ਨਾਨਕ ਆਖਦਾ ਹੈ- ਉਹੀ ਮਨੁੱਖ ਸ੍ਰੇਸ਼ਟ ਹਨ ਜਿਹੜੇ ਤੇਰੇ ਮਨ ਨੂੰ ਚੰਗੇ ਲੱਗਦੇ ਹਨ ॥੧੬॥੧॥੮॥
ਹੇ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਭੂ! ਹੇ ਸਾਰੇ ਸੁਖ ਦੇਣ ਵਾਲੇ!
(ਮੇਰੇ ਉਤੇ) ਮਿਹਰਵਾਨ ਹੋ, ਮੈਂ ਤੇਰਾ ਨਾਮ ਸਿਮਰਦਾ ਰਹਾਂ।
ਪਰਮਾਤਮਾ ਦਾਤਾਂ ਦੇਣ ਵਾਲਾ ਹੈ, ਸਾਰੇ ਜੀਵ (ਉਸ ਦੇ ਦਰ ਦੇ) ਮੰਗਤੇ ਹਨ। (ਨਾਨਕ ਉਸ ਦਾ) ਦਾਸ ਮੰਗਤਾ ਬਣ ਕੇ (ਉਸ ਪਾਸੋਂ ਨਾਮ ਦੀ ਦਾਤਿ) ਮੰਗਦਾ ਹੈ ॥੧॥
(ਪ੍ਰਭੂ ਦੇ ਦਰ ਤੋਂ) ਮੈਂ (ਉਸ ਦੇ) ਸੇਵਕਾਂ ਦੀ ਚਰਨ-ਧੂੜ ਮੰਗਦਾ ਹਾਂ ਤਾ ਕਿ ਮੈਂ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਸਕਾਂ,
ਅਤੇ ਅਨੇਕਾਂ ਜਨਮਾਂ ਦੀ (ਵਿਕਾਰਾਂ ਦੀ) ਮੈਲ ਦੂਰ ਕਰ ਸਕਾਂ।
ਹਰਿ-ਨਾਮ ਦੀ ਦਵਾਈ ਨਾਲ ਵੱਡੇ-ਵੱਡੇ ਰੋਗ ਦੂਰ ਹੋ ਜਾਂਦੇ ਹਨ। ਮੈਂ ਭੀ (ਉਸ ਦੇ ਦਰ ਤੋਂ) ਮੰਗਦਾ ਹਾਂ ਕਿ ਉਸ ਦੇ ਪਵਿੱਤਰ ਨਾਮ ਵਿਚ (ਮੇਰਾ ਮਨ) ਰੰਗਿਆ ਰਹੇ ॥੨॥
ਹੇ ਸੁਆਮੀ! (ਮਿਹਰ ਕਰ) ਮੈਂ (ਆਪਣੇ) ਕੰਨਾਂ ਨਾਲ ਤੇਰਾ ਪਵਿੱਤਰ ਜਸ ਸੁਣਦਾ ਰਹਾਂ।
ਮੈਨੂੰ ਸਿਰਫ਼ ਤੇਰਾ ਹੀ ਆਸਰਾ ਹੈ, (ਮਿਹਰ ਕਰ) ਮੈਂ ਆਤਮਕ ਮੌਤ ਲਿਆਉਣ ਵਾਲੀ ਕਾਮ-ਵਾਸਨਾ ਤਿਆਗ ਦਿਆਂ,
ਮੈਂ ਨਿਊਂ ਨਿਊਂ ਕੇ ਤੇਰੇ ਸੇਵਕਾਂ ਦੀ ਚਰਨੀਂ ਲੱਗਦਾ ਰਹਾਂ। ਇਹ ਨੇਕ ਕਮਾਈ ਕਰਦਿਆਂ ਮੈਨੂੰ ਕਦੇ ਝਾਕਾ ਨਾਹ ਲੱਗੇ ॥੩॥
ਹੇ ਸੁਆਮੀ! ਹੇ ਹਰੀ! (ਮਿਹਰ ਕਰ) ਮੇਰੀ ਜੀਭ ਤੇਰੇ ਗੁਣ ਗਾਂਦੀ ਰਹੇ,
ਤੇ, ਮੇਰੇ (ਪਿਛਲੇ) ਕੀਤੇ ਹੋਏ ਔਗੁਣ ਮਿਟ ਜਾਣ।
