ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 616


ਕਰਿ ਕਿਰਪਾ ਅਪੁਨੋ ਕਰਿ ਲੀਨਾ ਮਨਿ ਵਸਿਆ ਅਬਿਨਾਸੀ ॥੨॥

ਪਰਮਾਤਮਾ ਮੇਹਰ ਕਰ ਕੇ ਉਸ ਨੂੰ ਆਪਣਾ ਬਣਾ ਲੈਂਦਾ ਹੈ, ਉਸ ਦੇ ਮਨ ਵਿਚ ਨਾਸ ਰਹਿਤ ਪਰਮਾਤਮਾ ਆ ਵੱਸਦਾ ਹੈ ॥੨॥

ਤਾ ਕਉ ਬਿਘਨੁ ਨ ਕੋਊ ਲਾਗੈ ਜੋ ਸਤਿਗੁਰਿ ਅਪੁਨੈ ਰਾਖੇ ॥

ਹੇ ਭਾਈ! ਆਪਣੇ ਗੁਰੂ ਨੇ ਜਿਸ ਮਨੁੱਖ ਦੀ ਰੱਖਿਆ ਕੀਤੀ ਉਸ ਨੂੰ (ਆਤਮਕ ਜੀਵਨ ਦੇ ਰਸਤੇ ਵਿਚ) ਕੋਈ ਰੁਕਾਵਟ ਨਹੀਂ ਆਉਂਦੀ।

ਚਰਨ ਕਮਲ ਬਸੇ ਰਿਦ ਅੰਤਰਿ ਅੰਮ੍ਰਿਤ ਹਰਿ ਰਸੁ ਚਾਖੇ ॥੩॥

ਪਰਮਾਤਮਾ ਦੇ ਕੌਲ ਫੁੱਲਾਂ ਵਰਗੇ ਕੋਮਲ ਚਰਨ ਉਸ ਦੇ ਹਿਰਦੇ ਵਿਚ ਆ ਵੱਸਦੇ ਹਨ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਸਦਾ ਚੱਖਦਾ ਹੈ ॥੩॥

ਕਰਿ ਸੇਵਾ ਸੇਵਕ ਪ੍ਰਭ ਅਪੁਨੇ ਜਿਨਿ ਮਨ ਕੀ ਇਛ ਪੁਜਾਈ ॥

ਹੇ ਭਾਈ! ਜਿਸ ਪਰਮਾਤਮਾ ਨੇ (ਹਰ ਵੇਲੇ) ਤੇਰੇ ਮਨ ਦੀ (ਹਰੇਕ) ਕਾਮਨਾ ਪੂਰੀ ਕੀਤੀ ਹੈ, ਸੇਵਕਾਂ ਵਾਂਗ ਉਸ ਦੀ ਸੇਵਾ-ਭਗਤੀ ਕਰਦਾ ਰਹੁ।

ਨਾਨਕ ਦਾਸ ਤਾ ਕੈ ਬਲਿਹਾਰੈ ਜਿਨਿ ਪੂਰਨ ਪੈਜ ਰਖਾਈ ॥੪॥੧੪॥੨੫॥

ਹੇ ਦਾਸ ਨਾਨਕ! (ਆਖ-) ਮੈਂ ਉਸ ਪ੍ਰਭੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ (ਵਿਘਨਾਂ ਦੇ ਟਾਕਰੇ ਤੇ ਹਰ ਵੇਲੇ) ਪੂਰੇ ਤੌਰ ਤੇ ਇੱਜ਼ਤ ਰੱਖੀ ਹੈ ॥੪॥੧੪॥੨੫॥

ਸੋਰਠਿ ਮਹਲਾ ੫ ॥

ਮਾਇਆ ਮੋਹ ਮਗਨੁ ਅੰਧਿਆਰੈ ਦੇਵਨਹਾਰੁ ਨ ਜਾਨੈ ॥

ਮਨੁੱਖ ਮਾਇਆ ਦੇ ਮੋਹ ਦੇ (ਆਤਮਕ) ਹਨੇਰੇ ਵਿਚ ਮਸਤ ਰਹਿ ਕੇ ਸਭ ਦਾਤਾਂ ਦੇਣ ਵਾਲੇ ਪ੍ਰਭੂ ਨਾਲ ਜੀਵ ਡੂੰਘੀ ਸਾਂਝ ਨਹੀਂ ਪਾਂਦਾ।

