(ਉਹ ਕਿਸੇ ਦਾ ਕੁਝ ਸੰਵਾਰ ਨਾਹ ਸਕੀ, ਸਗੋਂ ਆਪ ਭੀ) ਉਹ, ਮਾਨੋ, (ਬਲਦੇ) ਭੱਠ ਦੀ ਸੁਆਹ ਹੋ ਗਈ। ਇਹੀ ਹਾਲ ਸੰਗਤ ਤੋਂ ਬਿਨਾ ਮਨੁੱਖ ਦਾ ਹੁੰਦਾ ਹੈ (ਪਰਮ ਪਵਿਤ੍ਰ ਪਰਮਾਤਮਾ ਦੀ ਅੰਸ਼ ਜੀਵ ਜਨਮ ਲੈ ਕੇ ਜੇ ਕੁਸੰਗ ਵਿਚ ਫਸ ਗਿਆ ਤਾਂ ਸ੍ਰਿਸ਼ਟੀ ਦੀ ਕੋਈ ਸੇਵਾ ਕਰਨ ਦੇ ਥਾਂ ਆਪ ਭੀ ਵਿਕਾਰਾਂ ਵਿਚ ਸੜ ਮੁਇਆ) ॥੧੯੫॥
ਹੇ ਕਬੀਰ! (ਵਰਖਾ ਸਮੇ) ਆਕਾਸ਼ (ਤੋਂ ਮੀਂਹ) ਦੀ ਜਿਸ ਸਾਫ਼ ਬੂੰਦ ਨੂੰ (ਸਿਆਣੇ ਜ਼ਿਮੀਂਦਾਰ ਨੇ ਹਲ ਆਦਿਕ ਨਾਲ ਵਾਹ-ਬਣਾ ਕੇ ਸੰਵਾਰੀ ਹੋਈ ਆਪਣੀ, ਜ਼ਮੀਨ ਵਿਚ (ਵੱਟ-ਬੰਨਾ ਠੀਕ ਕਰ ਕੇ) ਰਲਾ ਲਿਆ,
ਉਹ ਬੂੰਦ ਜ਼ਮੀਨ ਨਾਲੋਂ ਨਿਖੇੜੀ ਨਹੀਂ ਜਾ ਸਕਦੀ, ਭਾਵੇਂ ਅਨੇਕਾਂ ਸਿਆਣੇ ਕੋਸ਼ਸ਼ ਕਰ ਥੱਕਣ। (ਨੋਟ: ਕਲਰਾਠੀ ਅਣਵਾਹੀ ਧਰਤੀ ਉਤੇ ਪਿਆ ਮੀਂਹ ਦਾ ਪਾਣੀ ਧਰਤੀ ਉਤੇ ਜਾਲਾ ਬਣ ਜਾਣ ਕਰਕੇ ਬਹੁਤ ਘਟ ਜੀਊਰਦਾ ਹੈ)। (ਇਹੀ ਹਾਲ ਮਨੁੱਖ ਦਾ ਸਮਝੋ। ਪੂਰੇ ਗੁਰੂ ਦੀ ਮੇਹਰ ਨਾਲ ਉਸ ਦੀ ਜੀਭ ਕੰਨ ਆਦਿਕ ਇੰਦ੍ਰੇ ਪਰ-ਨਿੰਦਾ ਆਦਿਕ ਵਿਕਾਰਾਂ ਵਲੋਂ ਹਟ ਜਾਂਦੇ ਹਨ। ਇਸ ਸੰਵਾਰੀ ਹੋਈ ਸਰੀਰ-ਧਰਤੀ ਦੀ ਰਾਹੀਂ ਉਹ ਮਨੁੱਖ ਪ੍ਰਭੂ-ਚਰਨਾਂ ਵਿਚ ਅਜੇਹਾ ਜੁੜਦਾ ਹੈ ਕਿ ਕੋਈ ਵਿਕਾਰ ਉਸ ਨੂੰ ਉਥੋਂ ਵਿਛੋੜ ਨਹੀਂ ਸਕਦਾ) ॥੧੯੬॥
