(ਪ੍ਰਭੂ ਦੇ ਨਾਮ ਦੇ ਸਾਵੇਂ ਮੁੱਲ ਦੀ ਚੀਜ਼ ਹੋਵੇ ਭੀ ਕਿਵੇਂ? ਕਿਉਂਕਿ) ਉਸ ਨੇ ਆਪ ਹੀ ਸਾਰੀ ਸ੍ਰਿਸ਼ਟੀ ਬਣਾਈ ਹੈ ਤੇ ਆਪ ਹੀ ਇਸ ਵਿਚ ਹਰ ਥਾਂ ਮੌਜੂਦ ਹੈ।
(ਹਾਂ) ਗੁਰੂ ਦੇ ਸਨਮੁਖ ਹੋ ਕੇ ਸਦਾ ਸਿਫ਼ਤ-ਸਾਲਾਹ ਕਰੀਏ (ਬੱਸ, ਇਹ) ਸਿਮਰਨ ਹੀ ('ਨਾਮ' ਦੀ ਪ੍ਰਾਪਤੀ ਲਈ) ਮੁੱਲ ਕੀਤਾ ਜਾ ਸਕਦਾ ਹੈ,
(ਕਿਉਂਕਿ) ਗੁਰੂ ਦੇ ਸਬਦ ਦੀ ਰਾਹੀਂ ਹਿਰਦਾ-ਕੌਲ ਖਿੜਦਾ ਹੈ ਤੇ ਇਸ ਤਰ੍ਹਾਂ ਨਾਮ-ਰਸ ਪੀਵੀਦਾ ਹੈ,
(ਜਗਤ ਵਿਚ) ਆਉਣ ਜਾਣ ਦਾ ਗੇੜ ਮੁੱਕ ਜਾਂਦਾ ਹੈ ਤੇ ਸੁਖ ਵਿਚ ਅਡੋਲ ਅਵਸਥਾ ਵਿਚ ਲੀਨ ਹੋ ਜਾਈਦਾ ਹੈ ॥੭॥
(ਉਸ ਮਨੁੱਖ ਦਾ ਮਨ) ਵਿਕਾਰਾਂ ਨਾਲ ਨਹੀਂ ਲਿੱਬੜਦਾ, ਉਸ ਦੀ ਨਿਗਾਹ ਧੁੰਧਲੀ ਨਹੀਂ ਹੁੰਦੀ (ਭਾਵ, ਉਸ ਨੂੰ ਹਰ ਥਾਂ ਪਰਮਾਤਮਾ ਸਾਫ਼ ਪਿਆ ਦਿੱਸਦਾ ਹੈ) ਉਸ ਨੂੰ ਕਿਸੇ ਭੇਖ ਆਦਿਕ ਦੀ ਤਾਂਘ ਨਹੀਂ ਹੁੰਦੀ, ਨਾਸਵੰਤ ਜਗਤ ਦਾ ਮੋਹ ਭੀ ਉਸ ਨੂੰ ਨਹੀਂ ਵਿਆਪਦਾ।
ਹੇ ਨਾਨਕ! (ਆਖ-ਜਿਹੜਾ ਮਨੁੱਖ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੇ ਨਾਮ) ਵਿਚ ਰੰਗਿਆ ਰਹਿੰਦਾ ਹੈ ਉਹ ਸਦਾ-ਥਿਰ ਪ੍ਰਭੂ (ਦਾ ਰੂਪ ਹੀ) ਹੋ ਜਾਂਦਾ ਹੈ, (ਉਸ ਦਾ ਮਨ ਪਰਮਾਤਮਾ ਦੇ ਪ੍ਰੇਮ-ਰੰਗ ਨਾਲ) ਗੂੜ੍ਹਾ ਰੰਗਿਆ ਜਾਂਦਾ ਹੈ ॥੧॥
ਉਹ ਜੀਵ-ਭੌਰਾ (ਦੁਨੀਆ ਦੇ) ਸਾਰੇ ਡਰ ਨਾਸ ਕਰ ਕੇ (ਸਦਾ) ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਬਨਸਪਤੀ ਦਾ ਹਰੇਕ ਫੁੱਲ ਹਰੇਕ ਫਲ (ਜਗਤ ਦਾ ਹਰੇਕ ਮਨ-ਮੋਹਣਾ ਪਦਾਰਥ ਉਸ ਨੂੰ ਮਾਇਆ ਦੀ ਭਟਕਣਾ ਵਿਚ ਪਾਣ ਦੇ ਥਾਂ) ਆਤਮਕ ਅਡੋਲਤਾ ਵਿਚ ਟਿਕਾਂਦਾ ਹੈ।
