ਜਦ ਤਾਈਂ ਸਰੀਰ ਵਿਚ ਦਮ ਹੈ, ਪ੍ਰਭੂ ਨੂੰ ਯਾਦ ਨਹੀਂ ਕਰਦਾ; (ਸੰਸਾਰੀ ਜੀਵ ਹਉਮੈ ਵਿਚ ਰਹਿ ਕੇ ਕਦੇ ਨਹੀਂ ਸੋਚਦਾ ਕਿ) ਅਗਾਂਹ ਦਰਗਾਹ ਵਿਚ ਜਾ ਕੇ ਕੀਹ ਹਾਲ ਹੋਵੇਗਾ।
ਜੋ ਮਨੁੱਖ ਗਿਆਨਵਾਨ ਹੁੰਦਾ ਹੈ, ਉਹ ਸੁਚੇਤ ਰਹਿੰਦਾ ਹੈ ਤੇ ਅਗਿਆਨੀ ਮਨੁੱਖ ਅਗਿਆਨਤਾ ਦਾ ਕੰਮ ਹੀ ਕਰਦਾ ਹੈ।
ਹੇ ਨਾਨਕ! ਮਨੁੱਖਾ ਜਨਮ ਵਿਚ ਜੋ ਕੁਝ ਮਨੁੱਖ ਕਮਾਈ ਕਰਦਾ ਹੈ, ਉਹੋ ਮਿਲਦੀ ਹੈ, ਪਰਲੋਕ ਵਿਚ ਭੀ ਜਾ ਕੇ ਉਹੋ ਮਿਲਦੀ ਹੈ ॥੧॥
ਧੁਰੋਂ ਹੀ ਪ੍ਰਭੂ ਦਾ ਹੁਕਮ ਚਲਿਆ ਆਉਂਦਾ ਹੈ ਕਿ ਸਤਿਗੁਰੂ ਤੋਂ ਬਿਨਾਂ ਪ੍ਰਭੂ ਸਿਮਰਿਆ ਨਹੀਂ ਜਾ ਸਕਦਾ।
ਸਤਿਗੁਰੂ ਦੇ ਮਿਲਿਆਂ ਪ੍ਰਭੂ ਮਨੁੱਖ ਦੇ ਹਿਰਦੇ ਵਿਚ ਵੱਸ ਪੈਂਦਾ ਹੈ ਤੇ ਮਨੁੱਖ ਸਦਾ ਉਸ ਵਿਚ ਬਿਰਤੀ ਜੋੜੀ ਰੱਖਦਾ ਹੈ।
ਤਾਂ ਸੁਆਸ ਸੁਆਸ ਉਸ ਨੂੰ ਚੇਤਦਾ ਹੈ, ਇੱਕ ਭੀ ਸੁਆਸ ਖ਼ਾਲੀ ਨਹੀਂ ਜਾਂਦਾ।
(ਇਸ ਤਰ੍ਹਾਂ ਉਸ ਦਾ) ਜੰਮਣ ਮਰਨ ਦਾ ਡਰ ਮੁੱਕ ਜਾਂਦਾ ਹੈ ਤੇ ਉਸ ਨੂੰ (ਅਸਲ ਮਨੁੱਖਾ) ਜੀਵਨ ਦਾ ਮਰਤਬਾ ਮਿਲ ਜਾਂਦਾ ਹੈ।
ਹੇ ਨਾਨਕ! ਪ੍ਰਭੂ ਇਹ ਦਰਜਾ (ਭਾਵ, ਜੀਵਨ-ਪਦਵੀ) ਉਸ ਮਨੁੱਖ ਨੂੰ ਦੇਂਦਾ ਹੈ ਜਿਸ ਤੇ ਉਹ ਆਪਣੀ ਰਜ਼ਾ ਵਿਚ ਮੇਹਰ ਕਰਦਾ ਹੈ ॥੨॥
ਪ੍ਰਭੂ ਆਪ ਹੀ ਸਿਆਣਾ ਹੈ, ਆਪ ਹੀ ਚਤੁਰ ਹੈ ਤੇ ਆਪ ਹੀ ਆਗੂ ਹੈ।
ਆਪ ਹੀ (ਆਪਣੇ) ਰੂਪ ਵਿਖਾਲਦਾ ਹੈ ਤੇ ਆਪ ਹੀ ਬਿਰਤੀ ਜੋੜਦਾ ਹੈ।
ਆਪ ਹੀ ਮੋਨਧਾਰੀ ਹੈ ਤੇ ਆਪ ਹੀ ਗਿਆਨ ਦੀਆਂ ਗੱਲਾਂ ਕਰਨ ਵਾਲਾ ਹੈ।