ਹੇ ਕਬੀਰ! ਮੈਂ ਕਾਬੇ ਦਾ ਹੱਜ ਕਰਨ ਜਾ ਰਿਹਾ ਸਾਂ, ਉਥੇ ਗਏ ਨੂੰ ਅੱਗੋਂ ਖ਼ੁਦਾ ਮਿਲ ਪਿਆ।
ਉਹ ਮੇਰਾ ਸਾਈਂ (ਖ਼ੁਦਾ ਖ਼ੁਸ਼ ਹੋਣ ਦੇ ਥਾਂ ਕਿ ਮੈਂ ਉਸ ਦੇ ਘਰ ਦਾ ਦੀਦਾਰ ਕਰਨ ਆਇਆ ਹਾਂ, ਸਗੋਂ) ਮੇਰੇ ਉਤੇ ਗੁੱਸੇ ਹੋਇਆ (ਤੇ ਆਖਣ ਲੱਗਾ) ਕਿ ਮੈਂ ਤਾਂ ਇਹ ਹੁਕਮ ਨਹੀਂ ਦਿੱਤਾ ਜੁ ਮੇਰੇ ਨਾਮ ਤੇ ਤੂੰ ਗਾਂ (ਆਦਿਕ) ਦੀ ਕੁਰਬਾਨੀ ਦੇਵੇਂ (ਤੇ, ਮੈਂ ਤੇਰੇ ਗੁਨਾਹ ਬਖ਼ਸ਼ ਦਿਆਂਗਾ) ॥੧੯੭॥
ਹੇ ਕਬੀਰ! ਮੈਂ ਕਈ ਵਾਰੀ, ਹੇ ਸਾਈਂ! (ਤੇਰੇ ਘਰ-) ਕਾਬੇ ਦਾ ਦੀਦਾਰ ਕਰਨ ਲਈ ਗਿਆ ਹਾਂ।
ਪਰ, ਹੇ ਖ਼ੁਦਾ! ਤੂੰ ਮੇਰੇ ਨਾਲ ਗੱਲ ਹੀ ਨਹੀਂ ਕਰਦਾ, ਮੇਰੇ ਵਿਚ ਤੂੰ ਕੀਹ ਕੀਹ ਖ਼ਤਾ ਵੇਖ ਰਿਹਾ ਹੈਂ? (ਜੋ ਹੱਜ ਅਤੇ ਕੁਰਬਾਨੀ ਨਾਲ ਭੀ ਬਖ਼ਸ਼ੇ ਨਹੀਂ ਗਏ। ਭਾਵ, ਹੱਜ ਅਤੇ ਕੁਰਬਾਨੀ ਨਾਲ ਖ਼ੁਦਾ ਖ਼ੁਸ਼ ਨਹੀਂ ਹੁੰਦਾ) ॥੧੯੮॥
ਹੇ ਕਬੀਰ! ਜੋ ਲੋਕ ਧੱਕਾ ਕਰ ਕੇ (ਗਾਂ ਆਦਿਕ) ਜੀਵਾਂ ਨੂੰ ਮਾਰਦੇ ਹਨ; ਪਰ ਆਖਦੇ ਇਹ ਹਨ ਕਿ (ਇਹ ਜ਼ਬਹ ਕੀਤਾ ਹੋਇਆ ਮਾਸ) ਖ਼ੁਦਾ ਦੇ ਨਾਮ ਤੇ ਕੁਰਬਾਨੀ ਦੇ ਲਾਇਕ ਹੋ ਗਿਆ ਹੈ,
ਜਦੋਂ ਸਭ ਜੀਵਾਂ ਨਾਲ ਪਿਆਰ ਕਰਨ ਵਾਲਾ ਖ਼ੁਦਾ (ਇਹਨਾਂ ਲੋਕਾਂ ਪਾਸੋਂ-ਅਮਲਾਂ ਦਾ ਲੇਖਾ ਮੰਗੇਗਾ, ਤਾਂ ਇਹਨਾਂ ਦਾ ਕੀਹ ਹਾਲ ਹੋਵੇਗਾ? (ਭਾਵ, ਕੁਰਬਾਨੀ ਦਿੱਤਿਆਂ ਗੁਨਾਹ ਬਖ਼ਸ਼ੇ ਨਹੀਂ ਜਾਂਦੇ) ॥੧੯੯॥
