ਹੇ ਜੈ ਚੰਦ! ਸਾਰੀ ਲੋਕਾਈ (ਇਸੇ ਭੁਲੇਖੇ ਵਿਚ) ਭੁੱਲੀ ਪਈ ਹੈ (ਕਿ ਨਿਰਾ ਫ਼ਕੀਰੀ ਭੇਖ ਧਾਰਿਆਂ ਪਰਮਾਤਮਾ ਮਿਲ ਪੈਂਦਾ ਹੈ),
ਇਸ ਤਰ੍ਹਾਂ ਪਰਮਾਨੰਦ ਨੂੰ ਪ੍ਰਭੂ ਦੀ ਸੋਝੀ ਕਦੇ ਭੀ ਨਹੀਂ ਪੈਂਦੀ ॥੧॥ ਰਹਾਉ ॥
(ਜਿਸ ਮਨੁੱਖ ਨੇ) ਘਰ ਘਰ ਤੋਂ (ਮੰਗ ਕੇ ਟੁੱਕਰ) ਖਾ ਲਿਆ, (ਆਪਣੇ) ਸਰੀਰ ਨੂੰ ਚੰਗਾ ਪਾਲ ਲਿਆ, ਗੋਦੜੀ ਪਹਿਨ ਲਈ, ਮੁੰਦ੍ਰਾਂ ਭੀ ਪਾ ਲਈਆਂ, (ਪਰ ਸਭ ਕੁਝ) ਮਾਇਆ ਦੀ ਖ਼ਾਤਰ ਹੀ (ਕੀਤਾ),
ਮਸਾਣਾਂ ਦੀ ਧਰਤੀ ਦੀ ਸੁਆਹ ਭੀ (ਪਿੰਡੇ) ਮਲ ਲਈ, ਪਰ ਜੇ ਉਹ ਗੁਰੂ ਦੇ ਰਾਹ ਤੇ ਨਹੀਂ ਤੁਰਿਆ ਤਾਂ ਇਸ ਤਰ੍ਹਾਂ ਤੱਤ ਦੀ ਪ੍ਰਾਪਤੀ ਨਹੀਂ ਹੁੰਦੀ ॥੨॥
ਕਿਉਂ (ਗਿਣੇ ਮਿਥੇ) ਜਪ ਕਰਦੇ ਹੋ? ਕਿਉਂ ਤਪ ਸਾਧਦੇ ਹੋ? ਕਾਹਦੇ ਲਈ ਪਾਣੀ ਰਿੜਕਦੇ ਹੋ? (ਹਠ ਨਾਲ ਕੀਤੇ ਹੋਏ ਇਹ ਸਾਧਨ ਤਾਂ ਪਾਣੀ ਰਿੜਕਣ ਸਮਾਨ ਹਨ);
ਉਸ ਵਾਸ਼ਨਾ-ਰਹਿਤ ਪ੍ਰਭੂ ਨੂੰ (ਹਰ ਵੇਲੇ) ਯਾਦ ਕਰੋ, ਜਿਸ ਨੇ ਚੌਰਾਸੀ ਲੱਖ (ਜੋਨਿ ਵਾਲੀ ਸ੍ਰਿਸ਼ਟੀ) ਪੈਦਾ ਕੀਤੀ ਹੈ ॥੩॥
ਹੇ ਕਾਪੜੀਏ! (ਹੱਥ ਵਿਚ) ਖੱਪਰ ਕਾਹਦੇ ਲਈ ਪਕੜਦਾ ਹੈਂ ਤੇ ਅਠਾਹਠ ਤੀਰਥਾਂ ਤੇ ਭਟਕਣ ਫਿਰਦਾ ਹੈਂ (ਇੰਜ ਕਰਨ ਦਾ ਕੋਈ ਲਾਭ ਨਹੀਂ)?
