ਉਹੀ ਇਕ ਹਿਰਦਾ ਸਰਲ ਹੈ ਜਿਸ ਹਿਰਦੇ ਵਿਚ ਭੋਲਾ-ਪਨ ਤੇ (ਰੱਬੀ) ਡਰ ਦੇ ਕਾਰਨ (ਰੱਬ ਆਪ) ਵੱਸਦਾ ਹੈ।
ਪਰ ਸਾੜੇ ਈਰਖਾ ਦੇ ਕਾਰਨ ਬਹੁਤ ਹੀ ਦੁੱਖ ਵਿਆਪਦਾ ਹੈ, ਮਨ ਬਾਣੀ ਤੇ ਸਰੀਰ ਤਿੰਨੇ ਹੀ ਭਰਿਸ਼ਟੇ ਰਹਿੰਦੇ ਹਨ ॥੧॥
ਘਣਾ ਧੜਾ (ਭਾਵ, ਬਹੁਤੀ ਲੁਕਾਈ) ਤੱਕਦਾ ਹੈ ਉਸ ਢੋਲ ਨੂੰ (ਜੋ ਢੋਲ) ਵੇਦ ਨੇ ਵਜਾਇਆ {ਭਾਵ, ਕਰਮ ਕਾਂਡ ਦਾ ਰਸਤਾ}।
ਹੇ ਨਾਨਕ! ਤੂੰ 'ਨਾਮ' ਸਿਮਰ, (ਇਸ ਤੋਂ ਛੁਟ) ਹੋਰ ਦੂਜਾ ਕੋਈ (ਸਹੀ ਰਸਤਾ) ਨਹੀਂ ਹੈ ॥੨॥
(ਇਹ) ਤ੍ਰੈ-ਗੁਣੀ (ਸੰਸਾਰ) (ਮਾਨੋ) ਇਕ ਅੱਤ ਡੂੰਘਾ ਸਮੁੰਦਰ ਹੈ, ਇਸ ਦੀ ਹਾਥ ਕਿਸ ਨੇ ਲੱਭੀ ਹੈ?
ਜੇ ਸਤਿਗੁਰੂ (ਜੋ ਇਸ ਤ੍ਰਿਗੁਣੀ ਸੰਸਾਰ ਵਲੋਂ) ਬੜਾ ਬੇ-ਪਰਵਾਹ (ਹੈ) ਮਿਲ ਪਏ ਤਾਂ ਮੈਂ ਭੀ ਇਸ ਤੋਂ ਪਾਰ ਲੰਘ ਜਾਵਾਂ।
ਇਸ ਸੰਸਾਰ-ਸਮੁੰਦਰ ਦਾ ਵਿਚਲਾ ਹਿੱਸਾ ਦੁੱਖਾਂ ਨਾਲ ਹੀ ਭਰਿਆ ਹੋਇਆ ਹੈ।
ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਕਿਸੇ ਦੀ ਭੀ (ਤ੍ਰਿਗੁਣੀ ਮਾਇਆ ਬਾਰੇ) ਭੁੱਖ ਨਹੀਂ ਉਤਰਦੀ ॥੩॥
ਸਤਿਗੁਰੂ ਦੇ ਸੋਹਣੇ ਸ਼ਬਦ ਦੀ ਰਾਹੀਂ ਜਿਨ੍ਹਾਂ ਨੇ ਆਪਣਾ ਮਨ ਖੋਜਿਆ ਹੈ,
ਉਹ ਹਰਿ-ਨਾਮ ਸਿਮਰਦੇ ਹਨ ਤੇ ਮਨ-ਇੱਛਤ ਫਲ ਪਾਂਦੇ ਹਨ।
ਜਿਸ ਮਨੁੱਖ ਉਤੇ ਪ੍ਰਭੂ ਮਿਹਰ ਕਰੇ ਉਸ ਨੂੰ ਗੁਰੂ ਮਿਲਦਾ ਹੈ ਤੇ ਉਹ ਪ੍ਰਭੂ ਦੇ ਗੁਣ ਗਾਂਦਾ ਹੈ।
ਧਰਮਰਾਜ ਉਹਨਾਂ ਦਾ ਮਿੱਤਰ ਬਣ ਜਾਂਦਾ ਹੈ ਉਹਨਾਂ ਨੂੰ ਉਹ ਜਮ ਦੇ ਰਾਹ ਤੇ ਨਹੀਂ ਪਾਂਦਾ।
ਉਹ ਦਿਨ ਰਾਤ ਹਰਿ-ਨਾਮ ਸਿਮਰਦੇ ਹਨ ਤੇ ਹਰਿ-ਨਾਮ ਵਿਚ ਜੁੜੇ ਰਹਿੰਦੇ ਹਨ ॥੧੪॥
ਇਹੀ ਗੱਲ ਸੁਣੀਦੀ ਹੈ ਤੇ ਬਿਆਨ ਕੀਤੀ ਜਾ ਰਹੀ ਹੈ ਕਿ ਸੁਰਗ ਵਿਚ ਧਰਤੀ ਤੇ ਪਾਤਾਲ ਵਿਚ (ਤਿੰਨਾਂ ਹੀ ਲੋਕਾਂ ਵਿਚ) ਪ੍ਰਭੂ ਇਕ ਆਪ ਹੀ ਆਪ ਹੈ,
