ਜੇ ਤੂੰ ਮਿਹਰ ਦੀ ਨਿਗਾਹ ਕਰੇਂ, ਤਾਂ ਤੂੰ ਆਪ ਹੀ (ਜੀਵਾਂ ਦੇ ਆਤਮਕ ਜੀਵਨ) ਸੋਹਣੇ ਬਣਾ ਲੈਂਦਾ ਹੈਂ।
ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦਾ ਨਾਮ ਸਿਮਰਿਆ ਹੈ, ਜਗਤ ਵਿਚ ਉਹੀ ਜੰਮੇ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੁੰਦੇ ਹਨ ॥੬੩॥
(ਗ੍ਰਿਹਸਤ ਤਿਆਗ ਕੇ) ਗੇਰੂਏ ਰੰਗ ਦੇ ਕੱਪੜਿਆਂ ਨਾਲ ਜਾਂ ਮੈਲੇ ਪਹਿਰਾਵੇ ਨਾਲ (ਪਰਮਾਤਮਾ ਦਾ) ਮਿਲਾਪ ਨਹੀਂ ਹੋ ਜਾਂਦਾ।
ਪਰ, ਹਾਂ, ਹੇ ਨਾਨਕ! ਗੁਰੂ ਦੇ ਉਪਦੇਸ਼ ਦੀ ਰਾਹੀਂ ਗ੍ਰਿਹਸਤ ਵਿਚ ਰਹਿੰਦਿਆਂ ਹੀ (ਪਰਮਾਤਮਾ ਨਾਲ) ਮਿਲਾਪ ਹੋ ਸਕਦਾ ਹੈ ॥੬੪॥
(ਗ੍ਰਿਹਸਤ ਛੱਡ ਕੇ) ਜੇ ਤੂੰ (ਧਰਤੀ ਤੇ) ਚੌਹੀਂ ਪਾਸੀਂ ਤੁਰਿਆ ਫਿਰੇਂ, ਤੇ, ਜੇ ਤੂੰ ਸਦਾ ਹੀ ਵੇਦ (ਆਦਿਕ ਧਰਮ-ਪੁਸਤਕ) ਪੜ੍ਹਦਾ ਰਹੇਂ (ਤਾਂ ਭੀ ਵਿਕਾਰਾਂ ਤੋਂ ਖ਼ਲਾਸੀ ਦਾ ਰਸਤਾ ਨਹੀਂ ਲੱਭ ਸਕਦਾ)।
ਹੇ ਨਾਨਕ! (ਆਖ-ਹੇ ਭਾਈ!) ਤੂੰ ਵਿਕਾਰਾਂ ਤੋਂ ਖ਼ਲਾਸੀ ਦਾ ਦਰਵਾਜ਼ਾ (ਤਦੋਂ) ਲੱਭ ਲਏਂਗਾ, ਜਦੋਂ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਤੈਨੂੰ ਮਿਲ ਪਏਗਾ, ਜਦੋਂ ਹਰੀ (ਤੇਰੇ) ਮਨ ਵਿਚ ਆ ਵੱਸੇਗਾ ॥੬੫॥
ਹੇ ਨਾਨਕ! (ਜੀਵ ਦੇ ਭੀ ਕੀਹ ਵੱਸ? ਸਾਰੇ ਸੰਸਾਰ ਵਿਚ) ਮਾਲਕ-ਪ੍ਰਭੂ ਦਾ ਹੁਕਮ ਚੱਲ ਰਿਹਾ ਹੈ (ਉਸ ਹੁਕਮ ਵਿਚ ਹੀ) ਤੇਰੀ ਮੱਤ ਉਲਟੇ ਰਾਹ ਪਈ ਹੋਈ ਹੈ, ਤੇ ਤੂੰ ਚੰਚਲ-ਚਿੱਤ ਹੋ ਕੇ (ਧਰਤੀ ਉਤੇ) ਵਿਚਰ ਰਿਹਾ ਹੈਂ।
ਪਰ, ਹੇ ਮਿੱਤਰ! (ਇਹ ਤਾਂ ਦੱਸ ਕਿ) ਆਪਣੇ ਮਨ ਦੇ ਪਿਛੇ ਤੁਰਨ ਵਾਲਿਆਂ ਨਾਲ ਦੋਸਤੀ ਪਾ ਕੇ ਤੂੰ ਆਤਮਕ ਆਨੰਦ ਦੀ ਆਸ ਕਿਵੇਂ ਕਰ ਸਕਦਾ ਹੈਂ?
ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਿਆਂ ਨਾਲ ਮਿਤ੍ਰਤਾ ਬਣਾ, ਗੁਰੂ (ਦੇ ਚਰਨਾਂ) ਨਾਲ ਚਿੱਤ ਜੋੜੀ ਰੱਖ।
(ਇਸ ਤਰ੍ਹਾਂ ਜਦੋਂ) ਜਨਮ ਮਰਨ ਦੇ ਗੇੜ ਦੀ ਜੜ੍ਹ ਵੱਢੀ ਜਾਂਦੀ ਹੈ, ਤਦੋਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ॥੬੬॥
ਜ਼ਿੰਦਗੀ ਦੇ ਗ਼ਲਤ ਰਸਤੇ ਉੱਤੇ ਪਏ ਹੋਏ ਭੀ ਜਿਸ ਮਨੁੱਖ ਉਤੇ (ਪਰਮਾਤਮਾ) ਮਿਹਰ ਦੀ ਨਿਗਾਹ ਕਰਦਾ ਹੈ, ਉਸ ਨੂੰ ਆਪ (ਹੀ ਆਤਮਕ ਜੀਵਨ ਦੀ) ਸਮਝ ਬਖ਼ਸ਼ ਦੇਂਦਾ ਹੈ।
ਹੇ ਨਾਨਕ! ਪਰਮਾਤਮਾ ਦੀ ਮਿਹਰ ਦੀ ਨਿਗਾਹ ਤੋਂ ਵਾਂਜਿਆ ਹੋਇਆ ਮਨੁੱਖ (ਸਦਾ) ਕੀਰਨੇ ਹੀ ਕਰਦਾ ਰਹਿੰਦਾ ਹੈ ॥੬੭॥
ਗੁਰੂ ਰਾਮਦਾਸ ਜੀ ਦੇ ਸਲੋਕ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਜੀਵ-ਇਸਤ੍ਰੀਆਂ ਨੂੰ ਪ੍ਰਭੂ-ਪਾਤਿਸ਼ਾਹ ਮਿਲ ਪੈਂਦਾ ਹੈ, ਉਹ ਵੱਡੇ ਭਾਗਾਂ ਵਾਲੀਆਂ ਬਣ ਜਾਂਦੀਆਂ ਹਨ, ਉਹ ਖਸਮ ਵਾਲੀਆਂ ਅਖਵਾਂਦੀਆਂ ਹਨ।
ਪ੍ਰਭੂ ਦੇ ਨਾਮ ਵਿਚ ਲੀਨ ਰਹਿ ਕੇ ਉਹਨਾਂ ਦੇ ਅੰਦਰ ਪਰਮਾਤਮਾ ਦੀ ਜੋਤਿ ਚਮਕ ਪੈਂਦੀ ਹੈ ॥੧॥
ਮਹਾ ਪੁਰਖ ਗੁਰੂ ਧੰਨ ਹੈ ਧੰਨ ਹੈ, ਜਿਸ (ਗੁਰੂ) ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੋਈ ਹੈ,
ਜਿਸ (ਗੁਰੂ) ਨੂੰ ਮਿਲਿਆਂ (ਮਾਇਆ ਦੀ) ਤ੍ਰਿਸ਼ਨਾ ਦੂਰ ਹੋ ਜਾਂਦੀ ਹੈ, (ਮਨੁੱਖ ਦਾ) ਤਨ ਅਤੇ ਮਨ ਠੰਢਾ-ਠਾਰ ਸ਼ਾਂਤ ਹੋ ਜਾਂਦਾ ਹੈ।
