ਮੇਰੇ ਪ੍ਰਭੂ ਦੀ ਬੜੀ ਤਾਕਤ ਹੈ, ਹੁਣ (ਇਹਨਾਂ ਵਿਚੋਂ) ਕੋਈ ਭੀ ਮੇਰਾ ਕੁਝ ਵਿਗਾੜ ਨਹੀਂ ਸਕਦਾ ॥੧॥
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਸੋਹਣੇ ਚਰਨ) ਮੇਰੇ ਮਨ ਵਿਚ ਆਸਰਾ ਬਣ ਗਏ ਹਨ, ਉਸ ਦਾ ਨਾਮ (ਹਰ ਵੇਲੇ) ਸਿਮਰ ਸਿਮਰ ਕੇ ਮੈਂ ਆਤਮਕ ਆਨੰਦ ਪ੍ਰਾਪਤ ਕੀਤਾ ਹੈ।
ਹੇ ਭਾਈ! (ਪ੍ਰਭੂ ਦਾ) ਦਾਸ ਨਾਨਕ ਉਸ (ਪ੍ਰਭੂ) ਦੀ ਸਰਨ ਪੈ ਗਿਆ ਹੈ ਜਿਸ ਤੋਂ ਵੱਡਾ ਹੋਰ ਕੋਈ ਨਹੀਂ ॥੨॥੧੨॥੯੮॥
ਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ।
(ਨਾਮ ਜਪਣ ਦੀ ਬਰਕਤਿ ਨਾਲ ਅਜੇਹੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ, ਜਿਸ ਨੂੰ) ਬੁਢੇਪਾ, ਮੌਤ ਜਾਂ ਦੁੱਖ ਕੁੱਝ ਭੀ ਪੋਹ ਨਹੀਂ ਸਕਦਾ। ਅਗਾਂਹ ਪਰਮਾਤਮਾ ਦੀ ਹਜ਼ੂਰੀ ਵਿਚ ਭੀ ਸਫਲਤਾ ਮਿਲਦੀ ਹੈ ॥੧॥ ਰਹਾਉ ॥
(ਪਰ, ਹੇ ਭਾਈ!) ਇਹ (ਨਾਮ-) ਖ਼ਜ਼ਾਨਾ ਗੁਰੂ ਤੋਂ (ਹੀ) ਮਿਲਦਾ ਹੈ, ਆਪਾ-ਭਾਵ ਤਿਆਗ ਕੇ ਸਦਾ (ਗੁਰੂ ਦੀ) ਸਰਨ ਪੈਣਾ ਚਾਹੀਦਾ ਹੈ।
ਇਹ ਨਾਮ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚਣ ਵਾਸਤੇ ਪਰਵਾਨਾ ਹੈ, (ਨਾਮ ਦੀ ਸਹਾਇਤਾ ਨਾਲ) ਜਨਮ ਮਰਨ ਦੀ ਫਾਹੀ (ਭੀ) ਕੱਟੀ ਜਾਂਦੀ ਹੈ ॥੧॥
(ਹੇ ਭਾਈ! ਜੇ ਮੈਨੂੰ ਤੇਰਾ ਨਾਮ ਮਿਲ ਜਾਏ, ਤਾਂ) ਜੋ ਕੁਝ ਤੂੰ ਕਰਦਾ ਹੈਂ, ਉਹ ਮੈਂ ਭਲਾ ਸਮਝਣ ਲੱਗ ਪਵਾਂਗਾ, (ਤੇਰੇ ਨਾਮ ਦੀ ਬਰਕਤਿ ਨਾਲ) ਮਨ ਤੋਂ ਸਾਰਾ ਅਹੰਕਾਰ ਮੁੱਕ ਜਾਂਦਾ ਹੈ।
ਨਾਨਕ ਆਖਦਾ ਹੈ- (ਹੇ ਭਾਈ!) ਉਸ ਪਰਮਾਤਮਾ ਦੀ ਸਰਨ ਪਏ ਰਹਿਣਾ ਚਾਹੀਦਾ ਹੈ, ਸਾਰਾ ਜਹਾਨ ਜਿਸ ਦਾ ਪੈਦਾ ਕੀਤਾ ਹੋਇਆ ਹੈ ॥੨॥੧੩॥੯੯॥
ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਹਿਰਦੇ ਵਿਚ (ਸਦਾ) ਪ੍ਰਭੂ ਵੱਸਦਾ ਹੈ,
