ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 1126


ਸਾਚ ਸਬਦ ਬਿਨੁ ਕਬਹੁ ਨ ਛੂਟਸਿ ਬਿਰਥਾ ਜਨਮੁ ਭਇਓ ॥੧॥ ਰਹਾਉ ॥

ਪਰਮਾਤਮਾ ਦੀ ਸਿਫ਼ਤ-ਸਾਲਾਹ ਤੋਂ ਵਾਂਜਿਆ ਰਹਿ ਕੇ (ਮਾਇਆ ਦੇ ਮੋਹ ਤੋਂ, ਜਮ ਦੇ ਜਾਲ ਤੋਂ) ਤੂੰ ਕਦੇ ਭੀ ਬਚਿਆ ਨਹੀਂ ਰਹਿ ਸਕੇਂਗਾ। ਤੇਰੀ ਜ਼ਿੰਦਗੀ ਵਿਅਰਥ ਹੀ ਚਲੀ ਜਾਇਗੀ ॥੧॥ ਰਹਾਉ ॥

ਤਨ ਮਹਿ ਕਾਮੁ ਕ੍ਰੋਧੁ ਹਉ ਮਮਤਾ ਕਠਿਨ ਪੀਰ ਅਤਿ ਭਾਰੀ ॥

ਹੇ ਪ੍ਰਾਣੀ! ਤੇਰੇ ਸਰੀਰ ਵਿਚ ਕਾਮ (ਜ਼ੋਰ ਪਾ ਰਿਹਾ) ਹੈ, ਕ੍ਰੋਧ (ਪ੍ਰਬਲ) ਹੈ, ਹਉਮੈ ਹੈ, ਮਲਕੀਅਤਾਂ ਦੀ ਤਾਂਘ ਹੈ, ਇਹਨਾਂ ਸਭਨਾਂ ਦੀ ਵੱਡੀ ਔਖੀ ਪੀੜ ਉਠ ਰਹੀ ਹੈ (ਇਹਨਾਂ ਵਿਕਾਰਾਂ ਵਿਚ ਡੁੱਬਣੋਂ ਤੇਰਾ ਬਚਾ ਕਿਵੇਂ ਹੋਵੇ?)।

ਗੁਰਮੁਖਿ ਰਾਮ ਜਪਹੁ ਰਸੁ ਰਸਨਾ ਇਨ ਬਿਧਿ ਤਰੁ ਤੂ ਤਾਰੀ ॥੨॥

ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਭਜਨ ਕਰ, ਜੀਭ ਨਾਲ (ਸਿਮਰਨ ਦਾ) ਸੁਆਦ ਲੈ। ਇਹਨਾਂ ਤਰੀਕਿਆਂ ਨਾਲ (ਇਹਨਾਂ ਵਿਕਾਰਾਂ ਦੇ ਡੂੰਘੇ ਪਾਣੀਆਂ ਵਿਚੋਂ ਸਿਮਰਨ ਦੀ) ਤਾਰੀ ਲਾ ਕੇ ਪਾਰ ਲੰਘ ॥੨॥

ਬਹਰੇ ਕਰਨ ਅਕਲਿ ਭਈ ਹੋਛੀ ਸਬਦ ਸਹਜੁ ਨਹੀ ਬੂਝਿਆ ॥

ਹੇ ਪ੍ਰਾਣੀ! (ਸਿਫ਼ਤ-ਸਾਲਾਹ ਵਲੋਂ) ਤੇਰੇ ਕੰਨ ਬੋਲੇ (ਹੀ ਰਹੇ), ਤੇਰੀ ਮੱਤ ਥੋੜ੍ਹ-ਵਿਤੀ ਹੋ ਗਈ ਹੈ (ਰਤਾ ਰਤਾ ਗੱਲ ਤੇ ਛਿੱਥਾ ਪੈਣ ਦਾ ਤੇਰਾ ਸੁਭਾਉ ਬਣ ਗਿਆ ਹੈ), ਸਿਫ਼ਤ-ਸਾਲਾਹ ਦਾ ਸ਼ਾਂਤ-ਰਸ ਤੂੰ ਸਮਝ ਨਹੀਂ ਸਕਿਆ।