(ਮਿਹਰ ਕਰ) ਤੇਰਾ ਨਾਮ ਸਿਮਰ ਸਿਮਰ ਕੇ (ਤੇ, ਸਿਮਰਨ ਦੀ ਬਰਕਤਿ ਨਾਲ) ਦੁਖੀ ਕਰਨ ਵਾਲੇ ਕਾਮਾਦਿਕ ਪੰਜ ਵੈਰੀਆਂ ਦਾ ਸਾਥ ਛੱਡ ਕੇ ਮੇਰਾ ਮਨ ਆਤਮਕ ਜੀਵਨ ਪ੍ਰਾਪਤ ਕਰ ਲਏ ॥੪॥
(ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਪਰਮਾਤਮਾ ਦੇ) ਸੋਹਣੇ ਚਰਨਾਂ ਦਾ ਧਿਆਨ ਧਰ ਕੇ (ਨਾਮ-) ਜਹਾਜ਼ ਵਿਚ ਚੜ੍ਹਨਾ ਚਾਹੀਦਾ ਹੈ,
ਗੁਰੂ ਦੀ ਸੰਗਤ ਵਿਚ ਮਿਲ ਕੇ (ਸੰਸਾਰ-) ਸਮੁੰਦਰ ਤੋਂ ਪਾਰ ਲੰਘਿਆ ਜਾ ਸਕੀਦਾ ਹੈ।
ਪਰਮਾਤਮਾ ਨੂੰ ਸਭ ਜੀਵਾਂ ਵਿਚ ਇਕ-ਸਮਾਨ ਵੱਸਦਾ ਜਾਣ ਲੈਣਾ-ਇਹੀ ਹੈ ਉਸ ਦੀ ਅਰਚਾ-ਪੂਜਾ, ਇਹੀ ਹੈ ਉਸ ਅੱਗੇ ਬੰਦਨਾ। (ਇਸ ਤਰ੍ਹਾਂ) ਮੁੜ ਮੁੜ ਜੂਨਾਂ ਵਿਚ ਪੈ ਕੇ ਖ਼ੁਆਰ ਨਹੀਂ ਹੋਈਦਾ ॥੫॥
ਹੇ ਗੋਪਾਲ! ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ।
ਹੇ ਕਿਰਪਾ ਦੇ ਖ਼ਜ਼ਾਨੇ! ਹੇ ਦੀਨਾਂ ਉਤੇ ਦਇਆ ਕਰਨ ਵਾਲੇ!
ਹੇ ਸਰਬ-ਵਿਆਪਕ ਪਰਮੇਸਰ! ਤੂੰ ਹੀ ਮੇਰਾ ਮਿੱਤਰ ਹੈਂ, ਤੂੰ ਹੀ ਮੇਰਾ ਮਦਦਗਾਰ ਹੈਂ। ਮੈਨੂੰ ਮਿਲ, ਤੈਥੋਂ ਮੇਰਾ ਕਦੇ ਵਿਛੋੜਾ ਨਾਹ ਹੋਵੇ ॥੬॥
ਜਿਸ ਮਨੁੱਖ ਨੇ ਆਪਣਾ ਮਨ ਆਪਣਾ ਤਨ ਪਰਮਾਤਮਾ ਅੱਗੇ ਭੇਟਾ ਕਰ ਦਿੱਤਾ,
ਉਹ ਮਨੁੱਖ ਅਨੇਕਾਂ ਜਨਮਾਂ ਦਾ ਸੁੱਤਾ ਹੋਇਆ (ਭੀ) ਜਾਗ ਪੈਂਦਾ ਹੈ (ਆਤਮਕ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ)।
ਜਿਸ ਪਰਮਾਤਮਾ ਨੇ ਉਸ ਨੂੰ ਪੈਦਾ ਕੀਤਾ ਸੀ, ਉਹੀ ਉਸ ਦਾ ਰਾਖਾ ਬਣ ਜਾਂਦਾ ਹੈ, ਉਹ ਮਨੁੱਖ ਆਤਮਕ ਮੌਤ ਲਿਆਉਣ ਵਾਲੀ ਹਉਮੈ ਨੂੰ ਸਦਾ ਲਈ ਤਿਆਗ ਦੇਂਦਾ ਹੈ ॥੭॥
