ਨਾਨਕ ਬੇਨਤੀ ਕਰਦਾ ਹੈ ਕਿ ਜਿਸ ਮਨੁੱਖ ਉਤੇ ਪ੍ਰਭੂ ਨੇ ਕਿਰਪਾ ਕੀਤੀ, ਉਸ ਨੂੰ ਪੂਰਾ ਗੁਰੂ ਮਿਲ ਪਿਆ ॥੨॥
ਪ੍ਰਭੂ ਦੇ ਭਗਤਾਂ ਦੀ ਸੰਗਤ ਵਿਚ ਮਿਲ ਕੇ ਰਹਿਣਾ ਚਾਹੀਦਾ ਹੈ, ਭਗਤ-ਜਨਾਂ ਨੂੰ ਮਿਲ ਕੇ ਪਰਮਾਤਮਾ ਦਾ ਕੀਰਤਨ ਸੁਣਨਾ ਚਾਹੀਦਾ ਹੈ।
ਦਇਆ ਦੇ ਸੋਮੇ ਦਾਮੋਦਰ ਮਾਇਆ ਦੇ ਪਤੀ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।
ਪ੍ਰਭੂ ਦਇਆ ਦਾ ਸੋਮਾ ਹੈ, ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਸਰਨ-ਜੋਗ ਹੈ, ਸਭ ਨੂੰ ਦਾਤਾਂ ਦੇਣ ਵਾਲਾ ਹੈ, ਸਾਰੇ ਪਾਪਾਂ ਦਾ ਨਾਸ ਕਰਨ ਵਾਲਾ ਹੈ।
ਨਾਮ ਜਪਣ ਵਾਲਿਆਂ ਨੂੰ ਉਹ ਪ੍ਰਭੂ ਮੋਹ ਸੋਗ ਅਤੇ ਔਖੇ ਵਿਕਾਰਾਂ ਤੋਂ ਬਚਾਣ ਵਾਲਾ ਹੈ।
ਹੇ ਮੇਰੇ ਪ੍ਰਭੂ! ਸਾਰੇ ਜੀਵ ਤੇਰੇ (ਪੈਦਾ ਕੀਤੇ ਹੋਏ ਹਨ), ਮਿਹਰ ਕਰ, ਮੈਂ ਸਭਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਾਂ।
ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਦਇਆ ਕਰ, ਮੈਂ ਤੇਰਾ ਨਾਮ ਜਪ ਜਪ ਕੇ ਆਤਮਕ ਜੀਵਨ ਹਾਸਲ ਕਰਦਾ ਰਹਾਂ ॥੩॥
(ਸਦਾ ਤੋਂ ਹੀ) ਪ੍ਰਭੂ ਨੇ ਆਪਣੇ ਚਰਨਾਂ ਵਿਚ ਜੋੜ ਕੇ ਆਪਣੇ ਭਗਤਾਂ ਦੀ ਰੱਖਿਆ ਕੀਤੀ ਹੈ।
ਸੋ, ਇਕ ਹਰਿ-ਨਾਮ ਦਾ ਧਿਆਨ ਧਰ ਕੇ, ਆਓ, ਅਸੀਂ ਭੀ ਅੱਠੇ ਪਹਰ ਆਪਣੇ ਪ੍ਰਭੂ ਨੂੰ ਸਿਮਰਦੇ ਰਹੀਏ।
(ਅਨੇਕਾਂ ਜੀਵ) ਉਸ ਪ੍ਰਭੂ ਦਾ ਧਿਆਨ ਧਰ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ, (ਉਹਨਾਂ ਦੇ) ਜਨਮ ਮਰਨ (ਦੇ ਗੇੜ) ਮੁੱਕ ਗਏ।
ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਿਆਂ ਉਹਨਾਂ ਦੇ ਅੰਦਰ ਸਦਾ ਸੁਖ-ਆਨੰਦ ਬਣਿਆ ਰਿਹਾ, ਉਹਨਾਂ ਨੂੰ ਪ੍ਰਭੂ ਦੀ ਰਜ਼ਾ ਮਿੱਠੀ ਲੱਗਣ ਲੱਗ ਪਈ।
