ਪ੍ਰਬਲ ਮਾਇਆ ਸਾਰੀ ਧਰਤੀ ਉੱਤੇ ਆਪਣਾ ਜ਼ੋਰ ਪਾ ਰਹੀ ਹੈ,
ਕੋਈ ਹੋਰ ਮਨੁੱਖ (ਇਸ ਤੋਂ ਬਚਣ ਦਾ) ਭੇਤ ਨਹੀਂ ਜਾਣਦਾ। (ਇਹ ਭੇਤ) ਗੁਰੂ ਦੀ ਕਿਰਪਾ ਨਾਲ ਲੱਭਦਾ ਹੈ ॥੧॥ ਰਹਾਉ ॥
ਇਹ ਪ੍ਰ੍ਰਬਲ ਮਾਇਆ ਸਦਾ ਤੋਂ ਸਾਰੇ ਥਾਂ ਜਿੱਤਦੀ ਆ ਰਹੀ ਹੈ, ਇਹ ਸਾਰੇ ਭਵਨਾਂ (ਦੇ ਜੀਵਾਂ) ਨੂੰ ਚੰਬੜੀ ਹੋਈ ਹੈ।
ਨਾਨਕ ਆਖਦਾ ਹੈ- ਇਹ ਪ੍ਰਬਲ ਮਾਇਆ ਗੁਰੂ ਪਾਸੋਂ ਪਰੇ ਭੱਜੀ ਹੈ, (ਗੁਰੂ ਦੀ) ਦਾਸੀ ਬਣ ਕੇ (ਗੁਰੂ ਦੇ) ਚਰਨ ਫੜਦੀ ਹੈ ॥੨॥੫॥੧੪॥
ਮੈਂ (ਆਪਣੇ ਮਾਲਕ-ਪ੍ਰਭੂ ਦੇ ਅੱਗੇ) ਦੋਵੇਂ ਹਥ ਜੋੜ ਕੇ ਅਰਜ਼ੋਈ ਕਰਦਾ ਰਹਿੰਦਾ ਹਾਂ।
ਉਸ ਮਾਲਕ ਪਰਮੇਸਰ ਪ੍ਰਭੂ ਨੇ ਸਾਡੀ ਹੱਥ ਦੇ ਕੇ ਰਾਖੀ ਕੀਤੀ ਹੈ ਤੇ ਸਾਰੇ ਕਸ਼ਟ ਤੇ ਪਾਪ ਨਵਿਰਤ ਕਰ ਦਿਤੇ ਹਨ ॥੧॥
ਜਿਨ੍ਹਾਂ ਜੀਵਾਂ ਉਤੇ ਪ੍ਰਭੂ ਜੀ ਆਪ ਦਇਆਵਾਨ ਹੁੰਦੇ ਹਨ,
ਉਹਨਾਂ ਦੇ ਅੰਦਰ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ, ਗੋਪਾਲ-ਪ੍ਰਭੂ ਦੇ (ਦਰ ਤੇ ਆਏ ਹੋਏ ਉਹ ਜੀਵ-) ਬੱਚੇ (ਸੰਸਾਰ-ਸਮੁੰਦਰ ਵਿਚ ਡੁੱਬਣ ਤੋਂ) ਬਚ ਗਏ (ਪ੍ਰਭੂ ਦੇ ਦਇਆਲ ਹੋਇਆਂ) ਆਨੰਦ-ਭਰਪੂਰ ਹੋ ਜਾਈਦਾ ਹੈ ॥੧॥ ਰਹਾਉ ॥
ਪ੍ਰਭੂ-ਪਤੀ ਨੂੰ ਮਿਲ ਕੇ ਮੇਰੇ ਗਿਆਨ-ਇੰਦ੍ਰਿਆਂ ਨੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ ਹੈ, ਮਾਲਕ-ਪ੍ਰਭੂ ਦਾ ਜੈ-ਜੈਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ।
ਨਾਨਕ ਆਖਦਾ ਹੈ- (ਇਹ ਸਾਰੀ ਬਰਕਤਿ ਗੁਰੂ ਦੀ ਹੀ ਹੈ) ਮੈਂ ਉਸ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਜਿਸ ਨੇ (ਸਰਨ ਆਏ) ਸਭ ਜੀਵਾਂ ਦਾ ਪਾਰ-ਉਤਾਰਾ ਕਰ ਦਿੱਤਾ ਹੈ ॥੨॥੬॥੧੫॥
ਮਾਂ, ਪਿਉ, ਭਰਾ, ਪੁੱਤਰ, ਰਿਸ਼ਤੇਦਾਰ-ਇਹਨਾਂ ਦਾ ਆਸਰਾ ਕਮਜ਼ੋਰ ਆਸਰਾ ਹੈ।
ਮੈਂ ਮਾਇਆ ਦੇ ਭੀ ਅਨੇਕਾਂ ਰੰਗ-ਤਮਾਸ਼ੇ ਵੇਖ ਲਏ ਹਨ (ਇਹਨਾਂ ਵਿਚੋਂ ਭੀ) ਕੁਝ ਰਤਾ ਭਰ ਭੀ (ਜੀਵ ਦੇ) ਨਾਲ ਨਹੀਂ ਜਾਂਦਾ ॥੧॥
