ਹੇ ਮਨ! (ਪ੍ਰਭੂ ਨਾਲ) ਪਿਆਰ ਪਾਉਣ ਤੋਂ ਬਿਨਾ ਤੂੰ (ਮਾਇਆ ਦੇ ਹੱਲਿਆਂ ਤੋਂ) ਬਚ ਨਹੀਂ ਸਕਦਾ।
(ਪਰ ਇਹ ਪਿਆਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਨਹੀਂ ਮਿਲਦਾ) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਅੰਦਰ (ਗੁਰੂ ਦੀ ਕਿਰਪਾ ਨਾਲ ਐਸੀ ਪਿਆਰ-ਸਾਂਝ ਬਣਦੀ ਹੈ ਕਿ) ਪਰਮਾਤਮਾ ਹਰ ਵੇਲੇ ਮੌਜੂਦ ਰਹਿੰਦਾ ਹੈ, ਗੁਰੂ ਉਹਨਾਂ ਨੂੰ ਪ੍ਰਭੂ ਦੀ ਭਗਤੀ ਦੇ ਖ਼ਜ਼ਾਨੇ ਹੀ ਬਖ਼ਸ਼ ਦੇਂਦਾ ਹੈ ॥੧॥ ਰਹਾਉ ॥
ਹੇ ਮਨ! ਪਰਮਾਤਮਾ ਨਾਲ ਇਹੋ ਜਿਹਾ ਪ੍ਰੇਮ ਕਰ, ਜਿਹੋ ਜਿਹਾ ਮੱਛੀ ਦਾ ਪਾਣੀ ਨਾਲ ਹੈ।
ਪਾਣੀ ਜਿਤਨਾ ਹੀ ਵਧੀਕ ਹੈ, ਮੱਛੀ ਨੂੰ ਉਤਨਾ ਹੀ ਵਧੀਕ ਸੁਖ-ਆਨੰਦ ਹੁੰਦਾ ਹੈ, ਉਸ ਦੇ ਮਨ ਵਿਚ ਤਨ ਵਿਚ ਸਰੀਰ ਵਿਚ ਠੰਡ ਪੈਂਦੀ ਹੈ।
ਪਾਣੀ ਤੋਂ ਬਿਨਾ ਇਕ ਘੜੀ ਭੀ ਜੀਊ ਨਹੀਂ ਸਕਦੀ। ਮੱਛੀ ਦੇ ਹਿਰਦੇ ਦੀ ਇਹ ਵੇਦਨਾ ਪਰਮਾਤਮਾ (ਆਪ) ਜਾਣਦਾ ਹੈ ॥੨॥
ਹੇ ਮਨ! ਪ੍ਰਭੂ ਨਾਲ ਇਹੋ ਜਿਹੀ ਪ੍ਰੀਤ ਕਰ, ਜਿਹੋ ਜਿਹੀ ਪਪੀਹੇ ਦੀ ਮੀਂਹ ਨਾਲ ਹੈ।
(ਪਾਣੀ ਨਾਲ) ਸਰੋਵਰ ਭਰੇ ਹੋਏ ਹੁੰਦੇ ਹਨ, ਧਰਤੀ (ਪਾਣੀ ਦੀ ਬਰਕਤਿ ਨਾਲ) ਹਰਿਆਵਲੀ ਹੋਈ ਪਈ ਹੁੰਦੀ ਹੈ, ਪਰ ਜੇ (ਸ੍ਵਾਂਤੀ ਨਛੱਤ੍ਰ ਵਿਚ ਪਏ ਮੀਂਹ ਦੀ) ਇਕ ਬੂੰਦ (ਪਪੀਹੇ ਦੇ ਮੂੰਹ ਵਿਚ) ਨਾਹ ਪਏ, ਤਾਂ ਉਸ ਨੂੰ ਇਸ ਸਾਰੇ ਪਾਣੀ ਨਾਲ ਕੋਈ ਭਾਗ ਨਹੀਂ।