ਜਿਹੜੇ ਮਨੁੱਖ ਪੂਰੇ ਗੁਰੂ ਨੂੰ ਮਿਲ ਪਏ, ਉਹਨਾਂ ਦੀ ਹਰੇਕ ਮੁਰਾਦ ਪੂਰੀ ਹੋ ਗਈ, ਉਹਨਾਂ ਦੀ ਹਰੇਕ ਆਸ ਪੂਰੀ ਹੋ ਗਈ।
ਨਾਨਕ ਬੇਨਤੀ ਕਰਦਾ ਹੈ ਕਿ ਜਿਨ੍ਹਾਂ ਨੂੰ ਪ੍ਰਭੂ ਨੇ ਆਪ (ਆਪਣੇ ਚਰਨਾਂ ਵਿਚ) ਮਿਲਾ ਲਿਆ, ਉਹਨਾਂ ਨੂੰ ਕੋਈ ਦੁੱਖ ਕੋਈ ਝੋਰੇ ਮੁੜ ਨਹੀਂ ਵਿਆਪਦੇ ॥੪॥੩॥
ਸਲੋਕੁ।
(ਜਿਹੜੇ ਮਨੁੱਖ ਗੁਰੂ ਦੇ) ਸੋਹਣੇ ਚਰਨਾਂ ਦੀ ਸਰਨ ਆ ਕੇ (ਪਰਮਾਤਮਾ ਦੇ) ਗੁਣ ਗਾਂਦੇ ਹਨ, (ਉਹਨਾਂ ਦੇ ਹਿਰਦੇ ਵਿਚ ਸਦਾ) ਆਨੰਦ ਸੁਖ ਬਣੇ ਰਹਿੰਦੇ ਹਨ।
ਹੇ ਨਾਨਕ! (ਆਖ ਕਿ ਪਰਮਾਤਮਾ ਦਾ ਆਰਾਧਨ ਕਰਨਾ ਚਾਹੀਦਾ ਹੈ, ਪਰਮਾਤਮਾ (ਹਰੇਕ) ਬਿਪਤਾ ਦੂਰ ਕਰਨ ਵਾਲਾ ਹੈ ॥੧॥
ਛੰਤ।
ਪਰਮਾਤਮਾ ਹੀ (ਜੀਵਾਂ ਦੀ ਹਰੇਕ) ਬਿਪਤਾ ਦੂਰ ਕਰਨ ਵਾਲਾ ਹੈ, ਉਸ ਤੋਂ ਬਿਨਾ ਹੋਰ ਕੋਈ (ਇਹੋ ਜਿਹੀ ਸਮਰਥਾ ਵਾਲਾ) ਨਹੀਂ ਹੈ।
ਸਦਾ ਹੀ ਸਦਾ ਹੀ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ; ਜਲ ਵਿਚ, ਧਰਤੀ ਵਿਚ, ਆਕਾਸ਼ ਵਿਚ (ਹਰ ਥਾਂ) ਉਹ ਪਰਮਾਤਮਾ ਹੀ ਮੌਜੂਦ ਹੈ।
ਉਹ ਪਰਮਾਤਮਾ ਜਲ ਵਿਚ ਧਰਤੀ ਵਿਚ ਪੁਲਾੜ ਵਿਚ (ਹਰ ਥਾਂ) ਵਿਆਪਕ ਹੈ ਅੱਖ ਦੇ ਝਮਕਣ ਜਿਤਨੇ ਸਮੇਂ ਵਾਸਤੇ ਭੀ ਉਹ ਪ੍ਰਭੂ ਸਾਡੇ ਮਨ ਤੋਂ ਭੁੱਲਣਾ ਨਹੀਂ ਚਾਹੀਦਾ।
ਉਹ ਦਿਨ ਭਾਗਾਂ ਵਾਲੇ (ਸਮਝੋ, ਜਦੋਂ ਸਾਡਾ ਮਨ) ਗੁਰੂ ਦੇ ਚਰਨਾਂ ਵਿਚ ਜੁੜਿਆ ਰਹੇ, (ਪਰ ਇਹ ਸਾਡੇ ਆਪਣੇ ਵੱਸ ਦੀ ਗੱਲ ਨਹੀਂ, ਇਹ ਤਦੋਂ ਹੀ ਹੁੰਦਾ ਹੈ ਜਦੋਂ) ਉਸ ਜਗਤ ਦੇ ਮਾਲਕ ਪ੍ਰਭੂ ਦੀ ਮਿਹਰ (ਹੋਵੇ)।
ਦਿਨ ਰਾਤ ਸੇਵਕਾਂ ਵਾਂਗ ਉਸ ਪ੍ਰਭੂ ਦੀ ਸੇਵਾ-ਭਗਤੀ ਕਰਿਆ ਕਰ; ਜੋ ਕੁਝ ਉਸ ਨੂੰ ਭਾਉਂਦਾ ਹੈ ਉਹੀ (ਜਗਤ ਵਿਚ) ਹੋ ਰਿਹਾ ਹੈ।
ਨਾਨਕ ਤਾਂ ਉਸ ਸੁਖ-ਦਾਤੇ ਪ੍ਰਭੂ ਤੋਂ ਸਦਕੇ ਜਾਂਦਾ ਹੈ, (ਉਸ ਦੀ ਮਿਹਰ ਨਾਲ ਹੀ ਸਾਡੇ) ਮਨ ਵਿਚ ਤਨ ਵਿਚ (ਸਹੀ ਆਤਮਕ ਜੀਵਨ ਦਾ) ਚਾਨਣ ਹੋ ਸਕਦਾ ਹੈ ॥੧॥
