ਇਸ ਤਰ੍ਹਾਂ (ਦੀ ਗੱਲ) ਸੁਣ ਕੇ ਗਰੀਬ ਧੰਨਾ ਜੱਟ ਭੀ ਉੱਠ ਕੇ ਭਗਤੀ ਕਰਨ ਲੱਗਾ,
ਉਸ ਨੂੰ ਪਰਮਾਤਮਾ ਦਾ ਸਾਖਿਆਤ ਦੀਦਾਰ ਹੋਇਆ ਤੇ ਉਹ ਵੱਡੇ ਭਾਗਾਂ ਵਾਲਾ ਬਣ ਗਿਆ ॥੪॥੨॥
ਹੇ (ਮੇਰੇ) ਮਨ! ਦਇਆ ਦੇ ਘਰ ਪਰਮਾਤਮਾ ਨੂੰ ਤੂੰ ਕਿਉਂ ਨਹੀਂ ਸਿਮਰਦਾ? (ਵੇਖੀਂ) ਤੂੰ ਕਿਸੇ ਹੋਰ ਤੇ ਆਸ ਨਾਹ ਲਾਈ ਰੱਖੀਂ।
ਜੇ ਤੂੰ ਸਾਰੀ ਸ੍ਰਿਸ਼ਟੀ ਦੇ ਦੇਸਾਂ ਪਰਦੇਸਾਂ ਵਿਚ ਭੀ ਭਟਕਦਾ ਫਿਰੇਂਗਾ, ਤਾਂ ਭੀ ਉਹੀ ਕੁਝ ਹੋਵੇਗਾ ਜੋ ਕਰਤਾਰ ਕਰੇਗਾ ॥੧॥ ਰਹਾਉ ॥
ਮਾਂ ਦੇ ਪੇਟ ਦੇ ਜਲ ਵਿਚ ਉਸ ਪ੍ਰਭੂ ਨੇ ਸਾਡਾ ਦਸ ਸੋਤਾਂ ਵਾਲਾ ਸਰੀਰ ਬਣਾ ਦਿੱਤਾ;
ਖ਼ੁਰਾਕ ਦੇ ਕੇ ਮਾਂ ਦੇ ਪੇਟ ਦੀ ਅੱਗ ਵਿਚ ਉਹ ਸਾਡੀ ਰੱਖਿਆ ਕਰਦਾ ਹੈ (ਵੇਖ, ਹੇ ਮਨ!) ਉਹ ਸਾਡਾ ਮਾਲਕ ਇਹੋ ਜਿਹਾ (ਦਿਆਲ) ਹੈ ॥੧॥
ਕਛੂ-ਕੁੰਮੀ ਪਾਣੀ ਵਿਚ (ਰਹਿੰਦੀ ਹੈ), ਉਸ ਦੇ ਬੱਚੇ ਬਾਹਰ (ਰੇਤੇ ਉਤੇ ਰਹਿੰਦੇ ਹਨ), ਨਾਹ (ਬੱਚਿਆਂ ਨੂੰ) ਖੰਭ ਹਨ (ਕਿ ਉੱਡ ਕੇ ਕੁਝ ਖਾ ਲੈਣ), ਨਾਹ (ਕਛੂ-ਕੁੰਮੀ ਨੂੰ) ਥਣ (ਹਨ ਕਿ ਬੱਚਿਆਂ ਨੂੰ ਦੁੱਧ ਪਿਆਵੇ);
(ਪਰ ਹੇ ਜਿੰਦੇ!) ਮਨ ਵਿਚ ਵਿਚਾਰ ਕੇ ਵੇਖ, ਉਹ ਸੁੰਦਰ ਪਰਮਾਨੰਦ ਪੂਰਨ ਪ੍ਰਭੂ (ਉਹਨਾਂ ਦੀ ਪਾਲਣਾ ਕਰਦਾ ਹੈ) ॥੨॥