ਜੀਉ ਪਿੰਡੁ ਸਾਜਿ ਜਿਨਿ ਰਚਿਆ ਬਲੁ ਅਪੁਨੋ ਕਰਿ ਮਾਨੈ ॥੧॥

ਜਿਸ ਪਰਮਾਤਮਾ ਨੇ ਸਰੀਰ ਜਿੰਦ ਬਣਾ ਕੇ ਜੀਵ ਨੂੰ ਪੈਦਾ ਕੀਤਾ ਹੋਇਆ ਹੈ, (ਉਸ ਨੂੰ ਭੁਲਾ ਕੇ) ਆਪਣੀ ਤਾਕਤ ਨੂੰ ਹੀ ਵੱਡੀ ਸਮਝਦਾ ਹੈ ॥੧॥

ਮਨ ਮੂੜੇ ਦੇਖਿ ਰਹਿਓ ਪ੍ਰਭ ਸੁਆਮੀ ॥

ਹੇ ਮੂਰਖ ਮਨ! ਮਾਲਕ ਪ੍ਰਭੂ (ਤੇਰੀਆਂ ਸਾਰੀਆਂ ਕਰਤੂਤਾਂ ਨੂੰ ਹਰ ਵੇਲੇ) ਵੇਖ ਰਿਹਾ ਹੈ।

ਜੋ ਕਿਛੁ ਕਰਹਿ ਸੋਈ ਸੋਈ ਜਾਣੈ ਰਹੈ ਨ ਕਛੂਐ ਛਾਨੀ ॥ ਰਹਾਉ ॥

ਤੂੰ ਜੋ ਕੁਝ ਕਰਦਾ ਹੈਂ, (ਮਾਲਕ-ਪ੍ਰਭੂ) ਉਹੀ ਉਹੀ ਜਾਣ ਲੈਂਦਾ ਹੈ, (ਉਸ ਪਾਸੋਂ ਤੇਰੀ) ਕੋਈ ਭੀ ਕਰਤੂਤ ਲੁਕੀ ਨਹੀਂ ਰਹਿ ਸਕਦੀ ਰਹਾਉ॥

ਜਿਹਵਾ ਸੁਆਦ ਲੋਭ ਮਦਿ ਮਾਤੋ ਉਪਜੇ ਅਨਿਕ ਬਿਕਾਰਾ ॥

ਹੇ ਭਾਈ! ਮਨੁੱਖ ਜੀਭ ਦੇ ਸੁਆਦਾਂ ਵਿਚ, ਲੋਭ ਦੇ ਨਸ਼ੇ ਵਿਚ ਮਸਤ ਰਹਿੰਦਾ ਹੈ (ਜਿਸ ਕਰਕੇ ਇਸ ਦੇ ਅੰਦਰ) ਅਨੇਕਾਂ ਵਿਕਾਰ ਪੈਦਾ ਹੋ ਜਾਂਦੇ ਹਨ।

ਬਹੁਤੁ ਜੋਨਿ ਭਰਮਤ ਦੁਖੁ ਪਾਇਆ ਹਉਮੈ ਬੰਧਨ ਕੇ ਭਾਰਾ ॥੨॥

ਮਨੁੱਖ ਹਉਮੈ ਦੀਆਂ ਜ਼ੰਜੀਰਾਂ ਦੇ ਭਾਰ ਹੇਠ ਦਬ ਜਾਂਦਾ ਹੈ, ਬਹੁਤ ਜੂਨਾਂ ਵਿਚ ਭਟਕਦਾ ਫਿਰਦਾ ਹੈ, ਤੇ, ਦੁੱਖ ਸਹਾਰਦਾ ਰਹਿੰਦਾ ਹੈ ॥੨॥

ਦੇਇ ਕਿਵਾੜ ਅਨਿਕ ਪੜਦੇ ਮਹਿ ਪਰ ਦਾਰਾ ਸੰਗਿ ਫਾਕੈ ॥

(ਮਾਇਆ ਦੇ ਮੋਹ ਦੇ ਹਨੇਰੇ ਵਿਚ ਫਸਿਆ ਮਨੁੱਖ) ਦਰਵਾਜ਼ੇ ਬੰਦ ਕਰਕੇ ਅਨੇਕਾਂ ਪਰਦਿਆਂ ਦੇ ਪਿੱਛੇ ਪਰਾਈ ਇਸਤ੍ਰੀ ਨਾਲ ਕੁਕਰਮ ਕਰਦਾ ਹੈ।

