ਰਾਗ ਮਲਾਰ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਨਗਰ ਦੇ ਲੋਕੋ! ਇਹ ਗੱਲ ਤਾਂ ਮੰਨੀ-ਪ੍ਰਮੰਨੀ ਹੈ ਕਿ ਮੇਰੀ ਜਾਤ ਹੈ ਚਮਿਆਰ (ਜਿਸ ਨੂੰ ਤੁਸੀਂ ਲੋਕ ਬੜੀ ਨੀਵੀਂ ਸਮਝਦੇ ਹੋ)
ਪਰ ਮੈਂ ਆਪਣੇ ਹਿਰਦੇ ਵਿਚ ਪ੍ਰਭੂ ਦੇ ਗੁਣ ਚੇਤੇ ਕਰਦਾ ਰਹਿੰਦਾ ਹਾਂ (ਇਸ ਵਾਸਤੇ ਮੈਂ ਨੀਚ ਨਹੀਂ ਰਹਿ ਗਿਆ) ॥੧॥ ਰਹਾਉ ॥
ਹੇ ਭਾਈ! ਗੰਗਾ ਦੇ (ਭੀ) ਪਾਣੀ ਤੋਂ ਬਣਾਇਆ ਹੋਇਆ ਸ਼ਰਾਬ ਗੁਰਮੁਖਿ ਲੋਕ ਨਹੀਂ ਪੀਂਦੇ (ਭਾਵ, ਉਹ ਸ਼ਰਾਬ ਗ੍ਰਹਿਣ-ਕਰਨ-ਜੋਗ ਨਹੀਂ; ਇਸੇ ਤਰ੍ਹਾਂ ਅਹੰਕਾਰ ਭੀ ਅਉਗਣ ਹੀ ਹੈ, ਚਾਹੇ ਉਹ ਉੱਚੀ ਪਵਿਤ੍ਰ ਜਾਤ ਦਾ ਕੀਤਾ ਜਾਏ),
ਪਰ ਹੇ ਭਾਈ! ਅਪਵਿਤ੍ਰ ਸ਼ਰਾਬ ਅਤੇ ਭਾਵੇਂ ਹੋਰ (ਗੰਦੇ) ਪਾਣੀ ਭੀ ਹੋਣ ਉਹ ਗੰਗਾ (ਦੇ ਪਾਣੀ) ਵਿਚ ਮਿਲ ਕੇ (ਉਸ ਤੋਂ) ਵੱਖਰੇ ਨਹੀਂ ਰਹਿ ਜਾਂਦੇ (ਇਸੇ ਤਰ੍ਹਾਂ ਨੀਵੀਂ ਕੁਲ ਦਾ ਬੰਦਾ ਭੀ ਪਰਮ ਪਵਿਤ੍ਰ ਪ੍ਰਭੂ ਵਿਚ ਜੁੜ ਕੇ ਉਸ ਤੋਂ ਵੱਖਰਾ ਨਹੀਂ ਰਹਿ ਜਾਂਦਾ) ॥੧॥
ਤਾੜੀ ਦੇ ਰੁੱਖ ਅਪਵਿਤ੍ਰ ਮੰਨੇ ਜਾਂਦੇ ਹਨ, ਉਸੇ ਤਰ੍ਹਾਂ ਹੀ ਉਹਨਾਂ ਰੁੱਖਾਂ ਤੋਂ ਬਣੇ ਹੋਏ ਕਾਗ਼ਜ਼ਾਂ ਬਾਰੇ ਲੋਕ ਵਿਚਾਰ ਕਰਦੇ ਹਨ (ਭਾਵ, ਉਹਨਾਂ ਕਾਗ਼ਜ਼ਾਂ ਨੂੰ ਭੀ ਅਪਵਿਤ੍ਰ ਸਮਝਦੇ ਹਨ),
ਪਰ ਜਦੋਂ ਭਗਵਾਨ ਦੀ ਸਿਫ਼ਤ-ਸਾਲਾਹ ਉਹਨਾਂ ਉਤੇ ਲਿਖੀ ਜਾਂਦੀ ਹੈ ਤਾਂ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ॥੨॥
ਮੇਰੀ ਜਾਤ ਦੇ ਲੋਕ (ਚੰਮ) ਕੁੱਟਣ ਤੇ ਵੱਢਣ ਵਾਲੇ ਬਨਾਰਸ ਦੇ ਆਲੇ-ਦੁਆਲੇ (ਰਹਿੰਦੇ ਹਨ, ਤੇ) ਨਿੱਤ ਮੋਏ ਪਸ਼ੂ ਢੋਂਦੇ ਹਨ;
