ਹਰ ਰੋਜ਼ ਕਿਸੇ ਵੇਲੇ ਭੀ ਉਸਦੀ ਚਿੰਤਾ ਦੂਰ ਨਹੀਂ ਹੁੰਦੀ, ਸ਼ਬਦ (ਦਾ ਆਸਰਾ ਲੈਣ ਤੋਂ) ਬਿਨਾ ਦੁੱਖ ਪਾਉਂਦਾ ਹੈ।
ਮੂਰਖ ਦੇ ਹਿਰਦੇ ਵਿਚ ਕਾਮ, ਕ੍ਰੋਧ ਤੇ ਲੋਭ ਜ਼ੋਰਾਂ ਵਿਚ ਹੈ, ਤੇ ਸਦਾ ਧੰਧੇ ਕਰਦਿਆਂ ਉਮਰ ਗੁਜ਼ਰਦੀ ਹੈ।
ਪੈਰ, ਹੱਥ, (ਅੱਖੀਆਂ) ਵੇਖ ਵੇਖ ਕੇ ਤੇ (ਕੰਨ) ਸੁਣ ਸੁਣ ਕੇ ਥੱਕ ਗਏ ਹਨ, (ਉਮਰ ਦੇ) ਦਿਨ ਮੁੱਕ ਗਏ ਹਨ (ਮਰਨ ਵੇਲਾ ਨੇੜੇ ਆ ਜਾਂਦਾ ਹੈ)।
ਜਿਸ ਨਾਮ ਦੀ ਰਾਹੀਂ ਨੌ ਨਿਧੀਆਂ ਲੱਭ ਪੈਣ ਉਹ ਸੱਚਾ ਨਾਮ (ਮੂਰਖ ਨੂੰ) ਪਿਆਰਾ ਨਹੀਂ ਲੱਗਦਾ।
ਜੇ ਜਿਉਂਦਾ ਹੋਇਆ (ਸੰਸਾਰ ਵਲੋਂ) ਮੁਰਦਾ ਹੋ ਜਾਵੇ (ਇਸ ਤਰ੍ਹਾਂ) ਮਰ ਕੇ ਫੇਰ (ਹਰੀ ਦੀ ਯਾਦ ਵਿਚ) ਸੁਰਜੀਤ ਹੋਵੇ, ਤਾਂ ਹੀ ਮੁਕਤੀ ਦਾ ਭੇਤ ਲੱਭਦਾ ਹੈ।
ਪਰ ਜਿਸ ਮਨੁੱਖ ਨੂੰ ਧੁਰੋਂ ਪਰਮਾਤਮਾ ਦੀ ਬਖ਼ਸ਼ਸ਼ ਨਸੀਬ ਨਾਹ ਹੋਈ, ਉਹ (ਪਿਛਲੇ ਚੰਗੇ ਸੰਸਕਾਰਾਂ ਵਾਲੇ) ਕੰਮਾਂ ਤੋਂ ਬਿਨਾ (ਹੁਣ ਬੰਦਗੀ ਵਾਲੇ ਸੰਸਕਾਰ) ਕਿਥੋਂ ਲਭੇ?
ਹੇ ਮੂਰਖ! ਸਤਿਗੁਰੂ ਦੇ ਸ਼ਬਦ ਨੂੰ (ਹਿਰਦੇ ਵਿਚ) ਸਾਂਭ, (ਕਿਉਂਕਿ) ਉੱਚੀ ਆਤਮਕ ਅਵਸਥਾ ਤੇ ਭਲੀ ਮਤ ਸ਼ਬਦ ਤੋਂ ਹੀ ਮਿਲਦੀ ਹੈ।
ਹੇ ਨਾਨਕ! ਸਤਿਗੁਰੂ ਭੀ ਤਦੋਂ ਹੀ ਮਿਲਦਾ ਹੈ ਜਦੋਂ ਮਨੁੱਖ ਹਿਰਦੇ ਵਿਚੋਂ ਅਹੰਕਾਰ ਦੂਰ ਕਰਦਾ ਹੈ ॥੨॥
ਜਿਸ ਮਨੁੱਖ ਦੇ ਹਿਰਦੇ ਵਿਚ ਪਿਆਰਾ ਪ੍ਰਭੂ ਨਿਵਾਸ ਕਰੇ, ਉਸ ਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਰਹਿ ਜਾਂਦੀ।
ਪ੍ਰਭੂ ਹਰ ਕਿਸਮ ਦਾ ਸੁਖ ਦੇਣ ਵਾਲਾ ਹੈ, ਉਸ ਦਾ ਸਿਮਰਨ ਕਰਨ ਤੋਂ ਇਕ ਖਿਨ ਭਰ ਭੀ ਨਹੀਂ ਹਟਣਾ ਚਾਹੀਦਾ।
