ਇਸ ਨਾਮ- ਦਾਤ ਨੂੰ ਖਾਂਦਿਆਂ ਵੰਡਦਿਆਂ ਤੇ ਮਾਣਦਿਆਂ ਉਹ ਆਤਮਕ ਆਨੰਦ ਮਾਣਦੇ ਹਨ, ਕਰਤਾਰ ਦੀ ਇਹ ਬਖ਼ਸ਼ਸ਼ (ਦਿਨੋ ਦਿਨ) ਵਧਦੀ ਰਹਿੰਦੀ ਹੈ।
(ਯਕੀਨ ਜਾਣੋ, ਇਹ) ਦਾਤ ਵਧਦੀ ਰਹਿੰਦੀ ਹੈ, ਕਦੇ ਮੁੱਕਦੀ ਨਹੀਂ, ਇਸ ਦਾਤ ਦੀ ਬਰਕਤਿ ਨਾਲ ਉਹਨਾਂ ਨੂੰ ਹਰੇਕ ਦਿਲ ਦੀ ਜਾਣਨ ਵਾਲਾ ਪਰਮਾਤਮਾ ਮਿਲ ਪੈਂਦਾ ਹੈ।
(ਜ਼ਿੰਦਗੀ ਦੇ ਸਫ਼ਰ ਵਿਚ ਆਉਣ ਵਾਲੀਆਂ) ਕ੍ਰੋੜਾਂ ਰੁਕਾਵਟਾਂ (ਉਹਨਾਂ ਦੇ ਰਸਤੇ ਵਿਚੋਂ) ਸਾਰੀਆਂ ਹੀ ਦੂਰ ਹੋ ਜਾਂਦੀਆਂ ਹਨ, ਕੋਈ ਦੁੱਖ ਉਹਨਾਂ ਦੇ ਨੇੜੇ ਨਹੀਂ ਢੁਕਦਾ।
(ਉਹਨਾਂ ਦੇ ਅੰਦਰੋਂ ਮਾਇਆ ਦੀ) ਸਾਰੀ ਹੀ ਭੁੱਖ ਨਾਸ ਹੋ ਜਾਂਦੀ ਹੈ, (ਉਹਨਾਂ ਦੇ ਅੰਦਰ) ਠੰਢ ਵਰਤੀ ਰਹਿੰਦੀ ਹੈ, ਆਤਮਕ ਅਡੋਲਤਾ ਦੇ ਅਨੇਕਾਂ ਆਨੰਦ ਬਣੇ ਰਹਿੰਦੇ ਹਨ।
ਹੇ ਨਾਨਕ! ਉਹ ਮਨੁੱਖ ਉਸ ਮਾਲਕ-ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ, ਜਿਸ ਦੀ ਵਡਿਆਈ ਕਰਨਾ ਹੈਰਾਨ ਕਰ ਦੇਣ ਵਾਲਾ ਉੱਦਮ ਹੈ ॥੨॥
ਹੇ ਭਾਈ! (ਸੰਤ ਜਨਾਂ ਨੂੰ ਆਪਣੇ ਚਰਨਾਂ ਨਾਲ ਜੋੜਨਾ-ਇਹ) ਕੰਮ ਜਿਸ (ਪਰਮਾਤਮਾ) ਦਾ (ਆਪਣਾ) ਹੈ, ਉਸ ਨੇ ਹੀ (ਸਦਾ ਇਹ ਕੰਮ) ਕੀਤਾ ਹੈ, ਇਹ ਕੰਮ ਕਰਨ ਲਈ) ਮਨੁੱਖ ਦੀ ਕੋਈ ਸਮਰਥਾ ਨਹੀਂ।
(ਉਸੇ ਦੀ ਮਿਹਰ ਨਾਲ ਉਸ ਦੇ) ਭਗਤ (ਉਸ) ਹਰੀ ਦੇ ਗੁਣ ਗਾਂਦੇ ਰਹਿੰਦੇ ਹਨ, ਸਦਾ ਸਿਫ਼ਤਿ-ਸਾਲਾਹ ਕਰਦੇ ਰਹਿੰਦੇ ਹਨ, ਅਤੇ ਸੋਹਣੇ ਆਤਮਕ ਜੀਵਨ ਵਾਲੇ ਬਣਦੇ ਜਾਂਦੇ ਹਨ।
ਪਰਮਾਤਮਾ ਦੇ ਗੁਣ ਗਾ ਗਾ ਕੇ (ਉਹਨਾਂ ਦੇ ਅੰਦਰ ਆਤਮਕ) ਆਨੰਦ (ਦੇ ਹੁਲਾਰੇ) ਪੈਦਾ ਹੁੰਦੇ ਰਹਿੰਦੇ ਹਨ, ਸਾਧ ਸੰਗਤਿ ਵਿਚ (ਟਿਕ ਕੇ ਪਰਮਾਤਮਾ) ਨਾਲ (ਉਹਨਾਂ ਦੀ ਪ੍ਰੀਤ) ਬਣੀ ਰਹਿੰਦੀ ਹੈ।
