ਪਰ ਆਪਣੀ ਹੀ ਪਿੱਠ ਪਿਛੇ ਪਈ ਕੋਈ ਚੀਜ਼ ਨਹੀਂ ਦਿੱਸਦੀ। ਇਹ ਅਸਚਰਜ ਪਦਮ ਆਸਨ ਹੈ ॥੨॥
(ਆਪਣੇ ਆਪ ਨੂੰ ਹਿੰਦੂ ਧਰਮ ਦੇ ਰਾਖੇ ਸਮਝਣ ਵਾਲੇ) ਖਤ੍ਰੀਆਂ ਨੇ (ਆਪਣਾ ਇਹ) ਧਰਮ ਛੱਡ ਦਿੱਤਾ ਹੈ, ਜਿਨ੍ਹਾਂ ਨੂੰ ਇਹ ਮੂੰਹੋਂ ਮਲੇਛ ਕਹਿ ਰਹੇ ਹਨ (ਰੋਜ਼ੀ ਦੀ ਖ਼ਾਤਰ) ਉਹਨਾਂ ਦੀ ਬੋਲੀ ਗ੍ਰਹਣ ਕਰ ਚੁਕੇ ਹਨ।
(ਇਹਨਾਂ ਦੇ) ਧਰਮ ਦੀ ਮਰਯਾਦਾ ਮੁੱਕ ਚੁੱਕੀ ਹੈ, ਸਾਰੀ ਸ੍ਰਿਸ਼ਟੀ ਇਕੋ ਵਰਨ ਦੀ ਹੋ ਗਈ ਹੈ (ਇਕੋ ਅਧਰਮ ਹੀ ਅਧਰਮ ਪ੍ਰਧਾਨ ਹੋ ਗਿਆ ਹੈ) ॥੩॥
(ਬ੍ਰਾਹਮਣ ਲੋਕ) ਅਸ਼ਟਾਧਿਆਈ ਆਦਿਕ ਗ੍ਰੰਥ ਰਚ ਕੇ (ਉਹਨਾਂ ਅਨੁਸਾਰ) ਪੁਰਾਣਾਂ ਨੂੰ ਵਿਚਾਰਦੇ ਹਨ ਤੇ ਵੇਦਾਂ ਦਾ ਅਭਿਆਸ ਕਰਦੇ ਹਨ (ਬੱਸ! ਇਤਨੇ ਨੂੰ ਸ੍ਰੇਸ਼ਟ ਧਰਮ ਕਰਮ ਮੰਨੀ ਬੈਠੇ ਹਨ)।
ਪਰ ਦਾਸ ਨਾਨਕ ਆਖਦਾ ਹੈ ਕਿ ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ (ਵਿਕਾਰਾਂ ਤੋਂ) ਖ਼ਲਾਸੀ ਨਹੀਂ ਹੋ ਸਕਦੀ (ਇਸ ਵਾਸਤੇ ਸਿਮਰਨ ਹੀ ਸਭ ਤੋਂ ਸ੍ਰੇਸ਼ਟ ਧਰਮ-ਕਰਮ ਹੈ) ॥੪॥੧॥੬॥੮॥
ਰਾਗ ਧਨਾਸਰੀ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਆਰਤੀ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਾਰਾ ਆਕਾਸ਼ (ਮਾਨੋ) ਥਾਲ ਹੈ, ਸੂਰਜ ਤੇ ਚੰਦ (ਇਸ ਥਾਲ ਵਿਚ) ਦੀਵੇ ਬਣੇ ਹੋਏ ਹਨ, ਤਾਰਿਆਂ ਦੇ ਸਮੂਹ, (ਥਾਲ ਵਿਚ) ਮੋਤੀ ਰੱਖੇ ਹੋਏ ਹਨ।
ਮਲਯ ਪਰਬਤ ਵਲੋਂ ਆਉਣ ਵਾਲੀ ਹਵਾ, ਮਾਨੋ, ਧੂਪ (ਧੁਖ ਰਿਹਾ) ਹੈ, ਹਵਾ ਚੌਰ ਕਰ ਰਹੀ ਹੈ, ਸਾਰੀ ਬਨਸਪਤੀ ਜੋਤਿ-ਰੂਪ (ਪ੍ਰਭੂ ਦੀ ਆਰਤੀ) ਲਈ ਫੁੱਲ ਦੇ ਰਹੀ ਹੈ ॥੧॥
ਹੇ ਜੀਵਾਂ ਦੇ ਜਨਮ ਮਰਨ ਨਾਸ ਕਰਨ ਵਾਲੇ! (ਕੁਦਰਤਿ ਵਿਚ) ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਹੈ!