ਗੁਰੂ ਸੱਤ ਪੁਰਖ ਸਲਾਹੁਣ-ਜੋਗ ਹੈ ਧੰਨ ਹੈ, ਕਿਉਂਕਿ ਉਸ ਨੂੰ ਹਰੇਕ ਜੀਵ ਇਕੋ ਜਿਹਾ (ਦਿੱਸਦਾ) ਹੈ।
ਗੁਰੂ ਧੰਨ ਹੈ, ਗੁਰੂ ਧੰਨ ਹੈ, ਗੁਰੂ ਨੂੰ ਕਿਸੇ ਨਾਲ ਵੈਰ ਨਹੀਂ (ਕੋਈ ਮਨੁੱਖ ਗੁਰੂ ਦੀ ਨਿੰਦਾ ਕਰੇ, ਕੋਈ ਵਡਿਆਈ ਕਰੇ) ਗੁਰੂ ਨੂੰ (ਉਹ) ਨਿੰਦਾ ਜਾਂ ਵਡਿਆਈ ਇਕੋ ਜਿਹੀ ਜਾਪਦੀ ਹੈ।
ਗੁਰੂ ਧੰਨ ਹੈ ਗੁਰੂ ਧੰਨ ਹੈ, ਗੁਰੂ (ਆਤਮਕ ਜੀਵਨ ਦੀ ਸੂਝ ਵਿਚ) ਸਿਆਣਾ ਹੈ, ਗੁਰੂ ਦੇ ਅੰਦਰ ਪਰਮਾਤਮਾ ਸਦਾ ਵੱਸ ਰਿਹਾ ਹੈ।
ਗੁਰੂ ਸਲਾਹੁਣ-ਜੋਗ ਹੈ, ਗੁਰੂ (ਉਸ) ਨਿਰੰਕਾਰ (ਦਾ ਰੂਪ) ਹੈ ਜਿਸ ਦੇ ਗੁਣਾਂ ਦਾ ਅੰਤ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
ਗੁਰੂ ਧੰਨ ਹੈ ਗੁਰੂ ਧੰਨ ਹੈ, ਕਿਉਂਕਿ ਉਹ (ਮਨੁੱਖ ਦੇ ਹਿਰਦੇ ਵਿਚ) ਸਦਾ-ਥਿਰ ਪ੍ਰਭੂ (ਦਾ ਨਾਮ) ਪੱਕਾ ਕਰ ਦੇਂਦਾ ਹੈ।
ਹੇ ਨਾਨਕ! ਜਿਸ (ਗੁਰੂ) ਤੋਂ ਪਰਮਾਤਮਾ ਦਾ ਨਾਮ ਹਾਸਲ ਹੁੰਦਾ ਹੈ, ਉਸ ਨੂੰ (ਸਦਾ) ਧੰਨ ਧੰਨ ਆਖਿਆ ਕਰੋ ॥੨॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਵਾਸਤੇ ਹਰੀ ਪ੍ਰਭੂ ਦਾ ਗੋਬਿੰਦ ਨਾਮ (ਹੀ) ਸਦਾ ਕਾਇਮ ਰਹਿਣ ਵਾਲਾ ਖ਼ੁਸ਼ੀ ਦਾ ਗੀਤ ਹੈ।
ਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਦੀ ਸਿਫ਼ਤ ਕੀਤੀ, ਹਰਿ-ਨਾਮ ਹੀ ਜਪਿਆ, ਉਹਨਾਂ ਦੇ ਮਨ ਵਿਚ ਅਨੰਦ ਬਣਿਆ ਰਹਿੰਦਾ ਹੈ।
