(ਪਰਮਾਤਮਾ ਦਾ) ਭਗਤ ਪ੍ਰਹਲਾਦ (ਨਰਸਿੰਘ ਦੀ) ਚਰਨੀਂ ਆ ਲੱਗਾ ॥੧੧॥
ਗੁਰੂ ਨੇ (ਜਿਸ ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦਾ ਨਾਮ ਖ਼ਜ਼ਾਨਾ ਪੱਕਾ ਕਰ ਦਿੱਤਾ,
(ਉਸ ਨੂੰ ਦਿੱਸ ਪੈਂਦਾ ਹੈ ਕਿ) ਦੁਨੀਆ ਦਾ ਰਾਜ ਮਾਲ ਤੇ ਸਾਰੀ ਮਾਇਆ-ਇਹ ਸਭ ਕੁਝ ਨਾਸਵੰਤ ਹੈ।
ਪਰ ਲਾਲਚੀ ਬੰਦੇ ਸਦਾ ਇਸ ਨਾਲ ਹੀ ਚੰਬੜੇ ਰਹਿੰਦੇ ਹਨ।
ਪਰਮਾਤਮਾ ਦੇ ਨਾਮ ਤੋਂ ਬਿਨਾ (ਉਹਨਾਂ ਨੂੰ) ਪਰਮਾਤਮਾ ਦੀ ਹਜ਼ੂਰੀ ਵਿਚ ਸਜ਼ਾ ਮਿਲਦੀ ਹੈ ॥੧੨॥
ਨਾਨਕ ਆਖਦਾ ਹੈ ਕਿ (ਜੀਵਾਂ ਦੇ ਭੀ ਕੀਹ ਵੱਸ?) ਹਰੇਕ ਜੀਵ ਪਰਮਾਤਮਾ ਦਾ ਪ੍ਰੇਰਿਆ ਹੋਇਆ ਹੀ ਕਰਦਾ ਹੈ।
ਜਿਨ੍ਹਾਂ ਨੇ (ਇਥੇ) ਪਰਮਾਤਮਾ (ਦੇ ਨਾਮ) ਨਾਲ ਚਿੱਤ ਜੋੜਿਆ, ਉਹ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੋ ਗਏ।
ਧੁਰ ਤੋਂ ਹੀ ਪਰਮਾਤਮਾ ਆਪਣੇ ਭਗਤਾਂ ਦਾ ਪੱਖ ਕਰਦਾ ਆ ਰਿਹਾ ਹੈ।
ਕਰਤਾਰ ਨੇ (ਸਦਾ ਹੀ ਆਪਣੇ ਭਗਤਾਂ ਨੂੰ) ਆਪਣਾ ਦਰਸਨ ਦਿੱਤਾ ਹੈ (ਤੇ ਉਹਨਾਂ ਦੀ ਸਹਾਇਤਾ ਕੀਤੀ ਹੈ) ॥੧੩॥੧॥੨॥
ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਫਲ ਪ੍ਰਾਪਤ ਕਰ ਲਿਆ, ਉਸ ਨੇ (ਆਪਣੇ ਅੰਦਰੋਂ) ਹਉਮੈ ਅਤੇ ਤ੍ਰਿਸ਼ਨਾ (ਦੀ ਅੱਗ) ਬੁਝਾ ਲਈ।
ਪਰਮਾਤਮਾ ਦਾ ਨਾਮ ਉਸ ਦੇ ਹਿਰਦੇ ਵਿਚ ਉਸ ਦੇ ਮਨ ਵਿਚ ਵੱਸ ਪਿਆ, ਉਸ ਦੇ ਮਨ ਦਾ (ਮਾਇਕ) ਫੁਰਨਾ ਮਨ ਵਿਚ ਹੀ ਲੀਨ ਹੋ ਗਿਆ ॥੧॥
ਹੇ ਮੇਰੇ ਪਿਆਰੇ ਪ੍ਰਭੂ ਜੀ! (ਮੈਂ ਗਰੀਬ ਉਤੇ) ਮਿਹਰ ਕਰ।
(ਤੇਰੇ ਦਰ ਦਾ) ਗਰੀਬ ਸੇਵਕ (ਤੈਥੋਂ) ਹਰ ਵੇਲੇ ਤੇਰੇ ਗੁਣ (ਗਾਣ ਦੀ ਦਾਤਿ) ਮੰਗਦਾ ਹੈ। ਹੇ ਪ੍ਰਭੂ! ਮੈਨੂੰ ਗੁਰੂ ਦੇ ਸ਼ਬਦ ਦੀ ਰਾਹੀਂ (ਵਿਕਾਰਾਂ ਤੋਂ) ਬਚਾਈ ਰੱਖ ॥੧॥ ਰਹਾਉ ॥
ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਵਲ ਜਮਰਾਜ (ਭੀ) ਤੱਕ ਨਹੀਂ ਸਕਦਾ, (ਦੁਨੀਆ ਦੇ) ਦੁੱਖਾਂ ਦਾ ਰਤਾ ਭਰ ਭੀ ਸੇਕ (ਉਹਨਾਂ ਨੂੰ) ਲਾ ਨਹੀਂ ਸਕਦਾ।