ਜਨਮੁ ਪਦਾਰਥੁ ਮਨਮੁਖਿ ਹਾਰਿਆ ਬਿਨੁ ਗੁਰ ਅੰਧੁ ਨ ਸੂਝਿਆ ॥੩॥

ਆਪਣੇ ਮਨ ਦੇ ਪਿੱਛੇ ਲੱਗ ਕੇ ਤੂੰ ਕੀਮਤੀ ਮਨੁੱਖਾ ਜਨਮ ਗਵਾ ਲਿਆ ਹੈ। ਗੁਰੂ ਦੀ ਸਰਨ ਨਾਹ ਆਉਣ ਕਰ ਕੇ ਤੂੰ (ਆਤਮਕ ਜੀਵਨ ਵਲੋਂ) ਅੰਨ੍ਹਾ ਹੀ ਰਿਹਾ, ਤੈਨੂੰ (ਆਤਮਕ ਜੀਵਨ ਦੀ) ਸਮਝ ਨਾਹ ਆਈ ॥੩॥

ਰਹੈ ਉਦਾਸੁ ਆਸ ਨਿਰਾਸਾ ਸਹਜ ਧਿਆਨਿ ਬੈਰਾਗੀ ॥

ਉਹ ਮਨੁੱਖ (ਦੁਨੀਆ ਵਿਚ ਵਰਤਦਾ ਹੋਇਆ ਭੀ ਦੁਨੀਆ ਵਲੋਂ) ਉਪਰਾਮ ਰਹਿੰਦਾ ਹੈ, ਆਸਾਂ ਤੋਂ ਨਿਰਲੇਪ ਰਹਿੰਦਾ ਹੈ, ਅਡੋਲਤਾ ਦੀ ਸਮਾਧੀ ਵਿਚ ਟਿਕਿਆ ਰਹਿ ਕੇ ਉਹ (ਦੁਨੀਆ ਤੋਂ) ਨਿਰਮੋਹ ਰਹਿੰਦਾ ਹੈ,

ਪ੍ਰਣਵਤਿ ਨਾਨਕ ਗੁਰਮੁਖਿ ਛੂਟਸਿ ਰਾਮ ਨਾਮਿ ਲਿਵ ਲਾਗੀ ॥੪॥੨॥੩॥

ਜੋ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ। (ਹੇ ਪ੍ਰਾਣੀ!) ਨਾਨਕ ਬੇਨਤੀ ਕਰਦਾ ਹੈ (ਤੇ ਤੈਨੂੰ ਸਮਝਾਂਦਾ ਹੈ ਕਿ) ਉਹ ਮਨੁੱਖ (ਵਿਕਾਰਾਂ ਦੀ ਫਾਹੀ ਤੋਂ) ਖ਼ਲਾਸੀ ਪਾ ਲੈਂਦਾ ਹੈ, ਪ੍ਰਭੂ ਦੇ ਨਾਮ ਵਿਚ ਉਸ ਦੀ ਸੁਰਤ ਟਿਕੀ ਰਹਿੰਦੀ ਹੈ ॥੪॥੨॥੩॥

ਭੈਰਉ ਮਹਲਾ ੧ ॥

ਭੂੰਡੀ ਚਾਲ ਚਰਣ ਕਰ ਖਿਸਰੇ ਤੁਚਾ ਦੇਹ ਕੁਮਲਾਨੀ ॥

(ਹੇ ਅੰਨ੍ਹੇ ਜੀਵ! ਹੁਣ ਬੁਢੇਪੇ ਵਿਚ) ਤੇਰੀ ਤੋਰ ਬੇ-ਢਬੀ ਹੋ ਚੁਕੀ ਹੈ, ਤੇਰੇ ਪੈਰ ਹੱਥ ਢਿਲਕ ਪਏ ਹਨ, ਤੇਰੇ ਸਰੀਰ ਦੀ ਚਮੜੀ ਉਤੇ ਝੁਰੜੀਆਂ ਪੈ ਰਹੀਆਂ ਹਨ,