ਹੇ ਮਾਲਕ ਪ੍ਰਭੂ! ਤੈਥੋਂ ਬਿਨਾ ਮੇਰਾ (ਹੋਰ ਕੋਈ ਆਸਰਾ) ਨਹੀਂ ਹੈ।
ਮੈਂ ਨਿਆਸਰੇ ਗੁਣ-ਹੀਨ ਵਿਚ ਕੋਈ ਗੁਣ ਨਹੀਂ ਹੈ। ਮੈਂ ਤੇਰਾ ਹੀ ਆਸਰਾ ਤੱਕਿਆ ਹੈ ॥੧॥ ਰਹਾਉ ॥
ਹੇ ਪ੍ਰਭੂ! ਮੈਂ ਤੇਰੇ ਚਰਨਾਂ ਤੋਂ ਕੁਰਬਾਨ ਕੁਰਬਾਨ ਕੁਰਬਾਨ ਜਾਂਦਾ ਹਾਂ। ਇਸ ਲੋਕ ਤੇ ਪਰਲੋਕ ਵਿਚ ਮੈਨੂੰ ਤੇਰਾ ਹੀ ਸਹਾਰਾ ਹੈ।
ਹੇ ਨਾਨਕ! (ਆਖ-ਜਿਸ ਮਨੁੱਖ ਨੇ) ਸਾਧ ਸੰਗਤਿ ਵਿਚ ਟਿਕ ਕੇ ਪ੍ਰਭੂ ਦਾ ਦਰਸ਼ਨ ਕਰ ਲਿਆ, ਉਸ ਦੀ ਮੁਥਾਜੀ ਖ਼ਤਮ ਹੋ ਗਈ ॥੨॥੭॥੧੬॥
ਹੇ ਮਿੱਤਰ! (ਗੁਰੂ ਸਰਨ ਆਏ ਮਨੁੱਖ ਪਾਸੋਂ) ਘਰ ਦੇ ਜੰਜਾਲ, ਭਟਕਣਾ, ਮੋਹ ਛਡਾ ਦੇਂਦਾ ਹੈ, ਤੇ ਪਰਮਾਤਮਾ ਨਾਲ ਉਸ ਦਾ ਪਿਆਰ ਬਣਾ ਦੇਂਦਾ ਹੈ।
(ਸਰਨ ਆਏ ਮਨੁੱਖ ਦੇ) ਮਨ ਨੂੰ ਇਹ ਸਿੱਖਿਆ ਪੱਕੀ ਕਰ ਕੇ ਦੇਂਦਾ ਹੈ ਕਿ ਸਦਾ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦਾ ਰਹੁ ॥੧॥
ਹੇ ਮਿੱਤਰ! ਗੁਰੂ ਇਹੋ ਜਿਹਾ ਮਦਦਗਾਰ ਹੈ,
ਕਿ ਜਿਸ ਮਨੁੱਖ ਨੂੰ (ਗੁਰੂ) ਮਿਲ ਪੈਂਦਾ ਹੈ, ਉਸ ਦੇ ਮਾਇਆ ਦੇ ਬੰਧਨ ਟੁੱਟ ਜਾਂਦੇ ਹਨ, ਉਸ ਨੂੰ ਪਰਮਾਤਮਾ ਕਦੇ ਭੁੱਲਦਾ ਨਹੀਂ ॥੧॥ ਰਹਾਉ ॥
ਅਨੇਕਾਂ, ਤੇ ਕਈ ਕਿਸਮ ਦੀਆਂ ਸੋਚਾਂ ਵਿਚਾਰਾਂ ਕਰਦਿਆਂ ਕਰਦਿਆਂ ਆਖ਼ਰ ਮੈਂ ਚੰਗਾ ਨਿਸ਼ਚਾ ਦਿਲ ਵਿਚ ਟਿਕਾ ਲਿਆ ਹੈ,
ਕਿ ਜੇਹੜਾ ਮਨੁੱਖ ਗੁਰੂ ਨੂੰ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ, ਹੇ ਨਾਨਕ! (ਆਖ-) ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੨॥੮॥੧੭॥
ਪਰਮਾਤਮਾ (ਸੰਸਾਰਕ ਪਦਾਰਥਾਂ ਨੂੰ) ਖਿਨ ਵਿਚ ਪੈਦਾ ਕਰ ਕੇ ਖਿਨ ਵਿਚ ਹੀ ਨਾਸ ਕਰਨ ਦੀ ਸਮਰੱਥਾ ਰੱਖਣ ਵਾਲਾ ਹੈ, ਉਸ ਪਰਮਾਤਮਾ ਦੇ ਬਰਾਬਰ ਦੀ ਕਦਰ ਵਾਲਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ।
