ਤੇਰਾ ਰਾਜ ਕਦੇ ਭੀ ਨਾਸ ਹੋਣ ਵਾਲਾ ਨਹੀਂ ਹੈ।
ਤੇਰਾ ਰਾਜ ਸਦਾ ਅਟੱਲ ਰਹਿਣ ਵਾਲਾ ਹੈ, ਇਹ ਕਦੇ ਭੀ ਨਾਸ ਨਹੀਂ ਹੋ ਸਕਦਾ।
ਉਹੀ ਮਨੁੱਖ ਤੇਰਾ ਅਸਲ ਭਗਤ-ਸੇਵਕ ਹੈ ਜੋ (ਤੇਰਾ ਨਾਮ ਸਿਮਰ ਕੇ) ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।
ਕੋਈ ਉਸ ਦਾ ਵੈਰੀ ਨਹੀਂ ਬਣਦਾ, ਕੋਈ ਉਸ ਨੂੰ ਦੁੱਖ ਨਹੀਂ ਲਗਦਾ ਤੇ ਕੋਈ ਪਾਪ ਉਸ ਦੇ ਨੇੜੇ ਨਹੀਂ ਢੁਕਦਾ।
ਮੈਂ ਸਦਾ ਤੇਰੇ ਹੀ ਇਕ ਨਾਮ ਤੋਂ ਸਦਕੇ ਜਾਂਦਾ ਹਾਂ ॥੪॥
(ਹੇ ਪ੍ਰਭੂ!) ਹਰੇਕ ਜੁਗ ਵਿਚ ਹੀ ਤੇਰੇ ਭਗਤ ਮੌਜੂਦ ਰਹੇ ਹਨ।
ਜੋ, ਹੇ ਸੁਆਮੀ! ਤੇਰੇ ਦਰ ਤੇ ਤੇਰੀ ਸਿਫ਼ਤ-ਸਾਲਾਹ ਕਰਦੇ ਹਨ।
ਜੋ ਸਦਾ ਤੈਨੂੰ ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ।
ਤੈਨੂੰ ਸਦਾ-ਥਿਰ ਨੂੰ ਉਹ ਤਦੋਂ ਹੀ ਜਪ ਸਕਦੇ ਹਨ ਜਦੋਂ ਤੂੰ ਆਪ ਉਹਨਾਂ ਦੇ ਮਨ ਵਿਚ ਆਪਣਾ ਨਾਮ ਵਸਾਂਦਾ ਹੈਂ,
ਤੇ ਜਦੋਂ ਤੂੰ ਉਹਨਾਂ ਦੇ ਮਨ ਵਿਚੋਂ ਮਾਇਆ ਵਾਲੀ ਭਟਕਣਾ ਦੂਰ ਕਰਦਾ ਹੈਂ ਜੋ ਤੂੰ ਆਪ ਹੀ ਪੈਦਾ ਕੀਤੀ ਹੋਈ ਹੈ।
ਗੁਰੂ ਦੀ ਕਿਰਪਾ ਦੀ ਰਾਹੀਂ ਤੂੰ ਆਪਣੇ ਭਗਤਾਂ ਉੱਤੇ ਮੇਹਰ ਕਰਦਾ ਹੈਂ, ਤੇ ਉਹਨਾਂ ਨੂੰ ਜਮਾਂ ਤੋਂ ਬਚਾ ਲੈਂਦਾ ਹੈਂ।
ਹਰੇਕ ਜੁਗ ਵਿਚ ਹੀ ਤੇਰੇ ਭਗਤ-ਸੇਵਕ ਮੌਜੂਦ ਰਹੇ ਹਨ ॥੫॥
ਹੇ ਮੇਰੇ ਵੱਡੇ ਮਾਲਕ! ਹੇ ਅਦ੍ਰਿਸ਼ਟ ਮਾਲਕ! ਹੇ ਬੇਅੰਤ ਮਾਲਕ!