ਹੇ ਨਾਨਕ! (ਜਿਵੇਂ ਪੰਛੀਆਂ ਦੇ ਰੈਣ-ਬਸੇਰੇ ਵਾਸਤੇ ਰੁੱਖ ਆਸਰਾ ਹੈ, ਤਿਵੇਂ ਜਿਹੜਾ ਜੀਵ-) ਭੌਰਾ ਸਿਰਫ਼ ਪਰਮਾਤਮਾ ਨੂੰ ਹੀ ਆਸਰਾ-ਸਹਾਰਾ ਸਮਝਦਾ ਹੈ (ਜੋ ਭੌਰਿਆਂ ਵਾਂਗ ਹਰੇਕ ਫੁੱਲ ਦੀ ਸੁਗੰਧੀ ਨਹੀਂ ਲੈਂਦਾ ਫਿਰਦਾ, ਸਗੋਂ ਪਰਮਾਤਮਾ ਦੀ ਸਿਫ਼ਤ ਸਾਲਾਹ-ਰੂਪ) ਫੁੱਲ (ਦੀ ਸੁਗੰਧੀ ਹੀ) ਮਾਣਦਾ ਹੈ ॥੨॥
ਜੋ ਮਨੁੱਖ (ਆਪਣੇ) ਮਨ ਨਾਲ ਲੜਦੇ ਹਨ ਉਹ ਸੂਰਮੇ ਇਨਸਾਨ ਬਣਦੇ ਹਨ ਉਹ ਮੰਨੇ-ਪ੍ਰਮੰਨੇ ਜਾਂਦੇ ਹਨ;
ਜਿਨ੍ਹਾਂ ਨੇ ਆਪਣੇ ਆਪ ਨੂੰ ਪਛਾਣਿਆ ਹੈ ਉਹ ਸਦਾ ਰੱਬ ਨਾਲ ਮਿਲੇ ਰਹਿੰਦੇ ਹਨ।
ਗਿਆਨਵਾਨ ਬੰਦਿਆਂ ਦੀ ਵਡਿਆਈ ਹੀ ਇਹ ਹੈ (ਭਾਵ, ਇਸੇ ਗੱਲ ਵਿਚ ਵਡਿਆਈ ਹੈ) ਕਿ ਉਹ ਮਨ ਵਿਚ ਟਿਕੇ ਰਹਿੰਦੇ ਹਨ (ਭਾਵ, ਮਾਇਆ ਦੇ ਪਿੱਛੇ ਭਟਕਣ ਦੇ ਥਾਂ ਅੰਦਰ ਵਲ ਪਰਤੇ ਰਹਿੰਦੇ ਹਨ)।
(ਇਸ ਤਰ੍ਹਾਂ) ਸੁਰਤ ਜੋੜ ਕੇ ਉਹਨਾਂ ਨੂੰ ਰੱਬ ਦਾ ਘਰ ਲੱਭ ਪੈਂਦਾ ਹੈ, ਰੱਬ ਮਿਲ ਪੈਂਦਾ ਹੈ।
(ਸੋ) ਜਿਨ੍ਹਾਂ ਨੇ ਗੁਰੂ ਦੀ ਮਿਹਰ ਨਾਲ ਆਪਣੇ ਮਨ ਨੂੰ ਜਿੱਤਿਆ ਹੈ ਉਹਨਾਂ ਨੇ ਜਗਤ ਜਿੱਤ ਲਿਆ ਹੈ ॥੮॥
ਜੇ ਮੈਂ ਜੋਗੀ ਬਣ ਜਾਵਾਂ, ਜਗਤ ਵਿਚ ਭੌਂਦਾ ਫਿਰਾਂ ਤੇ ਘਰ ਘਰ ਤੋਂ (ਨਿਰਾ) ਖੈਰ ਹੀ ਲੈਂਦਾ ਰਹਾਂ
(ਤੇ ਆਪਣੀਆਂ ਕਰਤੂਤਾਂ ਵਲ ਵੇਖਾਂ ਹੀ ਨਾਹ, ਤਾਂ) ਪ੍ਰਭੂ ਦੀ ਹਜ਼ੂਰੀ ਵਿਚ (ਤਾਂ ਅਮਲਾਂ ਦਾ) ਲੇਖਾ ਮੰਗੀਦਾ ਹੈ ਮੈਂ ਕਿਸ ਕਿਸ ਕਰਤੂਤ ਦਾ ਜਵਾਬ ਦਿਆਂਗਾ?