ਪਰ (ਹੇ ਪ੍ਰਭੂ!) ਉਸੇ ਕੁਲ ਵਿਚ ਜੰਮਿਆ ਹੋਇਆ ਤੇਰਾ ਸੇਵਕ ਰਵਿਦਾਸ ਤੇਰੇ ਨਾਮ ਦੀ ਸ਼ਰਨ ਆਇਆ ਹੈ, ਉਸ ਨੂੰ ਹੁਣ ਵੱਡੇ ਵੱਡੇ ਬ੍ਰਾਹਮਣ ਨਮਸਕਾਰ ਕਰਦੇ ਹਨ ॥੩॥੧॥
ਜੋ ਮਨੁੱਖ ਮਾਇਆ ਦੇ ਪਤੀ ਪਰਮਾਤਮਾ ਨੂੰ ਸਿਮਰਦੇ ਹਨ, ਉਹ ਪ੍ਰਭੂ ਦੇ (ਅਨਿੰਨ) ਸੇਵਕ ਬਣ ਜਾਂਦੇ ਹਨ, ਉਹਨਾਂ ਨੂੰ ਉਸ ਪ੍ਰਭੂ ਵਰਗਾ, ਉਸ ਪ੍ਰਭੂ ਦੇ ਬਰਾਬਰ ਦਾ, ਕੋਈ ਹੋਰ ਨਹੀਂ ਦਿੱਸਦਾ। (ਇਸ ਵਾਸਤੇ ਉਹ ਕਿਸੇ ਦਾ ਦਬਾ ਨਹੀਂ ਮੰਨਦੇ)।
ਹੇ ਭਾਈ! ਉਹਨਾਂ ਨੂੰ ਇਕ ਪਰਮਾਤਮਾ ਹੀ ਅਨੇਕ ਰੂਪਾਂ ਵਿਚ ਵਿਆਪਕ, ਘਟ ਘਟ ਵਿਚ ਭਰਪੂਰ ਦਿੱਸਦਾ ਹੈ ॥ ਰਹਾਉ॥
ਜਿਸ (ਨਾਮਦੇਵ) ਦੇ ਘਰ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਲਿਖੀ ਜਾ ਰਹੀ ਹੈ, (ਪ੍ਰਭੂ-ਨਾਮ ਤੋਂ ਬਿਨਾ) ਕੁਝ ਹੋਰ ਵੇਖਣ ਵਿਚ ਨਹੀਂ ਆਉਂਦਾ (ਉੱਚੀ ਜਾਤ ਵਾਲਿਆਂ ਦੇ ਭਾਣੇ) ਉਸ ਦੀ ਜਾਤ ਛੀਂਬਾ ਹੈ ਤੇ ਉਹ ਅਛੂਤ ਹੈ (ਪਰ ਉਸ ਦੀ ਵਡਿਆਈ ਤਿੰਨ ਲੋਕਾਂ ਵਿਚ ਹੋ ਰਹੀ ਹੈ);
ਬਿਆਸ (ਦੇ ਧਰਮ-ਪੁਸਤਕ) ਵਿਚ ਲਿਖਿਆ ਮਿਲਦਾ ਹੈ, ਸਨਕ (ਆਦਿਕ ਦੇ ਪੁਸਤਕ) ਵਿਚ ਭੀ ਵੇਖਣ ਵਿਚ ਆਉਂਦਾ ਹੈ ਕਿ ਹਰੀ-ਨਾਮ ਦੀ ਵਡਿਆਈ ਸਾਰੇ ਸੰਸਾਰ ਵਿਚ ਹੁੰਦੀ ਹੈ ॥੧॥
ਜਿਸ (ਕਬੀਰ) ਦੀ ਜਾਤ ਦੇ ਲੋਕ (ਮੁਸਲਮਾਨ ਬਣ ਕੇ) ਈਦ ਬਕਰੀਦ ਦੇ ਸਮੇ (ਹੁਣ) ਗਊਆਂ ਹਲਾਲ ਕਰਦੇ ਹਨ ਅਤੇ ਜਿਨ੍ਹਾਂ ਦੀ ਘਰੀਂ ਹੁਣ ਸੇਖਾਂ ਸ਼ਹੀਦਾਂ ਤੇ ਪੀਰਾਂ ਦੀ ਮਾਨਤਾ ਹੁੰਦੀ ਹੈ,
ਜਿਸ (ਕਬੀਰ) ਦੀ ਜਾਤ ਦੇ ਵੱਡਿਆਂ ਨੇ ਇਹ ਕਰ ਵਿਖਾਈ, ਉਹਨਾਂ ਦੀ ਹੀ ਜਾਤ ਵਿਚ ਜੰਮੇ ਪੁੱਤਰ ਤੋਂ ਅਜਿਹੀ ਸਰ ਆਈ (ਕਿ ਮੁਸਲਮਾਨੀ ਹਕੂਮਤ ਦੇ ਦਬਾ ਤੋਂ ਨਿਡਰ ਰਹਿ ਕੇ ਹਰੀ-ਨਾਮ ਸਿਮਰ ਕੇ) ਸਾਰੇ ਸੰਸਾਰ ਵਿਚ ਮਸ਼ਹੂਰ ਹੋ ਗਿਆ ॥੨॥