(ਸਭ ਜੀਵਾਂ ਵਿਚ ਰੁਮਕ ਰਹੀ) ਇੱਕ-ਰਸ ਜੀਵਨ-ਰੌ, ਮਾਨੋ, ਤੇਰੀ ਆਰਤੀ ਵਾਸਤੇ ਨਗਾਰੇ ਵੱਜ ਰਹੇ ਹਨ ॥੧॥ ਰਹਾਉ ॥
(ਸਭ ਜੀਵਾਂ ਵਿਚ ਵਿਆਪਕ ਹੋਣ ਕਰ ਕੇ) ਹਜ਼ਾਰਾਂ ਤੇਰੀਆਂ ਅੱਖਾਂ ਹਨ (ਪਰ, ਨਿਰਾਕਾਰ ਹੋਣ ਕਰ ਕੇ, ਹੇ ਪ੍ਰਭੂ!) ਤੇਰੀਆਂ ਕੋਈ ਅੱਖਾਂ ਨਹੀਂ। ਹਜ਼ਾਰਾਂ ਤੇਰੀਆਂ ਸ਼ਕਲਾਂ ਹਨ, ਪਰ ਤੇਰੀ ਕੋਈ ਭੀ ਸ਼ਕਲ ਨਹੀਂ ਹੈ।
ਹਜ਼ਾਰਾਂ ਤੇਰੇ ਸੋਹਣੇ ਪੈਰ ਹਨ, ਪਰ (ਨਿਰਾਕਾਰ ਹੋਣ ਕਰ ਕੇ) ਤੇਰਾ ਇੱਕ ਭੀ ਪੈਰ ਨਹੀਂ। ਹਜ਼ਾਰਾਂ ਤੇਰੇ ਨੱਕ ਹਨ, ਪਰ ਤੂੰ ਨੱਕ ਤੋਂ ਬਿਨਾ ਹੀ ਹੈਂ। ਤੇਰੇ ਅਜੇਹੇ ਕੌਤਕਾਂ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ ॥੨॥
ਸਾਰੇ ਜੀਵਾਂ ਵਿਚ ਇਕੋ ਉਹੀ ਪਰਮਾਤਮਾ ਦੀ ਜੋਤਿ ਵਰਤ ਰਹੀ ਹੈ।
ਉਸ ਜੋਤਿ ਦੇ ਪਰਕਾਸ਼ ਨਾਲ ਸਾਰੇ ਜੀਵਾਂ ਵਿਚ ਚਾਨਣ (ਸੂਝ-ਬੂਝ) ਹੈ।
ਪਰ ਇਸ ਜੋਤਿ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ ਹੀ ਹੁੰਦਾ ਹੈ (ਗੁਰੂ ਦੀ ਰਾਹੀਂ ਇਹ ਸਮਝ ਪੈਂਦੀ ਹੈ ਕਿ ਹਰੇਕ ਦੇ ਅੰਦਰ ਪਰਮਾਤਮਾ ਦੀ ਜੋਤਿ ਹੈ)।
(ਇਸ ਸਰਬ-ਵਿਆਪਕ ਜੋਤਿ ਦੀ) ਆਰਤੀ ਇਹ ਹੈ ਕਿ ਜੋ ਕੁਝ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ ਉਹ ਜੀਵ ਨੂੰ ਚੰਗਾ ਲੱਗੇ (ਪ੍ਰਭੂ ਦੀ ਰਜ਼ਾ ਵਿਚ ਤੁਰਨਾ ਪ੍ਰਭੂ ਦੀ ਆਰਤੀ ਕਰਨੀ ਹੈ) ॥੩॥
ਹੇ ਹਰੀ! ਤੇਰੇ ਚਰਨ-ਰੂਪ ਕੌਲ ਫੁੱਲਾਂ ਦੇ ਰਸ ਲਈ ਮੇਰਾ ਮਨ ਲਲਚਾਂਦਾ ਹੈ, ਹਰ ਰੋਜ਼ ਮੈਨੂੰ ਇਸੇ ਰਸ ਦੀ ਪਿਆਸ ਲੱਗੀ ਹੋਈ ਹੈ।
ਮੈਨੂੰ ਨਾਨਕ ਪਪੀਹੇ ਨੂੰ ਆਪਣੀ ਮੇਹਰ ਦਾ ਜਲ ਦੇਹ, ਜਿਸ (ਦੀ ਬਰਕਤਿ) ਨਾਲ ਮੈਂ ਤੇਰੇ ਨਾਮ ਵਿਚ ਟਿਕਿਆ ਰਹਾਂ ॥੪॥੧॥੭॥੯॥
ਰਾਗ ਧਨਾਸਰੀ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਇਹ ਨਾਮ-ਖ਼ਜ਼ਾਨਾ ਕਦੇ ਮੁੱਕਣ ਵਾਲਾ ਨਹੀਂ, ਨਾਹ ਇਹ (ਖ਼ਰਚਿਆਂ) ਮੁੱਕਦਾ ਹੈ, ਨਾਹ ਇਹ ਗਵਾਚਦਾ ਹੈ।
(ਇਸ ਧਨ ਦੀ ਇਹ ਸਿਫ਼ਤਿ ਮੈਨੂੰ) ਪੂਰੇ ਗੁਰੂ ਨੇ ਵਿਖਾ ਦਿੱਤੀ ਹੈ।