ਕਿਸੇ ਨੂੰ ਕੌੜਾ ਨਹੀਂ ਲੱਗਦਾ (ਕਿਸੇ ਨੂੰ ਕਿਸੇ ਰੰਗ ਵਿਚ, ਕਿਸੇ ਨੂੰ ਕਿਸੇ ਰੰਗ ਵਿਚ) ਸਭਨਾਂ ਨੂੰ ਪਿਆਰਾ ਲੱਗਦਾ ਹੈ।
ਐਸੇ ਪ੍ਰਭੂ ਤੋਂ ਮੈਂ ਸਦਕੇ ਹਾਂ, ਉਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ॥੧੯॥
ਹੇ ਨਾਨਕ! ਕਲਜੁਗ ਵਿਚ (ਵਿਕਾਰੀ ਜੀਵਨ ਵਿਚ) ਰਹਿਣ ਵਾਲੇ (ਮਨੁੱਖ ਨਹੀਂ) ਭੂਤਨੇ ਜੰਮੇ ਹੋਏ ਹਨ।
ਪੁਤ੍ਰ ਭੂਤਨਾ, ਧੀ ਭੂਤਨੀ ਤੇ ਇਸਤ੍ਰੀ ਸਭ ਤੋਂ ਵਢੀ ਭੁਤਨੀ ਹੈ (ਭਾਵ; ਨਾਮ ਤੋਂ ਸੱਖਣੇ ਸਭ ਜੀਵ ਭੂਤਨੇ ਬਰਾਬਰ ਹਨ) ॥੧॥
ਹਿੰਦੂ ਉੱਕਾ ਹੀ ਭੁੱਲੇ ਹੋਏ ਖੁੰਝੇ ਜਾ ਰਹੇ ਹਨ।
ਜੋ ਨਾਰਦ ਨੇ ਆਖਿਆ ਉਹੀ ਪੂਜਾ ਕਰਦੇ ਹਨ।
ਇਹਨਾਂ ਅੰਨ੍ਹਿਆਂ ਗੁੰਗਿਆਂ ਵਾਸਤੇ ਹਨੇਰਾ ਘੁਪ ਬਣਿਆ ਪਿਆ ਹੈ (ਭਾਵ, ਸਹੀ ਰਸਤੇ ਤੇ ਚਲ ਕੇ ਪ੍ਰਭੂ ਦੇ ਗੁਣ ਨਹੀਂ ਗਾਉਂਦੇ)।
ਇਹ ਮੂਰਖ ਗਵਾਰ ਪੱਥਰ ਲੈ ਕੇ ਪੂਜ ਰਹੇ ਹਨ।
ਉਹ ਪਥਰ ਜੋ ਆਪ (ਪਾਣੀ ਵਿਚ) ਡੁੱਬ ਜਾਂਦਾ ਹੈ ਉਹ ਤੁਹਾਨੂੰ ਕਿਵੇਂ ਤਾਰ ਸਕਦਾ ਹੈ?॥੨॥
ਹੇ ਪ੍ਰਭੂ! ਤੂੰ ਸੱਚਾ ਸ਼ਾਹ ਹੈਂ ਤੇ ਸਭ ਕੁਝ ਤੇਰੇ ਅਖ਼ਤਿਆਰ ਵਿਚ ਹੈ।
ਭਜਨ ਕਰਨ ਵਾਲੇ ਦਾਸ ਇਕ ਹਰੀ ਦੇ (ਨਾਮ ਦੇ) ਰੰਗ ਵਿਚ ਰੰਗੇ ਹੋਏ ਹਨ ਤੇ ਉਸ ਤੇ ਉਹਨਾਂ ਨੂੰ ਪੂਰਾ ਭਰੋਸਾ ਹੈ।
ਉਹ ਦਾਸ ਪ੍ਰਭੂ ਦਾ ਨਾਮ (ਰੂਪ) ਅਮਰ ਕਰਨ ਵਾਲਾ ਭੋਜਨ ਰੱਜ ਰੱਜ ਕੇ ਖਾਂਦੇ ਹਨ।
ਸਾਰੇ ਪਦਾਰਥ ਉਹਨਾਂ ਨੂੰ ਮਿਲਦੇ ਹਨ, ਉਹ ਨਾਮ ਸਿਮਰਨ (ਰੂਪ) ਸੱਚਾ ਲਾਹਾ ਖੱਟਦੇ ਹਨ।
