(ਹੇ ਪ੍ਰਭੂ! ਮੇਹਰ ਕਰ) ਮੈਂ ਆਪਣੇ ਕੰਨਾਂ ਨਾਲ ਸਦਾ (ਤੈਂ) ਹਰੀ ਦਾ ਨਾਮ ਸੁਣਦਾ ਰਹਾਂ, (ਤੈਂ) ਠਾਕੁਰ ਦੀ ਸਿਫ਼ਤਿ-ਸਾਲਾਹ ਗਾਂਦਾ ਰਹਾਂ।
ਸੰਤਾਂ ਦੇ ਚਰਨਾਂ ਉਤੇ ਮੈਂ ਆਪਣੇ ਦੋਵੇਂ ਹੱਥ ਤੇ ਆਪਣਾ ਸਿਰ ਰੱਖ ਕੇ (ਤੈਂ) ਹਰੀ ਦਾ ਨਾਮ ਸਿਮਰਦਾ ਰਹਾਂ ॥੧॥
(ਮੈਂ ਤੇਰੇ ਦਰ ਤੋਂ) ਇਹ (ਸੰਤ ਜਨਾਂ ਦੀ ਚਰਨ ਧੂੜ ਦੀ ਦਾਤਿ) ਹਾਸਲ ਕਰ ਲਵਾਂ, (ਇਹੀ ਮੇਰੇ ਵਾਸਤੇ ਦੁਨੀਆ ਦੇ) ਨੌ ਖ਼ਜ਼ਾਨੇ (ਹੈ, ਇਹੀ ਮੇਰੇ ਵਾਸਤੇ ਅਠਾਰਾਂ) ਸਿੱਧੀਆਂ (ਹੈ)।
ਹੇ ਦਇਆ ਦੇ ਸੋਮੇ ਪ੍ਰਭੂ! ਮੇਹਰ ਕਰ, ਮੈਂ ਤੇਰੇ ਸੰਤ ਜਨਾਂ ਦੀ ਚਰਨ-ਧੂੜ ਲੈ ਕੇ ਆਪਣੇ ਮੱਥੇ ਉਥੇ (ਸਦਾ) ਲਾਂਦਾ ਰਹਾਂ ॥੧॥ ਰਹਾਉ ॥
(ਹੇ ਪ੍ਰਭੂ! ਮੇਹਰ ਕਰ) ਮੈਂ ਨੀਵੇਂ ਤੋਂ ਨੀਵਾਂ ਹੋ ਕੇ ਬਹੁਤ ਨੀਵਾਂ ਹੋ ਕੇ (ਸੰਤਾਂ ਅੱਗੇ) ਬੇਨਤੀ ਕਰ ਕੇ ਉਹਨਾਂ ਨੂੰ ਬੁਲਾਂਦਾ ਰਹਾਂ,
ਮੈਂ ਆਪਾ-ਭਾਵ ਛੱਡ ਕੇ ਸੰਤਾਂ ਦੇ ਪੈਰ ਘੁੱਟਿਆ ਕਰਾਂ ਅਤੇ ਸੰਤਾਂ ਦੀ ਸੰਗਤਿ ਵਿਚ ਟਿਕਿਆ ਰਹਾਂ ॥੨॥
(ਹੇ ਪ੍ਰਭੂ! ਮੇਹਰ ਕਰ) ਮੈਨੂੰ ਮੇਰੇ ਹਰੇਕ ਸਾਹ ਦੇ ਨਾਲ ਕਦੇ ਤੇਰਾ ਨਾਮ ਨਾਹ ਭੁੱਲੇ (ਗੁਰੂ ਦਾ ਦਰ ਛੱਡ ਕੇ) ਮੈਂ ਹੋਰ ਕਿਸੇ ਪਾਸੇ ਨਾਹ ਭਟਕਦਾ ਫਿਰਾਂ।
(ਹੇ ਪ੍ਰਭੂ! ਜੇ ਤੇਰੀ ਮਿਹਰ ਹੋਵੇ ਤਾਂ) ਮੈਨੂੰ ਉਹ ਗੁਰੂ ਮਿਲ ਪਏ, ਜਿਸ ਦਾ ਦਰਸਨ ਜੀਵਨ ਨੂੰ ਕਾਮਯਾਬ ਕਰ ਦੇਂਦਾ ਹੈ, (ਗੁਰੂ ਦੇ ਦਰ ਤੇ ਟਿਕ ਕੇ) ਮੈਂ (ਆਪਣੇ ਅੰਦਰੋਂ) ਅਹੰਕਾਰ ਦੂਰ ਕਰਾਂ, ਮੋਹ ਮਿਟਾਵਾਂ ॥੩॥