ਹੇ ਭਾਈ! ਜਿਸ (ਪਰਮਾਤਮਾ) ਨੇ (ਸੰਤ ਜਨਾਂ ਦੇ ਹਿਰਦੇ-) ਤਾਲ (ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਭਰਨ) ਦਾ ਉੱਦਮ (ਸਦਾ) ਕੀਤਾ ਹੈ, ਮੈਂ ਉਸ ਦੀ ਕੋਈ ਵਡਿਆਈ ਬਿਆਨ ਕਰਨ ਜੋਗਾ ਨਹੀਂ ਹਾਂ।
ਹੇ ਭਾਈ! ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਮ ਭਰਪੂਰ ਇਸ ਸੰਤ-ਹਿਰਦੇ ਵਿਚ ਹੀ) ਅਠਾਹਠ ਤੀਰਥ ਆ ਜਾਂਦੇ ਹਨ, ਵੱਡੇ ਵੱਡੇ ਪਵਿੱਤਰ ਤੇ ਸੁੰਦਰ ਪੁੰਨ-ਕਰਮ ਆ ਜਾਂਦੇ ਹਨ।
ਹੇ ਨਾਨਕ! ਗੁਰੂ ਦੇ ਸ਼ਬਦ ਦਾ ਆਸਰਾ (ਦੇ ਕੇ) ਵੱਡੇ ਵੱਡੇ ਵਿਕਾਰੀਆਂ ਨੂੰ ਪਵਿੱਤਰ ਕਰ ਦੇਣਾ-ਮਾਲਕ-ਪ੍ਰਭੂ ਦਾ ਇਹ ਮੁੱਢ-ਕਦੀਮਾਂ ਦਾ ਸੁਭਾਉ ਤੁਰਿਆ ਆ ਰਿਹਾ ਹੈ ॥੩॥
ਹੇ ਭਾਈ! ਮੇਰਾ ਕਰਤਾਰ ਮੇਰਾ ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ। ਕੋਈ ਭੀ ਅਜਿਹਾ ਮਨੁੱਖ ਨਹੀਂ, ਜਿਸ ਪਾਸੋਂ (ਉਸ ਦੀ ਪੂਰੀ) ਵਡਿਆਈ ਕੀਤੀ ਜਾ ਸਕੇ।
(ਉਸ ਦੇ) ਸੰਤ-ਜਨਾਂ ਦੀ (ਉਸ ਦੇ ਦਰ ਤੇ ਸਦਾ ਇਹ) ਅਰਦਾਸ ਹੁੰਦੀ ਹੈ-ਹੇ ਮਾਲਕ ਪ੍ਰਭੂ! ਬੇਅੰਤ ਸੁਆਦਲਾ ਆਪਣਾ ਨਾਮ ਬਖ਼ਸ਼ੀ ਰੱਖ;
ਇਹ ਮਿਹਰ ਕਰ ਕਿ ਆਪਣਾ ਨਾਮ ਬਖ਼ਸ਼ੀ ਰੱਖ, ਇਕ ਖਿਨ ਭਰ ਭੀ (ਸਾਡੇ ਹਿਰਦੇ ਵਿਚੋਂ) ਨਾਹ ਭੁੱਲ।
ਹੇ ਭਾਈ! (ਆਪਣੀ) ਜੀਭ ਨਾਲ ਗੋਪਾਲ ਦੇ ਗੁਣ ਉਚਾਰਦਾ ਰਿਹਾ ਕਰ। ਹਰ ਵੇਲੇ ਉਸ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ।
ਪਰਮਾਤਮਾ ਦੇ ਨਾਮ ਨਾਲ ਜਿਸ ਮਨੁੱਖ ਦਾ ਪਿਆਰ ਬਣ ਜਾਂਦਾ ਹੈ, ਉਸ ਦਾ ਮਨ ਉਸ ਦਾ ਤਨ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ (ਸਦਾ) ਤਰ ਰਹਿੰਦਾ ਹੈ।