ਹੇ ਕਬੀਰ! ਜੋ ਭੀ ਮਨੁੱਖ ਕਿਸੇ ਉਤੇ ਧੱਕਾ ਕਰਦਾ ਹੈ ਉਹ ਜ਼ੁਲਮ ਕਰਦਾ ਹੈ; (ਅਤੇ ਜ਼ੁਲਮ ਦਾ) ਲੇਖਾ ਖ਼ੁਦਾ ਮੰਗਦਾ ਹੈ।
ਜਿਸ ਕਿਸੇ ਦੀ ਵੀ ਲੇਖੇ ਦੀ ਬਾਕੀ ਨਿਕਲਦੀ ਹੈ ਉਹ ਬੜੀ ਸਜ਼ਾ ਭੁਗਤਦਾ ਹੈ। ਨੋਟ: ਕੀਤੇ ਗੁਨਾਹਾਂ ਨੂੰ 'ਕੁਰਬਾਨੀ' ਦੇ ਕੇ ਧੋਤਾ ਨਹੀਂ ਜਾ ਸਕਦਾ ॥੨੦੦॥
ਹੇ ਕਬੀਰ! (ਉਹ ਰੱਬ ਮਨੁੱਖ ਪਾਸੋਂ ਸਿਰਫ਼ ਦਿਲ ਦੀ ਪਾਕੀਜ਼ਗੀ ਦੀ ਕੁਰਬਾਨੀ ਮੰਗਦਾ ਹੈ) ਜੇ ਮਨੁੱਖ ਦੇ ਦਿਲ ਦੀ ਪਵਿਤ੍ਰਤਾ ਕਾਇਮ ਹੋਵੇ ਤਾਂ ਆਪਣੇ ਕੀਤੇ ਅਮਲਾਂ ਦਾ ਲੇਖਾ ਦੇਣਾ ਸੌਖਾ ਹੋ ਜਾਂਦਾ ਹੈ;
(ਇਸ ਪਵਿਤ੍ਰਤਾ ਦੀ ਬਰਕਤਿ ਨਾਲ) ਉਸ ਸੱਚੀ ਕਚਹਿਰੀ ਵਿਚ ਕੋਈ ਰੋਕ-ਟੋਕ ਨਹੀਂ ਕਰਦਾ ॥੨੦੧॥
ਹੇ ਕਬੀਰ! ਹੇ ਦ੍ਵੈਤ! ਸਾਰੀ ਸ੍ਰਿਸ਼ਟੀ ਵਿਚ ਹੀ (ਤੂੰ ਬਹੁਤ ਬਲੀ ਹੈਂ) ਤੈਨੂੰ ਬੜੀ ਔਖਿਆਈ ਨਾਲ ਹੀ ਮੁਕਾਇਆ ਜਾ ਸਕਦਾ ਹੈ।
(ਹੱਜ ਕਰਨ ਤੇ ਕੁਰਬਾਨੀ ਦੇਣ ਵਾਲੇ ਮੁੱਲਾਂ, ਜਾਂ ਠਾਕੁਰ-ਪੂਜਾ ਕਰਨ ਕਰਾਣ ਵਾਲੇ ਬ੍ਰਾਹਮਣ ਤਾਂ ਕਿਤੇ ਰਹੇ) ਛੇ ਭੇਖਾਂ ਦੇ ਤਿਆਗੀ ਅਤੇ (ਜੋਗ ਦੇ ਸਾਧਨਾਂ ਵਿਚ ਪ੍ਰਪੱਕ ਹੋਏ) ਚੌਰਾਸੀ ਸਿੱਧ ਭੀ, ਹੇ ਦੁਇ! ਤੈਥੋਂ ਸਹਿਮੇ ਹੋਏ ਹਨ ॥੨੦੨॥
