ਹੇ ਮਾਇਆ ਵਿਚ ਮੱਤੇ ਹੋਏ (ਜੀਵ!) ਇਹ ਸਰੀਰ, ਇਹ ਘਰ, (ਮਾਇਆ ਦੇ) ਇਹ ਪਿਆਰ, ਕੋਈ ਸਦਾ ਰਹਿਣ ਵਾਲੇ ਨਹੀਂ ਹਨ; ਕਦ ਤਾਈਂ (ਤੂੰ ਇਹਨਾਂ ਦਾ) ਹੰਕਾਰ ਕਰੇਂਗਾ?
ਇਹ (ਰਾਜਸੀ) ਛਤਰ, ਇਹ ਹੁਕਮ-ਨਾਮੇ, ਇਹ ਚਉਰ ਅਤੇ ਇਹ ਚਉਰ-ਬਰਦਾਰ, ਸਭ ਨਾਸ ਹੋ ਜਾਣਗੇ। ਪਰ ਹਿਰਦੇ ਵਿਚ ਤੂੰ ਵਿਚਾਰਦਾ ਨਹੀਂ ਹੈਂ।
ਰਥ, ਘੋੜੇ, ਹਾਥੀ, ਤਖ਼ਤ, (ਇਹਨਾਂ ਵਿਚੋਂ ਕੋਈ ਭੀ ਨਾਲ) ਨਹੀਂ (ਨਿਭਣਾ), ਇਹਨਾਂ ਨੂੰ ਇਕ ਖਿਨ ਵਿਚ ਛੱਡ ਕੇ ਨੰਗਾ (ਹੀ ਇਥੋਂ) ਤੁਰ ਜਾਹਿਂਗਾ।
ਅੱਖਾਂ ਨਾਲ ਵੇਖ! ਨਾਹ ਸੂਰਮੇ, ਨਾਹ ਜੋਧੇ, ਨਾਹ ਮੀਰ, ਨਾਹ ਸਿਰਦਾਰ, ਕੋਈ ਭੀ ਸਾਥੀ ਨਹੀਂ (ਬਣਨੇ)।
ਇਹਨਾਂ ਕਿਲ੍ਹਿਆਂ, (ਮਾਇਆ ਦੇ) ਆਸਰਿਆਂ ਤੇ ਖ਼ਜ਼ਾਨਿਆਂ ਨਾਲ (ਅੰਤ ਵੇਲੇ) ਛੁਟਕਾਰਾ ਨਹੀਂ (ਹੋ ਸਕੇਗਾ)। (ਤੂੰ) ਪਾਪ ਕਰ ਕਰ ਕੇ ਦੋਵੇਂ ਹੱਥ ਝਾੜਦਾ ਹੈਂ (ਭਾਵ, ਬੇ-ਪਰਵਾਹ ਹੋ ਕੇ ਪਾਪ ਕਰਦਾ ਹੈਂ)।
ਇਹ ਮਿੱਤ੍ਰ, ਪੁੱਤ੍ਰ, ਇਸਤ੍ਰੀ, ਸੱਜਣ ਤੇ ਸਾਥੀ (ਅੰਤ ਵੇਲੇ) ਸਾਥ ਛੱਡ ਦੇਣਗੇ, ਜਿਵੇਂ (ਹਨੇਰੇ ਵਿਚ) ਰੁੱਖ ਦੀ ਛਾਂ (ਉਸ ਦਾ ਸਾਥ ਛੱਡ ਦੇਂਦੀ ਹੈ।)
(ਹੇ ਮਨ!) ਦੀਨਾਂ ਉੱਤੇ ਦਇਆ ਕਰਨ ਵਾਲੇ, ਸਭ ਥਾਈਂ ਵਿਆਪਕ, ਬੇਅੰਤ ਤੇ ਅਪਾਰ ਹਰੀ ਨੂੰ ਹਰ ਵੇਲੇ ਯਾਦ ਕਰ, (ਤੇ ਆਖ)-