ਹੇ ਨਾਨਕ! ਜੋ ਪਾਰਬ੍ਰਹਮ ਪਹੁੰਚ ਤੋਂ ਪਰੇ ਤੇ ਅਗਾਧ ਹੈ, ਭਜਨ ਕਰਨ ਵਾਲੇ ਦਾਸ ਉਸ ਦੇ ਪਿਆਰੇ ਹਨ ॥੨੦॥
ਹਰੇਕ ਚੀਜ਼ ਪ੍ਰਭੂ ਦੇ ਹੁਕਮ ਵਿਚ ਹੀ ਆਉਂਦੀ ਹੈ ਤੇ ਹੁਕਮ ਵਿਚ ਹੀ ਚਲੀ ਜਾਂਦੀ ਹੈ।
ਜੇ ਕੋਈ ਮੂਰਖ ਆਪਣੇ ਆਪ ਨੂੰ (ਵੱਡਾ) ਸਮਝ ਲੈਂਦਾ ਹੈ (ਤਾਂ ਸਮਝੋ) ਉਹ ਅੰਨ੍ਹਾ ਅੰਨ੍ਹਿਆਂ ਵਾਲਾ ਕੰਮ ਕਰਦਾ ਹੈ।
ਹੇ ਨਾਨਕ! ਜਿਸ ਮਨੁੱਖ ਤੇ ਆਪਣੀ ਰਜ਼ਾ ਵਿਚ ਪ੍ਰਭੂ ਕਿਰਪਾ ਕਰਦਾ ਹੈ, ਉਹ ਕੋਈ ਵਿਰਲਾ ਗੁਰਮੁਖ ਹੁਕਮ ਦੀ ਪਛਾਣ ਕਰਦਾ ਹੈ ॥੧॥
ਜਿਸ ਮਨੁੱਖ ਨੂੰ ਸਤਿਗੁਰੂ ਦੇ ਸਨਮੁਖ ਹੋ ਕੇ ਨਾਮ ਦੀ ਪ੍ਰਾਪਤੀ ਹੁੰਦੀ ਹੈ, (ਸਮਝੋ) ਉਹ ਸੱਚਾ ਜੋਗੀ ਹੈ, ਜਿਸ ਨੂੰ ਜੋਗ ਦੀ ਜਾਚ ਆਈ ਹੈ।
ਐਸੇ ਜੋਗੀ ਦੇ ਸਰੀਰ (ਰੂਪ) ਨਗਰ ਵਿਚ ਹਰੇਕ (ਗੁਣ) ਵੱਸਦਾ ਹੈ ਪਰ ਸਿਰਫ਼ ਭੇਖ ਕਰ ਕੇ ਜੋਗੀ ਬਨਣ ਵਾਲਾ ਪ੍ਰਭੂ-ਮੇਲ ਨਹੀਂ ਕਰ ਸਕਦਾ।
ਹੇ ਨਾਨਕ! ਜਿਸ ਦੇ ਹਿਰਦੇ ਵਿਚ ਪ੍ਰਭੂ ਪ੍ਰਤੱਖ ਹੋ ਜਾਂਦਾ ਹੈ, ਇਹੋ ਜਿਹਾ ਕੋਈ ਵਿਰਲਾ ਜੋਗੀ ਹੁੰਦਾ ਹੈ ॥੨॥
ਉਸ ਨੇ ਆਪ ਹੀ ਜੀਵਾਂ ਨੂੰ ਪੈਦਾ ਕੀਤਾ ਹੈ ਤੇ ਆਪ ਹੀ (ਉਹਨਾਂ ਦਾ) ਆਸਰਾ (ਬਣਦਾ) ਹੈ।
ਆਪ ਹੀ ਹਰੀ ਸੂਖਮ ਰੂਪ ਵੇਖੀਦਾ ਹੈ ਤੇ ਆਪ ਹੀ (ਸੰਸਾਰ ਦਾ) ਪਰਪੰਚ (ਰੂਪ) ਹੈ।
ਆਪ ਹੀ ਇਕੱਲਾ ਹੋ ਕੇ ਰਹਿੰਦਾ ਹੈ ਤੇ ਆਪ ਹੀ ਵੱਡੇ ਪਰਵਾਰ ਵਾਲਾ ਹੈ।
ਹੇ ਹਰੀ! ਨਾਨਕ ਤੇਰੇ ਸੰਤਾਂ ਦੀ ਚਰਨ-ਧੂੜ (ਰੂਪ) ਦਾਨ ਮੰਗਦਾ ਹੈ,
ਤੂੰ ਹੀ ਦੇਣ ਵਾਲਾ ਹੈਂ, ਕੋਈ ਹੋਰ ਦਾਤਾ ਮੈਨੂੰ ਦਿੱਸ ਨਹੀਂ ਆਉਂਦਾ ॥੨੧॥੧॥ਸੁਧੁ ॥