ਹੇ ਮੇਰੇ ਮਨ! ਗੁਰੂ ਦੀ ਸਰਨ ਪਿਆਂ ਹੀ (ਮੋਹ ਤੋਂ) ਖ਼ਲਾਸੀ ਹੋ ਸਕਦੀ ਹੈ।
ਪੂਰੇ ਗੁਰੂ ਤੋਂ ਬਿਨਾ (ਜੀਵ ਦਾ) ਜਨਮ ਮਰਨ (ਦਾ ਗੇੜ) ਨਹੀਂ ਮੁੱਕਦਾ, (ਜੀਵ) ਮੁੜ ਮੁੜ (ਜਗਤ ਵਿਚ) ਆਉਂਦਾ ਰਹਿੰਦਾ ਹੈ ਰਹਾਉ॥
ਜਿਸ ਮਾਨਸਕ ਹਾਲਤ ਨੂੰ 'ਭਰਮ ਭੁਲਾਵਾ' ਆਖੀਦਾ ਹੈ, ਸਾਰਾ ਜਗਤ ਉਹਨਾਂ (ਭਰਮ ਭੁਲਾਵਿਆਂ ਵਿਚ) ਫਸਿਆ ਪਿਆ ਹੈ।
ਪਰੰਤੂ ਸਰਬ-ਵਿਆਪਕ ਮਾਲਕ-ਪ੍ਰਭੂ ਦਾ ਪੂਰਨ ਭਗਤ (ਦੁਨੀਆ ਦੇ) ਸਾਰੇ ਪਦਾਰਥਾਂ (ਦੇ ਮੋਹ) ਤੋਂ ਵੱਖਰਾ ਰਹਿੰਦਾ ਹੈ ॥੨॥
ਫਿਰ ਭੀ, ਹੇ ਭਾਈ! ਇਹ ਸਾਰਾ ਜਗਤ ਮਾਲਕ-ਪ੍ਰਭੂ ਦਾ ਪੈਦਾ ਕੀਤਾ ਹੋਇਆ ਹੈ, ਮੈਂ ਇਸ ਨੂੰ ਕਿਸੇ ਗੱਲੇ ਭੀ ਮਾੜਾ ਨਹੀਂ ਆਖ ਸਕਦਾ।
ਹਾਂ, ਜਿਸ ਮਨੁੱਖ ਉਤੇ ਮੇਰੇ ਪ੍ਰਭੂ ਨੇ ਮੇਹਰ ਕਰ ਦਿੱਤੀ, ਉਹ ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਜਪਦਾ ਹੈ, (ਤੇ, ਮੋਹ ਤੋਂ ਬਚ ਨਿਕਲਦਾ ਹੈ) ॥੩॥
(ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ) ਪਰਮਾਤਮਾ ਦਾ ਰੂਪ ਗੁਰੂ ਉਹਨਾਂ ਸਭਨਾਂ ਦਾ ਪਾਰ-ਉਤਾਰਾ ਕਰ ਦੇਂਦਾ ਹੈ।
ਨਾਨਕ ਆਖਦਾ ਹੈ- ਅਸਾਂ ਇਹ ਪੂਰੀ ਅਸਲੀਅਤ ਵਿਚਾਰ ਲਈ ਹੈ ਕਿ ਗੁਰੂ ਦੀ ਸਰਨ ਪੈਣ ਤੋਂ ਬਿਨਾ (ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘ ਸਕੀਦਾ ॥੪॥੯॥
ਹੇ ਭਾਈ! ਬੜੀ ਲੰਮੀ ਖੋਜ ਕਰ ਕੇ ਅਸੀਂ ਇਸ ਵਿਚਾਰ ਤੇ ਪਹੁੰਚੇ ਹਾਂ ਕਿ ਪਰਮਾਤਮਾ ਦਾ ਨਾਮ (-ਸਿਮਰਨਾ ਹੀ ਮਨੁੱਖਾ ਜੀਵਨ ਦੀ) ਸਭ ਤੋਂ ਉੱਚੀ ਅਸਲੀਅਤ ਹੈ।
ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਸਿਮਰਿਆਂ (ਇਹ ਨਾਮ) ਅੱਖ ਦੇ ਫੋਰ ਵਿਚ (ਸਾਰੇ) ਪਾਪ ਕੱਟ ਦੇਂਦਾ ਹੈ, ਤੇ, (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ ॥੧॥
