(ਕਿਉਂਕਿ ਮਾਇਆ ਇਤਨੀ ਪ੍ਰਬਲ ਹੈ ਕਿ) ਜੇ ਅਸਾਨੂੰ ਪ੍ਰਭੂ ਦੇ ਨਾਮ ਦਾ ਆਸਰਾ ਨਾਹ ਹੋਵੇ ਤਾਂ ॥੧॥ ਰਹਾਉ ॥
ਮੈਂ ਅਕਾਸ਼ ਤਕ (ਭਾਵ, ਸਾਰੀ ਦੁਨੀਆ) ਭਾਲ ਕਰ ਚੁਕਿਆ ਹਾਂ,
ਕਬੀਰ ਆਖਦਾ ਹੈ- (ਪਰ ਪ੍ਰਭੂ ਤੋਂ ਬਿਨਾ) ਮੈਨੂੰ ਕੋਈ ਹੋਰ ਨਹੀਂ ਲੱਭਾ (ਜੋ ਮਾਇਆ ਦੇ ਮੋਹ ਤੋਂ ਬਚਾ ਕੇ ਅਸਲ ਜੀਵਨ ਦੇ ਸਕੇ) ॥੨॥੩੪॥
ਜਿਸ ਸਿਰ ਤੇ (ਮਨੁੱਖ) ਸੰਵਾਰ ਸੰਵਾਰ ਪੱਗ ਬੰਨ੍ਹਦਾ ਹੈ,
(ਮੌਤ ਆਉਣ ਤੇ) ਉਸ ਸਿਰ ਨੂੰ ਕਾਂ ਆਪਣੀਆਂ ਚੁੰਝਾਂ ਨਾਲ ਸੰਵਾਰਦੇ ਹਨ ॥੧॥
(ਹੇ ਭਾਈ!) ਇਸ ਸਰੀਰ ਦਾ ਅਤੇ ਇਸ ਧਨ ਦਾ ਕੀਹ ਮਾਣ ਕਰਦਾ ਹੈਂ?
ਪ੍ਰਭੂ ਦਾ ਨਾਮ ਕਿਉਂ ਨਹੀਂ ਸਿਮਰਦਾ? ॥੧॥ ਰਹਾਉ ॥
ਕਬੀਰ ਆਖਦਾ ਹੈ-ਹੇ ਮੇਰੇ ਮਨ! ਸੁਣ,
(ਮੌਤ ਆਉਣ ਤੇ) ਤੇਰੇ ਨਾਲ ਭੀ ਇਹੋ ਜਿਹੀ ਹੀ ਹੋਵੇਗੀ ॥੨॥੩੫॥
ਗਉੜੀ ਗੁਆਰੇਰੀ ਕੇ ਪਦੇ ਪੈਤੀਸ ॥
ਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਭਗਾ ਕਬੀਰ ਜੀ ਦੀ ਅੱਠ-ਪਦਿਆਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮੈਨੂੰ ਉਸ ਸੁਖ ਦੇ ਮੰਗਣ ਦੀ ਲੋੜ ਨਹੀਂ,
ਜਿਸ ਸੁਖ ਦੇ ਮੰਗਿਆਂ ਦੁੱਖ ਮਿਲਦਾ ਹੈ ॥੧॥
ਅਜੇ ਭੀ ਸਾਡੀ ਸੁਰਤਿ ਮਾਇਆ ਵਿਚ ਹੀ ਲੱਗੀ ਹੋਈ ਹੈ ਤੇ (ਇਸ ਮਾਇਆ ਤੋਂ ਹੀ) ਸੁਖਾਂ ਦੀ ਆਸ ਲਾਈ ਬੈਠੇ ਹਾਂ;
ਤਾਂ ਫਿਰ ਜੋਤਿ-ਰੂਪ ਨਿਰੰਕਾਰ ਦਾ ਨਿਵਾਸ (ਇਸ ਸੁਰਤਿ ਵਿਚ) ਕਿਵੇਂ ਹੋ ਸਕੇ? ॥੧॥ ਰਹਾਉ ॥
ਇਸ (ਮਾਇਆ-) ਸੁਖ ਤੋਂ ਤਾਂ ਸ਼ਿਵ ਜੀ ਤੇ ਬ੍ਰਹਮਾ (ਵਰਗੇ ਦੇਵਤਿਆਂ) ਨੇ ਭੀ ਕੰਨਾਂ ਨੂੰ ਹੱਥ ਲਾਏ;
(ਪਰ (ਸੰਸਾਰੀ ਜੀਵਾਂ ਨੇ) ਇਸ ਸੁਖ ਨੂੰ ਸੱਚਾ ਕਰ ਕੇ ਸਮਝਿਆ ਹੈ ॥੨॥
