ਹੇ ਪ੍ਰਭੂ! (ਅਸੀਂ ਤੇਰੇ ਪੈਦਾ ਕੀਤੇ ਹੋਏ ਜੀਵ ਹਾਂ) ਆਪਣੇ ਪੈਦਾ ਕੀਤੇ ਜੀਵਾਂ ਦੀ ਤੂੰ ਆਪ ਹੀ ਸਦਾ ਸੰਭਾਲ ਕੀਤੀ ਹੈ, ਤੂੰ ਆਪ ਹੀ ਇਹਨਾਂ ਨੂੰ ਆਪਣੇ ਪੱਲੇ ਲਾਂਦਾ ਹੈਂ ॥੧੫॥
(ਹੇ ਪ੍ਰਭੂ! ਤੇਰੀ ਮਿਹਰ ਨਾਲ ਹੀ ਜਿਨ੍ਹਾਂ ਨੇ) ਤੇਰੇ ਸਦਾ-ਥਿਰ ਨਾਮ ਦੇ ਸਿਮਰਨ ਦਾ ਜਹਾਜ਼ ਤਿਆਰ ਕਰ ਲਿਆ, ਤੂੰ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ॥੧੬॥
ਹੇ ਨਾਨਕ! ਉਹ ਮਾਲਕ-ਪ੍ਰਭੂ ਬੇਅੰਤ-ਗੁਣਾਂ ਦਾ ਮਾਲਕ ਹੈ ਬੇਅੰਤ ਹੈ। ਮੈਂ ਉਸ ਤੋਂ ਸਦਕੇ ਜਾਂਦਾ ਹਾਂ, ਸਦਾ ਸਦਕੇ ਜਾਂਦਾ ਹਾਂ ॥੧੭॥
(ਜਿਹੜਾ) ਪਰਮਾਤਮਾ ਮੌਤ-ਰਹਿਤ ਹਸਤੀ ਵਾਲਾ ਹੈ, ਜੋ ਜੂਨਾਂ ਵਿਚ ਨਹੀਂ ਆਉਂਦਾ, ਜੋ ਆਪਣੇ ਆਪ ਤੋਂ ਪਰਗਟ ਹੁੰਦਾ ਹੈ, ਉਹ ਪ੍ਰਭੂ (ਗੁਰੂ ਦੀ) ਰਾਹੀਂ ਜਗਤ ਦੇ (ਮਾਇਆ ਦੇ ਮੋਹ ਦੇ) ਹਨੇਰੇ ਨੂੰ (ਦੂਰ ਕਰ ਕੇ ਆਤਮਕ ਜੀਵਨ ਦਾ ਚਾਨਣ ਕਰਦਾ ਹੈ ॥੧੮॥
ਪਰਮਾਤਮਾ ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, (ਗੁਰੂ ਦੀ ਸਰਨ ਪੈ ਕੇ ਉਸ ਦਾ) ਦਰਸਨ ਕੀਤਿਆਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਪੂਰਨ ਤੌਰ ਤੇ ਰੱਜ ਜਾਈਦਾ ਹੈ ॥੧੯॥
(ਗੁਰੂ ਦੀ ਰਾਹੀਂ ਇਹ ਸਮਝ ਪੈਂਦੀ ਹੈ ਕਿ) ਸਰਬ-ਵਿਆਪਕ ਪਰਮਾਤਮਾ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲਾ ਪਰਮਾਤਮਾ, ਕਿਸੇ ਤੋਂ ਭੀ ਨਾਹ ਡਰਨ ਵਾਲਾ ਪਰਮਾਤਮਾ ਜਲ ਵਿਚ ਥਲ ਵਿੱਚ ਹਰ ਥਾਂ ਮੌਜੂਦ ਹੈ ॥੨੦॥
ਹੇ ਮਾਂ! (ਗੁਰੂ ਦੀ ਰਾਹੀਂ ਹੀ ਪਰਮਾਤਮਾ ਨੇ ਆਪਣੀ) ਭਗਤੀ ਦਾ ਦਾਨ (ਆਪਣੇ) ਭਗਤਾਂ ਨੂੰ (ਸਦਾ) ਦਿੱਤਾ ਹੈ। (ਦਾਸ) ਨਾਨਕ ਭੀ (ਗੁਰੂ ਦੀ ਰਾਹੀਂ ਹੀ) ਉਸ ਪਰਮਾਤਮਾ ਪਾਸੋਂ (ਇਹ ਖ਼ੈਰ) ਮੰਗਦਾ ਹੈ ॥੨੧॥੧॥੬॥
