(ਤਿਆਗੀ ਦਾ) ਜੋਗ (-ਸਾਧਨ) ਤੇ ਗ੍ਰਿਹਸਤੀ ਦਾ ਮਾਇਆ ਦਾ ਭੋਗ ਭਗਤ ਜਨ ਵਾਸਤੇ ਪ੍ਰਭੂ ਦਾ ਨਾਮ (ਹੀ) ਹੈ,
ਪ੍ਰਭੂ ਦਾ ਨਾਮ ਜਪਦਿਆਂ (ਉਸ ਨੂੰ) ਕੋਈ ਦੁੱਖ ਕਲੇਸ਼ ਨਹੀਂ ਹੁੰਦਾ।
(ਪ੍ਰਭੂ ਦਾ) ਭਗਤ (ਸਦਾ) ਪ੍ਰਭੂ ਦੇ ਨਾਮ ਦੀ ਸੇਵਾ (ਸਿਮਰਨ) ਵਿਚ ਮਸਤ ਰਹਿੰਦਾ ਹੈ;
ਹੇ ਨਾਨਕ! (ਭਗਤ ਸਦਾ) ਪ੍ਰਭੂ-ਦੇਵ ਨੂੰ ਪੂਜਦਾ ਹੈ ॥੬॥
ਪ੍ਰਭੂ ਦਾ ਨਾਮ ਭਗਤ ਦੇ ਵਾਸਤੇ ਮਾਲ ਧਨ ਹੈ,
ਇਹ ਨਾਮ-ਰੂਪੀ ਧਨ ਪ੍ਰਭੂ ਨੇ ਆਪ ਆਪਣੇ ਭਗਤ ਨੂੰ ਦਿੱਤਾ ਹੈ।
ਭਗਤ ਵਾਸਤੇ ਪ੍ਰਭੂ ਦਾ ਨਾਮ (ਹੀ) ਤਕੜਾ ਆਸਰਾ ਹੈ,
ਭਗਤਾਂ ਨੇ ਪ੍ਰਭੂ ਦੇ ਪ੍ਰਤਾਪ ਨਾਲ ਕਿਸੇ ਹੋਰ ਆਸਰੇ ਨੂੰ ਨਹੀਂ ਤੱਕਿਆ।
ਭਗਤ ਜਨ ਪ੍ਰਭੂ-ਨਾਮ-ਰਸ ਵਿਚ ਪੂਰੇ ਤੌਰ ਤੇ ਭਿੱਜੇ ਰਹਿੰਦੇ ਹਨ,
(ਅਤੇ) ਨਾਮ-ਰਸ ਦੇ ਮੱਤੇ ਹੋਏ (ਮਨ ਦਾ ਉਹ) ਟਿਕਾਉ (ਮਾਣਦੇ ਹਨ) ਜਿਥੇ ਕੋਈ ਫੁਰਨਾ ਨਹੀਂ ਹੁੰਦਾ।
(ਪ੍ਰਭੂ ਦਾ) ਭਗਤ ਅੱਠੇ ਪਹਰ ਪ੍ਰਭੂ ਨੂੰ ਜਪਦਾ ਹੈ,
(ਜਗਤ ਵਿਚ) ਭਗਤ ਉੱਘਾ (ਹੋ ਜਾਂਦਾ ਹੈ) ਲੁਕਿਆ ਨਹੀਂ ਰਹਿੰਦਾ।
ਪ੍ਰਭੂ ਦੀ ਭਗਤੀ ਬੇਅੰਤ ਜੀਵਾਂ ਨੂੰ (ਵਿਕਾਰਾਂ ਤੋਂ) ਖ਼ਲਾਸੀ ਦਿਵਾਉਂਦੀ ਹੈ;
ਹੇ ਨਾਨਕ! ਭਗਤ ਦੀ ਸੰਗਤਿ ਵਿਚ ਕਈ ਹੋਰ (ਭੀ) ਤਰ ਜਾਂਦੇ ਹਨ ॥੭॥