ਹੇ ਮਾਇਆ ਦੇ ਪਤੀ! ਹੇ ਨਾਥ! ਹੇ ਭਗਵੰਤ! ਨਾਨਕ ਦਾਸ ਨੂੰ ਕਿਰਪਾ ਕਰ ਕੇ ਤਾਰ ਲਵੋ, ਜੋ ਤੇਰੀ ਸਰਨ ਆਇਆ ਹੈ ॥੫॥
(ਲੋਕ) ਜਾਨ ਹੀਲ ਕੇ, ਇੱਜ਼ਤ ਭੀ ਦੇ ਕੇ, ਦਾਨ ਲੈ ਲੈ ਕੇ, ਡਾਕੇ ਮਾਰ ਮਾਰ ਕੇ, (ਮਾਇਆ ਵਿਚ) ਪ੍ਰੇਮ ਜੋੜ ਕੇ, (ਪੂਰਨ) ਧਿਆਨ ਦੇ ਦੇ (ਮਾਇਆ ਨੂੰ) ਲੈ ਲੈ ਕੇ ਇਕੱਠੇ ਕਰਦੇ ਹਨ;
ਸੱਜਣ, ਸਾਥੀ, ਮਿੱਤ੍ਰ, ਪੁੱਤ੍ਰ, ਭਰਾ-ਇਹਨਾਂ ਸਭਨਾਂ ਤੋਂ ਉਹਲੇ ਲੁਕਾ ਕੇ ਰੱਖਦੇ ਹਨ।
(ਲੋਕ ਮਾਇਆ ਦੇ ਪਿੱਛੇ) ਦੌੜਨਾ ਭੱਜਣਾ, ਠੱਗੀ ਦੇ ਕੰਮ ਕਰਨੇ-ਸਾਰੀ ਉਮਰ ਇਹ ਕੁਝ ਕਰਦਿਆਂ ਹੀ ਗਵਾ ਦਿੰਦੇ ਹਨ;
ਪੁੰਨ ਕਰਮ, ਜੁਗਤੀ ਵਿਚ ਰਹਿਣਾ, ਆਤਮਕ ਸੁਚ ਤੇ ਨੇਮ-ਇਹ ਸਾਰੇ ਹੀ ਕੰਮ ਚੰਚਲ ਮਾਇਆ ਦੀ ਸੰਗਤ ਵਿਚ ਛੱਡ ਬੈਠਦੇ ਹਨ।
(ਜੀਵ) ਪਸ਼ੂ, ਪੰਛੀ, ਰੁੱਖ, ਪਰਬਤ ਆਦਿਕ-ਇਹਨਾਂ ਰੰਗਾ-ਰੰਗ ਦੀਆਂ ਜੂਨੀਆਂ ਵਿਚ ਬਹੁਤ ਭਟਕਦੇ ਫਿਰਦੇ ਹਨ;
ਖਿਨ ਮਾਤ੍ਰ, ਪਲ ਮਾਤ੍ਰ ਜਾਂ ਚਸਾ ਮਾਤ੍ਰ ਭੀ ਦੀਨਾਂ ਦੇ ਨਾਥ, ਪ੍ਰਾਣਾਂ ਦੇ ਮਾਲਕ, ਸ੍ਰਿਸ਼ਟੀ ਦੇ ਸਾਜਣਹਾਰ ਦਾ ਨਾਮ ਨਹੀਂ ਜਪਦੇ।
ਖਾਣ ਪੀਣ, ਮਿੱਠੇ ਰਸਾਂ ਵਾਲੇ ਪਦਾਰਥ-(ਇਹ ਸਭ) ਅਖ਼ੀਰ ਦੇ ਵੇਲੇ ਸਦਾ ਕੌੜੇ (ਲੱਗਦੇ ਹਨ)।