ਹੇ ਕਬੀਰ! (ਇਸ 'ਦੁਇ' ਨੂੰ ਮਿਟਾਣ ਲਈ ਨਾਹ ਹੱਜ, ਕੁਰਬਾਨੀਆਂ, ਨਾਹ ਠਾਕੁਰ-ਪੂਜਾ ਨਾਹ ਬ੍ਰਾਹਮਣ ਦੀ ਸੇਵਾ, ਨਾਹ ਤਿਆਗ ਤੇ ਨਾਹ ਜੋਗ-ਸਾਧਨ-ਇਹ ਕੋਈ ਭੀ ਸਹਾਇਤਾ ਨਹੀਂ ਕਰਦੇ। ਸਿਰਫ਼ ਇੱਕੋ ਹੀ ਤਰੀਕਾ ਹੈ ਉਹ ਇਹ ਕਿ ਆਪਣਾ ਆਪ ਪ੍ਰਭੂ ਦੇ ਹਵਾਲੇ ਕੀਤਾ ਜਾਏ, ਇਸੇ ਦਾ ਨਾਮ 'ਦਿਲ-ਸਾਬਤਿ' ਹੈ। ਸੋ, ਪ੍ਰਭੂ ਦੇ ਦਰ ਤੇ ਅਰਦਾਸ ਕਰ ਤੇ ਆਖ-) ਹੇ ਪ੍ਰਭੂ! ਜੋ ਕੁਝ ਮੇਰੇ ਪਾਸ ਹੈ (ਇਹ ਤਨ ਮਨ ਧਨ), ਇਸ ਵਿਚ ਕੋਈ ਚੀਜ਼ ਐਸੀ ਨਹੀਂ ਜਿਸ ਨੂੰ ਮੈਂ ਆਪਣੀ ਆਖ ਸਕਾਂ; ਜੋ ਕੁਝ ਮੇਰੇ ਕੋਲ ਹੈ ਸਭ ਤੇਰਾ ਹੀ ਦਿੱਤਾ ਹੋਇਆ ਹੈ।
(ਜੇ ਤੇਰੀ ਮੇਹਰ ਹੋਵੇ ਤਾਂ) ਤੇਰਾ ਬਖ਼ਸ਼ਿਆ ਹੋਇਆ (ਇਹ ਤਨ ਮਨ ਧਨ) ਮੈਂ ਤੇਰੀ ਭੇਟ ਕਰਦਾ ਹਾਂ, ਇਸ ਵਿਚ ਮੇਰੇ ਪੱਲਿਓਂ ਕੁਝ ਖ਼ਰਚ ਨਹੀਂ ਹੁੰਦਾ ॥੨੦੩॥
ਹੇ ਕਬੀਰ! (ਪ੍ਰਭੂ ਦੇ ਦਰ ਤੇ ਇਉਂ ਆਖ-ਹੇ ਪ੍ਰਭੂ! ਤੇਰੀ ਮੇਹਰ ਨਾਲ) ਹਰ ਵੇਲੇ ਤੇਰਾ ਸਿਮਰਨ ਕਰਦਿਆਂ ਮੈਂ ਤੇਰੇ ਵਿਚ ਹੀ ਲੀਨ ਹੋ ਗਿਆ ਹਾਂ, ਮੇਰੇ ਅੰਦਰ 'ਮੈਂ ਮੈਂ' ਦਾ ਖ਼ਿਆਲ ਰਹਿ ਹੀ ਨਹੀਂ ਗਿਆ।
(ਤੇਰਾ ਸਿਮਰਨ ਕਰਦਿਆਂ ਹੁਣ) ਜਦੋਂ (ਮੇਰੇ ਅੰਦਰੋਂ ਆਪਣੇ ਪਰਾਏ ਵਾਲਾ ਵਿਤਕਰਾ ਮਿਟ ਗਿਆ ਹੈ ('ਦੁਇ' ਮਿਟ ਗਈ ਹੈ), ਮੈਂ ਜਿਧਰ ਵੇਖਦਾ ਹਾਂ ਮੈਨੂੰ (ਹਰ ਥਾਂ) ਤੂੰ ਹੀ ਦਿਸ ਰਿਹਾ ਹੈਂ ॥੨੦੪॥