ਨਾਨਕ ਬੇਨਤੀ ਕਰਦਾ ਹੈ-ਹੇ ਭਾਈ! (ਪਰਮਾਤਮਾ ਦਾ) ਦਰਸਨ ਕਰ ਕੇ ਆਤਮਕ ਜੀਵਨ ਮਿਲ ਜਾਂਦਾ ਹੈ, ਹਰੇਕ ਇੱਛਾ ਪੂਰੀ ਹੋ ਜਾਂਦੀ ਹੈ ॥੪॥੭॥੧੦॥
ਰਾਗ ਸੂਹੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਮੇਰਾ ਮਾਲਕ-ਪ੍ਰਭੂ ਮਿੱਠੇ ਬੋਲ ਬੋਲਣ ਵਾਲਾ ਪਿਆਰਾ ਮਿੱਤਰ ਹੈ।
ਮੈਂ ਚੇਤੇ ਕਰ ਕਰ ਕੇ ਥੱਕ ਗਈ ਹਾਂ (ਕਿ ਉਸ ਦਾ ਕਦੇ ਕੌੜਾ ਬੋਲ ਬੋਲਿਆ ਯਾਦ ਆ ਜਾਏ, ਪਰ) ਉਹ ਕਦੇ ਭੀ ਕੌੜਾ ਬੋਲ ਨਹੀਂ ਬੋਲਦਾ।
ਹੇ ਭਾਈ! ਉਹ ਸਾਰੇ ਗੁਣਾਂ ਨਾਲ ਭਰਪੂਰ ਭਗਵਾਨ ਕੌੜਾ (ਖਰਵਾ) ਬੋਲਣਾ ਜਾਣਦਾ ਹੀ ਨਹੀਂ, (ਕਿਉਂਕਿ ਉਹ ਸਾਡਾ) ਕੋਈ ਭੀ ਔਗੁਣ ਚੇਤੇ ਹੀ ਨਹੀਂ ਰੱਖਦਾ।
ਉਹ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ-ਇਹ ਉਸ ਦਾ ਮੁੱਢ-ਕਦੀਮਾਂ ਦਾ ਸੁਭਾਉ ਦੱਸਿਆ ਜਾਂਦਾ ਹੈ, (ਅਤੇ ਉਹ ਕਿਸੇ ਦੀ ਭੀ) ਕੀਤੀ ਘਾਲ-ਕਮਾਈ ਨੂੰ ਰਤਾ ਭਰ ਭੀ ਵਿਅਰਥ ਨਹੀਂ ਜਾਣ ਦੇਂਦਾ।
ਹੇ ਭਾਈ! ਮੇਰਾ ਸੱਜਣ ਹਰੇਕ ਸਰੀਰ ਵਿਚ ਵੱਸਦਾ ਹੈ, ਸਭ ਜੀਵਾਂ ਵਿਚ ਵੱਸਦਾ ਹੈ, ਹਰੇਕ ਜੀਵ ਦੇ ਅੱਤ ਨੇੜੇ ਵੱਸਦਾ ਹੈ।
ਦਾਸ ਨਾਨਕ ਸਦਾ ਉਸ ਦੀ ਸਰਨ ਪਿਆ ਰਹਿੰਦਾ ਹੈ। ਹੇ ਭਾਈ! ਮੇਰਾ ਸੱਜਣ ਪ੍ਰਭੂ ਆਤਮਕ ਜੀਵਨ ਦੇਣ ਵਾਲਾ ਹੈ ॥੧॥
ਹੇ ਭਾਈ! ਉਸ ਬੇਅੰਤ ਹਰੀ ਦਾ ਦਰਸਨ ਕਰ ਕੇ ਮੈਂ ਹੈਰਾਨ ਪਈ ਹੁੰਦੀ ਹਾਂ।
ਹੇ ਭਾਈ! ਉਹ ਮੇਰਾ ਸੋਹਣਾ ਮਾਲਕ ਹੈ, ਮੈਂ ਉਸ ਦੇ ਸੋਹਣੇ ਚਰਨਾਂ ਦੀ ਧੂੜ ਹਾਂ।
ਹੇ ਭਾਈ! ਪ੍ਰਭੂ ਦਾ ਦਰਸਨ ਕਰਦਿਆਂ ਮੇਰੇ ਅੰਦਰ ਜਿੰਦ ਪੈ ਜਾਂਦੀ ਹੈ, ਮੈਂ ਸ਼ਾਂਤ-ਚਿੱਤ ਹੋ ਜਾਂਦੀ ਹਾਂ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।