ਮੈਂ (ਤੇਰੇ ਦਰ ਤੇ) ਕਿਵੇਂ ਬੇਨਤੀ ਕਰਾਂ? ਮੈਨੂੰ ਤਾਂ ਬੇਨਤੀ ਕਰਨੀ ਭੀ ਨਹੀਂ ਆਉਂਦੀ।
ਜੇ ਤੂੰ ਆਪ (ਮੇਰੇ ਉਤੇ) ਮੇਹਰ ਦੀ ਨਿਗਾਹ ਕਰੇਂ ਤਾਂ ਹੀ ਮੈਂ ਤੇਰੇ ਸਦਾ-ਥਿਰ ਨਾਮ ਨਾਲ ਸਾਂਝ ਪਾ ਸਕਦਾ ਹਾਂ।
ਤੇਰਾ ਸਦਾ-ਥਿਰ ਨਾਮ ਮੈਂ ਤਦੋਂ ਹੀ ਪਛਾਣ ਸਕਦਾ ਹਾਂ ਜਦੋਂ ਤੂੰ ਆਪ ਮੈਨੂੰ ਇਹ ਸੂਝ ਬਖ਼ਸ਼ੇਂ।
ਜਦੋਂ ਤੂੰ ਮੇਰੇ ਮਨ ਵਿਚੋਂ ਮਾਇਆ ਦੀ ਤ੍ਰਿਸ਼ਨਾ ਅਤੇ ਦੁੱਖਾਂ ਦਾ ਸਹਿਮ ਦੂਰ ਕਰੇਂ ਜੇਹੜੇ ਕਿ ਜਗਤ ਵਿਚ ਤੂੰ ਆਪ ਹੀ ਪੈਦਾ ਕੀਤੇ ਹੋਏ ਹਨ।
ਨਾਨਕ ਬੇਨਤੀ ਕਰਦਾ ਹੈ ਕਿ ਜਦੋਂ ਮਨੁੱਖ ਗੁਰੂ ਦੇ ਸ਼ਬਦ ਦੀ ਵਿਚਾਰ ਸਮਝਦਾ ਹੈ ਤਾਂ ਸਹਿਮ ਦੂਰ ਹੋ ਜਾਂਦਾ ਹੈ,
ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਆਪ (ਸਭ ਜੀਵਾਂ ਦਾ) ਵੱਡਾ ਮਾਲਕ ਹੈ ॥੬॥
ਤੇਰੇ ਸੁੰਦਰ ਹਨ ਨੈਣ ਅਤੇ ਰਸੀਲੇ ਦੰਦ,
ਨਕ ਸੁਨੱਖਾ ਹੈ ਅਤੇ ਜਿਸ ਦੇ ਲੰਮੇ ਕੇਸ।
ਸਰੀਰ ਸੋਨੇ ਵਰਗਾ ਸੁੱਧ ਅਰੋਗ ਹੈ,
ਤੇ ਸੋਨੇ ਦੀ ਬਣੀ ਹੋਈ ਕ੍ਰਿਸ਼ਨ-ਮਾਲਾ ਕੋਲ ਹੈ। ਤੁਸੀਂ ਉਸ (ਪ੍ਰਭੂ) ਦਾ ਆਰਾਧਨ ਕਰੋ, ਹੇ ਮੇਰੀਓ ਸਖੀਓ!
ਇੰਜ ਤੁਸੀਂ (ਅੰਤ ਵੇਲੇ) ਜਮ-ਰਾਜ ਦੇ ਦਰਵਾਜ਼ੇ ਤੇ ਖੜੀਆਂ ਨਹੀਂ ਹੋਵੋਗੀਆਂ, ਮੇਰੀ ਸਿੱਖਿਆ ਸੁਣੋ; ਹੇ ਜੀਵ-ਇਸਤ੍ਰੀਓ!
ਇੰਜ (ਨਾਮ-ਸਿਮਰਨ ਨਾਲ) ਮਨ ਤੋਂ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ, ਤੇ ਪਰਮ ਬਗਲੇ ਤੋਂ ਸ੍ਰੇਸ਼ਟ ਹੰਸ ਬਣ ਜਾਈਦਾ ਹੈ (ਭਾਵ, ਨੀਚ-ਜੀਵਨ ਤੋਂ ਉੱਚੇ ਜੀਵਨ ਵਾਲੇ ਗੁਰਮੁਖ ਬਣ ਜਾਈਦਾ ਹੈ)।
ਉਸ ਦੇ ਸੁੰਦਰ ਹਨ ਨੈਣ ਅਤੇ ਰਸੀਲੇ ਦੰਦ ॥੭॥
ਸੁਹਣੀ ਹੈ ਤੇਰੀ ਟੋਰ ਅਤੇ ਮਿੱਠੜੀ ਤੇਰੀ ਬੋਲੀ।
ਤੂੰ ਕੋਇਲ ਦੀ ਤਰ੍ਹਾਂ ਕੂਕਦਾ ਹੈਂ ਅਤੇ ਚੰਚਲ ਹੈ ਤੇਰੀ ਜੁਆਨੀ।
ਤੇਰੀ ਚੜ੍ਹਦੀ ਜੁਆਨੀ ਮਨ-ਭਾਉਂਦੀ ਹੈ ਤੇ ਦਿਲ ਦੀਆਂ ਖਾਹਿਸ਼ਾ ਪੂਰੀਆਂ ਕਰਦੀ ਹੈ।
ਤੇਰੀ ਚਾਲ ਹੈ ਮਸਤ ਹਾਥੀ ਵਾਂਗ ਬੜੀ ਮਟਕ ਨਾਲ ਤੁਰਨ ਵਾਲੀ,
ਜੋ ਆਪਣੇ ਸ੍ਰੇਸ਼ਟ ਕੰਤ ਦੀ ਪ੍ਰੀਤ ਨਾਲ ਰੰਗੀਜੀ ਹੈ ਤੇ ਮਤਵਾਲੀ ਹੋ ਗੰਗਾ ਦੇ ਪਾਣੀ ਵਾਗੂੰ ਫਿਰਦੀ ਹੈ।
ਹਰੀ ਦਾ ਦਾਸ ਨਾਨਕ ਬੇਨਤੀ ਕਰਦਾ ਹੈ ਕਿ, ਹੇ ਪ੍ਰਭੂ, ਤੇਰੀ ਚਾਲ ਸੁਹਾਵਣੀ ਹੈ ਤੇ ਤੇਰੀ ਬੋਲੀ ਮਿੱਠੀ ਮਿੱਠੀ ਹੈ ॥੮॥੨॥
