ਹੇ ਮਨ! ਪਰਮਾਤਮਾ ਨੂੰ ਯਾਦ ਕਰਦਾ ਰਹੁ। ਤੂੰ ਆਪਣੇ ਮਨ ਵਿਚੋਂ ਵਿਚਾਰ ਛੱਡ ਦੇਹ।
ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦਾ ਸਿਮਰਨ ਕਰਿਆ ਕਰ। (ਸਿਮਰਨ ਦੀ ਬਰਕਤਿ ਨਾਲ) ਸਦਾ-ਥਿਰ ਪ੍ਰਭੂ ਵਿਚ ਪਿਆਰ ਬਣੇਗਾ ॥੧॥ ਰਹਾਉ ॥
ਇਸ ਜਨਮ ਵਿਚ ਪ੍ਰਭੂ ਦੇ ਨਾਮ ਤੋਂ ਖੁੰਝੇ ਰਿਹਾਂ (ਇਹ ਮਨੁੱਖਾ ਜਨਮ ਲੱਭਣ ਵਾਸਤੇ) ਮੁੜ ਕਿਤੇ ਭੀ ਹੱਥ ਨਹੀਂ ਪੈ ਸਕਦਾ।
(ਨਾਮ ਤੋਂ ਖੁੰਝਿਆ ਬੰਦਾ) ਸਾਰੀਆਂ ਹੀ ਜੂਨਾਂ ਵਿਚ ਪਾਇਆ ਜਾਂਦਾ ਹੈ, ਉਹ ਸਦਾ ਵਿਕਾਰਾਂ ਦੇ ਗੰਦ ਵਿਚ ਪਿਆ ਰਹਿੰਦਾ ਹੈ ॥੨॥
ਹੇ ਮਾਂ! ਜਿਸ ਮਨੁੱਖ ਦੇ ਮੱਥੇ ਉਤੇ ਧੁਰੋਂ ਲੇਖ ਲਿਖਿਆ ਹੁੰਦਾ ਹੈ, ਉਸ ਨੂੰ ਵੱਡੇ ਭਾਗਾਂ ਨਾਲ ਗੁਰੂ ਮਿਲਦਾ ਹੈ।
ਹਰ ਵੇਲੇ ਸਦਾ-ਥਿਰ ਪ੍ਰਭੂ ਦੀ ਭਗਤੀ ਕਰਨ ਦੇ ਕਾਰਨ ਸਦਾ-ਥਿਰ ਪ੍ਰਭੂ ਉਸ ਨੂੰ (ਆਪਣੇ ਚਰਨਾਂ ਵਿਚ) ਜੋੜੀ ਰੱਖਦਾ ਹੈ ॥੩॥
ਹੇ ਨਾਨਕ! ਪਰਮਾਤਮਾ ਨੇ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਆਪ ਹੀ (ਇਸ ਉਤੇ) ਮਿਹਰ ਦੀ ਨਿਗਾਹ ਕਰਦਾ ਹੈ।
ਜਿਹੜਾ ਜੀਵ ਉਸ ਨੂੰ ਚੰਗਾ ਲੱਗਦਾ ਹੈ ਉਸ ਨੂੰ (ਆਪਣੇ) ਨਾਮ ਵਿਚ (ਜੋੜ ਕੇ ਲੋਕ ਪਰਲੋਕ ਦੀਆਂ) ਵਡਿਆਈਆਂ ਦੇਂਦਾ ਹੈ ॥੪॥੨॥
ਹੇ ਪ੍ਰਭੂ ਜੀ! ਮੇਰੇ ਪਿਛਲੇ ਗੁਨਾਹ ਬਖ਼ਸ਼, ਹੁਣ ਤੂੰ ਮੈਨੂੰ ਸਹੀ ਰਸਤੇ ਉਤੇ ਤੋਰ;
ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਹਰੀ ਦੇ ਚਰਨਾਂ ਵਿਚ ਟਿਕਿਆ ਰਹਾਂ ॥੧॥
ਹੇ ਮੇਰੇ ਮਨ! ਗੁਰੂ ਦੀ ਸਰਨ ਪੈ ਕੇ ਹਰੀ ਦਾ ਨਾਮ ਸਿਮਰਿਆ ਕਰ (ਤੇ, ਅਰਦਾਸ ਕਰਿਆ ਕਰ-ਹੇ ਪ੍ਰਭੂ! ਮਿਹਰ ਕਰ)