(ਪਰ ਹੇ ਮਨ! ਤੇਰੇ ਭੀ ਕੀਹ ਵੱਸ! ਪਰਮਾਤਮਾ) ਆਪਣੀ ਮਿਹਰ ਨਾਲ ਹੀ ਮਿਲੇ ਤਾਂ ਮਿਲਦਾ ਹੈ, (ਨਹੀਂ ਤਾਂ) ਪੂਰਬਲਾ ਕਮਾਇਆ ਹੋਇਆ ਸਿਰ ਉੱਤੇ ਸਰੀਰ ਉੱਤੇ ਝੱਲਣਾ ਹੀ ਪੈਂਦਾ ਹੈ ॥੩॥
ਹੇ ਮਨ! ਹਰੀ ਨਾਲ ਇਹੋ ਜਿਹਾ ਪਿਆਰ ਬਣਾ, ਜਿਹੋ ਜਿਹਾ ਪਾਣੀ ਤੇ ਦੁੱਧ ਦਾ ਹੈ। (ਪਾਣੀ ਦੁੱਧ ਵਿਚ ਆ ਮਿਲਦਾ ਹੈ, ਦੁੱਧ ਦੀ ਸਰਨ ਪੈਂਦਾ ਹੈ, ਦੁੱਧ ਉਸ ਨੂੰ ਆਪਣਾ ਰੂਪ ਬਣਾ ਲੈਂਦਾ ਹੈ।
ਜਦੋਂ ਉਸ ਪਾਣੀ-ਰਲੇ ਦੁੱਧ ਨੂੰ ਅੱਗ ਉੱਤੇ ਰੱਖੀਦਾ ਹੈ ਤਾਂ) ਉਬਾਲਾ (ਪਾਣੀ) ਆਪ ਹੀ ਸਹਾਰਦਾ ਹੈ, ਦੁੱਧ ਨੂੰ ਸੜਨ ਨਹੀਂ ਦੇਂਦਾ।
(ਇਸੇ ਤਰ੍ਹਾਂ ਜੇ ਜੀਵ ਆਪਣੇ ਆਪ ਨੂੰ ਕੁਰਬਾਨ ਕਰਨ, ਤਾਂ ਪ੍ਰਭੂ) ਵਿੱਛੁੜੇ ਜੀਵਾਂ ਨੂੰ ਆਪਣੇ ਸਦਾ-ਥਿਰ ਨਾਮ ਵਿਚ ਮੇਲ ਕੇ (ਲੋਕ ਪਰਲੋਕ ਵਿਚ) ਇੱਜ਼ਤ-ਮਾਣ ਦੇਂਦਾ ਹੈ ॥੪॥
ਹੇ ਮਨ! ਪਰਮਾਤਮਾ ਨਾਲ ਇਹੋ ਜਿਹਾ ਪਿਆਰ ਕਰ, ਜਿਹੋ ਜਿਹਾ ਚਕਵੀ ਦਾ (ਪਿਆਰ) ਸੂਰਜ ਨਾਲ ਹੈ।
(ਜਦੋਂ ਸੂਰਜ ਡੁੱਬ ਜਾਂਦਾ ਹੈ, ਚਕਵੀ ਦੀ ਨਜ਼ਰੋਂ ਉਹਲੇ ਹੋ ਜਾਂਦਾ ਹੈ, ਤਾਂ ਉਹ ਚਕਵੀ) ਇਕ ਖਿਨ ਭਰ ਇਕ ਪਲ ਭਰ ਨੀਂਦ (ਦੇ ਵੱਸ ਆ ਕੇ) ਨਹੀਂ ਸੌਂਦੀ, ਦੂਰ (-ਲੁਕੇ ਸੂਰਜ) ਨੂੰ ਆਪਣੇ ਅੰਗ-ਸੰਗ ਸਮਝਦੀ ਹੈ।