ਸਭ ਦੇ ਦਿਲਾਂ ਦੀ ਜਾਣਨ ਵਾਲਾ ਪ੍ਰਭੂ ਜਲ ਵਿਚ ਧਰਤੀ ਵਿਚ ਸਭ ਥਾਂ ਵਿਆਪਕ ਹੈ,
ਮਾਇਆ ਪਾਸੋਂ ਨਾਹ ਛਲਿਆ ਜਾ ਸਕਣ ਵਾਲਾ ਹਰੀ ਹਰੇਕ ਸਰੀਰ ਵਿਚ ਮੌਜੂਦ ਹੈ
ਪੂਰੇ ਗੁਰੂ ਨੇ (ਜਿਸ ਮਨੁੱਖ ਦੀ ਪਰਮਾਤਮਾ ਨਾਲੋਂ ਵਿਛੋੜਾ ਪਾਣ ਵਾਲੀ) ਭਟਕਣਾ ਦੀ ਕੰਧ ਦੂਰ ਕਰ ਦਿੱਤੀ, ਉਸ ਨੂੰ ਪਰਮਾਤਮਾ ਸਭਨਾਂ ਵਿਚ ਵਿਆਪਕ ਦਿੱਸ ਪੈਂਦਾ ਹੈ ॥੮॥
ਮੈਂ ਜਿਸ ਭੀ ਪਾਸੇ ਵੇਖਦਾ ਹਾਂ, ਸੁਖਾਂ ਦਾ ਸਮੁੰਦਰ ਪਰਮਾਤਮਾ ਹੀ (ਵੱਸ ਰਿਹਾ ਹੈ)।
ਰਤਨਾਂ ਦੀ ਖਾਣ ਉਸ ਪਰਮਾਤਮਾ ਦੇ ਖ਼ਜ਼ਾਨਿਆਂ ਵਿਚ ਕਦੇ ਕਮੀ ਨਹੀਂ ਆਉਂਦੀ।
ਉਸ ਪਰਮਾਤਮਾ ਦੀ ਹਸਤੀ ਦਾ ਕੋਈ ਹੱਦ-ਬੰਨਾ ਨਹੀਂ ਲੱਭ ਸਕਦਾ ਜੋ ਹਰੇਕ ਕਿਸਮ ਦੀ ਜਕੜ ਤੋਂ ਪਰੇ ਹੈ ਜਿਸ ਦੀ ਹਾਥ ਨਹੀਂ ਪਾਈ ਜਾ ਸਕਦੀ। ਪਰ ਇਹ ਗੱਲ ਉਹ ਮਨੁੱਖ ਸਮਝਦਾ ਹੈ ਜਿਸ ਉਤੇ ਉਸ ਦੀ ਕਿਰਪਾ ਹੋਵੇ ॥੯॥
ਉਹਨਾਂ (ਵਡ-ਭਾਗੀਆਂ) ਦਾ ਹਿਰਦਾ ਸ਼ਾਂਤ ਹੋ ਗਿਆ ਹੈ, ਉਹਨਾਂ ਦਾ ਮਨ ਉਹਨਾਂ ਦਾ ਤਨ ਸ਼ਾਂਤ ਹੋ ਗਿਆ ਹੈ,
ਉਹਨਾਂ ਦੀ ਜਨਮ ਮਰਨ ਦੇ ਗੇੜ ਵਿਚ ਪਾਣ ਵਾਲੀ ਸੜਨ ਮਿਟ ਗਈ ਹੈ,
ਜਿਨ੍ਹਾਂ ਨੂੰ (ਉਹਨਾਂ ਦਾ) ਹੱਥ ਫੜ ਕੇ ਆਤਮਕ ਜੀਵਨ ਦੇਣ ਵਾਲੀ ਨਿਗਾਹ ਕਰ ਕੇ ਪਿਆਰੇ ਪ੍ਰਭੂ ਨੇ (ਸੰਸਾਰ-ਸਮੁੰਦਰ ਵਿਚੋਂ) ਕੱਢ ਲਿਆ ਹੈ ॥੧੦॥
(ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੀ ਮਾਇਆ ਦੀ) ਤ੍ਰਿਸ਼ਨਾ ਮੁੱਕ ਜਾਂਦੀ ਹੈ ਭਟਕਣਾ ਮੁੱਕ ਜਾਂਦੀ ਹੈ।