ਪੱਥਰ ਵਿਚ ਕੀੜਾ ਲੁਕਿਆ ਹੋਇਆ ਰਹਿੰਦਾ ਹੈ (ਪੱਥਰ ਵਿਚੋਂ ਬਾਹਰ ਜਾਣ ਲਈ) ਉਸ ਦਾ ਕੋਈ ਰਾਹ ਨਹੀਂ;
ਪਰ ਉਸ ਦਾ (ਪਾਲਣ ਵਾਲਾ) ਭੀ ਪੂਰਨ ਪਰਮਾਤਮਾ ਹੈ; ਧੰਨਾ ਆਖਦਾ ਹੈ-ਹੇ ਜਿੰਦੇ! ਤੂੰ ਭੀ ਨਾਹ ਡਰ ॥੩॥੩॥
ਰਾਗ ਆਸਾ ਵਿੱਚ ਸ਼ੇਖ ਫਰੀਦ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜਿਨ੍ਹਾਂ ਮਨੁੱਖਾਂ ਦਾ ਰੱਬ ਨਾਲ ਦਿਲੋਂ ਪਿਆਰ ਹੈ, ਉਹੀ ਸੱਚੇ (ਆਸ਼ਕ) ਹਨ;
ਪਰ ਜਿਨ੍ਹਾਂ ਦੇ ਮਨ ਵਿਚ ਹੋਰ ਹੈ ਤੇ ਮੂੰਹੋਂ ਕੁਝ ਹੋਰ ਆਖਦੇ ਹਨ ਉਹ ਕੱਚੇ (ਆਸ਼ਕ) ਆਖੇ ਜਾਂਦੇ ਹਨ ॥੧॥
ਜੋ ਮਨੁੱਖ ਰੱਬ ਦੇ ਪਿਆਰ ਵਿਚ ਰੱਤੇ ਹੋਏ ਹਨ, ਜੋ ਮਨੁੱਖ ਰੱਬ ਦੇ ਦੀਦਾਰ ਵਿਚ ਰੰਗੇ ਹੋਏ ਹਨ, (ਉਹੀ ਅਸਲ ਮਨੁੱਖ ਹਨ)
ਪਰ ਜਿਨ੍ਹਾਂ ਨੂੰ ਰੱਬ ਦਾ ਨਾਮ ਭੁੱਲ ਗਿਆ ਹੈ ਉਹ ਮਨੁੱਖ ਧਰਤੀ ਉੱਤੇ ਨਿਰਾ ਭਾਰ ਹੀ ਹਨ ॥੧॥ ਰਹਾਉ ॥
ਉਹੀ ਮਨੁੱਖ (ਰੱਬ ਦੇ) ਦਰਵਾਜ਼ੇ ਹਨ (ਉਹੀ ਮਨੁੱਖ ਰੱਬ ਦੇ ਦਰ ਤੋਂ ਇਸ਼ਕ ਦਾ ਖੈਰ ਮੰਗ ਸਕਦੇ ਹਨ) ਜਿਨ੍ਹਾਂ ਨੂੰ ਰੱਬ ਨੇ ਆਪ ਆਪਣੇ ਲੜ ਲਾਇਆ ਹੈ,
ਉਹਨਾਂ ਦੀ ਜੰਮਣ ਵਾਲੀ ਮਾਂ ਭਾਗਾਂ ਵਾਲੀ ਹੈ, ਉਹਨਾਂ ਦਾ (ਜਗਤ ਵਿਚ) ਆਉਣਾ ਮੁਬਾਰਕ ਹੈ ॥੨॥
ਹੇ ਪਾਲਣਹਾਰ! ਹੇ ਬੇਅੰਤ! ਹੇ ਅਪਹੁੰਚ!