ਉਸ ਦਾ ਹੁਕਮ ਉਲੰਘਿਆ ਨਹੀਂ ਜਾ ਸਕਦਾ, (ਜੀਆਂ ਦਾ) ਜੋ ਜੋ ਲੇਖ ਉਸ ਨੇ ਲਿਖਿਆ ਹੈ ਉਹੀ (ਹਰੇਕ ਜੀਵ ਨੂੰ) ਤੋਰ ਰਿਹਾ ਹੈ।
(ਸੋ,) ਨਾਹ ਕੋਈ ਮਰਦਾ ਹੈ ਨਾਹ ਕੋਈ ਮਾਰਦਾ ਹੈ, ਨਾਹ ਕੋਈ ਜੰਮਦਾ ਹੈ ਨਾਹ ਕੋਈ ਮਰਦਾ ਹੈ।
ਹੇ ਨਾਨਕ! ਉਹ ਆਪ ਹੀ ਆਨੰਦ ਲੈਣ ਵਾਲਾ ਹੈ, ਉਸ ਦੀ ਆਪਣੀ ਹੀ ਸੁਰਤ (ਆਪਣੇ ਆਪ ਵਿਚ) ਟਿਕੀ ਹੋਈ ਹੈ ॥੧॥
ਜਿਤਨਾ ਚਿਰ ਜੀਵ 'ਹਉਮੈ' ਦਾ ਮਾਰਿਆ ਹੋਇਆ ਹੈ ਉਸ ਦੇ ਅੰਦਰ ਤ੍ਰਿਸ਼ਨਾ ਦਾ ਦਰਿਆ ਵਹਿੰਦਾ ਰਹਿੰਦਾ ਹੈ।
ਪਰ, ਹੇ ਨਾਨਕ! ਜਦੋਂ ਮਨ 'ਨਾਮ' ਵਿਚ ਰੰਗਿਆ ਜਾਂਦਾ ਹੈ ਤਾਂ ਤ੍ਰਿਸ਼ਨਾ ਮੁੱਕ ਜਾਂਦੀ ਹੈ।
ਅੱਖਾਂ ਆਪਣੇ ਆਪ ਵਿਚ ਰੱਤੀਆਂ ਜਾਂਦੀਆਂ ਹਨ, (ਨਿੰਦਾ ਆਦਿਕ) ਸੁਣਨ ਦੀ ਤਾਂਘ ਕੰਨਾਂ ਵਿਚ ਹੀ ਲੀਨ ਹੋ ਜਾਂਦੀ ਹੈ।
ਜੀਭ 'ਨਾਮ' ਸਿਮਰ ਕੇ ਨਾਮ-ਰਸੈਣ ਵਿਚ ਰੰਗੀਜ ਕੇ ਸੋਹਣਾ ਲਾਲ ਬਣ ਜਾਂਦੀ ਹੈ।
ਮਨ ('ਨਾਮ' ਵਿਚ) ਮਹਕ ਕੇ ਲਪਟਾਂ ਦੇਂਦਾ ਹੈ। (ਐਸੇ ਜੀਵਨ ਵਾਲੇ ਦਾ) ਮੁੱਲ ਨਹੀਂ ਪੈ ਸਕਦਾ ॥੨॥
ਮਨੁੱਖਾ ਜਨਮ ਵਿਚ (ਜੀਵ ਲਈ ਪਰਮਾਤਮਾ ਦਾ) ਨਾਮ ਹੀ (ਅਸਲ) ਖ਼ਜ਼ਾਨਾ ਹੈ, 'ਨਾਮ' ਹੀ (ਇਥੋਂ ਮਨੁੱਖ ਦੇ) ਨਾਲ ਜਾਂਦਾ ਹੈ,
ਇਹ ਨਾਮ-ਖ਼ਜ਼ਾਨਾ ਅਮੁੱਕ ਹੈ ਕਦੇ ਮੁੱਕਦਾ ਨਹੀਂ, ਬੇਸ਼ਕ ਖਾਓ ਖਰਚੋ ਤੇ ਪੱਲੇ ਬੰਨ੍ਹੋ।
(ਫਿਰ, ਇਸ ਖ਼ਜ਼ਾਨੇ ਵਾਲੇ) ਭਗਤ ਜਨ ਦੇ ਨੇੜੇ ਜਮਕਾਲ ਜਮਦੂਤ ਭੀ ਨਹੀਂ ਆਉਂਦੇ।
ਜਿਨ੍ਹਾਂ ਨੇ ਨਾਮ-ਧਨ ਇਕੱਠਾ ਕੀਤਾ ਹੈ ਉਹੀ ਸੱਚੇ ਸ਼ਾਹ ਹਨ ਉਹੀ ਸੱਚੇ ਵਪਾਰੀ ਹਨ।