ਵੱਡੇ ਭਾਗਾਂ ਵਾਲੇ ਮਨੁੱਖਾਂ ਨੇ ਸਭ ਤੋਂ ਉੱਚੇ ਆਤਮਕ ਅਨੰਦ ਦੇ ਮਾਲਕ-ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ।
ਹੇ ਦਾਸ ਨਾਨਕ! (ਜਿਨ੍ਹਾਂ ਨੇ ਹਰ ਵੇਲੇ) ਹਰਿ-ਨਾਮ ਦੀ ਵਡਿਆਈ ਕੀਤੀ, ਉਹਨਾਂ ਦੇ ਮਨ ਵਿਚ ਉਹਨਾਂ ਦੇ ਤਨ ਵਿਚ (ਆਤਮਕ ਆਨੰਦ ਦੀ) ਮੁੜ ਕਦੇ ਤੋਟ ਨਹੀਂ ਆਉਂਦੀ ॥੩॥
(ਆਪਣੇ) ਪਿਆਰੇ (ਪ੍ਰਭੂ) ਨਾਲ ਮੇਰਾ ਪਿਆਰ ਹੈ (ਮੇਰੀ ਹਰ ਵੇਲੇ ਤਾਂਘ ਹੈ ਕਿ ਮੈਨੂੰ) ਕਿਵੇਂ (ਉਹ) ਪਿਆਰੇ ਸੱਜਣ ਮਿਲ ਪੈਣ (ਜਿਹੜੇ ਮੈਨੂੰ ਪ੍ਰਭੂ-ਪਤੀ ਨਾਲ ਮਿਲਾ ਦੇਣ)।
ਮੈਂ ਉਹਨਾਂ ਸੱਜਣਾਂ ਨੂੰ ਲੱਭਦੀ ਫਿਰਦੀ ਹਾਂ, ਸਦਾ-ਥਿਰ ਹਰਿ ਨਾਮ ਨੇ ਜਿਨ੍ਹਾਂ ਨੂੰ ਸੋਹਣੇ ਜੀਵਨ ਵਾਲਾ ਬਣਾ ਦਿੱਤਾ ਹੈ।
ਗੁਰੂ (ਹੀ) ਮੇਰਾ (ਅਸਲ) ਮਿੱਤਰ ਹੈ। ਜੇ (ਮੈਨੂੰ ਗੁਰੂ) ਮਿਲ ਪਏ, ਤਾਂ (ਮੈਂ ਆਪਣਾ) ਇਹ ਮਨ (ਉਸ ਤੋਂ) ਸਦਕੇ ਕਰ ਦਿਆਂ।
(ਗੁਰੂ ਹੀ) ਮੈਨੂੰ ਦੱਸ ਸਕਦਾ ਹੈ ਕਿ ਸਿਰਜਣਹਾਰ ਹਰੀ (ਹੀ ਅਸਲ) ਸੱਜਣ ਹੈ।
ਨਾਨਕ ਆਖਦਾ ਹੈ- ਹੇ ਸਤਿਗੁਰੂ! ਮੈਂ ਆਪਣਾ ਖਸਮ-ਪ੍ਰਭੂ ਢੂੰਢ ਰਹੀ ਸਾਂ, ਤੂੰ (ਮੈਨੂੰ ਮੇਰੇ) ਨਾਲ (ਵੱਸਦਾ) ਵਿਖਾਲ ਦਿੱਤਾ ਹੈ ॥੪॥
ਮੈਂ ਤਾਂਘ ਨਾਲ ਰਾਹ ਤੱਕ ਰਹੀ ਹਾਂ ਕਿ ਸ਼ਾਇਦ ਮੇਰਾ ਸੱਜਣ ਆ ਰਿਹਾ ਹੈ,
ਜਿਹੜਾ ਮੈਨੂੰ (ਮੇਰਾ ਪ੍ਰਭੂ-) ਪਤੀ ਅੱਜ (ਇਸੇ ਜੀਵਨ ਵਿਚ) ਲਿਆ ਕੇ ਮਿਲਾ ਦੇਂਦਾ ਹੋਵੇ।