(ਹੇ ਪ੍ਰਭੂ! ਮੇਹਰ ਕਰ) ਮੈਂ ਸਤ ਨੂੰ, ਸੰਤੋਖ ਨੂੰ, ਦਇਆ ਨੂੰ, ਧਰਮ ਨੂੰ, (ਆਪਣੇ ਆਤਮਕ ਜੀਵਨ ਦੀ) ਸਜਾਵਟ ਬਣਾਈ ਰੱਖਾਂ।
ਹੇ ਨਾਨਕ (ਆਖ-ਜਿਵੇਂ) ਸੋਹਾਗਣ ਇਸਤ੍ਰੀ (ਆਪਣੇ ਪਤੀ ਨੂੰ ਪਿਆਰੀ ਲੱਗਦੀ ਹੈ, ਤਿਵੇਂ, ਜੇ ਉਸ ਦੀ ਮੇਹਰ ਹੋਵੇ, ਤਾਂ) ਕਾਮਯਾਬ ਜੀਵਨ ਵਾਲਾ ਬਣ ਕੇ ਆਪਣੇ ਪ੍ਰਭੂ ਨੂੰ ਪਿਆਰਾ ਲੱਗ ਸਕਦਾ ਹਾਂ ॥੪॥੧੫॥੪੫॥
ਹੇ ਭਾਈ! ਗੁਰੂ ਦੇ ਬਚਨ ਕਦੇ ਟਲਣ ਵਾਲੇ ਨਹੀਂ ਹਨ। ਗੁਰੂ ਨੇ ਸਾਰੇ ਜਗਤ ਵਿਚ ਇਹ ਗੱਲ ਪਰਗਟ ਸੁਣਾ ਦਿੱਤੀ ਹੈ,
ਕਿ ਜਿਸ ਮਨੁੱਖ ਨੂੰ ਗੁਰੂ ਦਾ ਸੰਗ ਪ੍ਰਾਪਤ ਹੁੰਦਾ ਹੈ, ਉਸ ਨੂੰ ਪ੍ਰਭੂ ਪਾਤਿਸ਼ਾਹ ਮਿਲ ਪੈਂਦਾ ਹੈ ॥੧॥
(ਗੁਰੂ ਹੀ) ਪਰਮਾਤਮਾ ਬਾਰੇ ਇਹ ਨਿਸ਼ਚਾ (ਜੀਵ ਦੇ ਅੰਦਰ ਪੈਦਾ ਕਰਦਾ ਹੈ ਕਿ) ਪਰਮਾਤਮਾ ਦਾ ਨਾਮ ਜਪ ਕੇ (ਮਨੁੱਖ) ਆਤਮਕ ਆਨੰਦ ਪ੍ਰਾਪਤ ਕਰਦਾ ਹੈ।
ਹੇ ਭਾਈ! ਸਾਰੇ ਜੀਵ (ਹੋਰ ਹੋਰ) ਅਨੇਕਾਂ ਗੱਲਾਂ ਕਰ ਕੇ ਥੱਕ ਜਾਂਦੇ ਹਨ (ਹੋਰ ਹੋਰ ਗੱਲਾਂ ਸਫਲ ਨਹੀਂ ਹੁੰਦੀਆਂ), ਗੁਰੂ (ਹੀ) ਪ੍ਰਭੂ-ਚਰਨਾਂ ਵਿਚ (ਜੀਵ ਨੂੰ) ਲਿਆ ਜੋੜਦਾ ਹੈ ॥੧॥ ਰਹਾਉ ॥
(ਹੇ ਭਾਈ! ਗੁਰੂ ਦੱਸਦਾ ਹੈ ਕਿ) ਪਰਮਾਤਮਾ ਉਸ ਮਨੁੱਖ ਦੀ ਇੱਜ਼ਤ ਰੱਖ ਲੈਂਦਾ ਹੈ ਜੋ ਉਸ ਦੀ ਸਰਨ ਆ ਪੈਂਦਾ ਹੈ-ਇਸ ਵਿਚ ਰਤਾ ਭੀ ਸ਼ੱਕ ਨਹੀਂ।
(ਇਸ ਵਾਸਤੇ, ਹੇ ਭਾਈ!) ਇਸ ਮਨੁੱਖਾ ਸਰੀਰ ਵਿਚ ਪਰਮਾਤਮਾ ਦਾ ਨਾਮ ਬੀਜੋ। ਇਹ ਮੌਕਾ ਬੜੀ ਮੁਸ਼ਕਿਲ ਨਾਲ ਮਿਲਦਾ ਹੈ ॥੨॥
(ਹੇ ਭਾਈ! ਗੁਰੂ ਦੱਸਦਾ ਹੈ ਕਿ) ਪਰਮਾਤਮਾ ਆਪ ਹੀ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ। ਸਾਰੀ ਸ੍ਰਿਸ਼ਟੀ ਉਵੇਂ ਹੀ ਕਰਦੀ ਹੈ ਜਿਵੇਂ ਪਰਮਾਤਮਾ ਪ੍ਰੇਰਦਾ ਹੈ।