ਪ੍ਰਭੂ ਦਾ ਇਹ ਨਾਮ (ਹੀ) "ਪਾਰਜਾਤ" ਰੁੱਖ ਹੈ,
ਪ੍ਰਭੂ ਦੇ ਗੁਣ ਗਾਉਣੇ (ਹੀ ਇੱਛਾ-ਪੂਰਕ) "ਕਾਮਧੇਨ" ਹੈ।
ਪ੍ਰਭੂ ਦੀਆਂ (ਸਿਫ਼ਤ-ਸਾਲਾਹ ਦੀਆਂ) ਗੱਲਾਂ (ਹੋਰ) ਸਭ (ਗੱਲਾਂ) ਤੋਂ ਚੰਗੀਆਂ ਹਨ,
(ਕਿਉਂਕਿ ਪ੍ਰਭੂ ਦਾ) ਨਾਮ ਸੁਣਿਆਂ ਸਾਰੇ ਦੁਖ ਦਰਦ ਲਹਿ ਜਾਂਦੇ ਹਨ।
(ਪ੍ਰਭੂ ਦੇ) ਨਾਮ ਦੀ ਵਡਿਆਈ ਸੰਤਾਂ ਦੇ ਹਿਰਦੇ ਵਿਚ ਵੱਸਦੀ ਹੈ,
(ਅਤੇ) ਸੰਤਾਂ ਦੇ ਪ੍ਰਤਾਪ ਨਾਲ ਸਾਰਾ ਪਾਪ ਦੂਰ ਹੋ ਜਾਂਦਾ ਹੈ।
ਵੱਡੇ ਭਾਗਾਂ ਨਾਲ ਸੰਤਾਂ ਦੀ ਸੰਗਤਿ ਮਿਲਦੀ ਹੈ,
(ਅਤੇ) ਸੰਤਾਂ ਦੀ ਸੇਵਾ (ਕੀਤਿਆਂ) (ਪ੍ਰਭੂ ਦਾ) ਨਾਮ ਸਿਮਰੀਦਾ ਹੈ।
ਪ੍ਰਭੂ-ਨਾਮ ਦੇ ਬਰਾਬਰ ਹੋਰ ਕੋਈ (ਪਦਾਰਥ) ਨਹੀਂ,
ਹੇ ਨਾਨਕ! ਗੁਰੂ ਦੇ ਸਨਮੁਖ ਹੋ ਕੇ ਕੋਈ ਵਿਰਲਾ ਮਨੁੱਖ ਨਾਮ (ਦੀ ਦਾਤਿ) ਲੱਭਦਾ ਹੈ ॥੮॥੨॥
ਬਹੁਤ ਸ਼ਾਸਤ੍ਰ ਤੇ ਬਹੁ ਸਿੰਮ੍ਰਿਤੀਆਂ, ਸਾਰੇ (ਅਸਾਂ) ਖੋਜ ਕੇ ਵੇਖੇ ਹਨ; (ਇਹ ਪੁਸਤਕ ਕਈ ਤਰ੍ਹਾਂ ਦੀ ਗਿਆਨ-ਚਰਚਾ ਤੇ ਕਈ ਧਾਰਮਿਕ ਤੇ ਭਾਈਚਾਰਕ ਰਸਮਾਂ ਸਿਖਾਉਂਦੇ ਹਨ)
(ਪਰ ਇਹ) ਅਕਾਲ ਪੁਰਖ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ। ਹੇ ਨਾਨਕ! (ਪ੍ਰਭੂ ਦੇ) ਨਾਮ ਦਾ ਮੁੱਲ ਨਹੀਂ ਪਾਇਆ ਜਾ ਸਕਦਾ ॥੧॥