ਆਤਮਕ ਜੀਵਨ ਦੀ ਸੂਝ ਵਾਲੇ ਹੇ ਮਨੁੱਖ! (ਸਦਾ) ਪਰਮਾਤਮਾ ਦਾ ਨਾਮ-ਰਸ ਪੀਆ ਕਰ।
(ਹੇ ਭਾਈ!) ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ (ਪਰਮਾਤਮਾ ਦਾ) ਨਾਮ ਮੁੜ ਮੁੜ ਸੁਣ ਕੇ (ਮਨੁੱਖ ਦਾ) ਮਨ ਸਭ ਤੋਂ ਉੱਚਾ ਸੰਤੋਖ ਹਾਸਲ ਕਰ ਲੈਂਦਾ ਹੈ ਰਹਾਉ॥
ਹੇ ਭਾਈ! ਸਾਰੇ ਸੁਖਾਂ ਦਾ ਦੇਣ ਵਾਲਾ, ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਜੇ ਮਿਲ ਪਏ, ਤਾਂ ਇਹੀ ਹੈ ਵਿਕਾਰਾਂ ਤੋਂ ਖ਼ਲਾਸੀ (ਦਾ ਮੂਲ), ਇਹੀ ਹੈ (ਆਤਮਾ ਦੀ) ਖ਼ੁਰਾਕ, ਇਹੀ ਹੈ ਜੀਊਣ ਦਾ ਸੁਚੱਜਾ ਢੰਗ।
ਉਹ ਸਰਬ-ਵਿਆਪਕ ਸਿਰਜਣਹਾਰ ਪ੍ਰਭੂ ਭਗਤੀ ਦਾ (ਇਹ) ਦਾਨ ਆਪਣੇ ਸੇਵਕ ਨੂੰ (ਹੀ) ਬਖ਼ਸ਼ਦਾ ਹੈ ॥੨॥
ਹੇ ਭਾਈ! ਉਸ (ਪ੍ਰਭੂ ਦੇ) ਹੀ (ਨਾਮ) ਨੂੰ ਕੰਨਾਂ ਨਾਲ ਸੁਣਨਾ ਚਾਹੀਦਾ ਹੈ, ਜੀਭ ਨਾਲ ਗਾਣਾ ਚਾਹੀਦਾ ਹੈ, ਹਿਰਦੇ ਵਿਚ ਆਰਾਧਣਾ ਚਾਹੀਦਾ ਹੈ,
ਜਿਸ ਜਗਤ ਦੇ ਮੂਲ ਸਭ ਤਾਕਤਾਂ ਦੇ ਮਾਲਕ ਦੇ ਦਰ ਤੋਂ ਕੋਈ ਜੀਵ ਖ਼ਾਲੀ-ਹੱਥ ਨਹੀਂ ਜਾਂਦਾ ॥੩॥
ਹੇ ਕਿਰਪਾਲ! ਵੱਡੀ ਕਿਸਮਤ ਨਾਲ ਇਹ ਸ੍ਰੇਸ਼ਟ ਮਨੁੱਖਾ ਜਨਮ ਲੱਭਾ ਹੈ (ਹੁਣ) ਮੇਹਰ ਕਰ,
ਹੇ ਗੋਪਾਲ! (ਤੇਰਾ ਸੇਵਕ) ਨਾਨਕ ਸਾਧ ਸੰਗਤਿ ਵਿਚ ਰਹਿ ਕੇ ਤੇਰੇ ਗੁਣ ਗਾਂਦਾ ਰਹੇ, ਤੇਰਾ ਨਾਮ ਸਦਾ ਸਿਮਰਦਾ ਰਹੇ ॥੪॥੧੦॥
(ਹੇ ਭਾਈ! ਅੰਮ੍ਰਿਤ ਵੇਲੇ) ਇਸ਼ਨਾਨ ਕਰ ਕੇ, ਆਪਣੇ ਪ੍ਰਭੂ ਦਾ ਨਾਮ ਸਿਮਰ ਕੇ ਮਨ ਅਤੇ ਸਰੀਰ ਨਰੋਏ ਹੋ ਜਾਂਦੇ ਹਨ,
(ਕਿਉਂਕਿ) ਪ੍ਰਭੂ ਦੀ ਸਰਨ ਪਿਆਂ (ਜੀਵਨ ਦੇ ਰਾਹ ਵਿਚ ਆਉਣ ਵਾਲੀਆਂ) ਕ੍ਰੋੜਾਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ, ਤੇ, ਪ੍ਰਭੂ ਨਾਲ ਮਿਲਾਪ ਦੇ ਚੰਗੇ ਅਵਸਰ ਉੱਘੜ ਪੈਂਦੇ ਹਨ ॥੧॥
ਹੇ ਭਾਈ! (ਗੁਰੂ ਨੇ ਆਪਣਾ) ਸ਼ਬਦ ਸੋਹਣਾ ਉਚਾਰਿਆ ਹੋਇਆ ਹੈ, (ਇਹ ਸ਼ਬਦ) ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਹੈ।