(ਸਰਨ ਪਏ) ਅਨੇਕਾਂ ਹੀ ਵਿਕਾਰੀਆਂ ਨੂੰ ਪਰਮਾਤਮਾ ਪਵਿੱਤਰ ਜੀਵਨ ਵਾਲਾ ਬਣਾ ਦੇਂਦਾ ਹੈ-ਇਹ ਉਸ ਦਾ ਮੁੱਢ-ਕਦੀਮਾਂ ਦਾ ਸੁਭਾਉ ਹੈ ॥੩॥
ਹੇ ਮਨੁੱਖੋ! ਮਾਇਆ ਦੀ ਭਟਕਣਾ ਵਿਚ ਪੈ ਕੇ ਇਹ ਗੱਲ ਭੁੱਲ ਨਾਹ ਜਾਣੀ,
ਕਿ ਜਿਸ ਮਨੁੱਖ ਨੂੰ ਪ੍ਰਭੂ ਨੇ ਆਪ ਵਡਿਆਈ ਬਖ਼ਸ਼ੀ, ਹੇ ਨਾਨਕ! (ਆਖ-) ਉਸ ਦੀ ਉਹ ਇੱਜ਼ਤ ਜ਼ਰੂਰ ਰੱਖ ਲੈਂਦਾ ਹੈ ॥੪॥੧੬॥੪੬॥
ਹੇ ਭਾਈ! ਜਿਸ ਪਰਮਾਤਮਾ ਨੇ (ਜੀਵ ਦਾ) ਦੁਰਲੱਭ ਮਨੁੱਖਾ ਸਰੀਰ ਬਣਾ ਕੇ ਮਿੱਟੀ ਤੋਂ ਇਸ ਨੂੰ ਪੈਦਾ ਕਰ ਦਿੱਤਾ,
ਉਸ ਨੇ ਹੀ ਜੀਵ ਦੇ ਅਨੇਕਾਂ ਹੀ ਐਬ ਉਸ ਦੇ ਮਨ ਵਿਚ ਲੁਕਾ ਰੱਖੇ ਹਨ, ਜੀਵ ਦਾ ਸਰੀਰ ਫਿਰ ਭੀ ਸਾਫ਼-ਸੁਥਰਾ ਦਿੱਸਦਾ ਹੈ ॥੧॥
ਹੇ ਭਾਈ! ਜਿਸ (ਪਰਮਾਤਮਾ) ਦੇ ਇਹ (ਅਨੇਕਾਂ) ਗੁਣ ਹਨ, ਉਹ ਸਾਡੇ ਮਨ ਤੋਂ ਕਦੇ ਭੀ ਭੁੱਲਣਾ ਨਹੀਂ ਚਾਹੀਦਾ।
ਜੇਹੜਾ ਮਨੁੱਖ ਪ੍ਰਭੂ (ਦੀ ਯਾਦ) ਛੱਡ ਕੇ ਹੋਰ ਹੋਰ ਪਦਾਰਥਾਂ ਨਾਲ ਮੋਹ ਬਣਾਂਦਾ ਹੈ, ਉਹ ਮਿੱਟੀ ਵਿਚ ਰਲ ਜਾਂਦਾ ਹੈ (ਉਸ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ) ॥੧॥ ਰਹਾਉ ॥
ਹੇ ਭਾਈ! ਹਰੇਕ ਸਾਹ ਦੇ ਨਾਲ ਹਰ ਵੇਲੇ ਉਸ ਪਰਮਾਤਮਾ ਨੂੰ ਯਾਦ ਕਰਦੇ ਰਹੋ। ਵੇਖਣਾ, ਰਤਾ ਭੀ ਢਿੱਲ ਨਾਹ ਕਰਨੀ।
ਹੇ ਭਾਈ! ਦੁਨੀਆ ਦੇ ਨਾਸਵੰਤ ਪਦਾਰਥਾਂ ਦਾ ਪਿਆਰ ਤਿਆਗ ਕੇ, ਦਿੱਸਦੇ ਜਗਤ ਦਾ ਮੋਹ ਛੱਡ ਕੇ, ਪਰਮਾਤਮਾ ਨਾਲ ਪਿਆਰ ਬਣਾਈ ਰੱਖੋ ॥੨॥