ਹੇ ਪਿਆਰੇ ਮਿੱਤਰੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਦੀ ਆਦਤ ਬਣਾਓ, ਇਹ ਸਿਫ਼ਤ-ਸਾਲਾਹ ਹੀ (ਮਨੁੱਖ ਵਾਸਤੇ) ਸਾਰੀ ਉਮਰ ਦਾ ਸਹਾਰਾ ਹੈ।
ਹੇ ਨਾਨਕ! ਇਕ ਪਰਮਾਤਮਾ ਦਾ ਨਾਮ ਸਿਮਰਦਿਆਂ (ਲੋਕ ਪਰਲੋਕ ਵਿਚ) ਮੁਖ ਉਜਲਾ ਰਹਿੰਦਾ ਹੈ ਅਤੇ ਸਦਾ ਹੀ ਸੁਖੀ ਰਹਿੰਦਾ ਹੈ ॥੧॥
ਹੇ ਸੰਤ ਜਨੋ! ਜਿਸ ਮਨੁੱਖ ਦਾ ਮਨ ਤੇ ਤਨ ਪਿਆਰੇ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਪ੍ਰਭੂ ਦੀ ਪ੍ਰੇਮਾ-ਭਗਤੀ ਦੇ ਕਾਰਨ ਪ੍ਰਭੂ ਨਾਲ ਉਸ ਦੀ ਡੂੰਘੀ ਸਾਂਝ ਬਣ ਜਾਂਦੀ ਹੈ ॥੧॥
ਹੇ ਸੰਤ ਜਨੋ! ਜਿਸ ਮਨੁੱਖ ਦੀ ਪ੍ਰਭੂ ਨਾਲ ਸਾਂਝ ਗੁਰੂ ਨੇ ਸਿਰੇ ਚਾੜ੍ਹ ਦਿੱਤੀ,
ਹੇ ਸੰਤ ਜਨੋ! ਉਸ ਸੇਵਕ ਨੂੰ ਗੁਰੂ ਨੇ ਪਰਮਾਤਮਾ ਦੇ ਨਾਮ ਦਾ ਲਾਭ ਬਖ਼ਸ਼ ਦਿੱਤਾ, ਤੇ, ਇਸ ਤਰ੍ਹਾਂ ਉਸ ਦੀ ਸਾਰੀ ਮਾਇਕ ਤ੍ਰਿਸ਼ਨਾ ਮੁਕਾ ਦਿੱਤੀ ॥੧॥ ਰਹਾਉ ॥
ਹੇ ਸੰਤ ਜਨੋ! (ਗੁਰੂ ਦੀ ਸਰਨ ਪੈ ਕੇ ਖੋਜਣ ਵਾਲੇ ਨੇ) ਖੋਜ ਕਰਦਿਆਂ ਕਰਦਿਆਂ ਪਰਮਾਤਮਾ ਦਾ ਨਾਮ-ਹੀਰਾ ਲੱਭ ਲਿਆ। ਉਸ ਲਾਲ ਦਾ ਮੁੱਲ ਨਹੀਂ ਪਾਇਆ ਜਾ ਸਕਦਾ ॥੨॥
ਹੇ ਸੰਤ ਜਨੋ! (ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੀ) ਸੁਰਤ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਜੁੜ ਗਈ, ਸਦਾ-ਥਿਰ ਪ੍ਰਭੂ ਦੇ ਦਰਸ਼ਨ ਵਿਚ ਉਸ ਦੀ ਸਦਾ ਲਈ ਲੀਨਤਾ ਹੋ ਗਈ ॥੩॥
ਹੇ ਸੰਤ ਜਨੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਿਆਂ ਗਾਂਦਿਆਂ ਤਨੋ ਮਨੋ ਖਿੜ ਜਾਈਦਾ ਹੈ, ਪਰਮਾਤਮਾ ਦਾ ਸਿਮਰਨ ਕਰਦਿਆਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਪੂਰੇ ਤੌਰ ਤੇ ਰੱਜ ਜਾਈਦਾ ਹੈ ॥੪॥