ਪ੍ਰਭੂ ਦੇ ਗੁਣ ਗਾਂਦਿਆਂ, ਦੂਜਿਆਂ ਦੀ ਭਲਾਈ ਦੀਆਂ ਗੱਲਾਂ ਸਦਾ ਕਰਦਿਆਂ, ਉਸ ਮਨੁੱਖ ਦੀ ਜੀਭ ਅਮੋਲਕ ਹੋ ਜਾਂਦੀ ਹੈ ॥੧॥ ਰਹਾਉ ॥
ਹੇ ਭਾਈ! (ਸਿਮਰਨ ਕਰਨ ਵਾਲੇ ਸੰਤ ਭਗਤ) ਜਨਮਾਂ ਜਨਮਾਂ ਦੇ ਕੀਤੇ ਕਰਮਾਂ ਦੀ ਮੈਲ ਲਾਹ ਲੈਂਦੇ ਹਨ। ਉਹਨਾਂ ਦੀਆਂ ਸਾਰੀਆਂ ਕੁਲਾਂ ਭੀ ਖਿਨ ਵਿਚ (ਸੰਸਾਰ-ਜੰਗਲ ਵਿਚੋਂ) ਬਚ ਨਿਕਲਦੀਆਂ ਹਨ।
ਆਪਣੇ ਮਾਲਕ-ਪ੍ਰਭੂ ਦਾ ਨਾਮ ਸਦਾ ਸਿਮਰ ਕੇ (ਉਹ ਭਗਤ) ਮਾਇਆ (ਦੇ ਸੰਸਾਰ-) ਜੰਗਲ ਤੋਂ ਬੜੇ ਆਨੰਦ ਨਾਲ ਪਾਰ ਲੰਘ ਜਾਂਦੇ ਹਨ ॥੧॥
ਹੇ ਭਾਈ! ਜੇਹੜੇ ਮਨੁੱਖ ਪਰਮਾਤਮਾ ਦੇ ਚਰਨਾਂ ਦਾ ਜਹਾਜ਼ ਪ੍ਰਾਪਤ ਕਰ ਲੈਂਦੇ ਹਨ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।
ਹੇ ਨਾਨਕ! ਉਹੀ ਮਨੁੱਖ ਉਸ ਪ੍ਰਭੂ ਦੇ ਸੰਤ ਹਨ, ਭਗਤ ਹਨ, ਸੇਵਕ ਹਨ। ਉਹਨਾਂ ਦਾ ਮਨ ਉਸ ਪ੍ਰਭੂ ਵਿਚ ਹੀ ਸਦਾ ਟਿਕਿਆ ਰਹਿੰਦਾ ਹੈ ॥੨॥੧੪॥੧੦੦॥
ਹੇ ਪ੍ਰਭੂ! ਤੇਰੇ ਚੋਜ-ਤਮਾਸ਼ੇ ਵੇਖ ਵੇਖ ਕੇ ਮੈਨੂੰ (ਭੀ) ਹੌਸਲਾ ਬਣ ਰਿਹਾ ਹੈ (ਕਿ ਤੂੰ ਮੇਰੀ ਭੀ ਸਹਾਇਤਾ ਕਰੇਂਗਾ)।
ਤੂੰ ਹੀ (ਸਾਡਾ) ਮਾਲਕ ਹੈਂ, ਤੂੰ ਹੀ ਸਾਡੇ ਦਿਲ ਦੀ ਜਾਣਨ ਵਾਲਾ ਹੈਂ, ਤੂੰ ਹੀ (ਹਰੇਕ) ਸਾਧੂ-ਜਨ ਦੇ ਨਾਲ ਵੱਸਦਾ ਹੈਂ ॥੧॥ ਰਹਾਉ ॥
ਹੇ ਮਾਲਕ! ਤੂੰ ਨੀਵੇਂ ਕੀੜਿਆਂ (ਵਰਗੇ ਨਾਚੀਜ਼ ਬੰਦਿਆਂ) ਨੂੰ ਰਾਜੇ ਬਣਾ ਦੇਂਦਾ ਹੈਂ। ਤੂੰ ਇਕ ਖਿਨ ਵਿਚ ਹੀ (ਨੀਵਿਆਂ ਨੂੰ) ਥਾਪਣਾ ਦੇ ਕੇ ਮਾਣ-ਆਦਰ ਵਾਲੇ ਬਣਾ ਦਿੱਤਾ ॥੧॥
ਹੇ ਦਾਸ ਨਾਨਕ! (ਆਖ-ਹੇ ਪ੍ਰਭੂ! ਮੇਹਰ ਕਰ, ਤੇਰਾ ਨਾਮ) ਮੇਰੇ ਹਿਰਦੇ ਤੋਂ ਕਦੇ ਭੀ ਨਾਹ ਭੁੱਲੇ। (ਤੇਰੇ ਦਰ ਤੋਂ) ਮੈਂ ਖ਼ੈਰ ਮੰਗਦਾ ਹਾਂ ॥੨॥੧੫॥੧੦੧॥
ਹੇ ਭਾਈ! ਧਰਤੀ ਦਾ ਰਾਖਾ ਅਤੇ ਅਬਿਨਾਸੀ ਪ੍ਰਭੂ ਹੀ ਪੂਜਾ ਦਾ ਹੱਕਦਾਰ ਹੈ।
ਮੈਂ ਆਪਣਾ ਮਨ ਆਪਣਾ ਤਨ ਭੇਟਾ ਕਰ ਕੇ ਉਸ ਪ੍ਰਭੂ ਅੱਗੇ (ਹੀ) ਰਖਦਾ ਹਾਂ। ਉਹ ਪ੍ਰਭੂ ਸਾਰੇ ਜੀਵਾਂ ਦਾ ਪਾਲਣ ਵਾਲਾ ਹੈ ॥੧॥ ਰਹਾਉ ॥