ਮੈਂ ਸਦਾ, ਹੇ ਹਰੀ! ਇਕਾਗ੍ਰ-ਚਿੱਤ ਹੋ ਕੇ ਇਕ ਤੇਰੇ ਹੀ ਪਿਆਰ ਵਿਚ ਟਿਕ ਕੇ ਤੇਰੇ ਚਰਨਾਂ ਵਿਚ ਜੁੜਿਆ ਰਹਾਂ ॥੧॥ ਰਹਾਉ ॥
ਨਾਹ ਮੇਰੀ (ਕੋਈ ਉੱਚੀ) ਜਾਤਿ ਹੈ, ਨਾਹ (ਮੇਰੀ ਲੋਕਾਂ ਵਿਚ ਕੋਈ) ਇੱਜ਼ਤ ਹੈ, ਨਾਹ ਮੇਰੀ ਭੁਇੰ ਦੀ ਕੋਈ ਮਾਲਕੀ ਹੈ, ਨਾਹ ਮੇਰਾ ਕੋਈ ਘਰ-ਘਾਟ ਹੈ।
(ਮੈਨੂੰ ਨਿਮਾਣੇ ਨੂੰ) ਗੁਰੂ ਨੇ (ਆਪਣੇ) ਸ਼ਬਦ ਨਾਲ ਵਿੰਨ੍ਹ ਕੇ ਮੇਰੀ ਭਟਕਣਾ ਕੱਟ ਦਿੱਤੀ ਹੈ, ਮੈਨੂੰ ਆਤਮਕ ਜੀਵਨ ਦੀ ਸੂਝ ਬਖ਼ਸ਼ ਕੇ ਪਰਮਾਤਮਾ ਦਾ ਨਾਮ ਦਿੱਤਾ ਹੈ ॥੨॥
(ਹਰਿ-ਨਾਮ ਤੋਂ ਖੁੰਝਿਆ ਹੋਇਆ) ਇਹ ਮਨ ਅਨੇਕਾਂ ਲਾਲਚ ਕਰਦਾ ਫਿਰਦਾ ਹੈ, (ਮਾਇਆ ਦੇ) ਲਾਲਚ ਵਿਚ ਲੱਗ ਕੇ ਭਟਕਦਾ ਹੈ।
(ਮਾਇਆ ਦੇ) ਕੂੜੇ ਧੰਧੇ ਵਿਚ ਫਸਿਆ ਹੋਇਆ ਆਤਮਕ ਮੌਤ ਵਿਚ ਪੈ ਕੇ (ਚਿੰਤਾ-ਫ਼ਿਕਰਾਂ ਦੀਆਂ) ਸੱਟਾਂ ਖਾਂਦਾ ਰਹਿੰਦਾ ਹੈ ॥੩॥
(ਪਰ) ਹੇ ਨਾਨਕ! (ਜੀਆਂ ਦੇ ਕੀਹ ਵੱਸ? ਇਹ ਜੋ ਕੁਝ ਸਾਰਾ ਸੰਸਾਰ ਦਿੱਸ ਰਿਹਾ ਹੈ ਇਹ) ਸਭ ਕੁਝ ਪਰਮਾਤਮਾ ਆਪ ਹੀ ਆਪ ਹੈ, ਉਸ ਤੋਂ ਬਿਨਾ (ਕਿਸੇ ਤੇ ਭੀ) ਕੋਈ ਹੋਰ ਨਹੀਂ ਹੈ।
ਗੁਰੂ ਦੇ ਸਨਮੁਖ ਰਹਿਣ ਵਾਲਿਆਂ ਨੂੰ (ਆਪਣੀ) ਭਗਤੀ ਦਾ ਖ਼ਜ਼ਾਨਾ ਉਸ ਨੇ ਆਪ ਹੀ ਬਖ਼ਸ਼ਿਆ ਹੈ (ਜਿਸ ਕਰਕੇ ਉਹਨਾਂ ਨੂੰ) ਆਤਮਕ ਆਨੰਦ ਬਣਿਆ ਰਹਿੰਦਾ ਹੈ ॥੪॥੩॥
ਜਿਹੜੇ ਮਨੁੱਖ ਸਦਾ-ਥਿਰ ਪਰਮਾਤਮਾ (ਦੇ ਨਾਮ) ਵਿਚ (ਸਦਾ) ਰੰਗੇ ਰਹਿੰਦੇ ਹਨ ਉਹਨਾਂ ਦੀ ਭਾਲ ਕਰ (ਉਂਞ) ਉਹ ਜਗਤ ਵਿਚ ਕੋਈ ਵਿਰਲੇ ਵਿਰਲੇ ਹੀ ਹੁੰਦੇ ਹਨ।