ਪਰਮਾਤਮਾ ਦਾ ਨਾਮ ਸਿਮਰਦਿਆਂ ਉਸ ਮਨੁੱਖ ਦਾ ਮਨ ਸੁਖੀ ਹੋ ਗਿਆ ਉਸ ਦਾ ਤਨ ਸੁਖੀ ਹੋ ਗਿਆ (ਪ੍ਰਭੂ ਦੀ ਯਾਦ ਤੋਂ ਬਿਨਾ ਉਸ ਦਾ) ਹੋਰ ਹੋਰ ਸਭ ਚਿੰਤਾ-ਫ਼ਿਕਰ ਦੂਰ ਹੋ ਗਿਆ,
ਹੇ ਨਾਨਕ! ਜਿਸ ਮਨੁੱਖ ਨੇ ਸਾਰੇ ਸੰਕਟ ਦੂਰ ਕਰਨ ਵਾਲੇ ਗੋਬਿੰਦ ਗੋਪਾਲ ਦਾ ਆਸਰਾ ਲਿਆ ॥੧॥
ਛੰਤੁ।
ਦਇਆ ਦੇ ਸੋਮੇ ਨਾਰਾਇਣ ਨੇ ਉਸ ਮਨੁੱਖ ਦੇ ਸਾਰੇ ਡਰ ਤੇ ਦੁੱਖ-ਕਲੇਸ਼ ਕੱਟ ਦਿੱਤੇ,
ਜਿਸ ਮਨੁੱਖ ਨੇ ਦੀਨਾਂ ਦੇ ਨਾਥ ਪਾਲਣਹਾਰ ਹਰੀ ਪ੍ਰਭੂ ਦੇ ਗੁਣ ਗਾਣੇ ਸ਼ੁਰੂ ਕੀਤੇ।
ਸਭ ਨੂੰ ਪਾਲਣ ਵਾਲਾ ਅਬਿਨਾਸ਼ੀ ਸਿਰਫ਼ ਅਕਾਲ ਪੁਰਖ ਹੀ ਹੈ, ਜਿਸ ਮਨੁੱਖ ਦਾ ਪਿਆਰ ਉਸ ਨਾਲ ਬਣ ਗਿਆ,
ਜਿਸ ਨੇ ਆਪਣੇ ਹੱਥ ਆਪਣਾ ਮੱਥਾ ਉਸ ਦੇ ਚਰਨਾਂ ਉੱਤੇ ਰੱਖ ਦਿੱਤਾ, ਪ੍ਰਭੂ ਨੇ ਉਸ ਨੂੰ ਆਪਣੇ ਨਾਲ ਜੋੜ ਲਿਆ, (ਮਾਇਆ ਦੇ ਹੱਲਿਆਂ ਵਲੋਂ ਉਹ) ਸਦਾ ਹਰ ਵੇਲੇ ਸੁਚੇਤ ਰਹਿਣ ਲੱਗ ਪਿਆ।
(ਸਾਡੀ ਇਹ) ਜਿੰਦ (ਸਾਡਾ ਇਹ) ਸਰੀਰ, ਘਰ, ਥਾਂ, ਤਨ, ਜੋਬਨ ਅਤੇ ਧਨ-ਮਾਲ ਸਭ ਕੁਝ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ।
ਉਹ ਪ੍ਰਭੂ ਸਾਰੇ ਜੀਵਾਂ ਦਾ ਪਾਲਣ ਵਾਲਾ ਹੈ, ਨਾਨਕ ਉਸ ਤੋਂ ਸਦਾ ਹੀ ਸਦਕੇ ਜਾਂਦਾ ਹੈ ॥੨॥
ਜਿਹੜਾ ਮਨੁੱਖ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ, ਗੋਬਿੰਦ ਦੇ ਗੁਣ ਬਿਆਨ ਕਰਦਾ ਰਹਿੰਦਾ ਹੈ,
ਸਦਾ ਇਕ ਪਰਮੇਸਰ ਦਾ ਆਸਰਾ ਲਈ ਰੱਖਦਾ ਹੈ, ਹੇ ਨਾਨਕ! ਪਰਮਾਤਮਾ ਆਖ਼ਰ ਉਸ ਦੀ ਰੱਖਿਆ ਕਰਦਾ ਹੈ ॥੧॥
ਛੰਤੁ।
ਹੇ ਭਾਈ! ਉਹੀ ਮਾਲਕ-ਪ੍ਰਭੂ ਹੀ (ਅਸਾਂ ਜੀਵਾਂ ਦਾ) ਰਾਖਾ ਹੈ, ਸਦਾ ਉਸ ਦੇ ਲੜ ਲੱਗਾ ਰਹੁ।
ਆਪਣੇ ਮਨ ਦੀ ਸਿਆਣਪ ਛੱਡ ਦੇਹ, ਗੁਰੂ ਦੀ ਸੰਗਤ ਵਿਚ ਟਿਕ ਕੇ ਉਸ ਦਇਆ-ਦੇ-ਘਰ ਪ੍ਰਭੂ ਦਾ ਭਜਨ ਕਰਿਆ ਕਰ।