ਚਿਤ੍ਰ ਗੁਪਤੁ ਜਬ ਲੇਖਾ ਮਾਗਹਿ ਤਬ ਕਉਣੁ ਪੜਦਾ ਤੇਰਾ ਢਾਕੈ ॥੩॥

(ਪਰ, ਹੇ ਭਾਈ!) ਜਦੋਂ (ਧਰਮ ਰਾਜ ਦੇ ਦੂਤ) ਚਿੱਤ੍ਰ ਅਤੇ ਗੁਪਤ (ਤੇਰੀਆਂ ਕਰਤੂਤਾਂ ਦਾ) ਹਿਸਾਬ ਮੰਗਣਗੇ, ਤਦੋਂ ਕੋਈ ਭੀ ਤੇਰੀਆਂ ਕਰਤੂਤਾਂ ਉਤੇ ਪਰਦਾ ਨਹੀਂ ਪਾ ਸਕੇਗਾ ॥੩॥

ਦੀਨ ਦਇਆਲ ਪੂਰਨ ਦੁਖ ਭੰਜਨ ਤੁਮ ਬਿਨੁ ਓਟ ਨ ਕਾਈ ॥

ਹੇ ਨਾਨਕ! (ਆਖ-) ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਸਰਬ-ਵਿਆਪਕ! ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਤੈਥੋਂ ਬਿਨਾ ਹੋਰ ਕੋਈ ਆਸਰਾ ਨਹੀਂ ਹੈ।

ਕਾਢਿ ਲੇਹੁ ਸੰਸਾਰ ਸਾਗਰ ਮਹਿ ਨਾਨਕ ਪ੍ਰਭ ਸਰਣਾਈ ॥੪॥੧੫॥੨੬॥

ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ। ਸੰਸਾਰ-ਸਮੁੰਦਰ ਵਿਚ (ਡੁੱਬਦੇ ਨੂੰ ਮੈਨੂੰ ਬਾਂਹ ਫੜ ਕੇ) ਕੱਢ ਲੈ ॥੪॥੧੫॥੨੬॥

ਸੋਰਠਿ ਮਹਲਾ ੫ ॥

ਪਾਰਬ੍ਰਹਮੁ ਹੋਆ ਸਹਾਈ ਕਥਾ ਕੀਰਤਨੁ ਸੁਖਦਾਈ ॥

(ਜੇਹੜਾ ਮਨੁੱਖ ਸਤਿਗੁਰੂ ਦੀ ਬਾਣੀ ਨਾਲ ਪਿਆਰ ਬਣਾਂਦਾ ਹੈ) ਪਰਮਾਤਮਾ (ਉਸ ਦਾ) ਮਦਦਗਾਰ ਬਣ ਜਾਂਦਾ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ (ਉਸ ਦੇ ਅੰਦਰ) ਆਤਮਕ ਆਨੰਦ ਪੈਦਾ ਕਰਦੀ ਹੈ।

ਗੁਰ ਪੂਰੇ ਕੀ ਬਾਣੀ ਜਪਿ ਅਨਦੁ ਕਰਹੁ ਨਿਤ ਪ੍ਰਾਣੀ ॥੧॥

ਹੇ ਪ੍ਰਾਣੀ! ਪੂਰੇ ਗੁਰੂ ਦੀ (ਸਿਫ਼ਤ-ਸਾਲਾਹ ਦੀ) ਬਾਣੀ ਸਦਾ ਪੜ੍ਹਿਆ ਕਰ, ਤੇ, ਆਤਮਕ ਆਨੰਦ ਮਾਣਿਆ ਕਰ ॥੧॥

ਹਰਿ ਸਾਚਾ ਸਿਮਰਹੁ ਭਾਈ ॥

ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰਦੇ ਰਿਹਾ ਕਰੋ,

ਸਾਧਸੰਗਿ ਸਦਾ ਸੁਖੁ ਪਾਈਐ ਹਰਿ ਬਿਸਰਿ ਨ ਕਬਹੂ ਜਾਈ ॥ ਰਹਾਉ ॥

(ਸਿਮਰਨ ਦੀ ਬਰਕਤਿ ਨਾਲ) ਸਾਧ ਸੰਗਤਿ ਵਿਚ ਸਦਾ ਆਤਮਕ ਆਨੰਦ ਮਾਣੀਦਾ ਹੈ, ਤੇ, ਪਰਮਾਤਮਾ ਕਦੇ ਭੁੱਲਦਾ ਨਹੀਂ ਰਹਾਉ॥

ਅੰਮ੍ਰਿਤ ਨਾਮੁ ਪਰਮੇਸਰੁ ਤੇਰਾ ਜੋ ਸਿਮਰੈ ਸੋ ਜੀਵੈ ॥

ਹੇ ਸਭ ਤੋਂ ਉੱਚੇ ਮਾਲਕ! (ਪਰਮੇਸਰ!) ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ। ਜੇਹੜਾ ਮਨੁੱਖ ਤੇਰਾ ਨਾਮ ਸਿਮਰਦਾ ਹੈ ਉਹ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।