ਹੇ ਸੰਤ ਜਨੋ! (ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਨੂੰ) ਸਰਬ-ਵਿਆਪਕ ਪਰਮਾਤਮਾ ਸਭ ਜੀਵਾਂ ਦੇ ਅੰਦਰ ਵੱਸਦਾ ਦਿੱਸ ਪੈਂਦਾ ਹੈ, ਉਸਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ॥੫॥
ਹੇ ਸੰਤ ਜਨੋ! (ਗੁਰੂ ਨੇ ਜਿਸ ਮਨੁੱਖ ਦੀ ਖੇਪ ਤੋੜ ਸਿਰੇ ਚਾੜ੍ਹ ਦਿੱਤੀ, ਉਸ ਨੂੰ ਇਹ ਦਿੱਸ ਪੈਂਦਾ ਹੈ ਕਿ) ਪਰਮਾਤਮਾ ਸਭ ਦਾ ਮੁੱਢ ਹੈ, ਪਰਮਾਤਮਾ ਜੁਗਾਂ ਦੇ ਸ਼ੁਰੂ ਤੋਂ ਹੈ, ਪਰਮਾਤਮਾ ਇਸ ਵੇਲੇ ਵੀ ਮੌਜੂਦ ਹੈ, ਪਰਮਾਤਮਾ ਸਦਾ ਲਈ ਕਾਇਮ ਰਹੇਗਾ। ਉਹ ਪਰਮਾਤਮਾ ਸਭ ਜੀਵਾਂ ਨੂੰ ਸੁਖ ਦੇਣ ਵਾਲਾ ਹੈ ॥੬॥
ਹੇ ਸੰਤ ਜਨੋ! ਪਰਮਾਤਮਾ ਬੇਅੰਤ ਹੈ, ਉਸ ਦੇ ਗੁਣਾਂ ਦਾ ਅਖ਼ੀਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ। ਉਹ ਪ੍ਰਭੂ ਸਭਨੀਂ ਥਾਈਂ ਵਿਆਪਕ ਹੈ ॥੭॥
ਹੇ ਸੰਤ ਜਨੋ! ਨਾਨਕ ਆਖਦਾ ਹੈ, ਉਹ ਪਰਮਾਤਮਾ ਹੀ ਮੇਰਾ ਮਿੱਤਰ ਹੈ, ਮੇਰਾ ਸੱਜਣ ਹੈ, ਮੇਰਾ ਧਨ-ਮਾਲ ਹੈ, ਮੇਰਾ ਜੋਬਨ ਹੈ, ਮੇਰਾ ਪੁੱਤਰ ਹੈ, ਮੇਰਾ ਪਿਉ ਹੈ, ਮੇਰੀ ਮਾਂ ਹੈ (ਇਹਨੀਂ ਸਭਨੀਂ ਥਾਈਂ ਮੈਨੂੰ ਪਰਮਾਤਮਾ ਦਾ ਹੀ ਸਹਾਰਾ ਹੈ) ॥੮॥੨॥੭॥
ਆਪਣੇ ਮਨ ਦੀ ਰਾਹੀਂ, ਆਪਣੇ ਹਰੇਕ ਬੋਲ ਦੀ ਰਾਹੀਂ, ਆਪਣੇ ਹਰੇਕ ਕੰਮ ਦੀ ਰਾਹੀਂ ਪਰਮਾਤਮਾ ਦਾ ਨਾਮ ਚੇਤੇ ਰੱਖਿਆ ਕਰ।
ਹੇ ਨਾਨਕ! (ਜਗਤ ਵਿਚ ਵਿਕਾਰਾਂ ਦੀਆਂ ਲਹਿਰਾਂ ਦੀ) ਬੜੀ ਭਿਆਨਕ ਘੁੰਮਣ-ਘੇਰੀ ਹੈ। ਗੁਰੂ ਦੀ ਸਰਨ ਪੈ ਕੇ (ਇਸ ਵਿਚੋਂ ਆਪਣੀ ਜ਼ਿੰਦਗੀ ਦੀ ਬੇੜੀ ਨੂੰ) ਪਾਰ ਲੰਘਾ ॥੧॥ ਰਹਾਉ ॥