ਤ੍ਰਿਲੋਚਨ ਆਖਦਾ ਹੈ: ਹੇ ਬੰਦੇ! ਸੁਣ! ਜੇ (ਭਰੀਆਂ ਵਿਚ) ਅੰਨ ਦੇ ਦਾਣੇ ਨਹੀਂ, ਤਾਂ ਗਾਹ ਪਾਣ ਦਾ ਕੋਈ ਲਾਭ ਨਹੀਂ ॥੪॥੧॥
ਜੋ ਮਨੁੱਖ ਮਰਨ ਵੇਲੇ ਧਨ-ਪਦਾਰਥ ਚੇਤੇ ਕਰਦਾ ਹੈ ਤੇ ਇਸੇ ਸੋਚ ਵਿਚ ਹੀ ਮਰ ਜਾਂਦਾ ਹੈ,
ਉਹ ਮੁੜ ਮੁੜ ਸੱਪ ਦੀ ਜੂਨੇ ਪੈਂਦਾ ਹੈ ॥੧॥
ਹੇ ਭੈਣ! (ਮੇਰੇ ਲਈ ਅਰਦਾਸ ਕਰ) ਮੈਨੂੰ ਕਦੇ ਪਰਮਾਤਮਾ ਦਾ ਨਾਮ ਨਾਹ ਭੁੱਲੇ (ਤਾਂ ਜੁ ਅੰਤ ਵੇਲੇ ਭੀ ਉਹ ਪਰਮਾਤਮਾ ਹੀ ਚੇਤੇ ਆਵੇ) ਰਹਾਉ॥
ਜੋ ਮਨੁੱਖ ਮਰਨ ਸਮੇਂ (ਆਪਣੀ) ਇਸਤ੍ਰੀ ਨੂੰ ਹੀ ਯਾਦ ਕਰਦਾ ਹੈ ਤੇ ਇਸੇ ਯਾਦ ਵਿਚ ਪ੍ਰਾਣ ਤਿਆਗ ਦੇਂਦਾ ਹੈ,
ਉਹ ਮੁੜ ਮੁੜ ਵੇਸਵਾ ਦਾ ਜਨਮ ਲੈਂਦਾ ਹੈ ॥੨॥
ਜੋ ਮਨੁੱਖ ਅੰਤ ਵੇਲੇ (ਆਪਣੇ) ਪੁੱਤ੍ਰਾਂ ਨੂੰ ਹੀ ਯਾਦ ਕਰਦਾ ਹੈ ਤੇ ਪੁੱਤ੍ਰਾਂ ਨੂੰ ਯਾਦ ਕਰਦਾ ਕਰਦਾ ਹੀ ਮਰ ਜਾਂਦਾ ਹੈ,
ਉਹ ਸੂਰ ਦੀ ਜੂਨੇ ਮੁੜ ਮੁੜ ਜੰਮਦਾ ਹੈ ॥੩॥
ਜੋ ਮਨੁੱਖ ਅਖ਼ੀਰ ਵੇਲੇ (ਆਪਣੇ) ਘਰ ਮਹਲ-ਮਾੜੀਆਂ ਦੇ ਹਾਹੁਕੇ ਲੈਂਦਾ ਹੈ ਤੇ ਇਹਨਾਂ ਹਾਹੁਕਿਆਂ ਵਿਚ ਸਰੀਰ ਛੱਡ ਜਾਂਦਾ ਹੈ,
ਉਹ ਮੁੜ ਮੁੜ ਪ੍ਰੇਤ ਬਣਦਾ ਹੈ ॥੪॥
ਤ੍ਰਿਲੋਚਨ ਆਖਦਾ ਹੈ, ਜੋ ਮਨੁੱਖ ਅੰਤ ਸਮੇਂ ਪਰਮਾਤਮਾ ਨੂੰ ਯਾਦ ਕਰਦਾ ਹੈ ਤੇ ਇਸ ਯਾਦ ਵਿਚ ਟਿਕਿਆ ਹੋਇਆ ਹੀ ਚੋਲਾ ਤਿਆਗਦਾ ਹੈ,
ਉਹ ਮਨੁੱਖ (ਧਨ, ਇਸਤ੍ਰੀ, ਪੁੱਤਰ ਤੇ ਘਰ ਆਦਿਕ ਦੇ ਮੋਹ ਤੋਂ) ਆਜ਼ਾਦ ਹੋ ਜਾਂਦਾ ਹੈ, ਉਸ ਦੇ ਹਿਰਦੇ ਵਿਚ ਪਰਮਾਤਮਾ ਆਪ ਆ ਵੱਸਦਾ ਹੈ ॥੫॥੨॥
ਰਾਗ ਗੂਜਰੀ, ਘਰ ੪ ਵਿੱਚ ਭਗਤ ਜੈਦੇਵ ਜੀ ਦੀ ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਉਹ ਪਰਮਾਤਮਾ ਸਭ ਤੋਂ ਉੱਚੀ ਹਸਤੀ ਹੈ, ਸਭ ਦਾ ਮੂਲ ਹੈ, ਸਭ ਵਿਚ ਵਿਆਪਕ ਹੈ, ਉਸ ਵਰਗਾ ਹੋਰ ਕੋਈ ਨਹੀਂ, ਉਸ ਵਿਚ ਥਿਰਤਾ ਆਦਿਕ (ਸਾਰੇ) ਗੁਣ ਮੌਜੂਦ ਹਨ।