ਜੇਹੜਾ ਮਨੁੱਖ ਗੁਰੂ ਦੇ ਸਨਮੁੱਖ ਰਹਿੰਦਾ ਹੈ, ਉਸ ਨੂੰ ਪਰਮਾਤਮਾ ਆਪਣੇ ਅੰਗ-ਸੰਗ ਦਿੱਸਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨੂੰ ਇਹ ਸਮਝ ਨਹੀਂ ਪੈਂਦੀ ॥੫॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਪਣੀਆਂ ਹੀ ਵਡਿਆਈਆਂ ਕਰਦਾ ਹੈ (ਪਰ ਜੀਵ ਦੇ ਭੀ ਕੀਹ ਵੱਸ?) ਉਹੀ ਕੁਝ ਹੁੰਦਾ ਹੈ ਜੋ ਕਰਤਾਰ (ਆਪ) ਕਰਦਾ (ਕਰਾਂਦਾ ਹੈ)।
(ਕਰਤਾਰ ਦੀ ਮਿਹਰ ਤੋਂ ਬਿਨਾ) ਜੇ ਕੋਈ ਜੀਵ (ਆਪਣੀਆਂ ਵਡਿਆਈਆਂ ਛੱਡਣ ਦਾ ਜਤਨ ਭੀ ਕਰੇ, ਤੇ ਪਰਮਾਤਮਾ ਦੇ ਗੁਣਾਂ ਦੀ ਕਦਰ ਪਛਾਣਨ ਦਾ ਉੱਦਮ ਕਰੇ, ਤਾਂ ਭੀ) ਉਸ ਪ੍ਰਭੂ ਦੇ ਗੁਣਾਂ ਦੀ ਕਦਰ ਨਹੀਂ ਪੈ ਸਕਦੀ।
(ਪਰਮਾਤਮਾ ਦੇ ਗੁਣਾਂ ਦੀ ਕਦਰ) ਤਦੋਂ ਹੀ ਪੈਂਦੀ ਹੈ, ਜਦੋਂ ਗੁਰੂ ਦੀ ਸਿੱਖਿਆ ਪ੍ਰਾਪਤ ਹੋਵੇ। (ਗੁਰੂ ਦੀ ਮਤਿ ਮਿਲਿਆਂ ਹੀ ਮਨੁੱਖ ਪ੍ਰਭੂ ਦੇ ਸਦਾ-ਥਿਰ ਨਾਮ ਵਿਚ ਜੁੜਦਾ ਹੈ ਤੇ ਆਤਮਕ ਆਨੰਦ ਮਾਣਦਾ ਹੈ ॥੬॥
(ਪ੍ਰਭੂ-ਚਰਨਾਂ ਵਿਚ ਜੋੜਨ ਵਾਲਾ) ਜੇ ਉਹ ਗੁਰੂ ਮਿਲ ਪਏ, ਤਾਂ (ਉਸ ਦਾ ਮਿਹਰ ਦਾ ਸਦਕਾ ਪ੍ਰਭੂ ਨਾਲ ਅਜੇਹਾ) ਪੱਕਾ ਪਿਆਰ (ਪੈਂਦਾ ਹੈ ਜੋ ਕਦੇ) ਟੁੱਟਦਾ ਨਹੀਂ।
(ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਵਾਲਾ ਨਾਮ-ਪਦਾਰਥ ਮਿਲਦਾ ਹੈ, ਇਹ ਸਮਝ ਭੀ ਪੈਂਦੀ ਹੈ ਕਿ ਪ੍ਰਭੂ ਤਿੰਨਾਂ ਭਵਨਾਂ ਵਿਚ ਮੌਜੂਦ ਹੈ।