(ਹੇ ਭਾਈ!) ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ,
ਗੁਰੂ ਦੀ ਕਿਰਪਾ ਨਾਲ ਪਰਮਾਤਮਾ (ਦਾ ਨਾਮ-ਧਨ ਆਪਣੇ) ਮਨ ਵਿਚ ਵਸਾਂਦਾ ਹਾਂ ॥੧॥
(ਹੇ ਭਾਈ! ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜ ਕੇ (ਆਤਮਕ ਜੀਵਨ ਦੇ) ਸ਼ਾਹ ਬਣ ਗਏ,
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ) ਪੂਰੇ ਗੁਰੂ ਨੇ ਪਰਮਾਤਮਾ ਦੇ ਨਾਮ ਦਾ ਧਨ ਪਰਗਟ ਕਰ ਦਿੱਤਾ। ਹੇ ਭਾਈ! ਇਹ ਨਾਮ-ਧਨ ਪਰਮਾਤਮਾ ਦੀ ਕਿਰਪਾ ਨਾਲ ਮਨ ਵਿਚ ਆ ਕੇ ਵੱਸਦਾ ਹੈ ਰਹਾਉ॥
(ਹੇ ਭਾਈ! ਗੁਰੂ ਸਰਨ ਆਏ ਮਨੁੱਖ ਦੇ) ਔਗੁਣ ਦੂਰ ਕਰ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ (ਉਸ ਦੇ) ਹਿਰਦੇ ਵਿਚ ਵਸਾ ਦੇਂਦਾ ਹੈ।
(ਇਸ ਬਾਣੀ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਸਮਾਈ ਹੋਈ ਰਹਿੰਦੀ ਹੈ।
(ਹੇ ਭਾਈ!) ਪੂਰੇ ਗੁਰੂ ਦੀ (ਉਚਾਰੀ ਹੋਈ) ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਬਾਣੀ-
(ਮਨੁੱਖ ਦੇ) ਮਨ ਵਿਚ ਆਤਮਕ ਹੁਲਾਰੇ ਪੈਦਾ ਕਰਦੀ ਹੈ ॥੨॥
ਹੇ ਭਾਈ ਜਨੋ! ਇਕ ਹੈਰਾਨ ਕਰਨ ਵਾਲਾ ਤਮਾਸ਼ਾ ਵੇਖੋ।
(ਗੁਰੂ ਮਨੁੱਖ ਦੇ ਅੰਦਰੋਂ) ਤੇਰ-ਮੇਰ ਮਿਟਾ ਕੇ ਪਰਮਾਤਮਾ (ਦਾ ਨਾਮ ਉਸ ਦੇ) ਮਨ ਵਿਚ ਵਸਾ ਦੇਂਦਾ ਹੈ।
ਹੇ ਭਾਈ! ਪਰਮਾਤਮਾ ਦਾ ਨਾਮ ਅਮੋਲਕ ਹੈ, (ਕਿਸੇ ਭੀ ਦੁਨਿਆਵੀ ਕੀਮਤ ਨਾਲ) ਨਹੀਂ ਮਿਲ ਸਕਦਾ।
(ਹਾਂ,) ਗੁਰੂ ਦੀ ਕਿਰਪਾ ਨਾਲ ਮਨ ਵਿਚ ਆ ਵੱਸਦਾ ਹੈ ॥੩॥
(ਹੇ ਭਾਈ! ਭਾਵੇਂ) ਉਹ ਇੱਕ ਪਰਮਾਤਮਾ ਆਪ ਹੀ ਸਭ ਵਿਚ ਵੱਸਦਾ ਹੈ,
(ਪਰ) ਗੁਰੂ ਦੀ ਮਤਿ ਉਤੇ ਤੁਰਿਆਂ ਹੀ (ਮਨੁੱਖ ਦੇ) ਹਿਰਦੇ ਵਿਚ ਪਰਗਟ ਹੁੰਦਾ ਹੈ।
ਆਤਮਕ ਅਡੋਲਤਾ ਵਿਚ ਟਿਕ ਕੇ ਜਿਸ ਮਨੁੱਖ ਨੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ (ਉਸ ਨੂੰ ਆਪਣੇ ਅੰਦਰ ਵੱਸਦਾ) ਪਛਾਣ ਲਿਆ ਹੈ,