ਜਿਸ ਨੋ ਕਰਮਿ ਪਰਾਪਤਿ ਹੋਵੈ ਸੋ ਜਨੁ ਨਿਰਮਲੁ ਥੀਵੈ ॥੨॥

ਜਿਸ ਮਨੁੱਖ ਨੂੰ ਤੇਰੀ ਮੇਹਰ ਨਾਲ (ਹੇ ਪਰਮੇਸਰ!) ਤੇਰਾ ਨਾਮ ਹਾਸਲ ਹੁੰਦਾ ਹੈ, ਉਹ ਮਨੁੱਖ ਪਵਿੱਤ੍ਰ ਜੀਵਨ ਵਾਲਾ ਬਣ ਜਾਂਦਾ ਹੈ ॥੨॥

ਬਿਘਨ ਬਿਨਾਸਨ ਸਭਿ ਦੁਖ ਨਾਸਨ ਗੁਰ ਚਰਣੀ ਮਨੁ ਲਾਗਾ ॥

(ਹੇ ਭਾਈ! ਗੁਰੂ ਦੇ ਚਰਨ ਆਤਮਕ ਜੀਵਨ ਦੇ ਰਾਹ ਵਿਚੋਂ ਸਾਰੀਆਂ) ਰੁਕਾਵਟਾਂ ਨਾਸ ਕਰਨ ਵਾਲੇ ਹਨ, ਸਾਰੇ ਦੁੱਖ ਦੂਰ ਕਰਨ ਵਾਲੇ ਹਨ। ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿਚ ਪਰਚਦਾ ਹੈ,

ਗੁਣ ਗਾਵਤ ਅਚੁਤ ਅਬਿਨਾਸੀ ਅਨਦਿਨੁ ਹਰਿ ਰੰਗਿ ਜਾਗਾ ॥੩॥

ਉਹ ਮਨੁੱਖ ਹਰ ਵੇਲੇ ਅਬਿਨਾਸੀ ਤੇ ਅਟੱਲ ਪਰਮਾਤਮਾ ਦੇ ਗੁਣ ਗਾਂਦਾ ਗਾਂਦਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਲੀਨ ਹੋ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ ॥੩॥

ਮਨ ਇਛੇ ਸੇਈ ਫਲ ਪਾਏ ਹਰਿ ਕੀ ਕਥਾ ਸੁਹੇਲੀ ॥

ਹੇ ਭਾਈ! ਪਰਮਾਤਮਾ ਦੀ ਸਿਫ਼ਤ-ਸਾਲਾਹ ਆਤਮਕ ਆਨੰਦ ਦੇਣ ਵਾਲੀ ਹੈ (ਸਿਫ਼ਤ-ਸਾਲਾਹ ਕਰਨ ਵਾਲਾ ਮਨੁੱਖ) ਉਹੀ ਫਲ ਪ੍ਰਾਪਤ ਕਰ ਲੈਂਦਾ ਹੈ ਜਿਨ੍ਹਾਂ ਦੀ ਕਾਮਨਾ ਉਸ ਦਾ ਮਨ ਕਰਦਾ ਹੈ।

ਆਦਿ ਅੰਤਿ ਮਧਿ ਨਾਨਕ ਕਉ ਸੋ ਪ੍ਰਭੁ ਹੋਆ ਬੇਲੀ ॥੪॥੧੬॥੨੭॥

ਹੇ ਭਾਈ! (ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਪਰਮਾਤਮਾ ਨਾਨਕ ਵਾਸਤੇ ਸਦਾ ਦਾ ਮਦਦਗਾਰ ਬਣ ਗਿਆ ਹੈ ॥੪॥੧੬॥੨੭॥

ਸੋਰਠਿ ਮਹਲਾ ੫ ਪੰਚਪਦਾ ॥

ਬਿਨਸੈ ਮੋਹੁ ਮੇਰਾ ਅਰੁ ਤੇਰਾ ਬਿਨਸੈ ਅਪਨੀ ਧਾਰੀ ॥੧॥

(ਜਿਸ ਇਲਾਜ ਨਾਲ ਮੇਰੇ ਅੰਦਰੋਂ) ਮੋਹ ਨਾਸ ਹੋ ਜਾਏ, ਮੇਰ-ਤੇਰ ਵਾਲਾ ਵਿਤਕਰਾ ਦੂਰ ਹੋ ਜਾਏ, ਮੇਰੀ ਮਾਇਆ-ਨਾਲ-ਪਕੜ ਖ਼ਤਮ ਹੋ ਜਾਏ ॥੧॥