ਹੇ ਭਾਈ! ਜਿਸ ਇੱਕ ਪਰਮਾਤਮਾ ਨੇ (ਆਪਣੇ ਆਪ ਤੋਂ ਜਗਤ ਦੇ) ਇਹ ਅਨੇਕਾਂ ਬਹੁਤ ਰੰਗ ਬਣਾ ਦਿੱਤੇ ਹਨ, ਉਹ ਹੁਣ ਭੀ (ਹਰ ਥਾਂ) ਮੌਜੂਦ ਹੈ, ਅਗਾਂਹ ਨੂੰ ਭੀ (ਸਦਾ) ਕਾਇਮ ਰਹੇਗਾ।
ਗੁਰੂ ਤੋਂ ਸਿੱਖਿਆ ਲੈ ਕੇ ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਿਆ ਕਰੋ ॥੩॥
ਹੇ ਭਾਈ! ਉਹ ਪ੍ਰਭੂ (ਜਗਤ ਦੀਆਂ) ਉੱਚੀਆਂ ਤੋ ਉੱਚੀਆਂ ਹਸਤੀਆਂ ਨਾਲੋਂ ਭੀ ਉੱਚਾ ਹੈ, ਵੱਡਿਆਂ ਤੋਂ ਭੀ ਵੱਡਾ ਹੈ, ਉਂਞ ਉਹ ਸਾਰੇ ਜੀਵਾਂ ਦੇ ਨਾਲ (ਵੱਸਦਾ ਭੀ) ਦੱਸਿਆ ਜਾਂਦਾ ਹੈ।
ਹੇ ਨਾਨਕ! (ਉਸ ਪ੍ਰਭੂ ਦੇ ਦਰ ਤੇ ਅਰਦਾਸ ਕਰ, ਤੇ ਆਖ-ਹੇ ਪ੍ਰਭੂ!) ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਛੋਟਾ ਜਿਹਾ ਦਾਸ ਬਣਾ ਲੈ ॥੪॥੧੭॥੪੭॥
ਹੇ ਭਾਈ! ਪ੍ਰਭੂ ਦੇ ਭਗਤ ਇਕ ਪ੍ਰਭੂ ਦੀ ਹੀ ਓਟ ਲੈਂਦੇ ਹਨ, ਹੋਰ (ਆਸਰਿਆਂ ਦੀ) ਆਸ ਛੱਡ ਦੇਂਦੇ ਹਨ।
(ਉਹਨਾਂ ਨੂੰ ਨਿਸ਼ਚਾ ਰਹਿੰਦਾ ਹੈ ਕਿ) ਪ੍ਰਭੂ ਸਭ ਜੀਵਾਂ ਉਤੇ ਤਾਕਤ ਰੱਖਣ ਵਾਲਾ ਹੈ, ਸਭ ਤਾਕਤਾਂ ਨਾਲ ਭਰਪੂਰ ਹੈ, ਸਭ ਗੁਣਾਂ ਦਾ ਖ਼ਜ਼ਾਨਾ ਹੈ ॥੧॥
ਹੇ ਭਾਈ! ਪਰਮਾਤਮਾ ਦੇ ਸੇਵਕਾਂ (ਦੀ ਜ਼ਿੰਦਗੀ) ਦਾ ਆਸਰਾ ਪਰਮਾਤਮਾ ਦਾ ਨਾਮ (ਹੀ ਹੁੰਦਾ) ਹੈ, ਸੇਵਕ ਸਦਾ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ।
ਸੇਵਕਾਂ ਦੇ ਮਨ ਵਿਚ ਸਦਾ ਪਰਮਾਤਮਾ (ਦੇ ਨਾਮ) ਦਾ ਹੀ ਸਹਾਰਾ ਹੁੰਦਾ ਹੈ ॥੧॥ ਰਹਾਉ ॥
(ਹੇ ਭਾਈ! ਸੰਤ ਜਨਾਂ ਨੂੰ ਯਕੀਨ ਹੈ ਕਿ) ਪਰਮਾਤਮਾ ਆਪ ਹਰੇਕ ਜੀਵ ਦੀ ਰੱਖਿਆ ਕਰਦਾ ਹੈ, ਆਪ ਹਰੇਕ ਦਾਤ ਦੇਂਦਾ ਹੈ, ਆਪ ਹੀ (ਹਰੇਕ ਦੀ) ਪਾਲਣਾ ਕਰਦਾ ਹੈ।