ਹੇ ਨਾਨਕ! ਜੋ ਜਨ ਸੰਤਾਂ ਦੀ ਚਰਨੀਂ ਪੈਂਦੇ ਹਨ ਉਹ ਤਰ ਜਾਂਦੇ ਹਨ, ਬਾਕੀ ਲੋਕ, ਜੋ ਮਾਇਆ ਵਿਚ ਮਸਤ ਹਨ, ਸਭ ਕੁਝ ਛੱਡ ਕੇ (ਖ਼ਾਲੀ-ਹੱਥ ਹੀ) ਜਾਂਦੇ ਹਨ ॥੬॥
ਬ੍ਰਹਮਾ ਵਰਗੇ, ਸ਼ਿਵ ਜੀ ਅਤੇ ਵੱਡੇ ਵੱਡੇ ਮੁਨੀ ਵੇਦਾਂ ਦੁਆਰਾ ਪਰਮਾਤਮਾ ਦੇ ਗੁਣ ਪ੍ਰੇਮ ਨਾਲ ਗਾਉਂਦੇ ਹਨ।
ਇੰਦ੍ਰ, ਵੱਡੇ ਵੱਡੇ ਮੁਨੀ ਤੇ ਗੋਰਖ (ਆਦਿਕ) ਕਦੇ ਧਰਤੀ ਤੇ ਆਉਂਦੇ ਹਨ ਕਦੇ ਆਕਾਸ਼ ਵਲ ਦੌੜਦੇ ਫਿਰਦੇ ਹਨ, (ਅਤੇ ਪਰਮਾਤਮਾ ਨੂੰ ਸਭ ਥਾਈਂ) ਖੋਜ ਰਹੇ ਹਨ।
ਸਿੱਧ, ਮਨੁੱਖ, ਦੇਵਤੇ ਤੇ ਦੈਂਤ, ਕਿਸੇ ਨੇ ਭੀ ਉਸ (ਪ੍ਰਭੂ) ਦਾ ਰਤਾ ਭਰ ਭੇਦ ਨਹੀਂ ਪਾਇਆ।
ਪਰ, ਹਰੀ ਦੇ ਦਾਸ ਪਿਆਰੇ ਪ੍ਰਭੂ ਦੀ ਪ੍ਰੀਤ ਦੁਆਰਾ ਤੇ ਪ੍ਰੇਮ-ਰਸ ਵਾਲੀ ਭਗਤੀ ਦੁਆਰਾ ਉਸ ਦੇ ਦਰਸ਼ਨ ਵਿਚ ਲੀਨ ਹੋ ਜਾਂਦੇ ਹਨ।
(ਜਿਹੜੇ ਮਨੁੱਖ) ਉਸ ਪ੍ਰਭੂ ਨੂੰ ਛੱਡ ਕੇ ਹੋਰਨਾਂ ਤੋਂ ਮੰਗਦੇ ਹਨ (ਮੰਗਦਿਆਂ ਮੰਗਦਿਆਂ ਉਹਨਾਂ ਦੇ) ਮੂੰਹ, ਦੰਦ ਤੇ ਜੀਭ-ਇਹ ਸਾਰੇ ਹੀ ਘਸ ਜਾਂਦੇ ਹਨ।
ਹੇ ਮੂਰਖ ਮਨ! ਸੁਖਾਂ ਦੇ ਦੇਣ ਵਾਲੇ (ਪ੍ਰਭੂ) ਨੂੰ ਯਾਦ ਕਰ, ਤੈਨੂੰ (ਪ੍ਰਭੂ ਦਾ) ਦਾਸ ਨਾਨਕ ਸਮਝਾ ਰਿਹਾ ਹੈ ॥੭॥
ਭੁਲੇਖੇ ਤੇ ਮੋਹ ਦੇ ਕਾਰਨ (ਜਿਸ ਮਾਇਆ ਦੇ) ਹਨੇਰੇ ਖੂਹ ਵਿਚ ਤੂੰ ਪਿਆ ਹੋਇਆ ਹੈਂ, (ਉਹ) ਮਾਇਆ ਕਈ ਰੰਗਾਂ ਦੇ ਕੌਤਕ ਕਰਦੀ ਹੈ।