ਨੇਤ੍ਰੀ ਧੁੰਧਿ ਕਰਨ ਭਏ ਬਹਰੇ ਮਨਮੁਖਿ ਨਾਮੁ ਨ ਜਾਨੀ ॥੧॥

ਤੇਰੀਆਂ ਅੱਖਾਂ ਅੱਗੇ ਹਨੇਰਾ ਹੋਣ ਲੱਗ ਪਿਆ ਹੈ, ਤੇਰੇ ਕੰਨ ਬੋਲੇ ਹੋ ਚੁਕੇ ਹਨ, ਪਰ ਅਜੇ ਭੀ ਆਪਣੇ ਮਨ ਦੇ ਪਿੱਛੇ ਤੁਰ ਕੇ ਤੂੰ ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਈ ॥੧॥

ਅੰਧੁਲੇ ਕਿਆ ਪਾਇਆ ਜਗਿ ਆਇ ॥

ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ! ਤੂੰ ਜਗਤ ਵਿਚ ਜਨਮ ਲੈ ਕੇ (ਆਤਮਕ ਜੀਵਨ ਦੇ ਅਸਲੀ ਲਾਭ ਵਜੋਂ) ਕੁਝ ਭੀ ਨਾਹ ਖੱਟਿਆ,

ਰਾਮੁ ਰਿਦੈ ਨਹੀ ਗੁਰ ਕੀ ਸੇਵਾ ਚਾਲੇ ਮੂਲੁ ਗਵਾਇ ॥੧॥ ਰਹਾਉ ॥

ਸਗੋਂ ਤੂੰ ਮੂਲ ਭੀ ਗਵਾ ਲਿਆ (ਜੇਹੜਾ ਪਹਿਲਾਂ ਕੋਈ ਆਤਮਕ ਜੀਵਨ ਸੀ ਉਹ ਭੀ ਨਾਸ ਕਰ ਲਿਆ, ਕਿਉਂਕਿ) ਤੂੰ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਨਹੀਂ ਵਸਾਇਆ, ਤੇ ਤੂੰ ਗੁਰੂ ਦੀ ਦੱਸੀ ਕਾਰ ਨਹੀਂ ਕੀਤੀ ॥੧॥ ਰਹਾਉ ॥

ਜਿਹਵਾ ਰੰਗਿ ਨਹੀ ਹਰਿ ਰਾਤੀ ਜਬ ਬੋਲੈ ਤਬ ਫੀਕੇ ॥

(ਹੇ ਅੰਨ੍ਹੇ ਜੀਵ!) ਤੇਰੀ ਜੀਭ ਪ੍ਰਭੂ ਦੀ ਯਾਦ ਦੇ ਪਿਆਰ ਵਿਚ ਨਹੀਂ ਭਿੱਜੀ, ਜਦੋਂ ਭੀ ਬੋਲਦੀ ਹੈ ਫਿੱਕੇ ਬੋਲ ਹੀ ਬੋਲਦੀ ਹੈ।

ਸੰਤ ਜਨਾ ਕੀ ਨਿੰਦਾ ਵਿਆਪਸਿ ਪਸੂ ਭਏ ਕਦੇ ਹੋਹਿ ਨ ਨੀਕੇ ॥੨॥

ਤੂੰ ਸਦਾ ਭਲੇ ਬੰਦਿਆਂ ਦੀ ਨਿੰਦਿਆ ਵਿਚ ਰੁੱਝਾ ਰਹਿੰਦਾ ਹੈਂ, ਤੇਰੇ ਸਾਰੇ ਕੰਮ ਪਸ਼ੂਆਂ ਵਾਲੇ ਹੋਏ ਪਏ ਹਨ, (ਇਸੇ ਤਰ੍ਹਾਂ ਰਿਹਾਂ) ਇਹ ਕਦੇ ਭੀ ਚੰਗੇ ਨਹੀਂ ਹੋ ਸਕਣਗੇ ॥੨॥

ਅੰਮ੍ਰਿਤ ਕਾ ਰਸੁ ਵਿਰਲੀ ਪਾਇਆ ਸਤਿਗੁਰ ਮੇਲਿ ਮਿਲਾਏ ॥

(ਪਰ ਜੀਵਾਂ ਦੇ ਭੀ ਕੀਹ ਵੱਸ?) ਆਤਮਕ ਜੀਵਨ ਦੇਣ ਵਾਲੇ ਸ੍ਰ੍ਰੇਸ਼ਟ ਨਾਮ ਦੇ ਜਾਪ ਦਾ ਸੁਆਦ ਉਹਨਾਂ ਵਿਰਲਿਆਂ ਬੰਦਿਆਂ ਨੂੰ ਆਉਂਦਾ ਹੈ ਜਿਨ੍ਹਾਂ ਨੂੰ (ਪਰਮਾਤਮਾ ਆਪ) ਸਤਿਗੁਰੂ ਦੀ ਸੰਗਤ ਵਿਚ ਮਿਲਾਂਦਾ ਹੈ।