ਬ੍ਰਹਮਾ ਦੇ ਚਾਰੇ ਪੁੱਤਰ ਸਨਕ ਆਦਿਕ, ਨਾਰਦ ਮੁਨੀ ਅਤੇ ਸ਼ੇਸ਼ ਨਾਗ-
ਇਹਨਾਂ ਨੇ ਭੀ (ਇਸ ਮਾਇਆ-ਸੁਖ ਵਲ ਸੁਰਤ ਲੱਗੀ ਰਹਿਣ ਦੇ ਕਾਰਨ) ਆਪਣੇ ਮਨ ਨੂੰ ਆਪਣੇ ਸਰੀਰ ਵਿਚ ਨਾਹ ਵੇਖਿਆ (ਭਾਵ, ਇਹਨਾਂ ਦਾ ਮਨ ਭੀ ਅੰਤਰ-ਆਤਮੇ ਟਿਕਿਆ ਨਾਹ ਰਹਿ ਸਕਿਆ) ॥੩॥
ਹੇ ਭਾਈ! ਕੋਈ ਧਿਰ ਇਸ ਮਨ ਦੀ ਭੀ ਖੋਜ ਕਰੋ,
ਕਿ ਸਰੀਰ ਨਾਲੋਂ ਵਿਛੋੜਾ ਹੋਣ ਤੇ ਇਹ ਮਨ ਕਿੱਥੇ ਜਾ ਟਿਕਦਾ ਹੈ ॥੪॥
ਸਤਿਗੁਰੂ ਦੀ ਕਿਰਪਾ ਨਾਲ, ਇਹਨਾਂ ਜੈਦੇਵ ਤੇ ਨਾਮਦੇਵ ਜੀ (ਵਰਗੇ ਭਗਤਾਂ) ਨੇ ਹੀ-
ਭਗਤੀ ਦੇ ਚਾਉ ਨਾਲ ਇਹ ਗੱਲ ਸਮਝੀ ਹੈ (ਕਿ "ਤਨ ਛੂਟੇ ਮਨੁ ਕਹਾ ਸਮਾਈ") ॥੫॥
ਉਸ ਮਨੁੱਖ ਦੇ ਇਸ ਆਤਮਾ ਨੂੰ ਜਨਮ ਮਰਨ ਦੇ ਗੇੜ ਵਿਚ ਪੈਣਾ ਨਹੀਂ ਪੈਂਦਾ,
ਜਿਸ ਮਨੁੱਖ ਦੀ (ਸੁਖਾਂ ਵਾਸਤੇ) ਭਟਕਣਾ ਦੂਰ ਹੋ ਗਈ ਹੈ, ਜਿਸ ਨੇ ਪ੍ਰਭੂ ਨੂੰ ਪਛਾਣ ਲਿਆ ਹੈ (ਪ੍ਰਭੂ ਨਾਲ ਸਾਂਝ ਪਾ ਲਈ ਹੈ) ॥੬॥
(ਅਸਲ ਵਿਚ) ਇਸ ਜੀਵ ਦਾ (ਪ੍ਰਭੂ ਤੋਂ ਵੱਖਰਾ) ਕੋਈ ਰੂਪ ਜਾਂ ਚਿਹਨ ਨਹੀਂ ਹੈ।
ਪ੍ਰਭੂ ਦੇ ਹੁਕਮ ਵਿਚ ਹੀ ਇਹ (ਵੱਖਰੇ ਸਰੂਪ ਵਾਲਾ) ਬਣਿਆ ਹੈ ਤੇ ਪ੍ਰਭੂ ਦੀ ਰਜ਼ਾ ਨੂੰ ਸਮਝ ਕੇ ਉਸ ਵਿਚ ਲੀਨ ਹੋ ਜਾਂਦਾ ਹੈ ॥੭॥
ਜੋ ਮਨੁੱਖ ਇਸ ਮਨ ਦਾ ਭੇਦ ਜਾਣ ਲੈਂਦਾ ਹੈ,
ਉਹ ਇਸ ਮਨ ਦੀ ਰਾਹੀਂ ਹੀ (ਅੰਤਰ-ਆਤਮੇ) ਲੀਨ ਹੋ ਕੇ ਸੁਖਦੇਵ ਪ੍ਰਭੂ ਦਾ ਰੂਪ ਹੋ ਜਾਂਦਾ ਹੈ ॥੮॥
ਜੋ ਆਪ ਇੱਕ ਹੈ ਤੇ ਸਾਰੇ ਸਰੀਰਾਂ ਵਿਚ ਮੌਜੂਦ ਹੈ,
ਕਬੀਰ ਉਸ (ਸਰਬ-ਵਿਆਪਕ) ਮਨ (ਭਾਵ, ਪਰਮਾਤਮਾ) ਦਾ ਸਿਮਰਨ ਕਰ ਰਿਹਾ ਹੈ ॥੯॥੧॥੩੬॥
ਜੋ ਦਿਨ ਰਾਤ ਕੇਵਲ ਪ੍ਰਭੂ ਦੇ ਨਾਮ ਵਿਚ ਸੁਚੇਤ ਰਹੇ ਹਨ,
ਬਥੇਰੇ ਉਹ ਮਨੁੱਖ (ਜੀਵਨ-ਸਫ਼ਰ ਦੀ ਦੌੜ ਵਿਚ) ਪੁੱਗ ਗਏ ਹਨ, ਜਿਨ੍ਹਾਂ ਨੇ (ਨਾਮ ਵਿਚ ਹੀ) ਸੁਰਤ ਜੋੜੀ ਰੱਖੀ ਹੈ ॥੧॥ ਰਹਾਉ ॥