ਹੇ ਕਬੀਰ! (ਜੋ ਮਨੁੱਖ 'ਦੁਇ' ਵਿਚ ਫਸੇ ਰਹਿ ਕੇ ਪ੍ਰਭੂ ਦਾ ਸਿਮਰਨ ਨਹੀਂ ਕਰਦੇ) ਜੋ ਸਦਾ ਭੈੜੇ ਕੰਮ ਕਰਨ ਦੀਆਂ ਹੀ ਸੋਚਾਂ ਸੋਚਦੇ ਰਹਿੰਦੇ ਹਨ, ਜੋ ਸਦਾ ਇਹਨਾਂ ਨਾਸਵੰਤ ਪਦਾਰਥਾਂ ਦੀਆਂ ਹੀ ਤਾਂਘਾਂ ਤਾਂਘਦੇ ਰਹਿੰਦੇ ਹਨ,
ਉਹ ਮਨੁੱਖ ਦਿਲ ਦੀਆਂ ਆਸਾਂ ਨਾਲ ਲੈ ਕੇ ਹੀ (ਇਥੋਂ) ਤੁਰ ਪੈਂਦੇ ਹਨ, ਉਹਨਾਂ ਦੇ ਮਨ ਦੀ ਕੋਈ ਦੌੜ-ਭੱਜ ਪੂਰੀ ਨਹੀਂ ਹੁੰਦੀ (ਭਾਵ, ਕਿਸੇ ਭੀ ਪਦਾਰਥ ਦੇ ਮਿਲਣ ਨਾਲ ਉਹਨਾਂ ਦੇ ਮਨ ਦੀ ਦੌੜ-ਭੱਜ ਮੁੱਕਦੀ ਨਹੀਂ, ਆਸਾਂ ਹੋਰ ਹੋਰ ਵਧਦੀਆਂ ਜਾਂਦੀਆਂ ਹਨ) ॥੨੦੫॥
ਹੇ ਕਬੀਰ! ਜੋ ਮਨੁੱਖ ਪਰਮਾਤਮਾ ਦੀ ਯਾਦ ਹਿਰਦੇ ਵਿਚ ਵਸਾਂਦਾ ਹੈ, ਉਹ ਇਸ ਜਗਤ ਵਿਚ ਸੁਖੀ ਜੀਵਨ ਬਿਤੀਤ ਕਰਦਾ ਹੈ;
ਉਹ ਮਨੁੱਖ ਇਸ ਲੋਕ ਤੇ ਪਰਲੋਕ ਵਿਚ ਕਿਤੇ ਭੀ (ਇਹਨਾਂ ਵਿਕਾਰਾਂ ਤੇ ਆਸਾਂ ਦੇ ਕਾਰਨ) ਭਟਕਦਾ ਨਹੀਂ ਹੈ, ਕਿਉਂਕਿ ਪਰਮਾਤਮਾ ਆਪ ਉਸ ਨੂੰ ਇਹਨਾਂ ਤੋਂ ਬਚਾਂਦਾ ਹੈ ॥੨੦੬॥
ਹੇ ਕਬੀਰ! (ਦੁਨੀਆ ਦੇ ਜੀਵ ਵਿਕਾਰਾਂ ਤੇ ਦੁਨਿਆਵੀ ਆਸਾਂ ਦੀ) ਘਾਣੀ ਵਿਚ (ਇਉਂ) ਪੀੜੇ ਜਾ ਰਹੇ ਹਨ, (ਜਿਵੇਂ ਕੋਹਲੂ ਵਿਚ ਤਿਲ ਪੀੜੀਦੇ ਹਨ;) (ਪਰ ਜੋ ਜੋ 'ਹਰਿ ਕਾ ਸਿਮਰਨੁ ਕਰੈ') ਉਹਨਾਂ ਨੂੰ ਸਤਿਗੁਰੂ (ਇਸ ਘਾਣੀ ਵਿਚੋਂ) ਬਚਾ ਲੈਂਦਾ ਹੈ।