(ਜਿਸ ਮਨੁੱਖ ਨੇ) ਪ੍ਰਭੂ ਦੇ ਨਾਮ ਨੂੰ ਭਿੱਛਿਆ ਬਣਾਇਆ ਹੈ ਸੰਤੋਖ ਨੂੰ ਕੁਟੀਆ ਬਣਾਇਆ ਹੈ ਰੱਬ ਸਦਾ ਉਸ ਦੇ ਨਾਲ ਵੱਸਦਾ ਹੈ।
ਭੇਖਾਂ ਨਾਲ ਕਦੇ ਕਿਸੇ ਨੂੰ ਅਸਲੀਅਤ ਨਹੀਂ ਲੱਭੀ, ਸਾਰੀ ਸ੍ਰਿਸ਼ਟੀ ਜਮਕਾਲ ਨੇ ਬੰਨ੍ਹ ਰੱਖੀ ਹੈ।
ਹੇ ਨਾਨਕ! ਪ੍ਰਭੂ ਦਾ ਨਾਮ ਹੀ ਯਾਦ ਕਰ, ਇਸ ਤੋਂ ਛੁਟ ਹੋਰ ਗੱਲਾਂ ਕੂੜੀਆਂ ਹਨ ॥੧॥
ਜਿਸ ਬੂਹੇ ਤੇ (ਬੈਠਿਆਂ, ਕੀਤੇ ਕਰਮਾਂ ਦਾ) ਲੇਖਾ (ਫਿਰ ਭੀ) ਮੰਗਿਆ ਜਾਣਾ ਹੈ ਉਹ ਬੂਹਾ ਕੋਈ ਨਾਹ ਮੱਲਿਓ।
ਐਸਾ ਗੁਰੂ ਲੱਭੋ ਜਿਸ ਵਰਗਾ ਹੋਰ ਨਾਹ ਲੱਭ ਸਕੇ।
ਉਸ ਗੁਰੂ ਦੀ ਸਰਨ ਪਿਆਂ (ਕਰਮਾਂ ਦੇ ਗੇੜ ਤੋਂ) ਮੁਕਤ ਹੋਈਦਾ ਹੈ। (ਫਿਰ ਕਿਸੇ ਕਰਮਾਂ ਦਾ) ਲੇਖਾ ਕੋਈ ਨਹੀਂ ਮੰਗਦਾ (ਕਿਉਂਕਿ)
ਉਹ ਗੁਰੂ ਆਪ ਪ੍ਰਭੂ ਦਾ ਨਾਮ ਪੱਲੇ ਬੰਨ੍ਹਦਾ ਹੈ (ਸਰਨ ਆਇਆਂ ਦੇ) ਪੱਲੇ ਬੰਨ੍ਹਾਂਦਾ ਹੈ ਤੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੇਂਦਾ ਹੈ।
ਜਿਸ ਮਨੁੱਖ ਦੇ ਹਿਰਦੇ ਵਿਚ ਰੱਬ ਆ ਵੱਸਦਾ ਹੈ ਉਸ ਦਾ ਸਰੀਰ ਭੀ ਉਸ ਦਾ ਮਨ ਭੀ ਰੱਬ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ।
ਹੇ ਨਾਨਕ! ਜੇ ਪ੍ਰਭੂ ਦੀ ਰਜ਼ਾ ਮੰਨ ਲਈਏ ਤਾਂ ਉਹ ਸੱਚੀ ਵਡਿਆਈ ਬਖ਼ਸ਼ਦਾ ਹੈ;
ਪਰ, ਉਹੀ ਮਨੁੱਖ ਆਪਣਾ ਆਪ ਪ੍ਰਭੂ ਵਿਚ ਲੀਨ ਕਰਦਾ ਹੈ ਜਿਸ ਉਤੇ ਉਹ ਆਪ ਮਿਹਰ ਦੀ ਨਜ਼ਰ ਕਰਦਾ ਹੈ ॥੨॥
ਜੋ ਮਨੁੱਖ ਅਹੰਕਾਰ ਵਿਚ ਮਰਦੇ ਹਨ (ਖਪਦੇ ਹਨ) ਤੇ ਦੁੱਖ ਪਾਂਦੇ ਹਨ ਉਹਨਾਂ ਨੂੰ ਸੂਰਮੇ ਨਹੀਂ ਆਖੀਦਾ,
ਉਹ (ਅਹੰਕਾਰੀ) ਅੰਨ੍ਹੇ ਆਪਣਾ ਅਸਲਾ ਨਹੀਂ ਪਛਾਣਦੇ ਤੇ ਮਾਇਆ ਦੇ ਮੋਹ ਵਿਚ ਖ਼ੁਆਰ ਹੁੰਦੇ ਹਨ।