ਹੇ ਪ੍ਰਭੂ! ਜਿਹੜੇ ਮਨੁੱਖ ਤੇਰੀ ਸਰਨ ਆ ਪੈਂਦੇ ਹਨ, ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ, ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦੇ ਹਨ ॥੨॥
ਹੇ ਪ੍ਰਭੂ! ਆਪਣੇ ਭਗਤਾਂ ਦੀ (ਲੋਕ ਪਰਲੋਕ ਵਿਚ) ਇੱਜ਼ਤ ਤੂੰ ਆਪ ਹੀ ਰੱਖਦਾ ਹੈਂ, ਇਹ ਤੇਰੀ ਬਜ਼ੁਰਗੀ ਹੈ।
ਤੂੰ ਉਹਨਾਂ ਦੇ (ਪਿਛਲੇ) ਅਨੇਕਾਂ ਹੀ ਜਨਮਾਂ ਦੇ ਪਾਪ ਤੇ ਦੁੱਖ ਕੱਟ ਦੇਂਦਾ ਹੈਂ, ਉਹਨਾਂ ਦੇ ਅੰਦਰ ਰਤਾ ਭਰ ਰਾਈ ਭਰ ਭੀ ਮੇਰ-ਤੇਰ ਨਹੀਂ ਰਹਿ ਜਾਂਦੀ ॥੩॥
ਅਸੀਂ (ਜੀਵ) ਮੂਰਖ ਹਾਂ ਅੰਞਾਣ ਹਾਂ, ਅਸੀਂ (ਆਤਮਕ ਜੀਵਨ ਦਾ ਸਹੀ ਰਸਤਾ) (ਰਤਾ ਭੀ) ਨਹੀਂ ਸਮਝਦੇ, ਤੂੰ ਆਪ ਹੀ (ਸਾਨੂੰ ਇਹ) ਸਮਝ ਦੇਂਦਾ ਹੈਂ।
ਹੇ ਪ੍ਰਭੂ! ਜਿਹੜਾ ਕੰਮ ਤੈਨੂੰ ਚੰਗਾ ਲੱਗਦਾ ਹੈ, ਉਹੀ (ਹਰੇਕ ਜੀਵ) ਕਰਦਾ ਹੈ, (ਉਸ ਤੋਂ ਉਲਟ) ਹੋਰ ਕੋਈ ਕੰਮ ਨਹੀਂ ਕੀਤਾ ਜਾ ਸਕਦਾ ॥੪॥
ਹੇ ਪ੍ਰਭੂ! (ਤੂੰ ਆਪ ਹੀ) ਜਗਤ ਨੂੰ ਪੈਦਾ ਕਰ ਕੇ (ਤੂੰ ਆਪ ਹੀ ਇਸ ਨੂੰ ਮਾਇਆ ਦੇ) ਧੰਧੇ ਵਿਚ ਲਾ ਰੱਖਿਆ ਹੈ, (ਤੇਰੀ ਪ੍ਰੇਰਨਾ ਨਾਲ ਹੀ ਜਗਤ ਮਾਇਆ ਦੇ ਮੋਹ ਦੀ) ਭੈੜੀ ਕਾਰ ਕਰ ਰਿਹਾ ਹੈ।
(ਮਾਇਆ ਦੇ ਮੋਹ ਵਿਚ ਫਸ ਕੇ ਜਗਤ ਨੇ) ਕੀਮਤੀ ਮਨੁੱਖਾ ਜਨਮ ਨੂੰ (ਜੁਆਰੀਏ ਵਾਂਗ) ਜੂਏ ਵਿਚ ਹਾਰ ਦਿੱਤਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ (ਜਗਤ ਨੇ) ਆਮਤਕ ਜੀਵਨ ਦੀ ਸੂਝ ਹਾਸਲ ਨਹੀਂ ਕੀਤੀ ॥੫॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਕ ਮੌਤ ਸਹੇੜ ਲੈਂਦੇ ਹਨ, ਉਹਨਾਂ ਨੂੰ ਆਤਮਕ ਜੀਵਨ ਦੀ ਰਤਾ ਭੀ ਸਮਝ ਨਹੀਂ ਪੈਂਦੀ। ਭੈੜੀ ਮੱਤ ਦਾ, ਆਤਮਕ ਜੀਵਨ ਵਲੋਂ ਬੇ-ਸਮਝੀ ਦਾ (ਉਹਨਾਂ ਦੇ ਅੰਦਰ) ਹਨੇਰਾ ਪਿਆ ਰਹਿੰਦਾ ਹੈ।
ਉਹ ਮਨੁੱਖ ਗੁਰੂ ਦੀ ਸਰਨ ਪੈਣ ਤੋਂ ਬਿਨਾ ਵਿਕਾਰਾਂ ਵਿਚ ਸਿਰ-ਪਰਨੇ ਡੁੱਬ ਕੇ ਆਤਮਕ ਮੌਤ ਸਹੇੜ ਲੈਂਦੇ ਹਨ, ਉਹ ਕਦੇ ਭੀ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦੇ ॥੬॥