ਜਿਸ ਮਨੁੱਖ ਨੇ ਹਰੀ ਨੂੰ ਸਿਮਰਿਆ ਹੈ, ਉਸ ਨੂੰ ਸਾਰੇ ਸੁਖ ਪ੍ਰਾਪਤ ਹੁੰਦੇ ਹਨ, (ਇਸ ਵਾਸਤੇ) ਸਦਾ ਸਾਧ ਸੰਗਤ ਵਿਚ ਜਾ ਕੇ ਬੈਠਣਾ ਚਾਹੀਦਾ ਹੈ ਤੇ (ਪ੍ਰਭੂ ਦੇ ਗੁਣਾਂ ਬਾਰੇ) ਵਿਚਾਰ ਕਰਨੀ ਚਾਹੀਦੀ ਹੈ।
ਹਰੀ ਦੇ ਭਗਤ ਦੇ ਸਾਰੇ ਕਲੇਸ਼ ਭੁੱਖਾਂ ਤੇ ਰੋਗ ਦੂਰ ਹੋ ਜਾਂਦੇ ਹਨ, ਤੇ ਸਾਰੇ ਬੰਧਨ ਟੁੱਟ ਜਾਂਦੇ ਹਨ।
ਹਰੀ ਦਾ ਭਗਤ ਹਰੀ ਦੀ ਆਪਣੀ ਕਿਰਪਾ ਨਾਲ ਬਣਦਾ ਹੈ ਤੇ ਹਰੀ ਦੇ ਭਗਤਾਂ ਦਾ ਦਰਸ਼ਨ ਕਰ ਕੇ (ਭਾਵ, ਉਹਨਾਂ ਦੀ ਸੰਗਤ ਵਿਚ ਰਹਿ ਕੇ) ਸਾਰਾ ਸੰਸਾਰ ਤਰ ਸਕਦਾ ਹੈ ॥੪॥
ਜਿਸ ਜੀਭ ਨੇ ਹਰੀ (ਦੇ ਨਾਮ) ਦਾ ਸੁਆਦ ਨਹੀਂ ਚੱਖਿਆ, ਉਹ ਜੀਭ ਸੜ ਜਾਏ (ਭਾਵ, ਉਹ ਜੀਭ ਕਿਸੇ ਕੰਮ ਦੀ ਨਹੀਂ)।
ਹੇ ਨਾਨਕ! ਉਹ ਜੀਭ ਗੁਰੂ ਦੇ ਸ਼ਬਦ ਵਿਚ ਰਸ ਜਾਂਦੀ ਹੈ ਜਿਸ (ਜੀਭ) ਨੇ ਪਰਮਾਤਮਾ ਮਨ ਵਿਚ ਵਸਾਇਆ ਹੈ ॥੧॥
ਜਿਸ ਜੀਭ ਨੇ ਹਰੀ ਦਾ ਨਾਮ ਵਿਸਾਰਿਆ ਹੈ, ਉਹ ਜੀਭ ਸੜ ਜਾਏ।
ਹੇ ਨਾਨਕ! ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੀ ਜੀਭ ਹਰੀ ਦਾ ਨਾਮ ਜਪਦੀ ਹੈ ਹਰੀ ਦੇ ਨਾਮ ਵਿਚ ਪਿਆਰ ਕਰਦੀ ਹੈ ॥੨॥
ਪ੍ਰਭੂ ਆਪ ਹੀ ਠਾਕੁਰ ਆਪ ਹੀ ਸੇਵਕ ਤੇ ਭਗਤ ਹੈ, ਆਪੇ ਕਰਦਾ ਹੈ ਤੇ ਆਪ (ਜੀਵਾਂ ਪਾਸੋਂ) ਕਰਾਉਂਦਾ ਹੈ।
ਆਪ ਹੀ ਵੇਖਦਾ ਹੈ, ਆਪ ਹੀ ਪ੍ਰਸੰਨ ਹੁੰਦਾ ਹੈ, ਜਿਧਰ ਚਾਹੁੰਦਾ ਹੈ ਓਧਰ (ਜੀਵਾਂ ਨੂੰ) ਲਾਉਂਦਾ ਹੈ।
ਇਕਨਾ ਨੂੰ ਆਪ ਹੀ ਸਿੱਧੇ ਰਸਤੇ ਪਾਉਂਦਾ ਹੈ ਤੇ ਇਕਨਾ ਨੂੰ ਆਪ ਹੀ ਕੁਰਾਹੇ ਪਾ ਦੇਂਦਾ ਹੈ।
ਹਰੀ ਸੱਚਾ ਮਾਲਕ ਹੈ, ਉਸ ਦਾ ਨਿਆਂ ਭੀ ਅਭੁੱਲ ਹੈ, ਉਹ ਆਪ ਹੀ ਸਾਰੇ ਤਮਾਸ਼ੇ ਕਰ ਕੇ ਵੇਖ ਰਿਹਾ ਹੈ।