ਉਹ ਪ੍ਰਭੂ ਬਹੁਤ ਹੀ ਅਸਚਰਜ ਹੈ, ਮਾਇਆ ਤੋਂ ਪਰੇ ਹੈ, ਉਸ ਦਾ ਮੁਕੰਮਲ ਸਰੂਪ ਸੋਚ-ਮੰਡਲ ਵਿਚ ਨਹੀਂ ਆ ਸਕਦਾ, ਅਤੇ ਉਹ ਹਰ ਥਾਂ ਅੱਪੜਿਆ ਹੋਇਆ ਹੈ ॥੧॥
ਕੇਵਲ ਪਰਮਾਤਮਾ ਦਾ ਸੁੰਦਰ ਨਾਮ ਸਿਮਰ,
ਜੋ ਅੰਮ੍ਰਿਤ-ਭਰਪੂਰ ਹੈ, ਜੋ ਅਸਲੀਅਤ-ਰੂਪ ਹੈ,
ਅਤੇ ਜਿਸ ਦੇ ਸਿਮਰਨ ਨਾਲ ਜਨਮ ਮਰਨ, ਬੁਢੇਪਾ, ਚਿੰਤਾ, ਫ਼ਿਕਰ ਅਤੇ ਮੌਤ ਦਾ ਡਰ ਦੁੱਖ ਨਹੀਂ ਦੇਂਦਾ ॥੧॥ ਰਹਾਉ ॥
ਜੇ ਤੂੰ ਜਮ ਆਦਿਕ ਨੂੰ ਜਿੱਤਣਾ ਚਾਹੁੰਦਾ ਹੈਂ, ਜੇ ਤੂੰ ਸੋਭਾ ਤੇ ਸੁਖ ਚਾਹੁੰਦਾ ਹੈਂ ਤਾਂ ਸ਼ੁਭ ਕਾਰਜ ਕਰ; ਤੇ ਉਸ ਪ੍ਰਭੂ ਦੀ ਸਰਨ ਪਉ ਜੋ ਸਭ ਨੂੰ ਨਾਸ ਕਰਨ ਦੇ ਸਮਰੱਥ ਹੈ,
ਜੋ ਹੁਣ ,ਪਿਛਲੇ ਸਮੇ ਤੇ ਅਗਾਂਹ ਲਈ ਸਦਾ ਹੀ ਪੂਰਨ ਤੌਰ ਤੇ ਨਾਸ-ਰਹਿਤ ਹੈ ਜੋ ਸਭ ਤੋਂ ਉੱਚੀ ਹਸਤੀ ਹੈ, ਤੇ ਜੋ ਸਦਾ ਖਿੜਿਆ ਰਹਿੰਦਾ ਹੈ ॥੨॥
ਲੋਭ ਆਦਿਕ (ਵਿਕਾਰ) ਛੱਡ ਦੇਹ, ਪਰਾਏ ਘਰ ਵਲ ਤੱਕਣਾ ਛੱਡ ਦੇ, ਉਹ ਆਚਰਨ ਤਜ ਦੇਹ ਜੋ ਮਰਯਾਦਾ ਦੇ ਉਲਟ ਹੈ,
ਸਾਰੇ ਮੰਦੇ ਕੰਮ ਛੱਡ ਦੇਹ, ਹੁਰਮਤਿ ਤਿਆਗ ਦੇਹ, ਤੇ ਪ੍ਰਭੂ ਦੀ ਸ਼ਰਨ ਭਜ ਤੇ ਕਰ ॥੩॥
ਪਰਮਾਤਮਾ ਦੇ ਪਿਆਰੇ ਭਗਤ ਮਨ ਬਚਨ ਅਤੇ ਕਰਮ ਤੋਂ ਪਵਿਤ੍ਰ ਹੁੰਦੇ ਹਨ (ਭਾਵ, ਭਗਤਾਂ ਦਾ ਮਨ ਪਵਿਤ੍ਰ, ਬੋਲ ਪਵਿਤ੍ਰ ਅਤੇ ਕੰਮ ਵੀ ਪਵਿਤ੍ਰ ਹੁੰਦੇ ਹਨ)।
ਉਹਨਾਂ ਨੂੰ ਜੋਗ ਨਾਲ ਕੀਹ ਵਾਸਤਾ? ਉਹਨਾਂ ਨੂੰ ਜੱਗ ਨਾਲ ਕੀਹ ਪ੍ਰਯੋਜਨ? ਉਹਨਾਂ ਨੂੰ ਦਾਨ ਅਤੇ ਤਪ ਨਾਲ ਕੀਹ? (ਭਾਵ, ਭਗਤ ਜਾਣਦੇ ਹਨ ਕਿ ਜੋਗ-ਸਾਧਨ, ਜੱਗ, ਦਾਨ ਅਤੇ ਤਪ ਕਰਨ ਤੋਂ ਕੋਈ ਆਤਮਕ ਲਾਭ ਨਹੀਂ ਹੋ ਸਕਦਾ, ਪ੍ਰਭੂ ਦੀ ਭਗਤੀ ਹੀ ਅਸਲੀ ਕਰਣੀ ਹੈ) ॥੪॥
ਗੋਬਿੰਦ ਦਾ ਭਜਨ ਕਰ, ਗੋਬਿੰਦ ਨੂੰ ਜਪ, ਉਹੀ ਸਾਰੀਆਂ ਸਿੱਧੀਆਂ ਦਾ ਖ਼ਜ਼ਾਨਾ ਹੈ।
ਜੈਦੇਵ ਭੀ ਹੋਰ ਆਸਰੇ ਸਾਰੇ ਛੱਡ ਕੇ ਉਸੇ ਦੀ ਸਰਨ ਆਇਆ ਹੈ, ਉਹ ਹੁਣ ਭੀ, ਪਿਛਲੇ ਸਮੇ ਭੀ (ਅਗਾਂਹ ਨੂੰ ਭੀ) ਹਰ ਵੇਲੇ ਹਰ ਥਾਂ ਮੌਜੂਦ ਹੈ ॥੫॥੧॥