(ਤੈਨੂੰ) ਇਤਨਾ ਅਹੰਕਾਰ ਹੈ ਕਿ ਅਸਮਾਨ ਤਾਈਂ ਨਹੀਂ (ਤੂੰ) ਮਿਉਂਦਾ। (ਪਰ ਤੇਰੀ ਹਸਤੀ ਤਾਂ ਇਹੀ ਕੁਝ ਹੈ ਨਾ ਕਿ ਤੇਰਾ) ਢਿੱਡ ਵਿਸ਼ਟਾ, ਹੱਡੀਆਂ ਤੇ ਕੀੜਿਆਂ ਨਾਲ ਭਰਿਆ ਹੋਇਆ ਹੈ।
ਤੂੰ ਮਾਇਆ ਦੀ ਖ਼ਾਤਰ ਦਸੀਂ ਪਾਸੀਂ ਦੌੜਦਾ ਹੈਂ, ਪਰਾਇਆ ਧਨ ਖੋਂਹਦਾ ਹੈਂ, ਤੈਨੂੰ ਅਗਿਆਨ ਨੇ ਠੱਗ ਲਿਆ ਹੈ।
(ਤੇਰੀ) ਜੁਆਨੀ ਬੀਤ ਗਈ ਹੈ; ਬੁਢੇਪੇ-ਰੂਪ ਰੋਗ ਨੇ (ਤੈਨੂੰ) ਆ ਘੇਰਿਆ ਹੈ; (ਤੂੰ ਅਜੇਹੀ) ਮੌਤੇ ਮੁਇਆ ਹੈਂ (ਜਿੱਥੇ) ਤੈਨੂੰ ਜਮਦੂਤਾਂ ਦਾ ਡੰਨ ਭਰਨਾ ਪਏਗਾ।
ਤੂੰ ਅਨੇਕਾਂ ਜੂਨਾਂ ਦੇ ਕਸ਼ਟ ਤੇ ਨਰਕ ਭੋਗਦਾ ਹੈਂ, ਜਮਾਂ ਦੀ ਤਾੜਨਾ ਦੇ ਦੁੱਖਾਂ ਦੇ ਟੋਏ ਵਿਚ ਗਲ ਰਿਹਾ ਹੈਂ।
ਹੇ ਨਾਨਕ! ਉਹ ਮਨੁੱਖ ਪ੍ਰੇਮ-ਭਗਤੀ ਦੀ ਬਰਕਤਿ ਨਾਲ ਪਾਰ ਲੰਘ ਗਏ ਹਨ, ਜਿਨ੍ਹਾਂ ਨੂੰ (ਹਰੀ ਨੇ) ਮਿਹਰ ਕਰ ਕੇ ਆਪ ਸੰਤ ਬਣਾ ਲਿਆ ਹੈ ॥੮॥
(ਹਰੀ ਦੇ ਨਾਮ ਨੂੰ ਸਿਮਰਨ ਨਾਲ) ਸਾਡੀ ਆਸ ਪੂਰੀ ਹੋ ਗਈ ਹੈ, ਸਾਰੇ ਗੁਣ ਤੇ ਸਾਰੇ ਮਨੋਰਥਾਂ ਦੇ ਫਲ ਪ੍ਰਾਪਤ ਹੋ ਗਏ ਹਨ।
ਪਰਾਏ ਦੁੱਖ ਦੂਰ ਕਰਨ ਲਈ (ਇਹ ਨਾਮ) ਅਉਖਧੀ ਰੂਪ ਹੈ, ਮੰਤ੍ਰ-ਰੂਪ ਹੈ, ਨਾਮ ਸਾਰੇ ਰੋਗਾਂ ਦੇ ਨਾਸ ਕਰਨ ਵਾਲਾ ਹੈ ਤੇ ਗੁਣ ਪੈਦਾ ਕਰਨ ਵਾਲਾ ਹੈ।