ਸੰਤਹੁ ਇਹਾ ਬਤਾਵਹੁ ਕਾਰੀ ॥

ਹੇ ਸੰਤ ਜਨੋ! (ਮੈਨੂੰ ਕੋਈ) ਇਹੋ ਜਿਹਾ ਇਲਾਜ ਦੱਸੋ,

ਜਿਤੁ ਹਉਮੈ ਗਰਬੁ ਨਿਵਾਰੀ ॥੧॥ ਰਹਾਉ ॥

ਜਿਸ ਨਾਲ ਮੈਂ (ਆਪਣਾ ਅੰਦਰੋਂ) ਹਉਮੈ ਅਹੰਕਾਰ ਦੂਰ ਕਰ ਸਕਾਂ ॥੧॥ ਰਹਾਉ ॥

ਸਰਬ ਭੂਤ ਪਾਰਬ੍ਰਹਮੁ ਕਰਿ ਮਾਨਿਆ ਹੋਵਾਂ ਸਗਲ ਰੇਨਾਰੀ ॥੨॥

(ਜਿਸ ਇਲਾਜ ਨਾਲ) ਪਰਮਾਤਮਾ ਸਾਰੇ ਜੀਵਾਂ ਵਿਚ ਵੱਸਦਾ ਮੰਨਿਆ ਜਾ ਸਕੇ, ਤੇ, ਮੈਂ ਸਭਨਾਂ ਦੀ ਚਰਨ-ਧੂੜ ਬਣਿਆ ਰਹਾਂ ॥੨॥

ਪੇਖਿਓ ਪ੍ਰਭ ਜੀਉ ਅਪੁਨੈ ਸੰਗੇ ਚੂਕੈ ਭੀਤਿ ਭ੍ਰਮਾਰੀ ॥੩॥

(ਜਿਸ ਇਲਾਜ ਨਾਲ) ਪਰਮਾਤਮਾ ਆਪਣੇ ਅੰਗ-ਸੰਗ ਵੇਖਿਆ ਜਾ ਸਕੇ, ਤੇ, (ਮੇਰੇ ਅੰਦਰੋਂ) ਮਾਇਆ ਦੀ ਖ਼ਾਤਰ ਭਟਕਣਾ ਵਾਲੀ ਕੰਧ ਦੂਰ ਹੋ ਜਾਏ (ਜੋ ਪਰਮਾਤਮਾ ਨਾਲੋਂ ਵਿੱਥ ਪਾ ਰਹੀ ਹੈ) ॥੩॥

ਅਉਖਧੁ ਨਾਮੁ ਨਿਰਮਲ ਜਲੁ ਅੰਮ੍ਰਿਤੁ ਪਾਈਐ ਗੁਰੂ ਦੁਆਰੀ ॥੪॥

(ਹੇ ਭਾਈ!) ਉਹ ਦਵਾਈ ਤਾਂ ਪਰਮਾਤਮਾ ਦਾ ਨਾਮ ਹੀ ਹੈ, ਆਤਮਕ ਜੀਵਨ ਦੇਣ ਵਾਲਾ ਪਵਿਤ੍ਰ ਨਾਮ-ਜਲ ਹੀ ਹੈ। ਇਹ ਨਾਮ ਗੁਰੂ ਦੇ ਦਰ ਤੋਂ ਮਿਲਦਾ ਹੈ ॥੪॥

ਕਹੁ ਨਾਨਕ ਜਿਸੁ ਮਸਤਕਿ ਲਿਖਿਆ ਤਿਸੁ ਗੁਰ ਮਿਲਿ ਰੋਗ ਬਿਦਾਰੀ ॥੫॥੧੭॥੨੮॥

ਨਾਨਕ ਆਖਦਾ ਹੈ- ਜਿਸ ਮਨੁੱਖ ਦੇ ਮੱਥੇ ਉੱਤੇ (ਨਾਮ ਦੀ ਪ੍ਰਾਪਤੀ ਦਾ ਲੇਖ) ਲਿਖਿਆ ਹੋਵੇ, (ਉਸ ਨੂੰ ਗੁਰੂ ਪਾਸੋਂ ਮਿਲਦਾ ਹੈ), ਗੁਰੂ ਨੂੰ ਮਿਲ ਕੇ ਉਸ ਦੇ ਰੋਗ ਕੱਟੇ ਜਾਂਦੇ ਹਨ ॥੫॥੧੭॥੨੮॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1363
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430