ਜਿਸ ਦੇ ਖ਼ਾਨਦਾਨ ਦੇ ਨੀਚ ਲੋਕ ਬਨਾਰਸ ਦੇ ਆਸੇ-ਪਾਸੇ (ਵੱਸਦੇ ਹਨ ਤੇ) ਅਜੇ ਤਕ ਮੋਏ ਹੋਏ ਪਸ਼ੂ ਢੋਂਦੇ ਹਨ,
ਉਹਨਾਂ ਦੀ ਕੁਲ ਵਿਚ ਜੰਮੇ ਪੁੱਤਰ ਰਵਿਦਾਸ ਨੂੰ, ਜੋ ਪ੍ਰਭੂ ਦੇ ਦਾਸਾਂ ਦਾ ਦਾਸ ਬਣ ਗਿਆ ਹੈ, ਸ਼ਾਸਤ੍ਰਾਂ ਦੀ ਮਰਯਾਦਾ ਅਨੁਸਾਰ ਤੁਰਨ ਵਾਲੇ ਬ੍ਰਾਹਮਣ ਨਮਸਕਾਰ ਕਰਦੇ ਹਨ ॥੩॥੨॥
ਰਾਗ ਮਲਾਰ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜਿੰਦ ਦਾ ਸਾਈਂ ਪਿਆਰਾ ਪ੍ਰਭੂ ਕਿਸੇ ਹੋਰ ਤਰ੍ਹਾਂ ਦੀ ਭਗਤੀ ਨਾਲ ਨਹੀਂ ਸੀ ਮਿਲ ਸਕਦਾ
ਸਾਧ ਸੰਗਤ ਵਿਚ ਅੱਪੜ ਕੇ ਮੈਂ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਹੈ ॥ ਰਹਾਉ॥
(ਸਾਧ ਸੰਗਤ ਦੀ ਬਰਕਤਿ ਨਾਲ) ਹੁਣ ਮੈਂ ਪਰਾਈ ਨਿੰਦਿਆ ਕਰਨੀ ਛੱਡ ਦਿੱਤੀ ਹੈ,
(ਸਤਸੰਗ ਵਿਚ ਰਹਿਣ ਕਰਕੇ) ਨਾਹ ਮੈਨੂੰ ਅਗਿਆਨਤਾ ਦੀ ਨੀਂਦ ਆਵੇਗੀ ਅਤੇ ਨਾਹ ਹੀ ਮੈਂ ਗ਼ਾਫ਼ਲ ਹੋਵਾਂਗਾ ॥੧॥
(ਸਾਧ ਸੰਗਤ ਵਿਚ ਆਉਣ ਤੋਂ ਪਹਿਲਾਂ) ਮੈਂ ਜਿਤਨੀ ਕੁ ਮੰਦ-ਕਰਮਾਂ ਦੀ ਕਮਾਈ ਕੀਤੀ ਹੋਈ ਸੀ (ਸਤਸੰਗ ਵਿਚ ਆ ਕੇ) ਉਸ ਸਾਰੀ ਦੀ ਸਾਰੀ ਦਾ ਲੇਖਾ ਮੁੱਕ ਗਿਆ ਹੈ,
ਝੂਠੇ ਵਣਜ ਵਿਚ (ਲੱਗ ਕੇ ਮੈਂ ਜੋ ਹੱਟੀ ਪਾਈ ਹੋਈ ਸੀ, ਸਾਧ ਸੰਗਤ ਦੀ ਕਿਰਪਾ ਨਾਲ) ਉਹ ਹੱਟੀ ਹੀ ਉੱਠ ਗਈ ਹੈ ॥੨॥
(ਇਹ ਤਬਦੀਲੀ ਕਿਵੇਂ ਆਈ?) ਰਵਿਦਾਸ ਆਖਦਾ ਹੈ- (ਸਾਧ ਸੰਗਤ ਵਿਚ ਆ ਕੇ) ਜਦੋਂ ਮੈਂ ਆਪੇ ਵਲ ਝਾਤ ਮਾਰੀ,
ਤਾਂ ਜੋ ਜੋ ਕਰਮ ਮੈਂ ਕੀਤਾ ਹੋਇਆ ਸੀ ਉਹ ਸਭ ਕੁਝ ਪ੍ਰਤੱਖ ਦਿੱਸ ਪਿਆ (ਤੇ ਮੈਂ ਮੰਦੇ ਕਰਮਾਂ ਤੋਂ ਸ਼ਰਮਾ ਕੇ ਇਹਨਾਂ ਵਲੋਂ ਹਟ ਗਿਆ) ॥੩॥੧॥੩॥