ਰਾਗ ਵਡਹੰਸ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਛੰਤ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਮਾਇਆ ਦੇ ਮੋਹ ਵਲੋਂ ਅਛੋਹ ਹੋ ਚੁਕੀ ਜੀਵ-ਇਸਤ੍ਰੀਏ! ਤੂੰ ਸੋਭਾ ਵਾਲੀ ਹੋ ਗਈ ਹੈਂ, ਕਿਉਂਕਿ ਤੂੰ ਆਪਣੇ ਪਤੀ-ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਗਈ ਹੈਂ।
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਤੂੰ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਲੀਨ ਰਹਿੰਦੀ ਹੈਂ, ਤੈਨੂੰ ਤੇਰੇ ਇਸ ਪ੍ਰੇਮ ਪਿਆਰ ਦੇ ਕਾਰਨ ਪ੍ਰਭੂ-ਪਤੀ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈ।
ਜੇਹੜੀ ਜੀਵ-ਇਸਤ੍ਰੀ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਪਿਆਰ ਪਾਇਆ, ਨੇਹੁ ਪੈਦਾ ਕੀਤਾ, ਪ੍ਰਭੂ-ਪਤੀ ਨੇ ਉਸ ਦਾ ਜੀਵਨ ਸੋਹਣਾ ਬਣਾ ਦਿੱਤਾ।
ਜਦੋਂ ਜੀਵ-ਇਸਤ੍ਰੀ ਨੇ ਆਪਾ-ਭਾਵ ਦੂਰ ਕੀਤਾ, ਤਦੋਂ ਉਸ ਨੇ ਪ੍ਰਭੂ-ਪਤੀ ਨੂੰ ਲੱਭ ਲਿਆ ਤੇ ਗੁਰੂ ਦੇ ਸ਼ਬਦ ਨਾਲ ਲੀਨ ਹੋ ਗਈ।
ਪ੍ਰਭੂ-ਪ੍ਰੇਮ ਦੀ ਖਿੱਚੀ ਹੋਈ ਸੁਚੱਜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਰਾਹੀਂ ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ, ਉਸ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਦੀ ਪ੍ਰੀਤ ਟਿਕੀ ਰਹਿੰਦੀ ਹੈ।
ਹੇ ਨਾਨਕ! ਇਹੋ ਜਿਹੀ ਸੁਚੱਜੀ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨੇ ਆਪ ਹੀ ਆਪਣੇ ਨਾਲ ਮਿਲਾ ਲਿਆ ਹੈ, ਸਦਾ ਕਾਇਮ ਰਹਿਣ ਵਾਲੇ ਸ਼ਾਹ ਨੇ ਉਸ ਦਾ ਜੀਵਨ ਸੰਵਾਰ ਦਿੱਤਾ ਹੈ ॥੧॥
ਹੇ ਗੁਣ-ਹੀਣ ਜਿੰਦੇ! ਪ੍ਰਭੂ-ਪਤੀ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖਿਆ ਕਰ।
ਹੇ ਮੋਈ ਹੋਈ ਜਿੰਦੇ! ਜੋ ਗੁਰੂ ਦੇ ਸਨਮੁੱਖ ਹੋ ਕੇ ਪ੍ਰਭੂ-ਪੱਤੀ ਦਾ ਸਿਮਰਨ ਕਰਦਾ ਹੈ ਉਸ ਨੂੰ ਪ੍ਰਭੂ ਪੂਰੇ ਤੌਰ ਤੇ ਵਿਆਪਕ ਦਿਖਦਾ ਹੈ।