ਜਬ ਲਗੁ ਸਬਦ ਭੇਦੁ ਨਹੀ ਆਇਆ ਤਬ ਲਗੁ ਕਾਲੁ ਸੰਤਾਏ ॥੩॥

ਮਨੁੱਖ ਨੂੰ ਜਦੋਂ ਤਕ ਸਿਫ਼ਤ-ਸਾਲਾਹ ਦਾ ਰਸ ਨਹੀਂ ਆਉਂਦਾ ਤਦੋਂ ਤਕ (ਇਹ ਅਜੇਹੇ ਕੰਮ ਕਰਦਾ ਰਹਿੰਦਾ ਹੈ ਜਿਨ੍ਹਾਂ ਕਰ ਕੇ) ਇਸ ਨੂੰ ਮੌਤ ਦਾ ਡਰ ਦੁਖੀ ਕਰਦਾ ਰਹਿੰਦਾ ਹੈ ॥੩॥

ਅਨ ਕੋ ਦਰੁ ਘਰੁ ਕਬਹੂ ਨ ਜਾਨਸਿ ਏਕੋ ਦਰੁ ਸਚਿਆਰਾ ॥

ਗੁਰੂ ਦੀ ਕਿਰਪਾ ਨਾਲ ਜੋ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਦਰ ਹੀ ਮੱਲੀ ਰੱਖਦਾ ਹੈ ਤੇ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਦਰਵਾਜ਼ਾ ਕਿਸੇ ਹੋਰ ਦਾ ਘਰ ਨਹੀਂ ਭਾਲਦਾ,

ਗੁਰਪਰਸਾਦਿ ਪਰਮ ਪਦੁ ਪਾਇਆ ਨਾਨਕੁ ਕਹੈ ਵਿਚਾਰਾ ॥੪॥੩॥੪॥

ਨਾਨਕ ਇਹ ਵਿਚਾਰ ਦੀ ਗੱਲ ਆਖਦਾ ਹੈ ਕਿ ਉਹ ਮਨੁੱਖ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ ॥੪॥੩॥੪॥

ਭੈਰਉ ਮਹਲਾ ੧ ॥

ਸਗਲੀ ਰੈਣਿ ਸੋਵਤ ਗਲਿ ਫਾਹੀ ਦਿਨਸੁ ਜੰਜਾਲਿ ਗਵਾਇਆ ॥

ਸਾਰੀ ਰਾਤ ਕਾਮਾਦਿਕ ਵਿਕਾਰਾਂ ਦੀ ਨੀਂਦ ਵਿਚ ਰਹਿੰਦਾ ਹੈਂ, (ਇਹਨਾਂ ਵਿਕਾਰਾਂ ਦੇ ਸੰਸਕਾਰਾਂ ਦੀ) ਫਾਹੀ ਤੇਰੇ ਗਲ ਵਿਚ ਪੈਂਦੀ ਜਾਂਦੀ ਹੈ। ਸਾਰਾ ਦਿਨ ਮਾਇਆ ਕਮਾਣ ਦੇ ਧੰਧੇ ਵਿਚ ਗੁਜ਼ਾਰ ਦੇਂਦਾ ਹੈਂ।

ਖਿਨੁ ਪਲੁ ਘੜੀ ਨਹੀ ਪ੍ਰਭੁ ਜਾਨਿਆ ਜਿਨਿ ਇਹੁ ਜਗਤੁ ਉਪਾਇਆ ॥੧॥

ਇਕ ਖਿਨ ਇਕ ਪਲ ਇਕ ਘੜੀ ਤੂੰ ਉਸ ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ ਜਿਸ ਨੇ ਇਹ ਸਾਰਾ ਸੰਸਾਰ ਪੈਦਾ ਕੀਤਾ ਹੈ ॥੧॥