ਜਗਤ ਦੇ ਸ਼ੁਰੂ ਵਿਚ ਉਹੀ ਸੀ, ਜਗਤ ਦੇ ਅਖ਼ੀਰ ਵਿਚ ਉਹੀ ਹੋਵੇਗਾ, ਹੁਣ ਇਸ ਵੇਲੇ ਭੀ ਉਹੀ ਹੈ। ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਉਹੀ ਵੱਸਦਾ ਹੈ।
ਹੇ ਭਾਈ! ਉਸ ਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ ਸੰਸਾਰ-ਸਮੁੰਦਰ ਤਰਿਆ ਜਾ ਸਕਦਾ ਹੈ, ਅਨੇਕਾਂ ਹੀ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘਦੇ ਆ ਰਹੇ ਹਨ।
ਹੇ ਨਾਨਕ! (ਆਖ-) ਹੇ ਪੂਰਨ ਪਰਮੇਸਰ! ਮੈਂ ਤੇਰੀ ਸਰਨ ਆਇਆ ਹਾਂ, ਤੇਰੀ ਹਸਤੀ ਦਾ ਅੰਤ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ਹੈ ॥੨॥
ਹੇ ਭਾਈ! ਪ੍ਰੀਤਮ ਹਰੀ (ਅਸਾਂ ਜੀਵਾਂ ਦੀ) ਜਿੰਦ ਦਾ ਆਸਰਾ ਹੈ, ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਉਸ ਦੀ ਯਾਦ ਨਹੀਂ ਛੱਡਾਂਗਾ।
ਗੁਰੂ ਨੇ (ਮੈਨੂੰ) ਅਪਹੁੰਚ ਪਰਮਾਤਮਾ (ਨਾਲ ਮਿਲਾਪ) ਬਾਰੇ ਇਹ ਅਟੱਲ ਵਿਚਾਰ ਦੀ ਗੱਲ ਦੱਸੀ ਹੈ।
ਹੇ ਭਾਈ! ਗੁਰੂ ਨੂੰ ਮਿਲ ਕੇ (ਜਦੋਂ ਗੁਰੂ ਦੀ ਰਾਹੀਂ ਨਾਮ ਦਾਤਿ) ਮਿਲਦੀ ਹੈ, ਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ, (ਜਿਹੜਾ ਮਨੁੱਖ ਨਾਮ ਜਪਦਾ ਹੈ, ਉਸ ਦੇ) ਜਨਮ ਤੋਂ ਮਰਨ ਤਕ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ।
(ਉਸ ਦੇ ਅੰਦਰ) ਆਤਮਕ ਅਡੋਲਤਾ ਦੇ ਅਨੇਕਾਂ ਸੁਖ ਆਨੰਦ ਪੈਦਾ ਹੋ ਜਾਂਦੇ ਹਨ, (ਉਸ ਦੇ ਅੰਦਰੋਂ) ਹਉਮੈ ਦੀ ਗੰਢ ਨਾਸ ਹੋ ਜਾਂਦੀ ਹੈ।