ ਨਾਨਕ! ਪ੍ਰਭੂ ਦੇ ਦਾਸ ਉਸ ਦਾ ਨਾਮ-ਜਲ ਪੀਂਦਿਆਂ ਹੀ ਹੋਰ ਸਾਰੇ ਮੋਹ-ਪਿਆਰ ਛੱਡ ਦੇਂਦੇ ਹਨ ॥੨॥੧੬॥੪੭॥
ਹੇ ਭਾਈ! ਪਰਮਾਤਮਾ ਦੇ ਸੇਵਕ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ।
ਇਸ ਝੰਬੇਲਿਆਂ-ਭਰੇ ਸੰਸਾਰ ਵਿਚ, ਇਸ ਵੱਡੀ (ਮੋਹਣੀ) ਮਾਇਆ ਵਿਚ, ਪਰਮਾਤਮਾ (ਆਪਣੇ ਸੇਵਕਾਂ ਦੀ) ਇੱਜ਼ਤ ਰੱਖ ਲੈਂਦਾ ਹੈ ॥੧॥ ਰਹਾਉ ॥
ਹੇ ਭਾਈ! ਆਪਣੇ ਮਾਲਕ-ਪ੍ਰਭੂ ਦਾ ਨਾਮ ਮੁੜ ਮੁੜ ਸਿਮਰ ਕੇ (ਸੇਵਕਾਂ ਦੇ) ਨੇੜੇ ਆਤਮਕ ਮੌਤ ਨਹੀਂ ਢੁਕਦੀ।
ਸੇਵਕ ਗੁਰੂ ਦੀ ਸੰਗਤਿ ਪ੍ਰਾਪਤ ਕਰ ਲੈਂਦੇ ਹਨ ਜੇਹੜੀ ਪਰਮਾਤਮਾ ਦਾ ਘਰ ਹੈ। (ਇਹ ਸਾਧ ਸੰਗਤਿ ਹੀ ਉਹਨਾਂ ਵਾਸਤੇ) ਵਿਸ਼ਨੂ ਦੀ ਪੁਰੀ ਹੈ, ਵਿਕਾਰਾਂ ਤੋਂ ਖ਼ਲਾਸੀ (ਪਾਣ ਦੀ ਥਾਂ) ਹੈ ॥੧॥
ਹੇ ਭਾਈ! ਪ੍ਰਭੂ ਦੇ ਸੇਵਕਾਂ ਵਾਸਤੇ ਪ੍ਰਭੂ ਦੇ ਚਰਨ ਹੀ ਆਸਰਾ ਹਨ, ਕ੍ਰੋੜਾਂ ਸੁਖਾਂ ਦਾ ਟਿਕਾਣਾ ਹਨ।
ਹੇ ਨਾਨਕ! (ਆਖ-ਹੇ ਭਾਈ!) ਮੈਂ (ਭੀ) ਉਸ ਗੋਬਿੰਦ ਨੂੰ ਦਮੋਦਰ ਨੂੰ ਦਿਨ ਰਾਤ ਸਿਮਰਦਾ ਰਹਿੰਦਾ ਹਾਂ, ਤੇ, ਉਸ ਤੋਂ ਸਦਕੇ ਜਾਂਦਾ ਹਾਂ ॥੨॥੧੭॥੪੮॥
ਹੇ ਭਾਈ! ਮੈਂ ਪਰਮਾਤਮਾ ਪਾਸੋਂ ਇਕ ਖ਼ੈਰ ਮੰਗਦਾ ਹਾਂ।
(ਪਰਮਾਤਮਾ ਅੱਗੇ ਮੈਂ ਬੇਨਤੀ ਕਰਦਾ ਹਾਂ) ਹੇ ਪ੍ਰਭੂ! ਮੈਂ ਤੇਰਾ ਨਾਮ (ਸਦਾ) ਸਿਮਰਦਾ ਰਹਾਂ, (ਤੇਰੇ ਸਿਮਰਨ ਦੀ ਬਰਕਤਿ ਨਾਲ) ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ ॥੧॥ ਰਹਾਉ ॥
ਹੇ ਪ੍ਰਭੂ! ਤੇਰੇ ਚਰਨ ਮੇਰੇ ਹਿਰਦੇ ਵਿਚ ਵੱਸਦੇ ਰਹਿਣ, ਮੈਂ ਤੇਰੇ ਸੰਤ ਜਨਾਂ ਦੀ ਸੰਗਤਿ ਹਾਸਲ ਕਰ ਲਵਾਂ,
ਮੈਂ ਅੱਠੇ ਪਹਰ ਤੇਰੇ ਗੁਣ ਗਾਂਦਾ ਰਹਾਂ। (ਤੇਰੀ ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਮਨ ਚਿੰਤਾ ਦੀ ਅੱਗ ਵਿਚ ਨਹੀਂ ਫਸਦਾ ॥੧॥