ਜਿਹੜੇ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ ਉਹ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ। ਪ੍ਰਭੂ ਨੇ ਆਪ ਹੀ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੁੰਦਾ ਹੈ।
ਗੁਰੂ ਦੇ ਸ਼ਬਦ ਦੀ ਰਾਹੀਂ ਉਹਨਾਂ ਨੇ ਗੁਰੂ ਦੇ ਆਤਮ-ਤਰੰਗ ਨਾਲ ਸਾਂਝ ਪਾ ਲਈ ਹੁੰਦੀ ਹੈ। ਉਹ ਮਨੁੱਖ ਸਦਾ-ਥਿਰ ਪ੍ਰਭੂ ਵਿਚ ਸੁਰਤ ਜੋੜੀ ਰੱਖਦੇ ਹਨ ॥੭॥
ਹੇ ਪ੍ਰਭੂ! ਤੂੰ ਆਪ ਪਵਿੱਤਰ ਸਰੂਪ ਹੈਂ। ਤੇਰੇ ਸੇਵਕ ਗੁਰੂ ਦੇ ਸ਼ਬਦ ਦੀ ਰਾਹੀਂ (ਤੇਰੇ ਗੁਣਾਂ ਦਾ) ਵਿਚਾਰ ਕਰ ਕੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ।
ਨਾਨਕ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਜਾਂਦਾ ਹੈ, ਜਿਹੜੇ ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾਈ ਰੱਖਦੇ ਹਨ ॥੮॥੨॥੩॥
ਰਾਗ ਭੈਰਉ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ ਉਹੀ (ਸਭ ਰਾਜਿਆਂ ਤੋਂ) ਵੱਡਾ ਰਾਜਾ ਹੈ।
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ ਉਸ ਮਨੁੱਖ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ ਉਸ ਨੇ (ਮਾਨੋ) ਕ੍ਰੋੜਾਂ ਕਿਸਮਾਂ ਦੇ ਧਨ ਪ੍ਰਾਪਤ ਕਰ ਲਏ।
ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ ॥੧॥
ਮੈਂ ਉਸ ਮਨੁੱਖ ਨੂੰ ਵਡਿਆਉਂਦਾ ਹਾਂ ਜਿਸ ਦੇ ਪਾਸ ਪਰਮਾਤਮਾ ਦਾ ਨਾਮ-ਧਨ ਸਰਮਾਇਆ ਹੈ।
ਜਿਸ ਮਨੁੱਖ ਦੇ ਮੱਥੇ ਉੱਤੇ ਗੁਰੂ ਦਾ ਹੱਥ ਟਿਕਿਆ ਹੋਇਆ ਹੋਵੇ, ਉਹ ਵੱਡੇ ਭਾਗਾਂ ਵਾਲਾ ਹੈ ॥੧॥ ਰਹਾਉ ॥
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ, ਉਹ (ਮਾਨੋ) ਕਈ ਕਿਲ੍ਹਿਆਂ ਤੇ ਫ਼ੌਜਾਂ (ਦਾ ਮਾਲਕ ਹੋ ਜਾਂਦਾ ਹੈ)
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ ਉਸ ਨੂੰ ਆਤਮਕ ਅਡੋਲਤਾ ਦੇ ਸਾਰੇ ਸੁਖ ਮਿਲ ਜਾਂਦੇ ਹਨ।