ਜਿਨ੍ਹਾਂ ਨੇ ਇਹ ਸਮਝ ਲਿਆ ਹੈ ਕਿ ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਮੈਂ ਉਹਨਾਂ ਦੇ ਪੈਰ ਚੁੰਮਦਾ ਹਾਂ ॥੩॥
ਹੇ ਖ਼ੁਦਾ! ਮੈਨੂੰ ਤੇਰਾ ਹੀ ਆਸਰਾ ਹੈ, ਤੂੰ ਬਖ਼ਸ਼ਣ ਵਾਲਾ ਹੈਂ;
ਮੈਨੂੰ ਸੇਖ਼ ਫ਼ਰੀਦ ਨੂੰ ਆਪਣੀ ਬੰਦਗੀ ਦਾ ਖ਼ੈਰ ਪਾ ॥੪॥੧॥
ਸ਼ੇਖ਼ ਫ਼ਰੀਦ ਆਖਦਾ ਹੈ-ਹੇ ਪਿਆਰੇ! ਰੱਬ (ਦੇ ਚਰਨਾਂ) ਵਿਚ ਜੁੜ;
(ਤੇਰਾ) ਇਹ ਜਿਸਮ ਨੀਵੀਂ ਕਬਰ ਦੇ ਵਿਚ ਪੈ ਕੇ ਮਿੱਟੀ ਹੋ ਜਾਇਗਾ ॥੧॥
ਹੇ ਸ਼ੇਖ ਫ਼ਰੀਦ! ਇਸ ਮਨੁੱਖਾ ਜਨਮ ਵਿਚ ਹੀ (ਰੱਬ ਨਾਲ) ਮੇਲ ਹੋ ਸਕਦਾ ਹੈ (ਇਸ ਵਾਸਤੇ ਇਹਨਾਂ) ਮਨ ਨੂੰ ਮਚਾਉਣ ਵਾਲੀਆਂ ਇੰਦ੍ਰੀਆਂ ਨੂੰ ਕਾਬੂ ਵਿਚ ਰੱਖ ॥੧॥ ਰਹਾਉ ॥
(ਹੇ ਪਿਆਰੇ ਮਨ!) ਜਦੋਂ ਤੈਨੂੰ ਪਤਾ ਹੈ ਕਿ ਆਖ਼ਰ ਮਰਨਾ ਹੈ ਤੇ ਮੁੜ (ਇਥੇ) ਨਹੀਂ ਆਉਣਾ,
ਤਾਂ ਇਸ ਨਾਸਵੰਤ ਦੁਨੀਆ ਨਾਲ ਪ੍ਰੀਤ ਲਾ ਕੇ ਆਪਣਾ ਆਪ ਗਵਾਉਣਾ ਨਹੀਂ ਚਾਹੀਦਾ ॥੨॥
ਸੱਚ ਤੇ ਧਰਮ ਹੀ ਬੋਲਣਾ ਚਾਹੀਦਾ ਹੈ, ਝੂਠ ਨਹੀਂ ਬੋਲਣਾ ਚਾਹੀਦਾ,
ਜੋ ਰਸਤਾ ਗੁਰੂ ਦੱਸੇ ਉਸ ਰਸਤੇ ਤੇ ਮੁਰੀਦਾਂ ਵਾਂਗ ਤੁਰਨਾ ਚਾਹੀਦਾ ਹੈ ॥੩॥
(ਕਿਸੇ ਦਰੀਆ ਤੋਂ) ਜੁਆਨਾਂ ਨੂੰ ਪਾਰ ਲੰਘਦਿਆਂ ਵੇਖ ਕੇ (ਕਮਜ਼ੋਰ) ਇਸਤ੍ਰੀ ਦਾ ਮਨ ਭੀ (ਹੌਸਲਾ ਫੜ ਲੈਂਦਾ ਹੈ (ਤੇ ਲੰਘਣ ਦਾ ਹੀਆ ਕਰਦੀ ਹੈ; ਇਸੇ ਤਰ੍ਹਾਂ ਸੰਤ ਜਨਾਂ ਨੂੰ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਦਿਆਂ ਵੇਖ ਕੇ ਕਮਜ਼ੋਰ-ਦਿਲ ਮਨੁੱਖ ਨੂੰ ਭੀ ਹੌਸਲਾ ਪੈ ਜਾਂਦਾ ਹੈ)