ਉਹਨਾਂ ਨੂੰ ਮਿਲਿਆਂ ਪਰਮਾਤਮਾ ਦਾ ਨਾਮ ਜਪ ਕੇ (ਲੋਕ ਪਰਲੋਕ ਵਿਚ) ਸੁਰਖ਼ਰੂ ਹੋ ਜਾਈਦਾ ਹੈ (ਇੱਜ਼ਤ ਮਿਲਦੀ ਹੈ) ॥੧॥
ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨੂੰ (ਆਪਣੇ) ਹਿਰਦੇ ਵਿਚ (ਸਦਾ) ਯਾਦ ਕਰਦਾ ਰਹੁ।
(ਇਹੀ ਹੈ ਜੀਵਨ ਦਾ ਅਸਲ ਮਨੋਰਥ; ਬੇਸ਼ੱਕ) ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲੈ। ਗੁਰੂ ਪਾਸੋਂ ਇਹ ਨਾਮ ਦਾ ਸੌਦਾ ਲੱਭ ਲੈ ॥੧॥ ਰਹਾਉ ॥
ਸਿਰਫ਼ ਇਕ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਹੈ, ਸਾਰੀ ਲੋਕਾਈ ਉਸ ਦੀ ਹੀ ਸੇਵਾ-ਭਗਤੀ ਕਰਦੀ ਹੈ, ਧੁਰੋਂ ਲਿਖੀ ਕਿਸਮਤ ਨਾਲ ਹੀ (ਉਸ ਪਰਮਾਤਮਾ ਨਾਲ) ਮਿਲਾਪ ਹੁੰਦਾ ਹੈ।
ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਉਸ ਦੇ ਚਰਨਾਂ ਵਿਚ) ਜੁੜਦੇ ਹਨ, ਉਹ (ਮੁੜ) ਨਹੀਂ ਵਿੱਛੁੜਦੇ, ਉਹ ਉਸ ਸਦਾ-ਥਿਰ ਪ੍ਰਭੂ (ਦਾ ਮਿਲਾਪ) ਪ੍ਰਾਪਤ ਕਰ ਲੈਂਦੇ ਹਨ ॥੨॥
ਕਈ ਐਸੇ ਬੰਦੇ ਹਨ ਜੋ ਆਪਣੇ ਮਨ ਦੇ ਪਿੱਛੇ ਤੁਰਦੇ ਹਨ, ਮਾਇਆ ਦੀ ਭਟਕਣਾ ਦੇ ਕਾਰਨ ਕੁਰਾਹੇ ਪਏ ਰਹਿੰਦੇ ਹਨ, ਉਹ ਬੰਦੇ ਪ੍ਰਭੂ ਦੀ ਭਗਤੀ ਦੀ ਕਦਰ ਨਹੀਂ ਸਮਝਦੇ।
(ਪਰ, ਹੇ ਭਾਈ!) ਉਹਨਾਂ (ਮਨਮੁਖਾਂ) ਦੇ ਅੰਦਰ (ਭੀ) ਪਰਮਾਤਮਾ ਆਪ ਹੀ ਵੱਸਦਾ ਹੈ (ਤੇ ਉਹਨਾਂ ਨੂੰ ਕੁਰਾਹੇ ਪਾਈ ਰੱਖਦਾ ਹੈ, ਸੋ ਉਸ ਦੇ ਉਲਟ) ਕੁਝ ਭੀ ਕੀਤਾ ਨਹੀਂ ਜਾ ਸਕਦਾ ॥੩॥
(ਤਾਂ ਫਿਰ ਉਹਨਾਂ ਮਨਮੁਖਾਂ ਵਾਸਤੇ ਕੀਹ ਕੀਤਾ ਜਾਏ? ਇਹੀ ਕਿ) ਜਿਸ ਪਰਮਾਤਮਾ ਦੇ ਅੱਗੇ (ਜੀਵ ਦੀ ਕੋਈ) ਪੇਸ਼ ਨਹੀਂ ਜਾ ਸਕਦੀ, ਉਸ ਦੇ ਦਰ ਤੇ ਅਦਬ ਨਾਲ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ।