(ਜੋਗ-) ਸਾਧਨ ਕਰਨ ਵਾਲੇ, (ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ ਤੇ ਸਾਰੇ ਮੁਨੀ ਲੋਕ (ਸੰਸਾਰ-ਸਮੁੰਦਰ ਤੋਂ ਤਰਨ ਦੇ ਹੋਰ ਹੋਰ ਵਸੀਲੇ ਲੱਭ ਲੱਭ ਕੇ) ਥੱਕ ਗਏ ਹਨ;
ਕੇਵਲ ਪ੍ਰਭੂ ਦਾ ਨਾਮ ਹੀ ਕਲਪ-ਰੁੱਖ ਹੈ ਜੋ (ਜੀਵਾਂ ਦਾ) ਬੇੜਾ ਪਾਰ ਕਰਦਾ ਹੈ ॥੧॥
ਜੋ ਮਨੁੱਖ ਪ੍ਰਭੂ ਦਾ ਸਿਮਰਨ ਕਰਦੇ ਹਨ, ਉਹ ਪ੍ਰਭੂ ਤੋਂ ਵੱਖਰੇ ਨਹੀਂ ਰਹਿ ਜਾਂਦੇ,
ਕਬੀਰ ਆਖਦਾ ਹੈ- ਉਹਨਾਂ ਨੇ ਪ੍ਰਭੂ ਦੇ ਨਾਮ ਨੂੰ ਪਛਾਣ ਲਿਆ ਹੈ (ਨਾਮ ਨਾਲ ਡੂੰਘੀ ਸਾਂਝ ਪਾ ਲਈ ਹੈ) ॥੨॥੩੭॥
ਹੇ ਬੇਸ਼ਰਮ ਮਨ! ਤੈਨੂੰ ਸ਼ਰਮ ਨਹੀਂ ਆਉਂਦੀ?
ਪ੍ਰਭੂ ਨੂੰ ਛੱਡ ਕੇ ਕਿੱਥੇ ਤੇ ਕਿਸ ਦੇ ਪਾਸ ਤੂੰ ਜਾਂਦਾ ਹੈਂ? (ਭਾਵ, ਕਿਉਂ ਹੋਰ ਆਸਰੇ ਤੂੰ ਤੱਕਦਾ ਹੈਂ?) ॥੧॥ ਰਹਾਉ ॥
ਜਿਸ ਮਨੁੱਖ ਦਾ ਮਾਲਕ ਵੱਡਾ ਹੋਵੇ,
ਉਹ ਪਰਾਏ ਘਰੀਂ ਜਾਂਦਾ ਚੰਗਾ ਨਹੀਂ ਲੱਗਦਾ ॥੧॥
(ਹੇ ਮਨ!) ਉਹ ਮਾਲਕ ਪ੍ਰਭੂ ਸਭ ਥਾਈਂ ਮੌਜੂਦ ਹੈ,
ਸਦਾ (ਤੇਰੇ) ਨਾਲ ਹੈ, (ਤੈਥੋਂ) ਦੂਰ ਨਹੀਂ ਹੈ ॥੨॥
ਲੱਛਮੀ (ਭੀ) ਜਿਸ ਦੇ ਚਰਨਾਂ ਦਾ ਆਸਰਾ ਲਈ ਬੈਠੀ ਹੈ,
ਹੇ ਭਾਈ! ਦੱਸ, ਉਸ ਪ੍ਰਭੂ ਦੇ ਘਰ ਕਿਸ ਸ਼ੈ ਦੀ ਕਮੀ ਹੈ? ॥੩॥
ਜਿਸ ਪ੍ਰਭੂ ਦੀਆਂ (ਵਡਿਆਈਆਂ ਦੀਆਂ) ਗੱਲਾਂ ਹਰੇਕ ਜੀਵ ਕਰ ਰਿਹਾ ਹੈ,
ਉਹ ਪ੍ਰਭੂ ਸਭ ਤਾਕਤਾਂ ਦਾ ਮਾਲਕ ਹੈ, ਉਹ ਸਾਡਾ (ਸਭਨਾਂ ਦਾ) ਖਸਮ ਹੈ ਤੇ ਸਭ ਪਦਾਰਥ ਦੇਣ ਵਾਲਾ ਹੈ ॥੪॥
ਕਬੀਰ ਆਖਦਾ ਹੈ-ਸੰਸਾਰ ਵਿਚ ਕੇਵਲ ਉਹੀ ਮਨੁੱਖ ਗੁਣਾਂ ਵਾਲਾ ਹੈ,
ਜਿਸ ਦੇ ਹਿਰਦੇ ਵਿਚ (ਪ੍ਰਭੂ ਤੋਂ ਬਿਨਾ) ਕੋਈ ਹੋਰ (ਦਾਤਾ ਜਚਦਾ) ਨਹੀਂ ॥੫॥੩੮॥