(ਪ੍ਰਭੂ ਚਰਨਾਂ ਨਾਲ ਉਹਨਾਂ ਦਾ) ਪਿਆਰ ਜੋ ਧੁਰ ਤੋਂ ਤੁਰਿਆ ਆ ਰਿਹਾ ਸੀ (ਪਰ ਜੋ ਇਹਨਾਂ ਵਿਕਾਰਾਂ ਤੇ ਆਸਾਂ ਹੇਠ ਨੱਪਿਆ ਗਿਆ ਸੀ, ਉਹ ਸਿਮਰਨ ਦੀ ਬਰਕਤਿ ਤੇ ਸਤਿਗੁਰੂ ਦੀ ਮੇਹਰ ਨਾਲ) ਮੁੜ ਹਿਰਦੇ ਵਿਚ ਚਮਕ ਪੈਂਦਾ ਹੈ ॥੨੦੭॥
ਹੇ ਕਬੀਰ! (ਜੋ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦੇ, ਉਹਨਾਂ ਦੇ ਕੀਤੇ ਵਿਕਾਰਾਂ ਤੇ ਬਣਾਈਆਂ ਆਸਾਂ ਦੇ ਕਾਰਨ ਸਿਮਰਨ ਵਲੋਂ) ਅੱਜ-ਭਲਕ ਕਰਦਿਆਂ ਉਹਨਾਂ ਦੀ ਉਮਰ ਦਾ ਸਮਾਂ ਗੁਜ਼ਰਦਾ ਜਾਂਦਾ ਹੈ, (ਵਿਕਾਰਾਂ ਤੇ ਆਸਾਂ ਦਾ) ਵਿਆਜ ਵਧਦਾ ਜਾਂਦਾ ਹੈ।
ਨਾਹ ਹੀ ਉਹ ਪਰਮਾਤਮਾ ਦਾ ਸਿਮਰਨ ਕਰਦੇ ਹਨ, ਨਾਹ ਹੀ ਉਹਨਾਂ ਦਾ (ਵਿਕਾਰਾਂ ਤੇ ਆਸਾਂ ਦਾ ਇਹ) ਲੇਖਾ ਮੁੱਕਦਾ ਹੈ। (ਬੱਸ! ਇਹਨਾਂ ਵਿਕਾਰਾਂ ਤੇ ਆਸਾਂ ਵਿਚ ਫਸੇ ਹੋਇਆਂ ਦੇ ਸਿਰ ਉਤੇ) ਮੌਤ ਆ ਅੱਪੜਦੀ ਹੈ ॥੨੦੮॥
ਹੇ ਕਬੀਰ! ਭੌਂਕਣ ਵਾਲਾ (ਭਾਵ, ਲਾਲਚ ਦਾ ਮਾਰਿਆ) ਕੁੱਤਾ ਸਦਾ ਮੁਰਦਾਰ ਵੱਲ ਦੌੜਦਾ ਹੈ (ਇਸੇ ਤਰ੍ਹਾਂ ਵਿਕਾਰਾਂ ਤੇ ਆਸਾਂ ਵਿਚ ਫਸਿਆ ਮਨੁੱਖ ਸਦਾ ਵਿਕਾਰਾਂ ਤੇ ਆਸਾਂ ਵੱਲ ਹੀ ਦੌੜਦਾ ਹੈ, ਤਾਹੀਏਂ ਇਹ ਸਿਮਰਨ ਵਲੋਂ ਟਾਲ-ਮਟੌਲੇ ਕਰਦਾ ਹੈ)।