(ਉਸ ਨੂੰ ਇਹ ਦਿੱਸ ਪੈਂਦਾ ਹੈ ਕਿ) ਪਰਮਾਤਮਾ ਹੀ ਪਰਮਾਤਮਾ ਸਭਨੀਂ ਥਾਈਂ ਵੱਸ ਰਿਹਾ ਹੈ, ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਹੈ,
ਉਹ ਪਰਮਾਤਮਾ ਹੀ ਜਗਤ-ਰਚਨਾ ਦੇ ਸ਼ੁਰੂ ਵਿਚ ਸੀ, ਉਹ ਪਰਮਾਤਮਾ ਹੀ ਹੁਣ ਮੌਜੂਦ ਹੈ, ਉਹ ਪਰਮਾਤਮਾ ਹੀ ਜਗਤ ਦੇ ਅੰਤ ਵਿਚ ਹੋਵੇਗਾ ॥੧੧॥
ਗੁਰੂ ਪਰਮੇਸਰ (ਦਾ ਰੂਪ) ਹੈ ਗੁਰੂ ਗੋਬਿੰਦ (ਦਾ ਰੂਪ) ਹੈ,
ਗੁਰੂ ਕਰਤਾਰ (ਦਾ ਰੂਪ ਹੈ) ਗੁਰੂ ਸਦਾ ਬਖ਼ਸ਼ਸ਼ਾਂ ਕਰਨ ਵਾਲਾ ਹੈ।
ਸਾਧ ਸੰਗਤ ਵਿਚ ਟਿਕ ਕੇ ਗੁਰੂ ਦਾ ਦੱਸਿਆ ਹਰਿ-ਨਾਮ ਦਾ ਜਾਪ ਜਪਦਿਆਂ ਮਨੁੱਖ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ ਦੀਵਾ ਜਗ ਪੈਂਦਾ ਹੈ ॥੧੨॥
(ਸੰਸਾਰ ਵਿਚ) ਮੈਂ ਜੋ ਕੁਝ ਵੇਖਦਾ ਹਾਂ ਸਭ ਕੁਝ ਮਾਲਕ-ਪ੍ਰਭੂ (ਦਾ ਹੀ ਰੂਪ) ਹੈ,
ਜੋ ਕੁਝ ਮੈਂ ਸੁਣਦਾ ਹਾਂ, ਪ੍ਰਭੂ ਹੀ ਹਰ ਥਾਂ ਆਪ ਬੋਲ ਰਿਹਾ ਹੈ।
ਹੇ ਪ੍ਰਭੂ! ਜੋ ਕੁਝ ਜੀਵ ਕਰਦੇ ਹਨ, ਉਹ ਤੂੰ ਹੀ ਕਰਾ ਰਿਹਾ ਹੈਂ। ਤੂੰ ਸਰਨ-ਪਿਆਂ ਦੀ ਸਹਾਇਤਾ ਕਰਨ ਵਾਲਾ ਹੈਂ, ਤੂੰ (ਆਪਣੇ) ਸੰਤਾਂ ਦਾ ਸਹਾਰਾ ਹੈਂ ॥੧੩॥
(ਤੇਰੇ ਦਰ ਦਾ) ਮੰਗਤਾ (ਦਾਸ) ਤੈਥੋਂ ਹੀ ਮੰਗਦਾ ਹੈ ਤੈਨੂੰ ਹੀ ਆਰਾਧਦਾ ਹੈ।
ਹੇ ਪਤਿਤ-ਪਾਵਨ ਪ੍ਰਭੂ! ਹੇ ਪੂਰਨ ਸਾਧ ਪ੍ਰਭੂ! (ਆਪਣੇ ਦਾਸ ਨੂੰ ਨਾਮ ਦਾ ਦਾਨ ਦੇਹ)।
ਹੇ ਸਾਰੇ ਸੁਖ ਦੇਣ ਵਾਲੇ ਪ੍ਰਭੂ! ਗੁਣਾਂ ਦੇ ਖ਼ਜ਼ਾਨੇ ਪ੍ਰਭੂ! (ਤੇਰਾ ਦਾਸ ਤੈਥੋਂ) ਸਿਰਫ਼ (ਤੇਰੇ ਨਾਮ ਦਾ) ਦਾਨ (ਹੀ ਮੰਗਦਾ ਹੈ), ਹੋਰ ਮੰਗਾਂ ਮੰਗਣੀਆਂ ਨਿਕੰਮੀਆਂ ਹਨ ॥੧੪॥