ਮਨ ਰੇ ਕਿਉ ਛੂਟਸਿ ਦੁਖੁ ਭਾਰੀ ॥

ਹੇ ਮਨ! ਤੂੰ ਮਾਇਆ ਦੇ ਮੋਹ ਦਾ ਭਾਰੀ ਦੁੱਖ ਸਹਾਰ ਰਿਹਾ ਹੈਂ (ਜੇ ਤੂੰ ਪ੍ਰਭੂ-ਸਿਮਰਨ ਨਹੀਂ ਕਰਦਾ ਤਾਂ ਇਸ ਦੁੱਖ ਤੋਂ) ਕਿਵੇਂ ਖ਼ਲਾਸੀ ਪਾਏਂਗਾ?

ਕਿਆ ਲੇ ਆਵਸਿ ਕਿਆ ਲੇ ਜਾਵਸਿ ਰਾਮ ਜਪਹੁ ਗੁਣਕਾਰੀ ॥੧॥ ਰਹਾਉ ॥

(ਦਿਨ ਰਾਤ ਮਾਇਆ ਦੀ ਖ਼ਾਤਰ ਭਟਕ ਰਿਹਾ ਹੈਂ, ਦੱਸ, ਜਦੋਂ ਜੰਮਿਆ ਸੀ) ਕੇਹੜੀ ਮਾਇਆ ਆਪਣੇ ਨਾਲ ਲੈ ਕੇ ਆਇਆ ਸੀ? ਇਥੋਂ ਤੁਰਨ ਲੱਗਾ ਭੀ ਕੋਈ ਚੀਜ਼ ਨਾਲ ਨਹੀਂ ਲੈ ਕੇ ਜਾ ਸਕੇਂਗਾ। ਪਰਮਾਤਮਾ ਦਾ ਨਾਮ ਜਪ, ਇਹੀ ਹੈ ਆਤਮਕ ਜੀਵਨ ਦੇ ਗੁਣ ਪੈਦਾ ਕਰਨ ਵਾਲਾ ॥੧॥ ਰਹਾਉ ॥

ਊਂਧਉ ਕਵਲੁ ਮਨਮੁਖ ਮਤਿ ਹੋਛੀ ਮਨਿ ਅੰਧੈ ਸਿਰਿ ਧੰਧਾ ॥

ਆਪਣੇ ਮਨ ਦੇ ਪਿੱਛੇ ਤੁਰਨ ਦੇ ਕਾਰਨ ਤੇਰਾ ਹਿਰਦਾ-ਕਵਲ ਪ੍ਰਭੂ ਦੀ ਯਾਦ ਵਲੋਂ ਉਲਟਿਆ ਪਿਆ ਹੈ, ਤੇਰੀ ਸਮਝ ਥੋੜ੍ਹ-ਵਿਤੀ ਹੋਈ ਪਈ ਹੈ, (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨ (ਦੀ ਅਗਵਾਈ) ਦੇ ਕਾਰਨ ਤੇਰੇ ਸਿਰ ਉਤੇ ਮਾਇਆ ਦੇ ਜੰਜਾਲਾਂ ਦੀ ਪੰਡ ਬੱਝੀ ਪਈ ਹੈ।

ਕਾਲੁ ਬਿਕਾਲੁ ਸਦਾ ਸਿਰਿ ਤੇਰੈ ਬਿਨੁ ਨਾਵੈ ਗਲਿ ਫੰਧਾ ॥੨॥

ਜਨਮ ਮਰਨ (ਦਾ ਗੇੜ) ਸਦਾ ਤੇਰੇ ਸਿਰ ਉਤੇ ਟਿਕਿਆ ਪਿਆ ਹੈ। ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਤੇਰੇ ਗਲ ਵਿਚ ਮੋਹ ਦੀ ਫਾਹੀ ਪਈ ਹੋਈ ਹੈ ॥੨॥