ਬੜੇ ਕ੍ਰੋਧ ਵਿਚ ਆ ਕੇ (ਦੂਜਿਆਂ ਨਾਲ) ਲੜਦੇ ਹਨ ਤੇ ਇਸ ਲੋਕ ਤੇ ਪਰਲੋਕ ਵਿਚ ਦੁੱਖ ਹੀ ਪਾਂਦੇ ਹਨ।
ਵੇਦ ਆਦਿਕ ਧਰਮ-ਪੁਸਤਕ ਭੀ ਪੁਕਾਰ ਕੇ ਕਹਿ ਰਹੇ ਹਨ ਕਿ ਰੱਬ ਨੂੰ ਅਹੰਕਾਰ ਚੰਗਾ ਨਹੀਂ ਲੱਗਦਾ।
ਜੋ ਮਨੁੱਖ ਅਹੰਕਾਰ ਵਿਚ ਹੀ ਮਰਦੇ ਰਹੇ ਉਹ ਬੇ-ਗਤੇ ਹੀ ਗਏ (ਉਹਨਾਂ ਦਾ ਜੀਵਨ ਨਾਹ ਸੁਧਰਿਆ), ਉਹ ਮੁੜ ਮੁੜ ਮਰਦੇ ਜੰਮਦੇ ਰਹਿੰਦੇ ਹਨ ॥੯॥
ਕਾਂ ਤੋਂ ਚਿੱਟਾ (ਹੰਸ) ਨਹੀਂ ਬਣ ਸਕਦਾ, ਲੋਹੇ ਦੀ ਬੇੜੀ (ਨਦੀ ਦਾ) ਪਾਰਲਾ ਕੰਢਾ ਨਹੀਂ ਲੱਭ ਸਕਦੀ;
ਪਰ ਸ਼ਾਬਾਸੇ ਉਸ ਸਵਾਰਨ ਵਾਲੇ (ਗੁਰੂ) ਨੂੰ (ਜਿਸ ਦੀ ਮੱਤ ਲੈ ਕੇ ਕਾਂ ਵਰਗੇ ਕਾਲੇ ਮਨ ਵਾਲਾ ਭੀ) ਪਰਮਾਤਮਾ ਦਾ ਨਾਮ ਅੰਗੀਕਾਰ ਕਰਦਾ ਹੈ,
ਹੁਕਮ ਪਛਾਣਦਾ ਹੈ ਤਾਂ (ਕਾਂ ਤੋਂ) ਹੰਸ ਬਣ ਜਾਂਦਾ ਹੈ (ਜਿਵੇਂ) ਲੱਕੜ ਦੇ ਆਸਰੇ ਲੋਹਾ (ਨਦੀ ਦੇ) ਪਾਰਲੇ ਕੰਢੇ ਜਾ ਲੱਗਦਾ ਹੈ।
(ਗੁਰੂ ਦੇ ਆਸਰੇ) ਹੇ ਨਾਨਕ! ਉਹ ਤ੍ਰਿਸ਼ਨਾ ਤਿਆਗਦਾ ਹੈ ਤੇ ਰੱਬ ਦੇ ਡਰ ਵਿਚ ਜੀਊਂਦਾ ਹੈ, (ਬੱਸ!) ਇਹੀ ਕਰਣੀ ਸਭ ਤੋਂ ਚੰਗੀ ਹੈ ॥੧॥
ਜੋ ਮੂਰਖ ਬਾਹਰ ਜੰਗਲਾਂ ਵਿਚ ਮਨ ਨੂੰ ਮਾਰਨ ਵਾਸਤੇ ਗਏ ਉਹ ਮਾਰ ਨ ਸਕੇ;
ਹੇ ਨਾਨਕ! ਜੇ ਇਹ ਮਨ ਵੱਸ ਕੀਤਾ ਜਾ ਸਕਦਾ ਹੈ ਤਾਂ ਗੁਰੂ ਦੇ ਸ਼ਬਦ ਵਿਚ ਵਿਚਾਰ ਕੀਤਿਆਂ ਹੀ ਵੱਸ ਕੀਤਾ ਜਾ ਸਕਦਾ ਹੈ,
(ਨਹੀਂ ਤਾਂ ਉਂਞ) ਭਾਵੇਂ ਕੋਈ ਕਿਤਨੀ ਹੀ ਤਾਂਘ ਕਰੇ ਇਹ ਮਨ ਜਤਨ ਕੀਤਿਆਂ ਵੱਸ ਵਿਚ ਨਹੀਂ ਆਉਂਦਾ।
ਹੇ ਨਾਨਕ! ਜੇ ਸਮਰੱਥ ਗੁਰੂ ਮਿਲ ਪਏ ਤਾਂ ਮਨ ਹੀ ਮਨ ਨੂੰ ਮਾਰ ਲੈਂਦਾ ਹੈ (ਭਾਵ, ਗੁਰੂ ਦੀ ਸਹੈਤਾ ਨਾਲ ਅੰਦਰ ਵਲ ਪਰਤਿਆਂ ਮਨ ਵੱਸ ਵਿਚ ਆ ਜਾਂਦਾ ਹੈ) ॥੨॥