ਪਰਮਾਤਮਾ ਰਾਜੇ ਨੂੰ ਇਕ ਖਿਨ ਵਿਚ ਕੰਗਾਲ ਬਣਾ ਦੇਂਦਾ ਹੈ ਅਤੇ ਨੀਵਾਂ ਅਖਵਾਣ ਵਾਲੇ ਦੇ ਅੰਦਰ ਆਪਣੀ ਜੋਤਿ ਦਾ ਪ੍ਰਕਾਸ਼ ਕਰ ਦੇਂਦਾ ਹੈ (ਜਿਸ ਕਰਕੇ ਉਹ ਰਾਜਿਆਂ ਵਾਲਾ ਆਦਰ-ਮਾਣ ਪ੍ਰਾਪਤ ਕਰ ਲੈਂਦਾ ਹੈ) ॥੧॥
ਆਪਣੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਹੀ ਧਿਆਨ ਧਰੀ ਰੱਖਣਾ ਚਾਹੀਦਾ ਹੈ।
(ਸੰਸਾਰ ਦੀ) ਉਸ ਚੀਜ਼ ਦਾ ਕੀਹ ਚਿੰਤਾ-ਫ਼ਿਕਰ ਕਰਨਾ ਹੋਇਆ, ਜੇਹੜੀ ਛੇਤੀ ਹੀ ਨਾਸ ਹੋ ਜਾਣ ਵਾਲੀ ਹੈ? ॥੧॥ ਰਹਾਉ ॥
ਹੇ ਮੇਰੇ ਸਤਿਗੁਰੂ-ਪ੍ਰਭੂ! ਮੈਨੂੰ ਤੇਰਾ ਹੀ ਆਸਰਾ ਹੈ, ਮੇਰਾ ਮਨ ਤੇਰੀ ਸਰਨ ਆ ਪਿਆ ਹੈ।
ਹੇ ਪ੍ਰਭੂ! ਅਸੀਂ ਤੇਰੇ ਬੇ-ਸਮਝ ਅੰਞਾਣ ਬੱਚੇ ਹਾਂ, ਹੇ ਨਾਨਕ! (ਆਖ-) ਤੂੰ ਆਪਣਾ ਹੱਥ (ਸਾਡੇ ਸਿਰ ਉੱਤੇ) ਧਰ ਕੇ (ਸਾਨੂੰ ਸੰਸਾਰਕ ਪਦਾਰਥਾਂ ਦੇ ਮੋਹ ਤੋਂ) ਬਚਾ ਲੈ ॥੨॥੯॥੧੮॥
ਹੇ ਪ੍ਰਭੂ! ਤੂੰ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ (ਮੇਹਰ ਕਰ) ਮੇਰੇ ਮਨ ਵਿਚ (ਸਦਾ) ਵੱਸਿਆ ਰਹੁ।
(ਹੇ ਪ੍ਰਭੂ!) ਤੇਰੇ ਸੋਹਣੇ ਕੋਮਲ ਚਰਨ ਜਿਸ ਹਿਰਦੇ ਵਿਚ ਟਿਕੇ ਰਹਿੰਦੇ ਹਨ, ਉਸ ਵਿਚ ਭਟਕਣਾ ਨਹੀਂ ਰਹਿੰਦੀ, ਉਸ ਵਿਚ ਮਾਇਆ ਦੇ ਮੋਹ ਦਾ ਹਨੇਰਾ ਨਹੀਂ ਰਹਿੰਦਾ ॥੧॥
ਹੇ ਮੇਰੇ ਮਾਲਕ! ਮੈਂ ਜਦੋਂ (ਜਿੱਥੇ) ਤੈਨੂੰ ਯਾਦ ਕਰਦਾ ਹਾਂ ਤੂੰ ਉੱਥੇ ਹੀ (ਆ ਪਹੁੰਚਦਾ ਹੈਂ)।
ਹੇ ਸਭ ਜੀਵਾਂ ਦੀ ਪਾਲਣਾ ਕਰਨ ਵਾਲੇ! (ਮੇਰੇ ਉਤੇ) ਮੇਹਰ ਕਰ, ਮੈਂ ਸਦਾ ਤੇਰੀ ਹੀ ਸਿਫ਼ਤਿ-ਸਾਲਾਹ ਕਰਦਾ ਰਹਾਂ ॥੧॥ ਰਹਾਉ ॥
ਹੇ ਪ੍ਰਭੂ! (ਮੇਹਰ ਕਰ) ਮੈਂ ਹਰੇਕ ਸਾਹ ਦੇ ਨਾਲ ਤੇਰਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਰੱਖਾਂ, ਮੈਂ ਸਦਾ ਤੇਰੇ ਹੀ ਮਿਲਾਪ ਦੀ ਤਾਂਘ ਕਰਦਾ ਰਹਾਂ।
ਹੇ ਨਾਨਕ! (ਜਿਸ ਮਨੁੱਖ ਦੇ ਹਿਰਦੇ ਵਿਚ) ਕਰਤਾਰ ਦਾ ਸਹਾਰਾ ਬਣ ਗਿਆ, ਉਸ ਨੇ ਹੋਰ ਬਿਗਾਨੀ ਆਸ ਦੂਰ ਕਰ ਦਿੱਤੀ ॥੨॥੧੦॥੧੯॥