(ਤਾਂ ਤੇ ਹੇ ਮਨ! ਤੂੰ ਸੰਤ ਜਨਾਂ ਦੀ ਸੰਗਤਿ ਕਰ! ਵੇਖ) ਜੋ ਮਨੁੱਖ ਨਿਰੇ ਸੋਨੇ ਵਾਲੇ ਪਾਸੇ (ਭਾਵ, ਮਾਇਆ ਜੋੜਨ ਵਲ ਲੱਗ) ਪੈਂਦੇ ਹਨ ਉਹ ਆਰੇ ਨਾਲ ਚੀਰੇ ਜਾਂਦੇ ਹਨ (ਭਾਵ, ਬਹੁਤ ਦੁੱਖੀ ਜੀਵਨ ਬਿਤੀਤ ਕਰਦੇ ਹਨ) ॥੪॥
ਹੇ ਸ਼ੇਖ਼ ਫ਼ਰੀਦ! ਜਗਤ ਵਿਚ ਕੋਈ ਸਦਾ ਲਈ ਉਮਰ ਨਹੀਂ ਭੋਗ ਸਕਿਆ।
(ਵੇਖ!) ਜਿਸ (ਧਰਤੀ ਦੇ ਇਸ) ਥਾਂ ਤੇ ਅਸੀਂ (ਹੁਣ) ਬੈਠੇ ਹਾਂ (ਇਸ ਧਰਤੀ ਉੱਤੇ) ਕਈ ਬਹਿ ਕੇ ਚਲੇ ਗਏ ॥੫॥
ਕੱਤਕ ਦੇ ਮਹੀਨੇ ਕੂੰਜਾਂ (ਆਉਂਦੀਆਂ ਹਨ); ਚੇਤਰ ਵਿਚ ਜੰਗਲਾਂ ਨੂੰ ਅੱਗ (ਲੱਗ ਪੈਂਦੀ ਹੈ), ਸਾਉਣ ਵਿਚ ਬਿਜਲੀਆਂ (ਚਮਕਦੀਆਂ ਹਨ),
ਸਿਆਲ ਵਿਚ (ਇਸਤ੍ਰੀਆਂ ਦੀਆਂ) ਸੁਹਣੀਆਂ ਬਾਹਾਂ (ਆਪਣੇ) ਖਸਮਾਂ ਦੇ ਗਲ ਵਿਚ ਸੋਭਦੀਆਂ ਹਨ ॥੬॥
(ਇਸੇ ਤਰ੍ਹਾਂ ਜਗਤ ਦੀ ਸਾਰੀ ਕਾਰ ਆਪੋ ਆਪਣੇ ਸਮੇ ਸਿਰ ਹੋ ਕੇ ਤੁਰੀ ਜਾ ਰਹੀ ਹੈ; ਜਗਤ ਤੋਂ) ਤੁਰ ਜਾਣ ਵਾਲੇ ਜੀਵ (ਆਪੋ ਆਪਣਾ ਸਮਾ ਲੰਘਾ ਕੇ) ਤੁਰੇ ਜਾ ਰਹੇ ਹਨ; ਹੇ ਮਨ! ਵਿਚਾਰ ਕੇ ਵੇਖ,
ਜਿਸ ਸਰੀਰ ਦੇ ਬਣਨ ਵਿਚ ਛੇ ਮਹੀਨੇ ਲੱਗਦੇ ਹਨ ਉਸ ਦੇ ਨਾਸ ਹੁੰਦਿਆਂ ਇਕ ਪਲ ਹੀ ਲੱਗਦਾ ਹੈ ॥੭॥
ਹੇ ਫ਼ਰੀਦ! ਇਸ ਗੱਲ ਦੇ ਜ਼ਿਮੀਂ ਅਸਮਾਨ ਗਵਾਹ ਹਨ ਕਿ ਬੇਅੰਤ ਉਹ ਬੰਦੇ ਇਥੋਂ ਚਲੇ ਗਏ ਜਿਹੜੇ ਆਪਣੇ ਆਪ ਨੂੰ ਵੱਡੇ ਆਗੂ ਅਖਵਾਉਂਦੇ ਸਨ।
ਸਰੀਰ ਤਾਂ ਕਬਰਾਂ ਵਿਚ ਗਲ ਜਾਂਦੇ ਹਨ, (ਪਰ ਕੀਤੇ ਕਰਮਾਂ ਦੇ) ਔਖ-ਸੌਖ ਜਿੰਦ ਸਹਾਰਦੀ ਹੈ ॥੮॥੨॥