ਸਦਾ ਪ੍ਰਭੂ ਦਾ ਨਾਮ ਜਪਣ ਨਾਲ, ਹਰੀ ਦੀ ਸੇਵਾ-ਭਗਤੀ ਕਰਨ ਨਾਲ (ਮਨ ਵਿਚ) ਸ਼ਾਂਤੀ ਦੀ ਹਾਲਤ ਬਣੀ ਰਹਿੰਦੀ ਹੈ।
ਹੇ ਨਾਨਕ! ਜਿਸ ਮਨੁੱਖ (ਦੇ ਮਨ ਵਿਚ) ਪਰਮਾਤਮਾ ਦਾ ਪਿਆਰ ਬਣ ਜਾਏ ਉਹ ਮੁੜ ਮੁੜ ਜਨਮ ਮਰਨ (ਦੇ ਗੇੜ) ਵਿਚ ਨਹੀਂ ਆਉਂਦਾ ॥੨॥੧੮॥੪੯॥
ਹੇ ਭਾਈ! ਮੈਂ (ਤਾਂ) ਸਾਰੇ ਪਦਾਰਥ ਪਰਮਾਤਮਾ ਤੋਂ (ਹੀ) ਮੰਗਦਾ ਹਾਂ।
ਮਨੁੱਖਾਂ ਪਾਸੋਂ ਮੰਗਦਿਆਂ ਨਿਰੀ ਖੇਚਲ ਹੀ ਹਾਸਲ ਹੁੰਦੀ ਹੈ, (ਦੂਜੇ ਪਾਸੇ,) ਪਰਮਾਤਮਾ ਦੇ ਸਿਮਰਨ ਦੀ ਰਾਹੀਂ (ਪਦਾਰਥ ਭੀ ਮਿਲਦੇ ਹਨ, ਤੇ) ਮਾਇਆ ਦੇ ਮੋਹ ਤੋਂ ਖ਼ਲਾਸੀ (ਭੀ) ਪ੍ਰਾਪਤ ਹੋ ਜਾਂਦੀ ਹੈ ॥੧॥ ਰਹਾਉ ॥
ਹੇ ਭਾਈ! ਰਿਸ਼ੀਆਂ ਨੇ ਸਿੰਮ੍ਰਿਤੀਆਂ ਪੁਰਾਣ ਗਹੁ ਨਾਲ ਵਿਚਾਰ ਵੇਖੇ, ਵੇਦਾਂ ਨੂੰ (ਭੀ) ਵਿਚਾਰ ਕੇ ਉੱਚੀ ਉੱਚੀ ਪੜ੍ਹਦੇ ਹਨ,
(ਪਰ) ਕਿਰਪਾ ਦੇ ਸਮੁੰਦਰ ਪਰਮਾਤਮਾ ਦੀ ਸਰਨ ਪੈ ਕੇ ਹੀ ਉਸ ਦਾ ਸਦਾ-ਥਿਰ ਨਾਮ ਪ੍ਰਾਪਤ ਹੁੰਦਾ ਹੈ (ਜਿਸ ਦੀ ਬਰਕਤਿ ਨਾਲ) ਲੋਕ ਪਰਲੋਕ ਦੋਵੇਂ ਹੀ ਸੁਖਦਾਈ ਹੋ ਜਾਂਦੇ ਹਨ ॥੧॥
ਹੇ ਭਾਈ! ਪਰਮਾਤਮਾ ਦੇ ਸਿਮਰਨ ਤੋਂ ਬਿਨਾ ਜਿਤਨੇ ਭੀ ਹੋਰ ਧਾਰਮਿਕ ਰਿਵਾਜ ਤੇ ਵਿਹਾਰ ਹਨ ਸਾਰੇ ਵਿਅਰਥ ਹਨ।
ਹੇ ਨਾਨਕ! ਗੁਰੂ ਨੂੰ ਮਿਲ ਕੇ ਜਨਮ ਮਰਨ ਦੇ ਸਾਰੇ ਡਰ ਕੱਟੇ ਜਾਂਦੇ ਹਨ, ਤੇ ਸਾਰੇ ਚਿੰਤਾ-ਫ਼ਿਕਰ ਨਾਸ ਹੋ ਜਾਂਦੇ ਹਨ ॥੨॥੧੯॥੫੦॥
ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਜੁੜਿਆਂ (ਮਾਇਆ ਦੀ) ਤ੍ਰੇਹ ਬੁੱਝ ਜਾਂਦੀ ਹੈ।
ਗੁਰੂ ਦੀ ਬਾਣੀ ਦਾ ਆਸਰਾ ਲਿਆਂ (ਮਨ ਵਿਚ) ਬੜਾ ਸੰਤੋਖ ਪੈਦਾ ਹੋ ਜਾਂਦਾ ਹੈ, ਤੇ, ਪਰਮਾਤਮਾ ਦੇ ਚਰਨਾਂ ਵਿਚ ਪੂਰੇ ਤੌਰ ਤੇ ਸੁਰਤਿ ਜੁੜ ਜਾਂਦੀ ਹੈ ॥੧॥ ਰਹਾਉ ॥