ਡਗਰੀ ਚਾਲ ਨੇਤ੍ਰ ਫੁਨਿ ਅੰਧੁਲੇ ਸਬਦ ਸੁਰਤਿ ਨਹੀ ਭਾਈ ॥

ਹੈਂਕੜ-ਭਰੀ ਤੇਰੀ ਚਾਲ ਹੈ, ਤੇਰੀਆਂ ਅੱਖਾਂ ਭੀ (ਵਿਕਾਰਾਂ ਵਿਚ) ਅੰਨ੍ਹੀਆਂ ਹੋਈਆਂ ਪਈਆਂ ਹਨ, ਪਰਮਾਤਮਾ ਦੀ ਸਿਫ਼ਤ-ਸਾਲਾਹ ਵਲ ਧਿਆਨ ਦੇਣਾ ਤੈਨੂੰ ਚੰਗਾ ਨਹੀਂ ਲੱਗਦਾ।

ਸਾਸਤ੍ਰ ਬੇਦ ਤ੍ਰੈ ਗੁਣ ਹੈ ਮਾਇਆ ਅੰਧੁਲਉ ਧੰਧੁ ਕਮਾਈ ॥੩॥

ਵੇਦ ਸ਼ਾਸਤ੍ਰ ਪੜ੍ਹਦਾ ਭੀ ਤ੍ਰੈਗੁਣੀ ਮਾਇਆ ਦੇ ਮੋਹ ਵਿਚ ਫਸਿਆ ਪਿਆ ਹੈਂ। ਤੂੰ (ਮੋਹ ਵਿਚ) ਅੰਨ੍ਹਾ ਹੋਇਆ ਪਿਆ ਹੈਂ, ਤੇ ਮਾਇਆ ਦੀ ਖ਼ਾਤਰ ਹੀ ਦੌੜ-ਭੱਜ ਕਰਦਾ ਹੈਂ ॥੩॥

ਖੋਇਓ ਮੂਲੁ ਲਾਭੁ ਕਹ ਪਾਵਸਿ ਦੁਰਮਤਿ ਗਿਆਨ ਵਿਹੂਣੇ ॥

ਹੇ ਗਿਆਨ-ਹੀਣ ਜੀਵ! ਭੈੜੀ ਮੱਤੇ ਲੱਗ ਕੇ ਤੂੰ ਉਹ ਅਤਮਕ ਜੀਵਨ ਭੀ ਗਵਾ ਬੈਠਾ ਹੈਂ ਜੋ ਪਹਿਲਾਂ ਤੇਰੇ ਪੱਲੇ ਸੀ (ਇਥੇ ਜਨਮ ਲੈ ਕੇ ਹੋਰ) ਆਤਮਕ ਲਾਭ ਤੂੰ ਕਿਥੋਂ ਖੱਟਣਾ ਸੀ?

ਸਬਦੁ ਬੀਚਾਰਿ ਰਾਮ ਰਸੁ ਚਾਖਿਆ ਨਾਨਕ ਸਾਚਿ ਪਤੀਣੇ ॥੪॥੪॥੫॥

ਹੇ ਨਾਨਕ! ਜਿਨ੍ਹਾਂ ਬੰਦਿਆਂ ਨੇ ਸਿਫ਼ਤ-ਸਾਲਾਹ ਦੀ ਬਾਣੀ ਨੂੰ ਮਨ ਵਿਚ ਵਸਾ ਕੇ ਪ੍ਰਭੂ-ਨਾਮ (ਦੇ ਸਿਮਰਨ) ਦਾ ਸੁਆਦ ਚੱਖਿਆ, ਉਹ ਉਸ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਮਸਤ ਰਹਿੰਦੇ ਹਨ ॥੪॥੪॥੫॥

ਭੈਰਉ ਮਹਲਾ ੧ ॥

ਗੁਰ ਕੈ ਸੰਗਿ ਰਹੈ ਦਿਨੁ ਰਾਤੀ ਰਾਮੁ ਰਸਨਿ ਰੰਗਿ ਰਾਤਾ ॥

ਅਜੇਹਾ ਦਾਸ ਦਿਨ ਰਾਤ ਗੁਰੂ ਦੀ ਸੰਗਤ ਵਿਚ ਰਹਿੰਦਾ ਹੈ (ਭਾਵ, ਗੁਰੂ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ), ਪਰਮਾਤਮਾ (ਦੇ ਨਾਮ) ਨੂੰ ਆਪਣੀ ਜੀਭ ਉਤੇ ਰੱਖਦਾ ਹੈ, ਤੇ ਪ੍ਰਭੂ ਦੇ ਪ੍ਰੇਮ ਵਿਚ ਰੰਗਿਆ ਰਹਿੰਦਾ ਹੈ।