ਪਰਮਾਤਮਾ ਦਾ ਨਾਮ ਜਪ ਜਪ ਕੇ (ਕਾਮਾਦਿਕ) ਚੰਦਰੇ ਵੈਰੀ ਮਲੇ-ਦਲੇ ਜਾਂਦੇ ਹਨ, (ਤਦੋਂ) ਹਿਰਦੇ ਵਿਚ ਸਦਾ ਸੁਖ ਬਣਿਆ ਰਹਿੰਦਾ ਹੈ, ਦੁਨੀਆ ਨਾਲ ਵਰਤਦਿਆਂ ਭੀ ਸੁਖ ਹੀ ਟਿਕਿਆ ਰਹਿੰਦਾ ਹੈ ॥੧॥
ਜਿਸ ਪ੍ਰਭੂ ਦੀ ਰਜ਼ਾ ਅਨੁਸਾਰ (ਇਹ ਚੰਦਰੇ ਵੈਰੀ) ਚੰਬੜਦੇ ਹਨ, ਉਹੀ ਪ੍ਰਭੂ ਜੀ ਆਪਣੀ ਕਿਰਪਾ ਕਰ ਕੇ ਇਹਨਾਂ ਨੂੰ ਦੂਰ ਕਰਦਾ ਹੈ ॥੨॥
ਸੰਤ ਜਨ ਤਾਂ ਪਰਮਾਤਮਾ ਦੀ ਸਰਨ ਪੈ ਜਾਂਦੇ ਹਨ ਉਹ ਤਾਂ (ਇਹਨਾਂ ਵੈਰੀਆਂ ਦੀ ਮਾਰ ਤੋਂ) ਬਚ ਜਾਂਦੇ ਹਨ, ਪਰ ਵੱਡੇ ਅਹੰਕਾਰੀ ਮਨੁੱਖ (ਇਹਨਾਂ ਵਿਚ) ਸੜ ਕੇ ਆਤਮਕ ਮੌਤੇ ਮਰ ਜਾਂਦੇ ਹਨ ॥੩॥
(ਸੰਤ ਜਨਾਂ ਨੇ) ਗੁਰੂ ਦੀ ਸੰਗਤ ਵਿਚ ਰਹਿ ਕੇ ਪਰਮਾਤਮਾ ਦਾ ਨਾਮ-ਫਲ ਲੱਭ ਲਿਆ, ਸਿਰਫ਼ ਹਰਿ-ਨਾਮ ਨੂੰ ਉਹਨਾਂ ਆਪਣੀ ਜ਼ਿੰਦਗੀ ਦਾ ਆਸਰਾ ਬਣਾਇਆ ॥੪॥
ਪਰ, ਹੇ ਪ੍ਰਭੂ! (ਆਪਣੇ ਆਪ ਵਿਚ) ਨਾਹ ਕੋਈ ਜੀਵ ਸੂਰਮਾ ਹੈ ਨਾਹ ਕੋਈ ਲਿੱਸਾ ਹੈ। ਹਰ ਇਕ ਜੀਵ ਵਿਚ ਤੇਰੀ ਹੀ ਜੋਤਿ ਪਰਗਟ ਹੋ ਰਹੀ ਹੈ ॥੫॥
ਹੇ ਪ੍ਰਭੂ! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੇਰੀਆਂ ਤਾਕਤਾਂ ਬਿਆਨ ਤੋਂ ਪਰੇ ਹਨ, ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ। ਹੇ ਪ੍ਰਭੂ! ਤੂੰ ਆਪ ਸਭ ਜੀਵਾਂ ਵਿਚ ਵਿਆਪਕ ਹੈਂ ॥੬॥
ਹੇ ਕਰਤਾਰ! ਹੇ ਪ੍ਰਭੂ! ਕੋਈ ਜੀਵ ਤੇਰੀ ਕੀਮਤ ਨਹੀਂ ਪਾ ਸਕਦਾ। ਤੇਰਾ ਅੰਤ ਤੇਰਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੭॥
ਹੇ ਨਾਨਕ! (ਹੇ ਪ੍ਰਭੂ!) ਤੇਰੇ ਸੰਤ ਜਨਾਂ ਦੀ ਚਰਨ-ਧੂੜ ਲਿਆਂ ਤੇਰੇ ਨਾਮ ਦੀ ਦਾਤ ਮਿਲਦੀ ਹੈ, (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ ॥੮॥੩॥੮॥੨੨॥