(ਜੇ ਕੋਈ) (ਵੇਦ-ਮੰਤ੍ਰਾਂ ਦੇ) ਜਾਪ ਕਰੇ, (ਸਰੀਰ ਨੂੰ ਧੂਣੀਆਂ ਨਾਲ) ਤਪਾਏ, (ਹੋਰ) ਕਈ ਗਿਆਨ (ਦੀਆਂ ਗੱਲਾਂ ਕਰੇ) ਤੇ (ਦੇਵਤਿਆਂ ਦੇ) ਧਿਆਨ ਧਰੇ,
ਛੇ ਸ਼ਾਸਤ੍ਰਾਂ ਤੇ ਸਿਮ੍ਰਿਤੀਆਂ ਦਾ ਉਪਦੇਸ਼ ਕਰੇ;
ਜੋਗ ਦੇ ਸਾਧਨ ਕਰੇ, ਕਰਮ ਕਾਂਡੀ ਧਰਮ ਦੀ ਕ੍ਰਿਆ ਕਰੇ,
(ਜਾਂ) ਸਾਰੇ (ਕੰਮ) ਛੱਡ ਕੇ ਜੰਗਲਾਂ ਵਿਚ ਭਉਂਦਾ ਫਿਰੇ;
ਅਨੇਕਾਂ ਕਿਸਮਾਂ ਦੇ ਬੜੇ ਜਤਨ ਕਰੇ,
ਪੁੰਨਦਾਨ ਕਰੇ ਤੇ ਬਹੁਤ ਸਾਰਾ ਘਿਉ ਹਵਨ ਕਰੇ,
ਆਪਣੇ ਸਰੀਰ ਨੂੰ ਰਤੀ ਰਤੀ ਕਰ ਕੇ ਕਟਾਵੇ ਤੇ ਅੱਗ ਵਿਚ ਸਾੜ ਦੇਵੇ,
ਕਈ ਕਿਸਮਾਂ ਦੇ ਵਰਤਾਂ ਦੇ ਬੰਧੇਜ ਕਰੇ;
(ਪਰ ਇਹ ਸਾਰੇ ਹੀ) ਪ੍ਰਭੂ ਦੇ ਨਾਮ ਦੀ ਵਿਚਾਰ ਦੇ ਬਰਾਬਰ ਨਹੀਂ ਹਨ,
(ਭਾਵੇਂ) ਹੇ ਨਾਨਕ! ਇਹ ਨਾਮ ਇਕ ਵਾਰੀ (ਭੀ) ਗੁਰੂ ਦੇ ਸਨਮੁਖ ਹੋ ਕੇ ਜਪਿਆ ਜਾਏ ॥੧॥
(ਜੇ ਕੋਈ ਮਨੁੱਖ) ਸਾਰੀ ਧਰਤੀ ਤੇ ਫਿਰੇ, ਲੰਮੀ ਉਮਰ ਤਕ ਜੀਊਂਦਾ ਰਹੇ,
(ਜਗਤ ਵਲੋਂ) ਬਹੁਤ ਉਪਰਾਮ ਹੋ ਕੇ ਵੱਡਾ ਤਪੀ ਬਣ ਜਾਏ;
ਅੱਗ ਵਿਚ (ਆਪਣੀ) ਜਿੰਦ ਹਵਨ ਕਰ ਦੇਵੇ;
ਸੋਨਾ, ਘੋੜੇ, ਵਧੀਆ ਘੋੜੇ ਤੇ ਜ਼ਿਮੀਂ ਦਾਨ ਕਰੇ;
ਨਿਉਲੀ ਕਰਮ ਤੇ ਹੋਰ ਬਹੁਤ ਸਾਰੇ (ਯੋਗ) ਆਸਨ ਕਰੇ,
ਜੈਨੀਆਂ ਦੇ ਰਸਤੇ (ਚੱਲ ਕੇ) ਬੜੇ ਕਠਿਨ ਸਾਧਨ ਤੇ ਸੰਜਮ ਕਰੇ;
ਸਰੀਰ ਨੂੰ ਰਤਾ ਰਤਾ ਕਰ ਕੇ ਕਟਾ ਦੇਵੇ,