(ਇਸ ਸ਼ਬਦ ਨੂੰ) ਸਦਾ ਗਾਂਦੇ ਰਹੋ, ਸੁਣਦੇ ਰਹੋ, ਪੜ੍ਹਦੇ ਰਹੋ, (ਜੇ ਇਹ ਉੱਦਮ ਕਰਦਾ ਰਹੇਂਗਾ, ਤਾਂ ਯਕੀਨ ਰੱਖ) ਪੂਰੇ ਗੁਰੂ ਨੇ ਤੈਨੂੰ (ਜੀਵਨ ਵਿਚ ਆਉਣ ਵਾਲੀਆਂ ਰੁਕਾਵਟਾਂ ਤੋਂ) ਬਚਾ ਲਿਆ ਰਹਾਉ॥
ਹੇ ਭਾਈ! ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਬਜ਼ੁਰਗੀ ਮਿਣੀ ਨਹੀਂ ਜਾ ਸਕਦੀ, ਉਹ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਉਹ ਦਇਆ ਦਾ ਸੋਮਾ ਹੈ।
ਆਪਣੇ ਸੰਤਾਂ ਦੀ ਇੱਜ਼ਤ ਉਹ (ਸਦਾ ਤੋਂ ਹੀ) ਰੱਖਦਾ ਆਇਆ ਹੈ, ਆਪਣਾ ਇਹ ਮੁੱਢ-ਕਦੀਮਾਂ ਦਾ ਸੁਭਾਉ ਉਹ ਸ਼ੁਰੂ ਤੋਂ ਹੀ ਪਾਲਦਾ ਆ ਰਿਹਾ ਹੈ ॥੨॥
ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਇਹ (ਆਤਮਕ) ਖ਼ੁਰਾਕ ਸਦਾ ਖਾਂਦੇ ਰਹੋ, ਹਰ ਵੇਲੇ ਆਪਣੇ ਮੂੰਹ ਵਿਚ ਪਾਂਦੇ ਰਹੋ।
ਹੇ ਭਾਈ! ਗੋਬਿੰਦ ਦੇ ਗੁਣ ਸਦਾ ਗਾਂਦੇ ਰਹੋ (ਆਤਮਕ ਜੀਵਨ ਨੂੰ) ਨਾਹ ਬੁਢੇਪਾ ਆਵੇਗਾ ਨਾ ਮੌਤ ਆਵੇਗੀ, ਹਰੇਕ ਦੁੱਖ-ਕਲੇਸ਼ ਦੂਰ ਹੋ ਜਾਇਗਾ ॥੩॥
ਹੇ ਭਾਈ! (ਜਿਸ ਭੀ ਮਨੁੱਖ ਨੇ ਗੁਰੂ ਦੇ ਸ਼ਬਦ ਦਾ ਆਸਰਾ ਲੈ ਕੇ ਪ੍ਰਭੂ ਦਾ ਨਾਮ ਜਪਿਆ) ਮੇਰੇ ਮਾਲਕ ਨੇ ਉਸ ਦੀ ਅਰਦਾਸਿ ਸੁਣ ਲਈ, (ਕ੍ਰੋੜਾਂ ਵਿਘਨਾਂ ਦਾ ਟਾਕਰਾ ਕਰਨ ਲਈ ਉਸ ਦੇ ਅੰਦਰ) ਪੂਰੀ ਤਾਕਤ ਪੈਦਾ ਹੋ ਜਾਂਦੀ ਹੈ।
ਹੇ ਨਾਨਕ! ਗੁਰੂ ਦੀ ਇਹ ਅਜ਼ਮਤ ਸਾਰੇ ਜੁਗਾਂ ਵਿਚ ਹੀ ਪਰਤੱਖ ਉੱਘੜ ਰਹਿੰਦੀ ਹੈ ॥੪॥੧੧॥
ਰਾਗ ਸੋਰਠਿ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਸਾਡਾ) ਇਕੋ ਹੀ ਪ੍ਰਭੂ-ਪਿਤਾ ਹੈ, ਅਸੀਂ ਇਕੋ ਪ੍ਰਭੂ-ਪਿਤਾ ਦੇ ਬੱਚੇ ਹਾਂ, (ਫਿਰ,) ਤੂੰ ਮੇਰਾ ਗੁਰਭਾਈ (ਭੀ) ਹੈਂ।
ਹੇ ਮਿੱਤਰ! ਮੈਨੂੰ ਪਰਮਾਤਮਾ ਦਾ ਦਰਸਨ ਕਰਾ ਦੇਹ। ਮੇਰੀ ਜਿੰਦ ਤੈਥੋਂ ਮੁੜ ਮੁੜ ਸਦਕੇ ਜਾਇਆ ਕਰੇਗੀ ॥੧॥