ਜੇ ਮਨੁੱਖ (ਗੁਰੂ ਦੀ ਮਿਹਰ ਦਾ ਸਦਕਾ) ਪਰਮਾਤਮਾ ਦੇ ਗੁਣਾਂ (ਦੇ ਸੌਦੇ) ਦਾ ਖ਼ਰੀਦਣ ਵਾਲਾ ਬਣ ਜਾਏ, ਤਾਂ ਇਸ ਨੂੰ ਪ੍ਰਭੂ ਦਾ ਪਵਿਤ੍ਰ ਨਾਮ (ਫਿਰ ਕਦੇ) ਨਹੀਂ ਭੁੱਲਦਾ ॥੭॥
(ਹੇ ਮਨ! ਵੇਖ) ਜੇਹੜੇ ਜੀਵ-ਪੰਛੀ ਇਸ (ਸੰਸਾਰ-) ਸਰੋਵਰ ਉੱਤੇ (ਚੋਗ) ਚੁਗਦੇ ਹਨ ਉਹ (ਆਪੋ ਆਪਣੀ ਜੀਵਨ-) ਖੇਡ ਖੇਡ ਕੇ ਚਲੇ ਜਾਂਦੇ ਹਨ।
ਹਰੇਕ ਜੀਵ-ਪੰਛੀ ਨੇ ਘੜੀ ਪਲ ਦੀ ਖੇਡ ਖੇਡ ਕੇ ਇਥੋਂ ਤੁਰਦੇ ਜਾਣਾ ਹੈ, ਇਹ ਖੇਡ ਇਕ ਦੋ ਦਿਨਾਂ ਵਿਚ ਹੀ (ਛੇਤੀ ਹੀ) ਮੁੱਕ ਜਾਂਦੀ ਹੈ।
(ਹੇ ਮਨ! ਪ੍ਰਭੂ ਦੇ ਦਰ ਤੇ ਸਦਾ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਜਿਸ ਨੂੰ ਤੂੰ ਆਪ ਮਿਲਾਂਦਾ ਹੈਂ, ਉਹੀ ਤੇਰੇ ਚਰਨਾਂ ਵਿਚ ਜੁੜਦਾ ਹੈ, ਉਹ ਇਥੋਂ ਸੱਚੀ ਜੀਵਨ-ਬਾਜ਼ੀ ਜਿੱਤ ਕੇ ਜਾਂਦਾ ਹੈ ॥੮॥
ਗੁਰੂ (ਦੀ ਸਰਨ ਪੈਣ) ਤੋਂ ਬਿਨਾ (ਪ੍ਰਭੂ-ਚਰਨਾਂ ਵਿਚ) ਪ੍ਰੀਤ ਪੈਦਾ ਨਹੀਂ ਹੁੰਦੀ (ਕਿਉਂਕਿ ਮਨੁੱਖ ਦੇ ਆਪਣੇ ਉੱਦਮ ਨਾਲ ਮਨ ਵਿਚੋਂ) ਹਉਮੈ ਦੀ ਮੈਲ ਦੂਰ ਨਹੀਂ ਹੋ ਸਕਦੀ।
ਜਦੋਂ ਮਨੁੱਖ ਦਾ ਮਨ ਗੁਰੂ ਦੇ ਸ਼ਬਦ ਵਿਚ ਵਿੱਝ ਜਾਂਦਾ ਹੈ, ਗੁਰੂ ਦੇ ਸ਼ਬਦ ਵਿਚ ਪਤੀਜ ਜਾਂਦਾ ਹੈ, ਤਦੋਂ ਇਹ ਪਛਾਣ ਆਉਂਦੀ ਹੈ ਕਿ ਮੇਰਾ ਤੇ ਪ੍ਰਭੂ ਦਾ ਸੁਭਾਉ ਰਲਿਆ ਹੈ ਜਾਂ ਨਹੀਂ।