ਤਾਂ ਭੀ (ਮਨ ਦੀ) ਹਉਮੈ ਦੀ ਮੈਲ ਦੂਰ ਨਹੀਂ ਹੁੰਦੀ।
(ਅਜੇਹਾ) ਕੋਈ (ਉੱਦਮ) ਪ੍ਰਭੂ ਦੇ ਨਾਮ ਦੇ ਬਰਾਬਰ ਨਹੀਂ ਹੈ;
ਹੇ ਨਾਨਕ! ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਨਾਮ ਜਪਦੇ ਹਨ ਉਹ ਉੱਚੀ ਆਤਮਕ ਅਵਸਥਾ ਹਾਸਲ ਕਰਦੇ ਹਨ ॥੨॥
(ਕਈ ਪ੍ਰਾਣੀਆਂ ਦੇ) ਮਨ ਦੀ ਇੱਛਾ (ਹੁੰਦੀ ਹੈ ਕਿ) ਤੀਰਥਾਂ ਤੇ (ਜਾ ਕੇ) ਸਰੀਰਕ ਚੋਲਾ ਛੱਡਿਆ ਜਾਏ,
(ਪਰ ਇਸ ਤਰ੍ਹਾਂ ਭੀ) ਹਉਮੈ ਅਹੰਕਾਰ ਮਨ ਵਿਚੋਂ ਘਟਦਾ ਨਹੀਂ।
(ਮਨੁੱਖ) ਦਿਨ ਤੇ ਰਾਤ (ਭਾਵ, ਸਦਾ) (ਤੀਰਥਾਂ ਤੇ) ਇਸ਼ਨਾਨ ਕਰੇ,
(ਫੇਰ ਭੀ) ਮਨ ਦੀ ਮੈਲ ਸਰੀਰ ਧੋਤਿਆਂ ਨਹੀਂ ਜਾਂਦੀ।
(ਜੇ) ਇਸ ਸਰੀਰ ਨੂੰ (ਸਾਧਨ ਦੀ ਖ਼ਾਤਰ) ਕਈ ਜਤਨ ਭੀ ਕਰੇ,
(ਤਾਂ ਭੀ) ਕਦੇ ਮਨ ਤੋਂ ਮਾਇਆ (ਦਾ ਪ੍ਰਭਾਵ) ਨਹੀਂ ਟਲਦਾ।
(ਜੇ) ਇਸ ਨਾਸਵੰਤ ਸਰੀਰ ਨੂੰ ਕਈ ਵਾਰ ਪਾਣੀ ਨਾਲ ਭੀ ਧੋਵੇ,
(ਤਾਂ ਭੀ ਇਹ ਸਰੀਰ ਰੂਪੀ) ਕੱਚੀ ਕੰਧ ਕਿਥੇ ਪਵਿਤ੍ਰ ਹੋ ਸਕਦੀ ਹੈ?
ਹੇ ਮਨ! ਪ੍ਰਭੂ ਦੇ ਨਾਮ ਦੀ ਵਡਿਆਈ ਬਹੁਤ ਵੱਡੀ ਹੈ।
ਹੇ ਨਾਨਕ! ਨਾਮ ਦੀ ਬਰਕਤਿ ਨਾਲ ਅਣਗਿਣਤ ਮੰਦ-ਕਰਮੀ ਜੀਵ (ਵਿਕਾਰਾਂ ਤੋਂ) ਬਚ ਜਾਂਦੇ ਹਨ ॥੩॥
(ਜੀਵ ਦੀ) ਬਹੁਤੀ ਚਤੁਰਾਈ (ਦੇ ਕਾਰਣ) ਜਮਾਂ ਦਾ ਡਰ (ਜੀਵ ਨੂੰ) ਆ ਦਬਾਂਦਾ ਹੈ,