ਅਵਰੁ ਨ ਜਾਣਸਿ ਸਬਦੁ ਪਛਾਣਸਿ ਅੰਤਰਿ ਜਾਣਿ ਪਛਾਤਾ ॥੧॥

ਉਹ ਦਾਸ ਸਦਾ ਸਿਫ਼ਤ-ਸਾਲਾਹ ਨਾਲ ਸਾਂਝ ਪਾਂਦਾ ਹੈ (ਨਿੰਦਿਆ ਆਦਿਕ ਕਿਸੇ) ਹੋਰ (ਬੋਲ) ਨੂੰ ਨਹੀਂ ਜਾਣਦਾ, ਪ੍ਰਭੂ ਨੂੰ ਆਪਣੇ ਅੰਦਰ ਵੱਸਦਾ ਜਾਣ ਕੇ ਉਸ ਨਾਲ ਸਾਂਝ ਪਾਈ ਰੱਖਦਾ ਹੈ ॥੧॥

ਸੋ ਜਨੁ ਐਸਾ ਮੈ ਮਨਿ ਭਾਵੈ ॥

ਮੇਰੇ ਮਨ ਵਿਚ ਤਾਂ (ਪਰਮਾਤਮਾ ਦਾ) ਅਜੇਹਾ ਦਾਸ ਪਿਆਰਾ ਲੱਗਦਾ ਹੈ,

ਆਪੁ ਮਾਰਿ ਅਪਰੰਪਰਿ ਰਾਤਾ ਗੁਰ ਕੀ ਕਾਰ ਕਮਾਵੈ ॥੧॥ ਰਹਾਉ ॥

ਜੋ ਆਪਾ-ਭਾਵ (ਸੁਆਰਥ) ਮੁਕਾ ਕੇ ਬੇਅੰਤ ਪ੍ਰਭੂ (ਦੇ ਪਿਆਰ) ਵਿਚ ਮਸਤ ਰਹਿੰਦਾ ਹੈ ਤੇ ਸਤਿਗੁਰੂ ਦੀ ਦੱਸੀ ਕਾਰ ਕਰਦਾ ਹੈ (ਉਹਨਾਂ ਪੂਰਨਿਆਂ ਤੇ ਤੁਰਦਾ ਹੈ ਜੋ ਗੁਰੂ ਨੇ ਪਾ ਦਿੱਤੇ ਹਨ) ॥੧॥ ਰਹਾਉ ॥

ਅੰਤਰਿ ਬਾਹਰਿ ਪੁਰਖੁ ਨਿਰੰਜਨੁ ਆਦਿ ਪੁਰਖੁ ਆਦੇਸੋ ॥

(ਮੈਨੂੰ ਉਹ ਦਾਸ ਪਿਆਰਾ ਲੱਗਦਾ ਹੈ ਜੋ) ਉਸ ਅਕਾਲ ਪੁਰਖ ਨੂੰ (ਸਦਾ) ਨਮਸਕਾਰ ਕਰਦਾ ਹੈ ਜੋ ਸਾਰੇ ਸੰਸਾਰ ਦਾ ਮੁੱਢ ਹੈ।

ਘਟ ਘਟ ਅੰਤਰਿ ਸਰਬ ਨਿਰੰਤਰਿ ਰਵਿ ਰਹਿਆ ਸਚੁ ਵੇਸੋ ॥੨॥

(ਉਸ ਦਾਸ ਨੂੰ ਪਰਮਾਤਮਾ) ਅੰਦਰ ਬਾਹਰ ਹਰ ਥਾਂ ਵਿਆਪਕ ਦਿੱਸਦਾ ਹੈ, ਉਸ ਪ੍ਰਭੂ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ। (ਉਸ ਸੇਵਕ ਨੂੰ) ਉਹ ਸਦਾ-ਥਿਰ-ਸਰੂਪ ਪ੍ਰਭੂ ਹਰੇਕ ਸਰੀਰ ਵਿਚ ਇੱਕ-ਰਸ ਸਭ ਜੀਵਾਂ ਦੇ ਅੰਦਰ ਮੌਜੂਦ ਪ੍ਰਤੀਤ ਹੁੰਦਾ ਹੈ ॥੨॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1363
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430