ਇਹ ਨਾਮ-ਧਨ ਪਰਮਾਤਮਾ ਦੀ ਮਿਹਰ ਨਾਲ ਮਿਲਦਾ ਹੈ ਜਦੋਂ ਉਹ ਆਪ (ਗੁਰੂ ਨੂੰ ਜਗਤ ਵਿਚ) ਭੇਜਦਾ ਹੈ ॥੧੫॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਅਸਲ) ਵਪਾਰ ਦੀ ਕਦਰ ਨਹੀਂ ਜਾਣਦੇ, ਉਹ ਮਾਇਆ ਦਾ ਸੌਦਾ ਕਰਦੇ ਹਨ, ਮਾਇਆ ਜੋੜਦੇ ਹਨ ਤੇ ਮਾਇਆ ਨਾਲ ਹੀ ਪਿਆਰ ਕਰਦੇ ਹਨ;
ਉਹ ਬਾਹਰੋਂ ਤਾਂ ਵਿਦਵਾਨ ਅਖਵਾਂਦੇ ਹਨ ਪਰ ਅਸਲ ਵਿਚ ਮੂਰਖ ਹਨ ਗੰਵਾਰ ਹਨ,
(ਕਿਉਂਕਿ) ਉਹ ਪ੍ਰਭੂ ਨਾਲ ਤਾਂ ਮਨ ਨਹੀਂ ਲਾਂਦੇ (ਵਿੱਦਿਆ ਦੇ ਆਸਰੇ) ਚਰਚਾ ਵਿਚ ਪਿਆਰ ਕਰਦੇ ਹਨ,
ਚਰਚਾ ਦੀਆਂ ਹੀ ਨਿੱਤ ਗੱਲਾਂ ਕਰਦੇ ਹਨ; ਤੇ ਰੋਜ਼ੀ ਕਮਾਂਦੇ ਹਨ ਕੂੜ ਬੋਲ ਕੇ।
(ਅਸਲ ਗੱਲ ਇਹ ਹੈ ਕਿ) ਨਾਮ ਸਿਮਰਨਾ ਹੀ ਜਗਤ ਵਿਚ (ਪਵਿਤ੍ਰ ਕੰਮ) ਹੈ, ਹੋਰ ਜੋ ਕੁਝ ਦਿੱਸ ਰਿਹਾ ਹੈ (ਇਸ ਦਾ ਆਹਰ) ਮੈਲ ਪੈਦਾ ਕਰਦਾ ਹੈ।
ਹੇ ਨਾਨਕ! ਜੋ 'ਨਾਮ' ਨਹੀਂ ਸਿਮਰਦੇ ਉਹ ਮੂਰਖ ਨੀਵੇਂ ਜੀਵਨ ਵਾਲੇ ਹੋ ਕੇ ਆਤਮਕ ਮੌਤ ਸਹੇੜਦੇ ਹਨ ॥੧॥
(ਪ੍ਰਭੂ ਦਾ) ਸਿਮਰਨ ਕਰਨ ਤੋਂ ਬਿਨਾ ਮਨੁੱਖ ਨੂੰ ਦੁੱਖ ਵਿਆਪਦਾ ਹੈ, ਜਦੋਂ (ਪ੍ਰਭੂ ਦਾ) ਹੁਕਮ ਮੰਨਦਾ ਹੈ (ਭਾਵ, ਰਜ਼ਾ ਵਿਚ ਤੁਰਦਾ ਹੈ) ਤਾਂ ਦੁੱਖ ਦੂਰ ਹੋ ਜਾਂਦਾ ਹੈ,
(ਕਿਉਂਕਿ ਪ੍ਰਭੂ) ਆਪ ਹੀ ਸੁਖ ਦੇਣ ਵਾਲਾ ਹੈ ਤੇ ਆਪ ਹੀ ਸਜ਼ਾ ਦੇਣ ਵਾਲਾ ਹੈ।
ਹੇ ਨਾਨਕ! ਹੁਕਮ ਵਿਚ ਤੁਰਿਆਂ ਹੀ ਇਹ ਸਮਝ ਪੈਂਦੀ ਹੈ ਕਿ ਸਭ ਕੁਝ ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ ॥੨॥
ਪ੍ਰਭੂ ਦੇ 'ਨਾਮ' ਤੋਂ ਬਿਨਾ ਜਗਤ ਕੰਗਾਲ ਹੈ (ਕਿਉਂਕਿ ਭਾਵੇਂ ਕਿਤਨੀ ਹੀ ਮਾਇਆ ਜੋੜ ਲਏ) 'ਨਾਮ' ਤੋਂ ਬਿਨਾ ਸੰਤੋਖ ਨਹੀਂ ਆਉਂਦਾ।
ਮਾਇਆ ਦੇ ਮੋਹ ਕਰਕੇ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਹਉਮੈ ਦੇ ਕਾਰਨ ਹੀ ਜੀਵ ਦੁੱਖ ਪਾਂਦੇ ਹਨ।