ਦਾਸ ਨਾਨਕ ਆਖਦਾ ਹੈ ਕਿ ਸਤਿਗੁਰੂ ਦੀ ਮੇਹਰ ਨਾਲ (ਹੀ ਮਨੁੱਖ ਐਸੇ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਗੁਣ ਗਾਉਂਦਾ ਹੈ ॥੫॥
ਕੋਈ ਵਿਰਲਾ ਫ਼ਕੀਰ ਫ਼ਕੀਰੀ (ਦੇ ਆਦਰਸ਼) ਨੂੰ ਸਮਝਦਾ ਹੈ,
(ਫ਼ਕੀਰ ਹੋ ਕੇ) ਜੇ ਘਰ ਘਰ ਮੰਗਦਾ ਫਿਰੇ, ਤਾਂ ਉਹਦੇ ਜੀਊਣ ਨੂੰ ਫਿਟਕਾਰ ਹੈ ਤੇ ਉਸ ਦੇ (ਫ਼ਕੀਰੀ-) ਜਾਮੇ ਨੂੰ ਫਿਟਕਾਰ ਹੈ।
ਜੇ (ਦਰਵੇਸ਼ ਹੋ ਕੇ) ਆਸਾ ਤੇ ਚਿੰਤਾ ਨੂੰ ਛੱਡ ਦੇਵੇ ਤੇ ਸਤਿਗੁਰੂ ਦੇ ਸਨਮੁਖ ਰਹਿ ਕੇ ਨਾਮ ਦੀ ਭਿਖਿਆ ਮੰਗੇ,
ਤਾਂ, ਹੇ ਨਾਨਕ! ਮੈਂ ਉਸ ਤੋਂ ਸਦਕੇ ਹਾਂ, ਉਸ ਦੇ ਚਰਨ ਧੋਣੇ ਚਾਹੀਦੇ ਹਨ ॥੧॥
ਹੇ ਨਾਨਕ! (ਸੰਸਾਰ ਰੂਪ) ਰੁੱਖ (ਹੈ, ਇਸ) ਨੂੰ (ਮਾਇਆ ਦਾ ਮੋਹ ਰੂਪ) ਇਕ ਫਲ (ਲੱਗਾ ਹੋਇਆ ਹੈ), (ਉਸ ਰੁੱਖ ਉਤੇ) ਦੋ (ਕਿਸਮ ਦੇ, ਗੁਰਮੁਖ ਤੇ ਮਨਮੁਖ) ਪੰਛੀ ਹਨ,
ਉਹਨਾਂ ਪੰਛੀਆਂ ਨੂੰ ਖੰਭ ਨਹੀਂ ਹਨ ਤੇ ਉਹ ਆਉਂਦੇ ਜਾਂਦੇ ਦਿੱਸਦੇ ਨਹੀਂ, (ਭਾਵ, ਇਹ ਨਹੀਂ ਪਤਾ ਲੱਗਦਾ ਕਿ ਇਹ ਜੀਵ-ਪੰਛੀ ਕਿਧਰੋਂ ਆਉਂਦੇ ਹਨ ਤੇ ਕਿਧਰ ਚਲੇ ਜਾਂਦੇ ਹਨ)
ਬਹੁਤੇ ਰੰਗਾਂ (ਵਿਚ ਸੁਆਦ ਲੈਣ) ਵਾਲੇ ਨੇ ਰਸਾਂ ਨੂੰ ਚੱਖਿਆ ਹੈ ਤੇ ਨਿਰ-ਚਾਹ (ਪੰਛੀ) ਸ਼ਬਦ ਵਿਚ (ਲੀਨ) ਰਹਿੰਦਾ ਹੈ।
ਹੇ ਨਾਨਕ! ਹਰੀ ਦੀ ਕਿਰਪਾ ਨਾਲ (ਜਿਨ੍ਹਾਂ ਦੇ ਮੱਥੇ ਤੇ) ਸੱਚਾ ਟਿੱਕਾ ਹੈ, ਉਹ ਨਾਮ ਦੇ ਰਸ (ਰੂਪ) ਫਲ (ਦੇ ਸੁਆਦ) ਵਿਚ ਮਸਤ ਹਨ ॥੨॥
ਪ੍ਰਭੂ ਆਪ ਹੀ ਭੁਇਂ ਹੈ ਆਪ ਹੀ ਉਸ ਦਾ ਵਾਹੁਣ ਵਾਲਾ ਹੈ, ਆਪ ਹੀ (ਅੰਨ) ਉਗਾਉਂਦਾ ਹੈ ਤੇ ਆਪ ਹੀ ਪਿਹਾਉਂਦਾ ਹੈ,
ਆਪੇ ਹੀ ਪਕਾਉਂਦਾ ਹੈ ਤੇ ਆਪ ਹੀ ਭਾਂਡੇ ਦੇ ਕੇ ਵਰਤਾਉਂਦਾ ਹੈ ਤੇ ਆਪ ਹੀ ਬਹਿ ਕੇ ਖਾਂਦਾ ਹੈ।