ਹੇ ਨਾਨਕ! ਜਦੋਂ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਮਨ ਵਿਚ ਵੱਸਦਾ ਹੈ ਤਦੋਂ ਉਹ ਪ੍ਰਭੂ (ਅਰਜ਼ੋਈ) ਸੁਣ ਕੇ ਆਦਰ ਦੇਂਦਾ ਹੈ ॥੪॥੪॥
ਹੇ ਮਨ! (ਪਰਮਾਤਮਾ ਦਾ ਸਿਮਰਨ) ਤਪਦੇ ਰੇਤ-ਥਲੇ (ਵਰਗੇ ਸੜਦੇ ਦਿਲ) ਨੂੰ ਸ਼ਾਂਤ ਕਰ ਦੇਂਦਾ ਹੈ, (ਸਿਮਰਨ ਦੀ ਬਰਕਤਿ ਨਾਲ) ਮਨੂਰ (ਵਰਗੇ ਮਨ) ਤੋਂ ਸੋਨਾ (ਸੁੱਧ) ਬਣ ਜਾਂਦਾ ਹੈ।
ਹੇ ਮਨ! ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ॥੧॥
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਹਰ ਵੇਲੇ ਸਿਮਰਦਾ ਰਹੁ।
ਗੁਰੂ ਦੇ ਬਚਨ ਉਤੇ ਤੁਰ ਕੇ ਤੂੰ ਪ੍ਰਭੂ ਦਾ ਆਰਾਧਨ ਕਰਦਾ ਰਹੁ, ਹਰ ਵੇਲੇ ਪਰਮਾਤਮਾ ਦੇ ਗੁਣ ਗਾਇਆ ਕਰ ॥੧॥ ਰਹਾਉ ॥
ਹੇ ਮਨ! ਜਦੋਂ ਗੁਰੂ (ਆਤਮਕ ਜੀਵਨ ਦੀ) ਸੂਝ ਬਖ਼ਸ਼ਦਾ ਹੈ (ਤਦੋਂ) ਗੁਰੂ ਦੀ ਰਾਹੀਂ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਬਣ ਜਾਂਦੀ ਹੈ।
ਹੇ ਮਨ! ਜਿਸ ਗੁਰੂ ਪਾਸੋਂ ਇਹ ਸਮਝ ਪ੍ਰਾਪਤ ਹੁੰਦੀ ਹੈ ਉਸ ਗੁਰੂ ਦੀ ਸਦਾ ਵਡਿਆਈ ਕਰਨੀ ਚਾਹੀਦੀ ਹੈ ॥੨॥
ਹੇ ਮਨ! ਜਿਹੜੇ ਬੰਦੇ ਗੁਰੂ ਨੂੰ ਛੱਡ ਕੇ (ਮਾਇਆ ਆਦਿਕ) ਹੋਰ ਹੋਰ (ਮੋਹ) ਵਿਚ ਲੱਗੇ ਰਹਿੰਦੇ ਹਨ ਉਹ ਪਰਲੋਕ ਵਿਚ ਜਾ ਕੇ ਕੀਹ ਕਰਨਗੇ?
(ਅਜਿਹੇ ਬੰਦੇ ਤਾਂ) ਜਮਰਾਜ ਦੀ ਕਚਹਿਰੀ ਵਿਚ ਬੱਝੇ ਮਾਰੀਦੇ ਹਨ, ਅਜਿਹਾਂ ਨੂੰ ਤਾਂ ਬੜੀ ਸਜ਼ਾ ਮਿਲਦੀ ਹੈ ॥੩॥