ਹੇ ਭਾਈ! ਪ੍ਰਭੂ ਸਰਨ ਪਏ ਜੀਵ ਦੀ ਰੱਖਿਆ ਕਰਨ ਜੋਗਾ ਹੈ, ਉਸ ਦੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਸਾਰੇ ਸੁਖਾਂ ਦਾ ਦੇਣ ਵਾਲਾ ਹੈ, ਕਿਰਪਾ ਦਾ ਸਮੁੰਦਰ ਹੈ, ਬੜਾ ਹੀ ਦਇਆਵਾਨ ਹੈ।
ਉਹ ਪ੍ਰਭੂ ਆਪਣੇ (ਸੇਵਕ) ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ, (ਫਿਰ) ਉਸ (ਸੇਵਕ) ਨੂੰ ਕੋਈ ਦੁੱਖ-ਕਲੇਸ਼ ਰਤਾ ਭਰ ਭੀ ਪੋਹ ਨਹੀਂ ਸਕਦਾ ॥੧॥
ਹੇ ਭਾਈ! ਪਰਮਾਤਮਾ ਦਇਆ ਦਾ ਘਰ ਹੈ, ਸਭ ਦਾ ਮਾਲਕ ਹੈ, ਸੰਤ ਜਨਾਂ ਵਾਸਤੇ ਉਹੀ ਧਨ ਹੈ ਮਾਲ ਹੈ ਅਤੇ ਸਭ ਕੁਝ ਹੈ।
ਉਸ ਪ੍ਰਭੂ (ਦੇ ਦਰ) ਦਾ ਮੰਗਤਾ ਨਾਨਕ ਉਸ ਦੇ ਦਰਸਨ ਦਾ ਖ਼ੈਰ ਮੰਗਦਾ ਹੈ (ਅਤੇ ਅਰਜ਼ੋਈ ਕਰਦਾ ਹੈ ਕਿ ਉਸ ਦੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ ॥੨॥੧੬॥੧੦੨॥
ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ (ਤੀਰਥ, ਕਰਮ ਕਾਂਡ ਆਦਿਕ) ਕ੍ਰੋੜਾਂ ਹੀ ਉੱਦਮ (ਮਾਨੋ) ਹੋ ਜਾਂਦੇ ਹਨ।
(ਜਿਸ ਮਨੁੱਖ ਨੇ) ਗੁਰੂ ਦੀ ਸੰਗਤਿ ਵਿਚ ਮਿਲ ਕੇ ਪ੍ਰਭੂ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ, ਜਮਦੂਤਾਂ ਨੂੰ (ਉਸ ਦੇ ਨੇੜੇ ਜਾਣੋਂ) ਡਰ ਆਉਣ ਲੱਗ ਪਿਆ ॥੧॥ ਰਹਾਉ ॥
ਹੇ ਭਾਈ! ਜਿਸ ਮਨੁੱਖ ਨੇ ਪ੍ਰਭੂ ਦੇ ਚਰਨ ਆਪਣੇ ਮਨ ਵਿਚ ਹਿਰਦੇ ਵਿਚ ਵਸਾ ਲਏ, ਉਸ ਨੇ (ਪਿਛਲੇ ਕਰਮਾਂ ਦੇ ਸੰਸਕਾਰ ਮਿਟਾਣ ਲਈ, ਮਾਨੋ) ਸਾਰੇ ਹੀ ਪ੍ਰਾਸ਼ਚਿਤ ਕਰਮ ਕਰ ਲਏ।
ਉਸ ਦਾ ਜਨਮ ਮਰਨ ਦਾ ਗੇੜ ਮੁੱਕ ਗਿਆ, ਉਸ ਦਾ ਹਰੇਕ ਭਰਮ ਡਰ ਦੂਰ ਹੋ ਗਿਆ, ਉਸ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਸੜ ਗਏ ॥੧॥
(ਤਾਂ ਤੇ, ਹੇ ਭਾਈ!) ਨਿਡਰ ਹੋ ਕੇ (ਕਰਮ ਕਾਂਡ ਦਾ ਭਰਮ ਲਾਹ ਕੇ) ਜਗਤ ਦੇ ਮਾਲਕ-ਪ੍ਰਭੂ ਦਾ ਨਾਮ ਜਪਿਆ ਕਰੋ। ਇਹ ਨਾਮ-ਪਦਾਰਥ ਵੱਡੀ ਕਿਸਮਤ ਨਾਲ ਹੀ ਮਿਲਦਾ ਹੈ।