ਗੁਰੂ ਦੀ ਸਰਨ ਪੈ ਕੇ ਹੀ ਮਨੁੱਖ ਆਪਣੇ ਆਪ ਨੂੰ (ਆਪਣੇ ਅਸਲੇ ਨੂੰ) ਪਛਾਣਦਾ ਹੈ। (ਗੁਰੂ ਦੀ ਸਰਨ ਤੋਂ ਬਿਨਾ) ਜੀਵ ਹੋਰ ਕੋਈ ਉੱਦਮ ਕਰ ਕਰਾ ਨਹੀਂ ਸਕਦਾ ॥੯॥
ਜੇਹੜੇ ਜੀਵ ਗੁਰੂ ਦੇ ਸ਼ਬਦ ਵਿਚ ਪਤੀਜ ਕੇ ਪ੍ਰਭੂ-ਚਰਨਾਂ ਵਿਚ ਮਿਲਦੇ ਹਨ, ਉਹਨਾਂ ਦੇ ਅੰਦਰ ਕੋਈ ਐਸਾ ਵਿਛੋੜਾ ਰਹਿ ਨਹੀਂ ਜਾਂਦਾ ਜਿਸ ਨੂੰ ਦੂਰ ਕਰਕੇ ਉਹਨਾਂ ਨੂੰ ਮੁੜ ਪ੍ਰਭੂ ਨਾਲ ਜੋੜਿਆ ਜਾਏ।
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੂੰ ਇਹ ਸਮਝ ਨਹੀਂ ਪੈਂਦੀ, ਉਹ ਪ੍ਰਭੂ-ਚਰਨਾਂ ਤੋਂ ਵਿੱਛੁੜ ਕੇ (ਮਾਇਆ ਦੇ ਮੋਹ ਦੀਆਂ) ਚੋਟਾਂ ਖਾਂਦਾ ਹੈ।
ਹੇ ਨਾਨਕ! ਜੇਹੜਾ ਮਨੁੱਖ ਪ੍ਰਭੂ-ਚਰਨਾਂ ਵਿਚ ਮਿਲ ਗਿਆ ਹੈ ਉਸ ਨੂੰ ਪ੍ਰਭੂ ਹੀ ਇਕ ਆਸਰਾ ਪਰਨਾ (ਦਿੱਸਦਾ) ਹੈ। ਪ੍ਰਭੂ ਤੋਂ ਬਿਨਾ ਉਸ ਨੂੰ ਹੋਰ ਕੋਈ ਸਹਾਰਾ ਨਹੀਂ (ਦਿੱਸਦਾ) ਹੋਰ ਕੋਈ ਥਾਂ ਨਹੀਂ ਦਿੱਸਦੀ ॥੧੦॥੧੧॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਇਸਤ੍ਰੀ (ਜੀਵਨ ਦੇ) ਸਹੀ ਰਸਤੇ ਤੋਂ ਖੁੰਝ ਜਾਂਦੀ ਹੈ, ਮਾਇਆ ਉਸ ਨੂੰ ਕੁਰਾਹੇ ਪਾ ਦੇਂਦੀ ਹੈ, ਰਾਹੋਂ ਖੁੰਝੀ ਹੋਈ ਨੂੰ (ਗੁਰੂ ਤੋਂ ਬਿਨਾ) ਕੋਈ (ਐਸਾ) ਥਾਂ ਨਹੀਂ ਲੱਭਦਾ (ਜੇਹੜਾ ਉਸ ਨੂੰ ਰਸਤਾ ਵਿਖਾ ਦੇਵੇ)।
ਗੁਰੂ ਤੋਂ ਬਿਨਾ ਹੋਰ ਕੋਈ ਭੀ (ਸਹੀ ਰਸਤਾ) ਵਿਖਾ ਨਹੀਂ ਸਕਦਾ। (ਮਾਇਆ ਦੇ ਵਿਚ) ਅੰਨ੍ਹੀ ਹੋਈ ਜੀਵ-ਇਸਤ੍ਰੀ ਭਟਕਦੀ ਫਿਰਦੀ ਹੈ।