ਮੈਨੂੰ ਪਰਮਾਤਮਾ ਦੀ ਮੇਹਰ ਨਾਲ ਸਤਿਗੁਰੂ ਮਿਲ ਪਿਆ ਹੈ, ਉਸ ਨੇ ਮੈਨੂੰ (ਇਹਨਾਂ ਵਿਕਾਰਾਂ ਤੇ ਆਸਾਂ ਦੇ ਪੰਜੇ ਤੋਂ) ਛੁਡਾ ਲਿਆ ਹੈ ॥੨੦੯॥
ਹੇ ਕਬੀਰ! ਜੇ ਵਿਕਾਰੀ ਮਨੁੱਖ (ਚੰਗੇ ਭਾਗਾਂ ਨਾਲ) ਹੋਰ ਝਾਕ ਛੱਡ ਕੇ ਸਤਿਗੁਰੂ ਦੀ ਸੰਗਤ ਵਿਚ ਆ ਬੈਠਣ,
ਤਾਂ ਵਿਕਾਰੀਆਂ ਦਾ ਅਸਰ ਉਸ ਸੰਗਤ ਉਤੇ ਨਹੀਂ ਪੈਂਦਾ। ਹਾਂ, ਵਿਕਾਰੀ ਬੰਦਿਆਂ ਨੂੰ ਜ਼ਰੂਰ ਲਾਭ ਅੱਪੜਦਾ ਹੈ, ਉਹ ਵਿਕਾਰੀ ਬੰਦੇ ਜ਼ਰੂਰ ਲਾਭ ਉਠਾਂਦੇ ਹਨ ॥੨੧੦॥
ਹੇ ਕਬੀਰ! (ਤੋਹਾਂ ਨਾਲੋਂ) ਚਉਲ (ਵੱਖਰੇ ਕਰਨ) ਦੀ ਖ਼ਾਤਰ (ਛੜਨ ਵੇਲੇ) ਤੋਹਾਂ ਨੂੰ ਮੁਹਲੀ (ਦੀ ਸੱਟ) ਵੱਜਦੀ ਹੈ।
ਇਸੇ ਤਰ੍ਹਾਂ ਜੋ ਮਨੁੱਖ ਵਿਕਾਰੀਆਂ ਦੀ ਸੁਹਬਤਿ ਵਿਚ ਬੈਠਦਾ ਹੈ (ਉਹ ਭੀ ਵਿਕਾਰਾਂ ਦੀ ਸੱਟ ਖਾਂਦਾ ਹੈ, ਵਿਕਾਰ ਕਰਨ ਲੱਗ ਪੈਂਦਾ ਹੈ) ਉਸ ਤੋਂ ਧਰਮਰਾਜ ਲੇਖਾ ਮੰਗਦਾ ਹੈ ॥੨੧੧॥
ਤ੍ਰਿਲੋਚਨ ਆਖਦਾ ਹੈ ਕਿ ਹੇ ਮਿੱਤ੍ਰ ਨਾਮਦੇਵ! ਤੂੰ ਤਾਂ ਮਾਇਆ ਵਿਚ ਫਸਿਆ ਜਾਪਦਾ ਹੈਂ।
ਇਹ ਅੰਬਰੇ ਕਿਉਂ ਠੇਕ ਰਿਹਾ ਹੈਂ? ਪਰਮਾਤਮਾ ਦੇ (ਚਰਨਾਂ) ਨਾਲ ਕਿਉਂ ਚਿੱਤ ਨਹੀਂ ਜੋੜਦਾ? ॥੨੧੨॥
ਨਾਮਦੇਵ (ਅੱਗੋਂ) ਉੱਤਰ ਦੇਂਦਾ ਹੈ- ਹੇ ਤ੍ਰਿਲੋਚਨ! ਮੂੰਹ ਨਾਲ ਪਰਮਾਤਮਾ ਦਾ ਨਾਮ ਲੈ;