ਜਿਸ ਭੀ ਜੀਵ ਨੇ (ਮਾਇਆ ਦੇ ਢਹੇ ਚੜ੍ਹ ਕੇ) ਪਰਮਾਤਮਾ ਨਾਲ ਡੂੰਘੀ ਸਾਂਝ ਪੈਦਾ ਕਰਨ ਵਾਲਾ ਨਾਮ-ਧਨ ਗਵਾ ਲਿਆ ਹੈ, ਉਹ ਠੱਗਿਆ ਜਾਂਦਾ ਹੈ, ਉਹ (ਆਤਮਕ ਜੀਵਨ ਵਲੋਂ) ਲੁੱਟਿਆ ਜਾਂਦਾ ਹੈ ॥੧॥
ਹੇ ਭਾਈ! ਮਾਇਆ (ਜੀਵਾਂ ਨੂੰ) ਭੁਲੇਖੇ ਵਿਚ ਪਾ ਕੇ ਕੁਰਾਹੇ ਪਾ ਦੇਂਦੀ ਹੈ।
ਜੇਹੜੀ ਭਾਗ ਹੀਣ ਜੀਵ-ਇਸਤ੍ਰੀ ਭੁਲੇਖੇ ਵਿਚ ਪੈ ਕੇ ਕੁਰਾਹੇ ਪੈਂਦੀ ਹੈ, ਉਹ (ਕਦੇ ਭੀ) ਪ੍ਰਭੂ-ਪਤੀ ਦੇ ਚਰਨਾਂ ਵਿਚ ਲੀਨ ਨਹੀਂ ਹੋ ਸਕਦੀ ॥੧॥ ਰਹਾਉ ॥
ਜੀਵਨ ਦੇ ਰਾਹ ਤੋਂ ਖੁੰਝੀ ਹੋਈ ਜੀਵ-ਇਸਤ੍ਰੀ ਹੀ ਗ੍ਰਿਹਸਤ ਤਿਆਗ ਕੇ ਦੇਸ ਦੇਸਾਂਤਰਾਂ ਵਿਚ ਫਿਰਦੀ ਹੈ।
ਖੁੰਝੀ ਹੋਈ ਹੀ ਕਦੇ ਕਿਸੇ ਪਹਾੜ (ਦੀ ਗੁਫ਼ਾ) ਵਿਚ ਬੈਠਦੀ ਹੈ ਕਦੇ ਕਿਸੇ ਟਿੱਲੇ ਉੱਤੇ ਚੜ੍ਹ ਬੈਠਦੀ ਹੈ, ਭਟਕਦੀ ਫਿਰਦੀ ਹੈ, ਉਸਦਾ ਮਨ (ਮਾਇਆ ਦੇ ਅਸਰ ਹੇਠ) ਡੋਲਦਾ ਹੈ।
(ਆਪਣੇ ਕੀਤੇ ਕਰਮਾਂ ਦੇ ਕਾਰਨ) ਧੁਰੋਂ ਪ੍ਰਭੂ ਦੇ ਹੁਕਮ ਅਨੁਸਾਰ ਵਿੱਛੁੜੀ ਹੋਈ (ਪ੍ਰਭੂ-ਚਰਨਾਂ ਵਿਚ) ਜੁੜ ਨਹੀਂ ਸਕਦੀ, ਉਹ ਤਾਂ (ਤਿਆਗ ਆਦਿਕ ਦੇ) ਅਹੰਕਾਰ ਵਿਚ ਲੁੱਟੀ ਜਾ ਰਹੀ ਹੈ, ਤੇ (ਵਿਛੋੜੇ ਵਿਚ) ਕਲਪਦੀ ਹੈ ॥੨॥
ਪ੍ਰਭੂ ਤੋਂ ਵਿੱਛੁੜਿਆਂ ਨੂੰ ਗੁਰੂ ਹਰਿ-ਨਾਮ ਦੇ ਆਨੰਦ ਵਿਚ ਜੋੜ ਕੇ, ਨਾਮ ਦੇ ਪਿਆਰ ਵਿਚ ਜੋੜ ਕੇ (ਮੁੜ ਪ੍ਰਭੂ ਨਾਲ) ਮਿਲਾਂਦਾ ਹੈ।